ਹੁਣ ਉਹ ਲੱਡੂ ਸਾਰੀ ਉਮਰ ਢਾਂਡਾ ਸਾਬ ਦੇ ਮੂੰਹ ਦਾ ਸਵਾਦ ਕੌੜਾ ਈ ਕਰਦੇ ਰਹਿਣਗੇ........... ਘੁਣਤਰਾਂ / ਜਗਸੀਰ ਸੰਧੂ, ਬਰਨਾਲਾ

“ਕਿਉਂ ਦੇਖਿਆ ਕਾਮਰੇਡਾ! ਕਰਾ’ਤੀ ਨਾ ਸੁਖਬੀਰ ਬਾਦਲ ਨੇ ਬਹਿਜਾ ਬਹਿਜਾ, ਆਖਰ ’ਕਾਲੀ ਦਲ ਨੇ ਤਾਂ ਸਾਰੇ ਵੱਡੇ ਛੋਟੇ ਸਹਿਰਾਂ ਦੀਆਂ ਕਮੇਟੀ ਆਪਣੇ ਕਬਜੇ ’ਚ ਕਰ ਈ ਲਈਆਂ , ਕਾਂਗਰਸੀ ਤਾਂ ਸਾਰੇ ਬਿਟਰ ਬਿਟਰ ਦੇਖਦੇ ਈ ਰਹਿ’ਗੇ”,  ਬਿੱਕਰ ਨੇ ਨਸ਼ੇ ਦੀ ਲੋਰ ’ਚ ਪੂਰੇ ਜ਼ੋਰ ਨਾਲ ਹੱਥ ਤਖਤਪੋਸ਼ ’ਤੇ ਮਾਰਿਆ।

“ਅਮਲੀਆ! ਇਹੀ ਤਾਂ ਵੋਟ ਰਾਜ ਐ, ਇਥੇ ਕੱਲੇ ਕਾਂਗਰਸੀ ਈ ਨਈਂ, ਕਈ ਥਾਈਂ ਤਾਂ ਸੱਤਾਧਾਰੀਆਂ ਦੇ ਆਗੂ ਵੀ ਬਿਟਰ ਬਿਟਰ ਦੇਖੀ ਜਾਂਦੇ”

ਸ਼ਿੰਦੇ ਦੀ ਇਸ ਗੱਲ ’ਤੇ ਬਾਬਾ ਲਾਭ ਸਿੰਘ ਬੋਲ ਪਿਆ, “ਭਾਈ! ਬਾਕੀਆਂ ਦਾ ਤਾਂ ਬਹੁਤਾ ਪਤਾ ਨਈਂ ਪਰ ਆਹ ਹਰੀਸ ਢਾਂਡੇ ਨਾਲ ਬਹੁਤੀ ਬੁਰੀ ਹੋਈ ਐ, ਜੀਹਦਾ ਵਿਚਾਰੇ ਦਾ ਹਾਰਾਂ ਪਿੱਛਾ ਛੱਡਣ ਦਾ ਨਾ ਈ ਨਈਂ ਲੈਦੀਆਂ”

ਬਾਬਾ ਲਾਭ ਸਿੰਘ ਦੀ ਗੱਲ ਕੱਟਦਿਆਂ ਸ਼ਿੰਦਾ ਤੇਜ਼ੀ ਨਾਲ ਬੋਲਿਆ, “ ਓ ਬਾਬਾ ਜੀ! ਮਾੜੀ ਵਰਗੀ ਮਾੜੀ ਹੋਈ, ਵਿਚਾਰੇ ਢਾਂਡੇ ਨਾਲ ਤਾਂ ਮਾੜੀ ਨਾਲੋਂ ਵੀ ਕਿਤੇ ਮਾੜੀ ਹੋਈ, ਇਹ ਹਰੀਸ ਕੁਮਾਰ ਢਾਂਡਾ ਸਾਬ ਹੋਰੀ ਤਾਂ ਲੁਧਿਆਣੇ ਦੇ ਮੇਅਰ ਬਣਨ ਦੀਆਂ ਤਿਆਰੀਆਂ ਮੁਕੰਮਲ ਕਰੀ ਬੈਠੇ ਸੀ, ਮੈਂ ਤਾਂ ਸੁਣਿਐ ਬਈ ਉਹਨੇ ਤਾਂ ਜੇਤੂ ਜਲੂਸ ਵੀ ਕੱਢ ਲਿਆ ਸੀ”

ਇਸ ’ਤੇ ਬਿੱਕਰ ਬੋਲ ਪਿਆ, “ਕਾਮਰੇਡਾ! ਪਹਿਲਾਂ ਢਾਂਡਾ ਸਾਬ ਨੇ ਜੇਤੂ ਜਲੂਸ ਕੱਢ ਲਿਆ ਤੇ ਬਾਅਦ ਜਨਤਾ ਨੇ ਢਾਂਡਾ ਸਾਬ ਦਾ ਜਲੂਸ ਕੱਢ ਦਿੱਤੈ”

