ਅਮਰੀਕਾ ਦੀ ਫੇਰੀ ( ਭਾਗ 3 )........... ਸਫ਼ਰਨਾਮਾ/ ਯੁੱਧਵੀਰ ਸਿੰਘ

ਰਾਤ ਦੇ ਸਮੇਂ ਕੁਝ ਜਿ਼ਆਦਾ ਵਧੀਆ ਨਹੀ ਸੀ ਲੱਗਾ ਉਰਲੈਂਡੌ ਸ਼ਹਿਰ । ਸ਼ਾਇਦ ਥਕਾਵਟ ਕਾਰਣ, ਪਰ ਸੱਜੇ ਹੱਥ ਡਰਾਇਵਿੰਗ ਨੇ ਮੈਨੂੰ ਬਹੁਤ ਚੁਕੰਨਾ ਕਰ ਦਿੱਤਾ ਸੀ । ਗੱਡੀ ਨੂੰ ਡੀ।ਡੀ  ਚਲਾ ਰਿਹਾ ਸੀ ਪਰ ਉਸ ਦੇ ਬਰੇਕ ਲਗਾਉਣ ਵੇਲੇ ਮੇਰੇ ਪੈਰ ਵੀ ਥੱਲੇ ਨੂੰ ਪੈਡਲ ਲੱਭਦੇ ਸੀ । ਇੰਝ ਲੱਗ ਰਿਹਾ ਸੀ ਮੈਂ ਬਿਨਾਂ ਸਟੇਰਿੰਗ ਵਾਲੀ ਕਾਰ ਚਲਾ ਰਿਹਾ ਹਾਂ । ਏਅਰਪੋਰਟ ਤੋਂ 20 ਮਿੰਟ ਦੇ ਰਸਤੇ ‘ਤੇ ਘਰ ਸੀ । ਘਰ ਪਹੁੰਚਿਆ ਤਾਂ ਰਿੰਕੀ ਭਾਬੀ ਵੀ ਇੰਤਜ਼ਾਰ ਕਰ ਰਹੇ ਸੀ । ਰਾਤ ਜਿ਼ਆਦਾ ਗੱਲਬਾਤ ਨਹੀਂ ਕਰ ਸਕਿਆ, ਖਾਣਾ ਖਾ ਕੇ ਢੂਈ ਸਿੱਧੀ ਕਰਨ ਲਈ ਬੈੱਡ ‘ਤੇ ਜਾ ਡਿੱਗਾ । ਸਵੇਰੇ 11 ਵਜੇ ਦੇ ਕਰੀਬ ਅੱਖ ਖੁੱਲੀ । ਫਿਰ ਜਾ ਕੇ ਚੰਗੇ ਤਰੀਕੇ ਨਾਲ਼ ਸਭ ਨਾਲ਼ ਦੁਆ ਸਲਾਮ ਕੀਤੀ । ਪਰਾਂਜਲ ਐਚ ਵੰਨ ਵੀਜ਼ਾ ‘ਤੇ ਅਮਰੀਕਾ ਰਹਿ ਰਿਹਾ ਹੈ ਤੇ ਹਾਰਡਵੇਅਰ, ਸੌਫਟਵੇਅਰ ਦਾ ਕੰਮ ਉਸ ਦੇ ਘਰੇ ਹੀ ਆਉਂਦਾ ਸੀ । ਜਿ਼ਆਦਾ ਕੰਮ ਘਰੇ ਬੈਠ ਕੇ ਹੀ ਕਰਦਾ ਹੈ । ਭਾਬੀ ਰਿੰਕੀ ਮਹੰਤ ਨੇ ਭਾਰਤ ਤੋਂ ਐਮ.ਬੀ.ਬੀ.ਐਸ. ਕੀਤੀ ਹੈ ਤੇ ਅਮਰੀਕਾ ‘ਚ ਡਾਕਟਰੀ ਕਰਨ ਲਈ ਪੇਪਰਾਂ ਦੀ ਤਿਆਰੀ ਵਿਚ ਮਗਨ ਸੀ । 

