ਮੇਰੀ
ਆਰਥਿਕਤਾ ਦੀ ਗੱਲ ਜਦੋਂ ਸੱਤ ਸਮੁੰਦਰੋਂ ਪਾਰ ਵੱਸਦੇ ਪੰਜਾਬੀ ਪਿਆਰਿਆਂ ਤੱਕ ਪਹੁੰਚ ਗਈ
ਤਾਂ ਮੇਰੀ ਸਮੱਸਿਆ ਦਾ ਬੋਝ ਪੰਜਾਬੀ ਪਿਆਰਿਆਂ ਤੇ ਜਾ ਪਿਆ। ਮੈਨੂੰ ਹੌਸਲੇ ਭਰੇ ਫੋਨ ਆਉਣ
ਲੱਗ ਪਏ ਅਤੇ ਵਿਦੇਸ਼ੀ ਪਿਆਰਿਆਂ ਨੇ ਮੇਰੀ ਆਰਥਿਕਤਾ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ।
ਆਪਣੇ ਵਿਤ ਮੁਤਾਬਕ ਆਪਣੀ ਦਸਾਂ ਨੌਹਾਂ ਦੀ ਕਮਾਈ ਵਿੱਚੋਂ ਮੈਨੂੰ ਸਹਾਇਤਾ ਭੇਜੀ। ਮੈਂ
ਕਿੱਥੇ ਦੇਣ ਦੇਵਾਂਗਾ, ਉਹਨਾਂ ਪਿਆਰਿਆਂ ਦਾ? ਜਿੰਨ੍ਹਾਂ ਨੇ ਇੱਕ ਪੰਜਾਬੀ ਲੇਖਕ ਬਾਰੇ
ਐਨਾ ਸੋਚਿਆ। ਵਾਕਿਆ ਹੀ ਸੱਚ ਹੈ ਕਿ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਮਾਂ ਬੋਲੀ ਨੂੰ ਪਿਆਰ
ਕਰਦੇ ਹਨ। ਮੈਂ ਅਗਲੇ ਲੇਖ ਵਿੱਚ 'ਕਿਵੇਂ ਕਰਾਂ ਧੰਨਵਾਦ, ਮੈਂ ਵਿਦੇਸ਼ੀ ਵੀਰਾਂ ਦਾ'?
ਭੇਜਾਂਗਾ। ਜਿੰਨ੍ਹਾਂ ਵੀਰਾਂ-ਭੈਣਾਂ ਨੇ ਮੇਰੀ ਮਾਲੀ ਮਦਦ ਕਰਕੇ ਮੈਨੂੰ ਬਹੁਤ ਡੂੰਘੀ ਖਾਈ
'ਚੋਂ ਡਿੱਗੇ ਨੂੰ ਬਾਹੋਂ ਫੜ੍ਹ ਬਾਹਰ ਕੱਢ ਲਿਆ ਹੈ। ਅੱਜ ਇਹ ਰਚਨਾ ਲਿਖ ਰਿਹਾ ਹਾਂ।