ਬਿੱਕਰ ਦੀ ਇਸ ਗੱਲ ’ਤੇ ਸਾਰੇ ਹੱਸਣ ਲੱਗ ਪਏ।

“ਅਮਲੀਆ! ਇੱਕ ਅੱਧੀ ਵਾਰ ਹੋ’ਜੇ ਤਾਂ ਬੰਦਾ ਸੌਖੀ ਤਰਾਂ ਜਰ ਜਾਂਦੈ, ਪਰ ਲਗਦੈ ਬਈ ਢਾਂਡਾ ਸਾਬ ਦਾ ਤਾਂ ਟਾਇਮ ਈ ਮਾੜਾ ਚੱਲ ਰਿਹੈ, ਪਹਿਲਾਂ ਤਾਂ ਵਥੇਰੇ ਹੱਥ ਪੱਲੇ ਮਾਰੇ, ਪਰ ਐਤਕੀਂ ਵਿਚਾਰੇ ਨੂੰ ਟਿਕਟ ਵੰਨੀਓਂ ਈ ਜਵਾਬ ਮਿਲ ਗਿਆ, ਫੇਰ ਵੱਡੇ ਬਾਦਲ ਸਾਬ ਦੇ ਗੋਢੇ ਗਿੱਟੇ ਘੁਟ ਘਟਾ ਕੇ ਮਸਾਂ ਕੁਰਸੀ ਦੇ ਨੇੜੇ ਲੱਗਿਆ ਤਾਂ ਵੀ ਮਾੜੀ ਕਿਸਮਤ ਨੇ ਖਹਿੜਾ ਨਾ ਛੱਡਿਆ, ਫੇਰ ‘ਮਸਾਂ ਰਾਜੇ ਦੀ ਘੋੜੀ ਦੇ ਸੂਣ ਵਾਂਗੂੰ, ਸਾਰਾ ਜੋਰ ਲਾਕੇ, ਸੁਖਬੀਰ ਬਾਦਲ ਹੋਰਾਂ ਨੂੰ ਖੁਸ਼ ਕਰਨ ਤੋਂ ਬਾਅਦ ਲੋਕ ਸੇਵਾ ਕਮਿਸ਼ਨ ਦੀ ਚੇਅਰਮੈਨੀ ਹਾਸਲ ਕੀਤੀ ਸੀ, ਪਰ ਕਿਸੇ ਨੇ ਇਹੋ ਜਿਹਾ ਹਾਈਕੋਰਟ ’ਚ ਜਾ ਕੇ ਅਰਲਾਖੋਟ ਗੱਡਿਆ, ਬਈ ਚੇਅਰਮੈਨੀ ਢਾਂਡਾ ਸਾਬ ਦੇ ਹੱਥੋਂ ਕੱਟੀ ਪਤੰਗ ਵਾਗੂੰ ਔਹ ਗਈ ਔਹ ਗਈ ਹੋ’ਗੀ, ਫੇਰ ਬਾਦਲਾਂ ਨੇ ਢਾਂਡਾ ਸਾਬ ਦਾ ਦਿਲ ਧਰਾ ਦਿੱਤਾ ਬਈ ਕੋਈ ਨਈਂ ਢਾਡਾ ਸਾਬ ਇਹ ਕੇਹੜਾ ਕੁੰਭ ਦਾ ਨਹੌਣ ਐ ਬਾਰਾਂ ਸਾਲ ਬਾਅਦ ਆਊ, ਆਹ ਨਗਰ ਨਿਗਮ ਦੀਆਂ ਚੋਣਾਂ ਆਈਆਂ ਪਈਆਂ ਨੇ , ਬਸ ਦੋ ਚਾਰ ਮਹੀਨੇ ਧੀਰਜ ਰੱਖੋ, ਆਪਾਂ ਥੋਨੂੰ ਲੁਧਿਆਣੇ ਦਾ ਮੇਅਰ ਲਾ ਦੇਣੈ’

ਸ਼ਿੰਦੇ ਦੀ ਗੱਲ ਕੱਟਦਿਆਂ ਬਿੱਕਰ ਫੇਰ ਬੋਲਿਆ “ਤੇ ਕਾਮਰੇਡਾ! ਉਦੋਂ ਤੋਂ ਲੈ ਕੇ ਮੁਕਲਾਵੇ ਵਾਲੀਆਂ ਰਾਤ ਵਾਗੂੰ ਉਡੀਕਦਿਆਂ ਮਸਾਂ ਚੋਣਾਂ ਦਾ ਟਾਇਮ ਆਇਆ ਸੀ ਤੇ ਹੁਣ ਆਹ ਬਿਗਾਨਿਆਂ ਨੂੰ ਪਿੱਟੇ ਕੀ ਆਪਣਿਆਂ ਨੂੰ ਰੋਵੇ, ਪਰ ਬੇੜਾ ਤਾਂ ਬੈਠ ਈ ਗਿਐ, ਤੇ ਹੁਣ ਮੇਅਰ ਵਾਲੀ ਕੁਰਸੀ ਵੀ ਢਾਂਡਾ ਸਾਬ ਦੇ ਹੇਠੋਂ ਫੁਰਕ ਦੇਣੇ ਨਿਕਲ’ਗੀ”

ਬਿੱਕਰ ਦੀ ਗੱਲ ਸੁਣ ਕੇ ਬਾਬਾ ਲਾਭ ਸਿੰਘ ਕਹਿਣ ਲੱਗਿਆ, “ਪੁਤਰੋ! ਜੇਹੜੇ ਲੱਡੂ ਢਾਂਡਾ ਸਾਬ ਨੇ ਚੌਰਾਸੀ ’ਚ ਦਰਬਾਰ ਸਾਹਿਬ ’ਤੇ ਹੋਏ ਫੌਜੀ ਹਮਲੇ ਵੇਲੇ ਵੰਡੇ ਸੀ, ਹੁਣ ਉਹ ਲੱਡੂ ਸਾਰੀ ਉਮਰ ਢਾਂਡਾ ਸਾਬ ਦੇ ਮੂੰਹ ਦਾ ਸਵਾਦ ਕੌੜਾ ਈ ਕਰਦੇ ਰਹਿਣਗੇ”
ਬਾਬਾ ਲਾਭ ਸਿੰਘ ਏਨਾ ਆਖ ਖੂੰਡਾ ਖੜਕਾਉਂਦਾ ਘਰ ਦੇ ਰਾਹ ਪੈ ਗਿਆ।

****