ਗੱਲਬਾਤ ਦੌਰਾਨ ਡੀ.ਡੀ. ਨੇ  ਦੱਸਿਆ ਕਿ ਅਮਰੀਕਾ ਦਾ ਫਲੌਰਿਡਾ ਰਾਜ ਵਿਚ ਘੁੰਮਣ ਫਿਰਣ ਲਈ ਬਹੁਤ ਥਾਵਾਂ ਹਨ, ਜਿਨਾਂ ਵਿਚ ਮਿਆਮੀ, ਉਰਲੈਂਡੌ, ਬਾਹਮਾਸ, ਬਰਮੁੱਡਾ ਟਰੈਂਗਲ, ਨਾਸਾ, ਟੰਪਾ  ਡਿਜ਼ਨੀਵਰਲਡ, ਸੀ ਵਰਲਡ, ਵੈਟ ਨ ਵਾਈਲਡ ਵਾਟਰ ਪਾਰਕ , ਰਿਪਲੇਜ ਬਿਲੀਵ ਇਟ ਆਰ ਨਾਟ, ਇੰਟਰਨੈਸ਼ਨਲ ਡਰਾਇਵ ,  ਯੂਨੀਵਰਸਲ ਸਟੂਡੀਊਜ਼  ਆਦਿ ਹਨ । ਉਰਲੈਂਡੌ  ਨਾਮ ਬਾਰੇ ਕਾਫੀ ਕਿੱਸੇ ਮਸ਼ਹੂਰ ਹਨ । ਉਰਲੈਂਡੌ ਦਾ ਪਹਿਲਾ ਨਾਮ ਜਰਨੀਗਨ ਸੀ ਜੋ ਕਿ ਉੱਥੇ ਸਭ ਤੋਂ ਪਹਿਲਾਂ ਆ ਕੇ ਵਸੇ ਆਦਮੀ ਆਰੂਨ ਜਰਨੀਗਨ ਦੇ ਨਾਮ ਨਾਲ਼ ਪਿਆ । ਕਾਫੀ ਲੋਕਾਂ ਦਾ ਇਹ ਮੰਨਣਾ ਹੈ ਕਿ ਉਰਲੈਂਡੌ ਨਾਮ ਉਰਲੈਂਡੌ ਰੀਵਸ ਨਾਮ ਦੇ ਫੌਜੀ ਦੇ 1835 ਵਿਚ ਮਰਨ ਤੋਂ ਬਾਦ ਪਿਆ । ਇਸ ‘ਤੇ ਨੇਟਿਵ ਅਮਰੀਕਾ ਦੇ ਲੋਕਾਂ ਨੇ ਹਮਲਾ ਕਰ ਦਿੱਤਾ ਸੀ ਤੇ ਇਹ ਬਹੁਤ ਬਹਾਦਰੀ ਨਾਲ਼ ਲੜਿਆ ਪਰ 1970  ਦੇ ਵਿਚ ਜਦੋਂ ਫੌਜੀ ਰਿਕਾਰਡ ਚੈੱਕ ਕੀਤਾ ਗਿਆ ਤਾਂ ਇਸ ਨਾਮ ਦਾ ਕੋਈ ਰਿਕਾਰਡ ਨਹੀ ਮਿਲਿਆ, ਸੋ ਇਸ ਨਾਮ ਦੀ ਕਹਾਣੀ ਵਿਚ ਥੋੜਾ ਭੰਬਲਭੂਸਾ ਹੈ ।  ਉਰਲੈਂਡੌ ਨੂੰ ਆਰਥਿਕ ਤੇ ਮਸ਼ਹੂਰੀ ਪੱਖੋਂ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਵਾਲਟ ਡਿਜ਼ਨੀ ਨੇ ਸੰਨ 1965 ਵਿਚ ਉਰਲੈਂਡੌ ਦੇ ਵਿਚ ਵਾਲਟ ਡਿਜ਼ਨੀ ਵਰਲਡ ਬਣਾਉਣ ਦਾ ਐਲਾਨ ਕੀਤਾ  ਤੇ ਵੈਕੇਸ਼ਨ ਰਿਜ਼ੋਰਟ ਅਕਤੂਬਰ 1971 ‘ਚ ਬਣ ਕੇ ਆਮ ਜਨਤਾ ਲਈ ਖੁੱਲ ਗਿਆ । ਉਰਲੈਂਡੌ ਕੋਈ ਜਿ਼ਆਦਾ ਮਹਿੰਗਾ ਸ਼ਹਿਰ ਨਹੀਂ ਹੈ, ਪਰ ਜੇਕਰ ਕਿਸੇ ਨੂੰ ਜਿ਼ਆਦਾ ਮਹਿੰਗਾ ਲੱਗੇ ਤਾਂ ਉਹ ਉਰਲੈਂਡੌ ਤੋਂ ਥੋੜੀ ਦੂਰ ‘ਤੇ ਬਣੇ ਇਕ ਹੋਰ ਛੋਟੇ ਕਸਬੇ ਕਿਸੀਮੀ ਵਿਚ ਜਾ ਕੇ ਰਹਿ ਸਕਦਾ ਹੈ । ਇਹ ਕਸਬਾ ਉਰਲੈਂਡੌ ਤੋਂ 20 ਮਿੰਟ ਦੀ ਦੂਰੀ ‘ਤੇ ਹੈ । ਉੱਥੇ ਰਹਿਣ ਦੇ ਲਈ ਕਾਫ਼ੀ ਸਸਤੇ ਮੋਟਲ ਮਿਲ ਜਾਂਦੇ ਹਨ । ਤੁਸੀਂ ਕਿਰਾਏ ‘ਤੇ ਕਾਰ ਲੈ ਕੇ ਆਰਾਮ ਨਾਲ਼ ਘੁੰਮ ਸਕਦੇ ਹੋ । ਉਰਲੈਂਡੌ ਵਿਚ ਮੰਦਰ ਤੇ ਗੁਰੂਦੁਆਰਾ ਸਾਹਿਬ ਵੀ ਬਣਿਆ ਹੋਇਆ ਹੈ । ਖੇਡਾਂ ਵਿਚ ਉਰਲੈਂਡੌ ਦੀਆਂ ਉਰਲੈਂਡੌ ਮੈਜਿਕ ਐਨ ਬੀ ਏ ਟੀਮ, ਉਰਲੈਂਡੌ ਸਿਟੀ ਯੂ ਐਸ ਐਲ ਪਰੌ ਸੌਕਰ ਟੀਮ ਤੇ ਉਰਲੈਂਡੌ ਪਰੇਡੀਟਰਸ ਏਰੀਨਾ ਫੁੱਟਬਾਲ ਲੀਗ ਟੀਮ ਮਸ਼ਹੂਰ ਹੈ । ਵਿਸ਼ਵ ਪ੍ਰਸਿੱਧ ਗੌਲਫ ਖਿਡਾਰੀ ਟਾਈਗਰ ਵੁਡਜ਼ ਦਾ ਘਰ ਵੀ ਉਰਲੈਂਡੌ ਦੇ ਇਸਲੇਵਰਥ ਏਰੀਆ ਵਿਚ ਹੈ ।  ਫਲੌਰਿਡਾ ਰਾਜ ਦੀ ਰਾਜਧਾਨੀ ਟਾਲਾਹਾਸੀ ਹੈ । ਇਹ ਰਾਜ ਇਕ ਲੰਬੀ ਲਾਈਨ ਵਿਚ ਬਣਿਆ ਹੋਇਆ ਹੈ ।  ਇਸ ਰਾਜ ਦੇ ਥੱਲੇ ਹੀ ਕਿਊਬਾ, ਡੌਮੀਨੀਕਨ ਰੀਪਬਲਿਕ ਤੇ ਪੁਈਰਟੌ ਰੀਕੌ ਦੇਸ਼ ਸਥਿਤ ਹਨ । ਕਿਊਬਾ ਤੋਂ ਕਾਫੀ ਲੋਕ ਬਿਨਾਂ ਵੀਜ਼ੇ ਤੋਂ ਅਮਰੀਕਾ ‘ਚ ਵੜਨ ਲਈ ਕੋਸ਼ਿਸ ਕਰਦੇ ਹਨ ।  ਫਲੌਰਿਡਾ ਦੇ ਸੰਤਰੇ ਦੁਨੀਆਂ  ਭਰ ਵਿਚ ਮਸ਼ਹੂਰ ਹਨ । ਇੱਥੇ ਐਲੀਗੇਟਰ ਵੀ ਬਹੁਤ ਪਾਏ ਜਾਂਦੇ ਹਨ ਜੋ ਕਿ ਮਗਰਮੱਛ ਦੀ ਹੀ ਕਿਸਮ ਦੇ ਹੁੰਦੇ ਹਨ । 15 ਫੁੱਟ ਤੱਕ ਦੇ ਐਲੀਗੇਟਰ ਹੁੰਦੇ ਹਨ । ਸਾਲ ਵਿਚ ਇਕ ਸਮਾਂ ਆਉਂਦਾ ਹੈ, ਜਦੋਂ ਕਿ ਐਲੀਗੇਟਰ ਦਾ ਸ਼ਿਕਾਰ ਕੀਤਾ ਜਾ ਸਕਦਾ ਹੈ ।   ਕਈ ਵਾਰ ਕਈ ਝੀਲਾਂ ਵਿਚੋਂ ਵੀ ਇਹ ਨਿਕਲ ਪੈਂਦੇ ਹਨ ਤੇ ਕੋਲ ਬਣੇ ਘਰਾਂ ਵਾਲਿਆਂ ਨੂੰ ਥੋੜਾ ਮੁਸਤੈਦ ਰਹਿਣਾ ਪੈਂਦਾ ਹੈ । ਇੱਥੇ ਲੋਕ ਕਮਿਊਨਟੀ ਵਿਚ ਰਹਿਣਾ ਜਿ਼ਆਦਾ ਪਸੰਦ ਕਰਦੇ ਹਨ, ਜਿਵੇਂ ਕਿ ਕਲੋਨੀਆਂ ਬਣੀਆਂ ਹੁੰਦੀਆਂ ਹਨ । ਉਸ ਵਿਚ ਝੀਲ, ਜਿੰਮ, ਸਵੀਮਿੰਗ ਪੂਲ, ਬਾਰਬੀਕਿਊ ਪਲੇਸ, ਟੈਨਿਸ ਕੋਰਟ ਆਦਿ ਬਣੇ ਹੁੰਦੇ ਹਨ ।

