ਫਕੀਰੀਆ………. ਅਭੁੱਲ ਯਾਦਾਂ / ਹਰਪਾਲ ਸਿੰਘ ਪੰਨੂ

1960 ਦੀ ਗੱਲ ਹੈ, ਖੇਤ ਵਿਚ ਖੂਹ ਖੋਦਣਾ ਸੀ ਇਸ ਵਾਸਤੇ ਉੱਚ ਕੋਟੀ ਦਾ ਉਸਤਾਦ ਲੱਭਣ ਲਈ ਸਾਰੇ ਚਾਚੇ ਬਾਬੇ ਪੁੱਛ-ਗਿੱਛ ਕਰਨ ਲੱਗੇ। ਪਤਾ ਲੱਗਾ ਫਕੀਰੀਆ ਨਾਮ ਦਾ ਮਾਹਿਰ ਇਨ੍ਹੀ ਦਿਨੀ ਕਕਰਾਲੇ ਪਿੰਡ ਵਿਚ ਕਿਸੇ ਖੇਤ, ਖੂਹ ਦੀ ਚਿਣਾਈ ਕਰਵਾ ਰਿਹਾ ਹੈ। ਕਕਰਾਲੇ ਗਏ, ਲੱਭ ਲਿਆ, ਕਹਿੰਦਾ ਮਹੀਨਾ ਇੱਥੇ ਲੱਗੇਗਾ ਫਿਰ ਆਕੇ ਲੈ ਜਾਇਓ। ਸਾਈ ਫੜਾਈ, ਪ੍ਰਸੰਨ-ਚਿੱਤ ਬਾਬੇ ਪਰਤ ਆਏ। ਮਹੀਨੇ ਦਾ ਕੀ ਹੈ, ਆਇਆ ਕਿ ਆਇਆ। ਪਤਾ ਲੱਗਾ ਬਾਬਾ ਜੀ ਦੇ ਘਰ ਫਕੀਰੀਆ ਆਇਆ ਬੈਠਾ ਹੈ। ਅਸੀਂ ਬੱਚੇ ਉਸਨੂੰ ਦੇਖਣ ਵਾਸਤੇ ਦੌੜੇ। ਮਾਲਵੇ ਦੇ ਲੋਕ ਚੰਗੇ ਭਲੇ ਸ਼ਬਦ ਨੂੰ ਆਰਾਮ ਨਾਲ ਵਿਗਾੜ ਕੇ ਸੱਤਿਆਨਾਸ ਕਰ ਦਿੰਦੇ ਹਨ। ਸਾਰੇ ਉਸਨੂੰ ਪਖੀਰੀਆ ਕਹਿਕੇ ਬੁਲਾਉਂਦੇ, ਸਾਨੂੰ ਬੱਚਿਆਂ ਨੂੰ ਹੁਕਮ ਹੋਇਆ ਕਿ ਪਖੀਰੀਏ ਨੂੰ ਤਾਇਆ ਕਹਿਣਾ ਹੈ। 

ਪਿੰਡ ਦਰਜੀ ਹੁੰਦਾ ਸੀ, ਉਸਦਾ ਨਾਮ ਸੀ ਸੇਰਲੀ ਪਖੀਰ। ਮੈਨੂੰ ਸਮਝ ਨਾ ਆਏ ਇਹ ਕੀ ਨਾਮ ਹੋਇਆ- ਸੇਰਲੀ ਪਖੀਰ! ਇਸ ਦਾ ਕੀ ਮਤਲਬ? ਇਕ ਦਿਨ ਉਸੇ ਨੂੰ ਪੁੱਛ ਲਿਆ- ਚਾਚਾ ਤੇਰਾ ਨਾਮ ਅਜੀਬ ਹੈ, ਇਸ ਦਾ ਮਤਲਬ ਕੀ ਹੋਇਆ ਭਲਾ? ਉਹ ਹੱਸ ਪਿਆ, ਕਹਿੰਦਾ- ਨਾਮ ਤਾਂ ਮੇਰਾ ਬਹੁਤ ਵਧੀਆ ਹੈ, ਤੇਰੀ ਮਾਂ ਨੇ ਵਿਗਾੜ ਦਿੱਤਾ। ਪੁਛਿਆ- ਕੀ ਨਾਮ ਹੈ? ਕਹਿੰਦਾ- ਫਕੀਰ ਸ਼ੇਰ ਅਲੀ। ਫਕੀਰ ਦੀ ਥਾਂ ਪਖੀਰ ਕਹਿੰਦੇ ਨੇ ਸ਼ੇਰ ਅਲੀ ਦੀ ਥਾਂ ਸੇਰਲੀ, ਫਕੀਰ ਸ਼ੇਰ ਅਲੀ ਨੂੰ ਸੇਰਲੀ ਪਖੀਰ ਬਣਾ ਦਿੱਤਾ, ਸ਼ੇਰ ਨੂੰ ਗਿੱਦੜ। ਕੋਈ ਇਨਸਾਫ ਹੋਇਆ ਇਹ?