ਮੇਰੇ ਘਰ ਦਾ ਇੱਕ ਕਮਰਾ ਗਹਿਣੇ ਜੋ ਇੱਕ ਲੱਖ ਵਿੱਚ ਸੀ, ਇੱਕ ਭਈਏ ਕੋਲ, ਸਰਦਾਰ ਕ੍ਰਿਪਾਲ ਸਿੰਘ ਜੋ ਅਮਰੀਕਾ ਰਹਿ ਰਹੇ ਹਨ, ਉਨ੍ਹਾਂ ਨੇ ਛੱਡਵਾ ਦਿੱਤਾ ਹੈ। ਨਿਊਯਾਰਕ ਤੋਂ ਅਮਰੀਕ ਸਿੰਘ, ਸੁਖਦਰਸ਼ਨ ਸਿੰਘ, ਜਗਦੇਵ ਸਿੰਘ ਅਤੇ ਬਹਾਦਰ ਸਿੰਘ, ਕੈਲੇਫੋਰਨੀਆਂ ਤੋਂ ਕੁਲਦੀਪ ਸਿੰਘ ਨਿੱਝਰ, ਕੇਵਲ ਕ੍ਰਿਸ਼ਨ ਬਲੇਨਾ ਤੇ ਪਰਮਜੀਤ ਭੁੱਟਾ, ਅਮਰੀਕਾ ਤੋਂ ਰਣਜੀਤ ਸਿੰਘ ਹਾਸਰਾ ਨੇ ਮੈਨੂੰ ਕਿਹਾ ਕਿ ਮੱਝਾਂ ਖਰੀਦ ਲੈ, ਦੁੱਧ ਪਾਉਣ ਨਾਲ ਤੇਰਾ ਚੰਗਾ ਟਾਇਮ ਲੰਘਣ ਲੱਗ ਜਾਵੇਗਾ। ਉਨ੍ਹਾਂ ਨੇ ਮੱਦਦ ਕਰ ਦਿੱਤੀ। ਮੈਨੂੰ ਵੀ ਹੌਸਲਾ ਹੋ ਗਿਆ।
ਮੇਰੇ ਘਰ ਦਾ ਇੱਕ ਕਮਰਾ ਗਹਿਣੇ ਜੋ ਇੱਕ ਲੱਖ ਵਿੱਚ ਸੀ, ਇੱਕ ਭਈਏ ਕੋਲ, ਸਰਦਾਰ ਕ੍ਰਿਪਾਲ ਸਿੰਘ ਜੋ ਅਮਰੀਕਾ ਰਹਿ ਰਹੇ ਹਨ, ਉਨ੍ਹਾਂ ਨੇ ਛੱਡਵਾ ਦਿੱਤਾ ਹੈ। ਨਿਊਯਾਰਕ ਤੋਂ ਅਮਰੀਕ ਸਿੰਘ, ਸੁਖਦਰਸ਼ਨ ਸਿੰਘ, ਜਗਦੇਵ ਸਿੰਘ ਅਤੇ ਬਹਾਦਰ ਸਿੰਘ, ਕੈਲੇਫੋਰਨੀਆਂ ਤੋਂ ਕੁਲਦੀਪ ਸਿੰਘ ਨਿੱਝਰ, ਕੇਵਲ ਕ੍ਰਿਸ਼ਨ ਬਲੇਨਾ ਤੇ ਪਰਮਜੀਤ ਭੁੱਟਾ, ਅਮਰੀਕਾ ਤੋਂ ਰਣਜੀਤ ਸਿੰਘ ਹਾਸਰਾ ਨੇ ਮੈਨੂੰ ਕਿਹਾ ਕਿ ਮੱਝਾਂ ਖਰੀਦ ਲੈ, ਦੁੱਧ ਪਾਉਣ ਨਾਲ ਤੇਰਾ ਚੰਗਾ ਟਾਇਮ ਲੰਘਣ ਲੱਗ ਜਾਵੇਗਾ। ਉਨ੍ਹਾਂ ਨੇ ਮੱਦਦ ਕਰ ਦਿੱਤੀ। ਮੈਨੂੰ ਵੀ ਹੌਸਲਾ ਹੋ ਗਿਆ।
ਮੈਂ ਇੱਕ ਮੱਝ ਖਰੀਦ ਲਈ, ਜਿਸ ਨਾਲ ਜੋ ਮੈਂ ਦੁੱਧ ਮੁੱਲ ਲੈਂਦਾ ਸਾਂ, ਉਹ ਖਰਚਾ ਹੋਣੋ ਹੱਟ ਗਿਆ ਤੇ ਕੁਝ ਦੁੱਧ ਮੈਂ ਢੋਲ ਵਾਲੇ ਨੂੰ ਲਾ ਦਿੱਤਾ। ਇਸ ਨਾਲ ਮੱਝ ਦਾ ਖਰਚ ਤੇ ਘਰ ਦਾ ਖਰਚ ਵੀ ਤੁਰਨ ਲੱਗ ਪਿਆ। ਮੈਂ ਸੋਚਿਆ ਦੂਜੀ ਮੱਝ ਲੈਣ ਤੋਂ ਪਹਿਲਾਂ ਮੱਝ ਲਈ ਬਰਾਂਡਾ ਅਤੇ ਤੂੜੀ ਵਾਲਾ ਕਮਰਾ ਪਾਉਣਾ ਬਹੁਤ ਜ਼ਰੂਰੀ ਹੈ।
ਮੈਂ ਤੇ ਮੇਰੀ ਧਰਮ ਪਤਨੀ ਛਿੰਦਰਪਾਲ ਕੌਰ ਨੇ ਵਿਚਾਰ ਬਣਾ ਕੇ ਮਿਸਤਰੀ ਲਾ ਲਿਆ। ਮਿਸਤਰੀ ਦੇ ਨਾਲ ਤਿੰਨ ਮਜ਼ਦੂਰ ਰੱਖ ਲਏ, ਤਿੰਨ ਮਜ਼ਦੂਰ ਇਸ ਲਈ ਰੱਖੇ ਕਿ ਘਰ 'ਚ ਸਟੋਰ ਸੀ, ਉਹ ਢਾਹੁਣਾ ਸੀ ਅਤੇ ਇੱਕ ਪੌੜੀਆਂ ਢਾਹੁਣੀਆਂ ਸਨ ਕਿਉਂਕਿ ਪਾਉੜੀਆਂ ਤੂੜੀ ਵਾਲੇ ਕਮਰੇ ਨੂੰ ਅੜਿੱਕਾ ਲਾਉਂਦੀਆਂ ਸਨ, ਇਸ ਕਰਕੇ ਪੌੜੀਆਂ ਇੱਕ ਪਾਸੇ ਕਰਕੇ ਤੂੜੀ ਪਾਉਣ ਕਮਰਾ ਨੂੰ ਖੁੱਲ੍ਹਾ ਬਣਦਾ ਸੀ। ਕੁਝ ਇੱਟਾਂ ਸਟੋਰ ਤੇ ਪੌੜੀਆਂ ਦੀਆਂ ਝਾੜ ਕੇ ਸੀਮਿੰਟ ਲਾਹ ਕੇ ਕੰਮ ਆ ਗਈਆਂ, ਕੁਝ ਸਸਤੀ ਕਰਕੇ ਡੇਢ ਨੰਬਰ ਦੀ ਇੱਟ ਲਿਆਂਦੀ ਅਤੇ ਛੱਤ ਤੇ ਪਾਉਣ ਲਈ ਸੀਮਿੰਟ ਦੀਆਂ ਪਲੇਟਾਂ ਲਿਆਂਦੀਆਂ । ਕਿਸੇ ਕੋਲ ਪੁਰਾਣੀਆਂ ਪਈਆਂ ਸਨ, ਉਹ ਸਸਤੀਆਂ ਮਿਲ ਗਈਆਂ। ਇਉਂ ਸੀ ਕਿ ਥੋੜੇ ਪੈਸਿਆਂ ਨਾਲ ਸਰ ਜਾਵੇਗਾ।
ਇੱਕ ਮਜ਼ਦੂਰ ਤੇ ਮੈਂ, ਮਿਸਤਰੀ ਨਾਲ ਕੰਧ ਕਢਾ ਰਹੇ ਸਾਂ ਤੇ ਦੋ ਬੰਦੇ ਪੌੜੀਆਂ ਢਾਹ ਰਹੇ ਸਨ। ਇੱਕ ਬੰਦਾ ਹੇਠਾਂ ਤੋਂ ਤੇ ਦੂਜਾ ਬੰਦਾ ਕੋਠੇ ਤੇ ਚੜ੍ਹ ਉੱਪਰੋਂ ਹਥੋੜੇ ਤੇ ਛੈਣੀ ਨਾਲ ਪੌੜੀ ਢਾਹ ਰਿਹਾ ਸੀ। ਇੱਕ ਮਿਸਤਰੀ ਮਿਲਿਆ, ਜੋ ਬਿਲਕੁਲ ਅਣਜਾਣ ਸੀ। ਉਸਨੇ ਵੀ ਨਾ ਦੱਸਿਆ ਕਿ ਪੌੜੀ ਕਿਵੇਂ ਢਾਹੁਣੀ ਹੈ। ਉਪਰੋਂ ਢਾਹੁੰਦੇ ਆਉਣਾ ਜਾ ਹੇਠਾਂ ਤੋਂ ਢਾਹੁਣੀ ਹੈ। ਪੌੜੀਆਂ ਦੀਆਂ ਸਾਰੀਆਂ ਚੌਕੜੀਆਂ ਢਾਹ ਦਿੱਤੀਆਂ ਤੇ ਪੌੜੀਆਂ ਦਾ ਫਰਸ਼ ਹੀ ਢਾਹੁਣ ਵਾਲਾ ਰਹਿ ਗਿਆ। ਚੌਕੜੀਆਂ ਦੀ ਤਰ੍ਹਾਂ ਹਥੌੜਿਆਂ ਤੇ ਛੈਣੀਆਂ ਨਾਲ ਫਰਸ਼ ਵੀ ਇੱਕ ਬੰਦਾ ਹੇਠਾਂ ਤੋਂ ਤੇ ਇੱਕ ਉਪਰੋਂ ਭੰਨ ਰਿਹਾ ਸੀ, ਹੇਠਾਂ ਤੋਂ ਤੇ ਉੱਪਰੋਂ ਵੀ 3-4 ਫੁੱਟ ਦਾ ਗੇੜ ਭੰਨ ਦਿੱਤੀਆਂ ਸਨ। ਅਚਾਨਕ ਛੱਤ ਕੋਲੋਂ ਸਰੀਏ ਮੁੜ ਗਏ ਤੇ ਪੌੜੀਆਂ ਇੱਕ ਦਮ ਕੰਧ 'ਚ ਵੱਜੀਆਂ ਤੇ ਖੜਕਾ ਦੂਰ ਤੱਕ ਸੁਣਿਆ। ਬਸ ਉਸ ਟਾਇਮ ਉਪਰ ਤੋਂ ਜੋ ਬੰਦਾ (ਜੱਗੀ ਸਿੰਘ) ਪੌੜੀਆਂ ਭੰਨ ਰਿਹਾ ਸੀ। ਉਸਨੇ ਇੱਕ ਦਮ ਲੇਰ ਮਾਰੀ।ਇੱਕ ਦਮ ਸਾਰਿਆਂ ਦੇ ਭਾਹ ਦੀ ਬਣ ਗਈ। ਮੈਨੂੰ ਉਸ ਟਾਇਮ ਕੁਝ ਵੀ ਦਿਖਾਈ ਨਾ ਦਿੱਤਾ। ਅੱਖਾਂ ਅੱਗੇ ਇੱਕ ਦਮ ਹਨੇਰਾ ਆ ਗਿਆ। ਮਿੰਟਾਂ 'ਚ ਹੀ ਸਾਹਮਣੇ ਘਰ ਵਾਲੇ ਜੋ ਘਰ ਪਾ ਰਹੇ ਸਨ, ਖੜ੍ਹਕਾ ਤੇ ਚੀਕ ਸੁਣ ਕੇ ਆ ਗਏ। ਮੇਰੇ ਘਰ ਸਹਿਜ ਪਾਠ ਪ੍ਰਕਾਸ਼ ਕਰਵਾਇਆ ਹੋਇਆ ਸੀ। ਪਾਠੀ ਵੀ ਇੱਕ ਦਮ ਉਠ ਖੜਾ। ਆਂਢੀ-ਗੁਆਂਢੀ ਇਕ ਦਮ ਇਕੱਠੇ ਹੋ ਗਏ 'ਕੀ ਹੋ ਗਿਆ! ਕੀ ਹੋ ਗਿਆ!!
ਮੈਂ ਆਸੇ-ਪਾਸੇ ਉਪਰਲੇ ਬੰਦੇ ਨੂੰ ਵੇਖ ਰਿਹਾ ਸੀ ਪਰ ਮੈਨੂੰ ਦਿਖਾਈ ਕੁਝ ਨਾ ਦਿੱਤਾ। ਜੋ ਹੇਠਾਂ (ਬਿੱਲੂ ਟੀਲਾ) ਪੌੜੀਆਂ ਭੰਨ ਰਿਹਾ ਸੀ ਤਾਂ ਉਸਨੇ ਕਿਹਾ, 'ਉਏ ਆ ਜਾਵੋ ਭੱਜ ਕੇ' ਤਾਂ 'ਜੱਗੀ' ਕੰਧ ਨਾਲ ਰੋੜਿਆ ਉੱਤੇ ਡਿੱਗਿਆ ਪਿਆ ਸੀ। ਉਸ ਦੇ ਸਿਰ ਤੇ ਗਿੱਟਿਆਂ ਕੋਲੋ ਖੂਨ ਨਿਕਲਦਾ ਦਿਖਾਈ ਦਿੱਤਾ ਤਾਂ ਅਸੀਂ ਸਾਰਿਆਂ ਨੇ ਉਸਨੂੰ ਚੁੱਕ ਮੰਜੇ ਤੇ ਪਾ ਦਿੱਤਾ ਅਤੇ ਛੇਤੀ-ਛੇਤੀ ਫੋਨ ਕਰਕੇ ਡਾ. ਸੁਖਵਿੰਦਰ ਸਿੰਘ ਗਹਿਰੀ ਨੂੰ ਬੁਲਾ ਲਿਆ। ਉਸਨੇ ਟੀਕਾ ਲਾ ਕੇ ਗੋਲੀਆਂ ਦਿੱਤੀਆਂ ਤੇ ਕਿਹਾ ਕਿ ਇਸ ਦਾ ਚੂਲਾ ਨਿਕਲ ਗਿਆ ਹੈ। ਇਸ ਨੂੰ ਮੰਡੀ ਹਸਪਤਾਲ 'ਚ ਲੈ ਚੱਲੋ ਤੇ ਡਾਕਟਰ ‘ਗਰਮ ਗਰਮ ਚੂਲਾ’ ਠੀਕ ਕਰ ਦੇਵੇਗਾ। ਗੁਆਂਢੀਆਂ ਦਾ ਮੁੰਡਾ ਕੁਲਦੀਪ ਸਿੰਘ ਝੱਟ ਟਰੈਕਟਰ-ਟਰਾਲੀ ਲੈ ਆਇਆ ਤੇ ਅਸੀਂ ਝੱਟ ਜੱਗੀ ਨੂੰ ਟਰਾਲੀ 'ਚ ਪਾ ਕੇ ਹਸਪਤਾਲ ਲੈ ਗਏ। ਜਦ ਪਤਾ ਕੀਤਾ ਤਾਂ ਪਤਾ ਲੱਗਾ ਕਿ ਡਾਕਟਰ ਕਿਤੇ ਬਾਹਰ ਗਿਆ ਹੈ ਅਜੇ ਦੋ ਘੰਟਿਆਂ ਨੂੰ ਆਵੇਗਾ। ਫੇਰ ਅਸੀਂ ਸੋਚਿਆ ਇਹ ਚੂਲਾ ਗਰਮ-ਗਰਮ ਤਾਂ ਠੀਕ ਹੋ ਜਾਵੇਗਾ, ਕਿਸੇ ਹੋਰ ਡਾਕਟਰ ਦੇ ਲੈ ਚੱਲੀਏ, ਅਸੀਂ ਝੱਟ ਡਾ. ਮਾਨ ਦੇ ਲੈ ਗਏ।
ਐਕਸਰੇ ਕਰਵਾਉਣ ਤੇ ਪਤਾ ਲੱਗਾ ਕਿ ਇਸ ਦਾ ਚੂਲਾ ਟੁੱਟਾ ਹੈ। ਡਾਕਟਰ ਨੇ ਕਿਹਾ, ਪਲੇਟ ਪਵੇਗੀ, ਆਪ੍ਰੇਸ਼ਨ ਹੋਵੇਗਾ। ਡਾ. ਮਾਨ ਨੇ ਸਾਨੂੰ 30 ਹਜ਼ਾਰ ਰੁਪਏ ਗਿਣਵਾ ਦਿੱਤੇ ਤਾਂ ਅਸੀਂ ਪੈਸੇ ਜਮ੍ਹਾਂ ਕਰਵਾ ਕੇ ਕਿਹਾ ਕਿ ਕਰੋ ਜੀ ਇਲਾਜ ਸ਼ੁਰੂ । ਡਾ. ਨੇ ਦੂਜੇ ਦਿਨ ਆਪ੍ਰੇਸ਼ਨ ਕਰਕੇ ਪਲੇਟ ਪਾ ਦਿੱਤੀ ਤੇ 5 ਦਿਨਾਂ ਤੋਂ ਛੁੱਟੀ ਦੇ ਦਿੱਤੀ।
ਮੈਂ ਸੋਚਿਆ ਵਿਚਾਰਾ ਇੱਕ ਗਰੀਬ ਆਦਮੀ ਹੈ। ਉਸਦੇ ਘਰ ਵਾਲੀ ਸਵਰਗਵਾਸ ਹੋ ਗਈ ਸੀ ਤੇ ਇੱਕ 9 ਕੁ ਸਾਲ ਦਾ ਮੁੰਡਾ ਤੇ 13 ਕੁ ਸਾਲ ਦੀ ਕੁੜੀ ਹੈ, ਵਿਚਾਰਾ ਮਜ਼ਦੂਰੀ ਕਰਕੇ ਸ਼ਾਮ-ਸਵੇਰੇ ਰੋਟੀ ਵੀ ਬੱਚਿਆਂ ਨੂੰ ਆਪ ਖਵਾਉਂਦਾ ਹੈ, ਭਰਾ ਅੱਡ ਹਨ ਉਸਦੇ ਇਲਾਜ ਕਰਵਾਉਣ ਵਾਲਾ ਕੋਈ ਨਹੀਂ ਸੀ। ਮੈਨੂੰ ਕਈ ਬੰਦਿਆਂ ਨੇ ਕਿਹਾ ਪ੍ਰੀਤੀਮਾਨ ਜੇ ਇਸ ਦਾ ਇਲਾਜ ਕਰਵਾ ਦੇਵੇ ਤਾਂ ਚੰਗਾ ਹੈ, ਵਿਚਾਰਾ ਆਪਣੇ ਬੱਚੇ ਪਾਲ ਲਵੇਗਾ। ਮੈਨੂੰ ਵੀ ਇੰਝ ਹੋ ਗਿਆ ਕਿ ਮੇਰੀ ਵੀ ਤਾਂ ਕਿਸੇ ਨੇ ਮੱਦਦ ਕੀਤੀ ਹੈ। ਮੇਰਾ ਵੀ ਇਨਸਾਨੀਅਤ ਤੌਰ ਤੇ ਫਰਜ ਬਣਦਾ ਹੈ, ਇੱਕ ਗਰੀਬ ਦੀ ਮੱਦਦ ਕਰਨ ਦਾ, ਇਸ ਕਰਕੇ ਉਹ ਤੀਹ ਹਜ਼ਾਰ ਰੁਪਏ ਮੈਨੂੰ ਹੀ ਲਾਉਣੇ ਪਏ।
ਹੁਣ ਜਦੋਂ ਮੇਰਾ ਛੋਟਾ ਜਿਹਾ ਬੱਚਾ ਚਾਨਣਦੀਪ ਸਿੰਘ ਚੀਨੂੰ ਮੈਨੂੰ ਪੁੱਛਦਾ ਹੈ, 'ਡੈਡੀ ਜੀ ਮੱਝ ਕਦੋਂ ਲਿਆਓਗੇ', 'ਪੁੱਤ ਅਗਲੇ ਮਹੀਨੇ ਲਿਆਵਾਂਗੇ', ਮੈਂ ਉਸਨੂੰ ਝੂਠਾ-ਮੂਠਾ ਆਖ ਛੱਡਦਾ ਹਾਂ। ਉਹ ਚੁੱਪ ਕਰ ਜਾਂਦਾ ਹੈ। ਫੇਰ ਮੇਰੀ ਧਰਮ ਪਤਨੀ ਛਿੰਦਰਪਾਲ ਕੌਰ ਛਿੰਦੋ ਕਹਿੰਦੀ ਹੈ, 'ਹੁਣ ਤੂੜੀ ਨੂੰ ਕਮਰਾ ਬਣ ਗਿਆ ਸੀ ਅਤੇ ਮੱਝਾਂ ਬੰਨਣ ਲਈ ਬਰਾਂਡਾ, ਹੁਣ ਮੱਝ ਕਾਹਦੀ ਲਿਆਈਏ?' ਤਾਂ ਮੈਂ ਅੱਗੋਂ ਆਖਦਾ ਹਾਂ, ਸਿਆਣਿਆਂ ਨੇ ਸੱਚ ਹੀ ਕਿਹਾ ਹੈ, ਕਮਲੀਏ! 'ਮਾੜੇ ਦੇ ਮਾੜੇ ਕਰਮ' ਤਾਂ ਘਰ 'ਚ ਖਮੋਸ਼ੀ ਜਿਹੀ ਛਾ ਜਾਂਦੀ ਹੈ।
****