ਅਗਲੀ ਗੱਲ ਇਹ ਸੀ ਕਿ ਇਕ ਸਸਤਾ ਜਿਹਾ ਪ੍ਰੀਪੇਡ ਮੋਬਾਇਲ ਨੰਬਰ ਲੈ ਲਿਆ ਜਾਵੇ, ਜਿਸ ਨਾਲ਼ ਕਿ ਜੇ ਕਦੇ ਕੱਲਾ ਕਿਸੇ ਥਾਂ ਤੇ ਫਸ ਜਾਵਾਂ ਤਾਂ ਫੋਨ ਕਰ ਤੇ ਮਸਲਾ ਹੱਲ ਹੋ ਜਾਵੇ । ਅਸੀਂ ਦੋਵੇਂ ਮੋਬਾਇਲ ਸਿਮ ਲੈਣ ਨਿਕਲ ਪਏ, ਨਾਲੇ ਸੋਚਿਆ ਸ਼ਹਿਰ ਦਾ ਭਲਵਾਨੀ ਗੇੜਾ ਲੱਗ ਜਾਵੇਗਾ । ਪਹਿਲੀ ਜਿਹੜੀ ਚੀਜ਼ ਨੇ ਮੈਨੂੰ ਟੁੰਬਿਆ, ਉਹ ਸੀ ਟਰੈਫਿਕ ਲਾਇਟ । ਇਹ ਇਕ ਤਾਰ ‘ਤੇ ਇਸ ਤਰ੍ਹਾਂ ਲਟਕ ਰਹੀਆਂ ਸਨ, ਜਿਵੇਂ ਵੇਲ ਨਾਲ਼ ਤੋਰੀਆਂ ਲਟਕ ਰਹੀਆਂ ਹੋਣ । ਮੈਂ ਇਸ ਦਾ ਕਾਰਣ ਪੁੱਛਿਆ ਤਾਂ ਡੀ।ਡੀ। ਨੇ ਦੱਸਿਆ ਕਿ ਫਲੌਰਿਡਾ ਵਿਚ ਤੂਫ਼ਾਨ ਕਾਫੀ ਤੇਜ਼ ਆਉਂਦੇ ਹਨ । ਇਸ ਲਈ ਜਿ਼ਆਦਾਤਰ ਲਾਈਟਾਂ ਇਸ ਤਰ੍ਹਾਂ ਹੀ ਲਗਾਉਂਦੇ ਹਨ ਕਿ ਤੂਫ਼ਾਨ ਦੌਰਾਨ ਜਿ਼ਆਦਾ ਜਾਨੀ ਜਾਂ ਮਾਲੀ ਨੁਕਸਾਨ ਨਾ ਹੋਵੇ । ਦੁਪਹਿਰ ਦੇ ਸਮੇਂ ਜਿ਼ਆਦਾ ਟਰੈਫਿਕ ਨਹੀਂ ਸੀ । ਇੱਥੇ ਕਾਰਾਂ ਦੀ ਇਸ਼ਾਰੇ ਵਾਲੀ ਲਾਈਟ ਦਾ ਰੰਗ ਸੰਤਰੀ ਨਹੀਂ ਹੈ । ਬਰੇਕ ਲਾਈਟ ਵਿਚ ਹੀ ਲਾਲ ਰੰਗ ਦੀ ਲਾਇਟ ਫਿੱਟ ਹੈ, ਇਸ਼ਾਰਾ ਕਰਨ ਸਮੇਂ ਉਹੀ ਜਗਦੀ ਬੁੱਝਦੀ ਹੈ,  ਨਵੇਂ ਡਰਾਇਵਰ ਲਈ ਇਕ ਵਾਰ ਕਾਫੀ ਔਖੀ ਸਥਿਤੀ ਹੈ ।  ਕਿਲੋਮੀਟਰ ਦੀ ਥਾਂ ਤੇ ਮਾਈਲ ਜਾਂ ਮੀਲ ਸ਼ਬਦ ਵਰਤਿਆ ਜਾਂਦਾ ਹੈ । ਵੰਨ ਸੁਵੰਨੇ ਫਾਸਟ ਫੂਡ ਦੇ ਬੋਰਡ ਦੂਰੋਂ ਚਮਕ ਰਹੇ ਸਨ । ਕਿਸੇ ਰੈਸਟੋਰੈਂਟ ਦੇ ਅੱਗੇ ਰੰਗ ਬਰੰਗੇ ਕੱਪੜੇ ਪਾ ਕੇ ਲੋਕ ਹੱਥ ਵਿਚ ਤੀਰ ਨਾਲ਼ ਹਰ ਇਕ ਨੂੰ ਰੈਸਟੋਰੈਂਟ ਵਿਚ ਆਉਣ ਲਈ ਇਸ਼ਾਰੇ ਕਰ ਰਹੇ ਸੀ । ਅਮਰੀਕਾ ਵਿਚ ਮੈਕਸੀਕਨ ਲੋਕ ਵੀ ਬਹੁਤ ਰਹਿੰਦੇ ਹਨ ।  ਤਕਰੀਬਨ ਬੱਸਾਂ, ਰੇਲਾਂ ਤੇ ਜਹਾਜ਼ ਵਿਚ ਵੀ ਸਪੈਨਿਸ਼ ਭਾਸ਼ਾ ਅੰਗਰੇਜ਼ੀ ਨਾਲ਼ ਲਿਖੀ ਹੁੰਦੀ ਹੈ । ਉਰਲੈਂਡੌ ਵਿਚ ਭਾਰਤੀ ਭਾਈਚਾਰੇ ਦੇ ਲੋਕ ਘੱਟ ਹੀ ਵੇਖਣ ਨੂੰ ਮਿਲੇ । ਚਾਰ ਪੰਜ ਹੀ ਭਾਰਤੀ ਗਰੌਸਰੀ ਸਟੋਰ ਹਨ ਤੇ ਐਨੇ ਕੁ ਹੀ ਭਾਰਤੀ ਰੈਸਟੋਰੈਂਟ ਹਨ । ਪਰਾਂਜਲ ਦੇ ਇਕ ਦੋਸਤ ਦੀ ਮੋਬਾਇਲ ਫੋਨ ਦੀ ਦੁਕਾਨ ਸੀ । ਜਿਥੋਂ ਕਿ ਸਿੰਪਲ ਮੋਬਾਇਲ ਦਾ ਪਰੀਪੇਡ ਫੋਰ ਜੀ ਸਿਮ ਚਾਲੀ ਡਾਲਰ ਵਿਚ ਲੈ ਲਿਆ । ਇਸ ਨਾਲ਼ ਪੂਰੇ ਅਮਰੀਕਾ ਵਿਚ ਮੈਨੂੰ ਮੁਫ਼ਤ ਕਾਲ ਕਰਨ ਦੀ ਸਹੂਲਤ ਮਿਲ ਗਈ, ਨਾਲ਼ ਹੀ ਜਿੰਨਾ ਮਰਜ਼ੀ ਇੰਟਰਨੈਟ ਵੀ ਵਰਤ ਸਕਦਾ ਸੀ । ਇਹ ਫਾਇਦੇ ਦਾ ਸੌਦਾ ਹੀ ਸੀ, ਕਿਉਂਕਿ ਜੇਕਰ ਕੱਲੇ ਘੁੰਮਦੇ ਬੰਦੇ ਨੂੰ ਕੋਈ ਮੁਸ਼ਕਿਲ ਆ ਜਾਏ ਤੇ ਟੈਲੀਫੋਨ ਕਰਨਾ ਪੈ ਜਾਏ ਤਾਂ ਬੰਦਾ ਵਖ਼ਤ ‘ਚ ਪੈ ਜਾਂਦਾ ਹੈ ਕਿ ਸਿੱਕੇ ਕਿੱਥੋਂ ਲੱਭਾਂ ? ਨਾਲੇ ਤੁਰਿਆ ਫਿਰਦਾ ਬੰਦਾ ਦੂਜੇ ਦੋਸਤਾਂ ਦੇ ਸੰਪਰਕ ਵਿਚ ਰਹਿੰਦਾ ਹੈ ।  ਅਗਲੇ ਦਿਨ ਪਰਾਂਜਲ ਨੇ ਕਿਤੇ ਕੰਮ ਜਾਣਾ ਸੀ, ਸੋ ਉਸ ਨੇ ਮੈਨੂੰ ਉਰਲੈਂਡੌ ਡਾਊਨ ਟਾਊਨ ਵਿਚ ਛੱਡ ਦਿੱਤਾ ਕਿ ਜਿੰਨਾ ਕੁ ਦੇਖਿਆ ਜਾ ਸਕੇ ਦੇਖ ਲਵਾਂ, ਬਾਕੀ ਉਹ ਦਿਖਾ ਦੇਵੇਗਾ । ਉਸਨੇ ਇਹ ਵੀ ਦੱਸ ਦਿੱਤਾ ਕਿ ਇਸ ਏਰੀਆ ਵਿਚ ਹੀ ਰਹਾਂ ਕਿਉਂਕਿ ਕਾਫੀ ਥਾਵਾਂ ‘ਤੇ ਮਾਫੀਆ ਦੇ ਲੋਕਾਂ ਦਾ ਕਬਜ਼ਾ ਹੈ ਤੇ ਹਥਿਆਰ ਇੱਥੇ ਆਮ ਹੀ ਹਨ । ਮੈਂ ਹਾਂ ਵਿਚ ਸਿਰ ਮਾਰ ਕੇ ਕੈਮਰਾ ਫੜ ਅਜੇ ਕਾਰ ਵਿਚੋਂ ਨਿਕਲ ਕੇ ਦਸ ਕਦਮ ਚੱਲਿਆ ਹੀ  ਸੀ ਕਿ ਅੱਗੋਂ ਇਕ ਬੰਦਾ ਆ ਕੇ ਕਹਿੰਦਾ, "ਕੈਨ ਯੂ ਗਿਵ ਮੀ ਫਿਊ ਡਾਲਰ" ? ਆਹ ਡਿੱਗਿਆ ਚਾਕੂ ‘ਤੇ ਖਰਬੂਜਾ ਵਾਲੀ ਗੱਲ ਹੋ ਗਈ, ਉਤਰਦੇ ਸਾਰ ਹੀ ਮੁਸੀਬਤ ਗੱਲ ਪੈ ਗਈ । ਮੈਂ ਉਹਨੂੰ ਨਾਂਹ ਵਿਚ ਸਿਰ ਮਾਰ ਕੇ ਬਿਨਾਂ ਅੱਖ ਮਿਲਾਏ ਤੇਜ਼ੀ ਨਾਲ਼ ਅੱਗੇ ਨੂੰ ਨਿਕਲ ਗਿਆ । ਫਿਰ ਮੈਂ ਸੋਚਿਆ ਕਿ ਇਹਨੇ ਮੇਰੇ ਹੱਥ ਵਿਚ ਕੈਮਰਾ ਵੇਖ ਕੇ ਹੀ ਡਾਲਰ ਵਾਲੀ ਗੋਲੀ ਚਲਾਈ ਹੋਣੀ ਕਿ ਯਾਤਰੀ ਤੋਂ ਮੰਗ ਕੇ ਵੇਖੋ । ਥੋੜਾ ਭੀੜ ਭੜੱਕੇ ਵਾਲੀ ਥਾਂ ‘ਤੇ ਜਾ ਕੇ ਮੇਰੇ ਵਿਚ ਸਾਹ ਆਏ । ਉਰਲੈਂਡੌ ਕੁਝ ਜਿ਼ਆਦਾ ਵੱਡਾ ਨਹੀਂ ਹੈ ਪਰ ਸੋਹਣਾ ਬਣਿਆ ਹੈ । ਛੋਟੀਆਂ ਦੁਕਾਨਾਂ, ਬਾਰ, ਵੰਨ ਸੁਵੰਨੇ ਭੋਜਨਾਂ ਦੀਆਂ ਦੁਕਾਨਾਂ ਬਣੀਆਂ ਹੋਈਆਂ ਹਨ । ਨਾਲ਼ ਹੀ ਦ ਹਿਸਟਰੀ ਸੈਂਟਰ ਬਣਿਆ ਹੋਇਆ ਹੈ । ਜੋ ਕਿ ਉਸ ਸਮੇਂ ਸ਼ਾਮ ਹੋਣ ਕਾਰਣ ਬੰਦ ਪਿਆ ਸੀ, ਉਸ ਦੇ ਵਿਹੜੇ ਦੇ ਵਿਚ ਫੁਹਾਰੇ ਚੱਲ ਰਹੇ ਸੀ ਤੇ ਕਿਸੇ ਧਾਤ ਦੇ ਬਣੇ ਐਲੀਗੇਟਰ ਦੇ ਨਾਲ਼ ਬੰਦੇ ਦਾ ਬੁੱਤ ਬਣਿਆ ਹੋਇਆ ਸੀ । ਪਾਸੇ ਤੇ ਉਰਲੈਂਡੌ ਦੇ ਅੱਗ ਬੁਝਾਊ ਦਸਤੇ ਦਾ ਦਫਤਰ ਫਾਇਰ ਸਟੇਸ਼ਨ ਵਨ ਬਣਿਆ ਹੋਇਆ ਸੀ । ਜੋ ਕਿ ਇਕ ਖੂਬਸੂਰਤ ਇਮਾਰਤ ਵਾਂਗ ਚਮਕ ਰਿਹਾ ਸੀ ਤੇ ਉਸ ਦੇ ਅੰਦਰ ਲਿਸ਼ਕਦੀਆਂ ਅੱਗ ਬੁਝਾਊ ਗੱਡੀਆਂ ਖੜੀਆਂ ਸਨ । ਰਾਤ ਹੋਣ ਦੇ ਨਾਲ਼ ਨਾਲ਼ ਡਾਊਨਟਾਊਨ ਵਿਚ ਮੌਜ ਮਸਤੀ ਕਰਨ ਲਈ ਲੋਕ ਵੀ ਕਾਫੀ ਆ ਰਹੇ ਸੀ । ਸਾਇਕਲ ਸਵਾਰ ਪੁਲਿਸ ਵੀ ਪੂਰੀ ਚੁਕੰਨੀ ਹੋ ਕੇ ਪਹਿਰਾ ਦੇ ਰਹੀ ਸੀ । ਪਰਾਂਜਲ ਦਾ ਫੋਨ ਵੀ ਆ ਗਿਆ, ਕਿ ਉਸਦਾ ਕੰਮ ਖਤਮ ਹੋ ਗਿਆ ਹੈ ਤੇ ਉਹ ਵਾਪਿਸ ਆ ਰਿਹਾ ਹੈ । ਮੈਂ ਉਸ ਨੂੰ ਦੱਸ ਦਿੱਤਾ ਕਿ ਮੈਂ ਇਸ ਸਮੇਂ ਫਾਇਰ ਸ਼ਟੇਸਨ ਦੇ ਕੋਲ ਹਾਂ । ਬਾਦ ਵਿਚ ਅਸੀਂ ਵਾਲਮਾਰਟ ਪਹੁੰਚ ਗਏ । ਵਾਲਮਾਰਟ ਦੇ ਵਿਚ ਹਰ ਤਰਾਂ ਦੀਆਂ ਛੋਟੀਆਂ, ਵੱਡੀਆਂ ਵਸਤਾਂ,  ਬਿਜਲੀ ਦਾ ਸਾਮਾਨ ਤੇ ਖਾਣਾ ਮਿਲਦਾ ਹੈ । ਕਾਫੀ ਵੱਡੇ ਹਨ ਵਾਲਮਾਰਟ ਦੇ ਸਟੋਰ ਤੇ ਸਾਮਾਨ ਵੀ ਕਾਫੀ ਸਸਤਾ ਮਿਲਦਾ ਹੈ । ਪੰਜ ਕੁ ਡਾਲਰ ਦੇ ਵਿਚ ਦੋ ਤਰਾਂ ਦਾ ਚਿਕਨ ਤੇ ਪਾਸਤਾ ਮਿਲ ਗਿਆ । ਇਕ ਪਲੇਟ ਦੋ ਬੰਦੇ ਮਸਾਂ ਹੀ ਖਾ ਸਕਦੇ ਸੀ । ਆਸਟ੍ਰੇਲੀਆ ਵਿਚ ਉਨਾਂ ਖਾਣਾ ਪੰਦਰਾਂ ਡਾਲਰ ਤੋਂ ਘੱਟ ਨਹੀਂ ਮਿਲ ਸਕਦਾ । ਮੈਨੂੰ ਕਸਟਮਰ ਸਰਵਿਸ ਜਿ਼ਆਦਾ ਵਧੀਆ ਨਹੀਂ ਲੱਗੀ । ਆਸਟ੍ਰੇਲੀਆ ਦੇ ਮੁਕਾਬਲੇ, ਕਸਟਮਰ ਸਰਵਿਸ ਦੇਣ ਵਾਲਿਆਂ ਦੀ ਗੱਲਬਾਤ ਜਿ਼ਆਦਾ ਵਧੀਆ ਨਹੀਂ ਸੀ ਤੇ ਜਾਨ ਛੁਡਾਉਣ ਵਾਲਾ ਕੰਮ ਜਿ਼ਆਦਾ ਸੀ । ਉਰਲੈਂਡੌ ਵਿਚ ਜਿ਼ਆਦਾਤਰ ਕਾਲੇ ਲੋਕ ਹੀ ਦੇਖਣ ਨੂੰ ਮਿਲ ਰਹੇ ਸੀ । ਰਾਤ ਨੂੰ ਘਰੇ । ਪਹੁੰਚੇ ਅਗਲੇ ਦਿਨ ਝੀਲਾਂ ਤੇ ਉਰਲੈਂਡੌ ਸ਼ਹਿਰ ਦੇਖਣ ਦਾ ਪ੍ਰੋਗਰਾਮ ਬਣਾ ਲਿਆ ਤੇ ਸਵੇਰੇ ਪਹਿਲਾਂ ਉਰਲੈਡੌ ਦੀ ਲੇਕ ਲਿਲੀ ਤੇ ਪਹੁੰਚੇ ਇਹ ਕੋਈ ਜਿ਼ਆਦਾ ਵੱਡੀ ਝੀਲ ਨਹੀਂ ਸੀ ਪਰ ਬਹੁਤ ਸੋਹਣੇ ਸਮੁੰਦਰੀ ਜੰਤੂ ਤੇ ਪੰਛੀ ਇਸ ਨੂੰ ਆਕਰਸ਼ਕ ਬਣਾ ਰਹੇ ਸੀ । ਉਸ ਤੋਂ ਬਾਦ ਉਰਲੈਂਡੌ ਡਾਊਨਟਾਊਨ ਦੇ ਕੋਲ ਬਣੇ  ਲੇਕ ਇਉਲਾ ਪਾਰਕ ਪਹੁੰਚੇ । ਇਹ ਕਾਫੀ ਵੱਡੀ ਝੀਲ ਸੀ । ਇਸ ਦੇ ਵਿਚਕਾਰ ਇਕ ਬਹੁਤ ਆਕਰਸ਼ਕ ਫੁਹਾਰਾ ਬਣਿਆ ਸੀ, ਜੋ ਕਿ ਉਰਲੈਂਡੌ ਦਾ ਚਿੰਨ ਸੀ ਤੇ ਕਾਫੀ ਵੱਡੀਆਂ ਬੱਤਖਾਂ ਦਿਖਾਈ ਦਿੱਤੀਆਂ । ਜੰਗਲੀ ਜੀਵਾਂ ਦੀ ਸੁਰੱਖਿਆ ਲਈ ਸਖਤ ਕਾਨੂੰਨ ਬਣੇ ਹੋਏ ਹਨ ਪਰ ਫਿਰ ਵੀ ਕੁਝ ਦਿਨ ਪਹਿਲਾਂ ਇਸ ਪਾਰਕ ਤੋਂ ਕੁਝ ਸ਼ਰਾਰਤੀ ਅਨਸਰਾਂ ਨੇ ਕੁਝ ਬੱਤਖਾਂ ਚੋਰੀ ਕਰ ਲਈਆਂ । ਸ਼ਾਇਦ ਉਹ ਭੁੰਨ ਕੇ ਖਾ ਗਏ ਹੋਣਗੇ, ਕਿਉਂਕਿ ਹੋਰ ਤਾਂ ਕੁਝ ਹੋ ਨਹੀਂ ਸਕਦਾ ਸੀ ਬੱਤਖਾਂ ਦਾ । ਸ਼ਾਂਤਮਈ ਮਾਹੌਲ ਵਿਚ ਕੁਝ ਲੋਕ ਆਰਾਮ ਕਰ ਰਹੇ ਸਨ ਤੇ ਕੁਝ ਸੈਰ । ਸ਼ਹਿਰ ਵਿਚ ਹਰ ਪਾਸੇ ਸੜਕਾਂ ਦੇ ਜਾਲ ਬੁਣੇ ਹੋਏ ਹਨ । ਟੋਲਵੇਅ ਵਰਤਣ ਦੇ ਲਈ ਕਾਰਾਂ ਅੰਦਰ ਵੀ ਛੋਟਾ ਡਿਵਾਇਸ ਲੱਗਿਆ ਹੁੰਦਾ ਹੈ ਜਾਂ ਤੁਸੀਂ ਟੋਲਵੇਅ ਵਰਤਣ ਲਈ ਮੌਕੇ ‘ਤੇ ਹੀ ਪੈਸੇ ਦੇ ਸਕਦੇ ਹੋ ।  ਉਰਲੈਂਡੌ ਵਿਚ ਆਲ ਸਟਾਰ ਵੀਕਐਂਡ ਚੱਲ ਰਿਹਾ ਸੀ, ਜਿਸ ਵਿਚ ਬਾਸਕਟਬਾਲ ਖੇਡ ਦੇ ਮੁਕਾਬਲੇ ਉਰਲੈਂਡੌ ਦੇ ਐਮਵੇ ਸੈਂਟਰ ਵਿਖੇ ਚੱਲ ਰਹੇ ਸੀ ਤੇ ਦੂਰੋਂ ਦੂਰੋਂ ਲੋਕ ਇਸ ਨੂੰ ਵੇਖਣ ਲਈ ਲੋਕ ਆਏ ਹੋਏ ਸਨ । ਇੱਥੇ ਹਾਲੀਵੁੱਡ ਦੇ ਕਲਾਕਾਰਾਂ ਤੇ ਗਾਇਕਾਂ ਦੇ ਨਾਲ਼ ਨਾਲ਼ ਲੋਕ ਖਿਡਾਰੀਆਂ ਨੂੰ ਵੀ ਬਹੁਤ ਪਸੰਦ ਕਰਦੇ ਹਨ । ਕਾਫੀ ਨਾਮੀ ਕਲਾਕਾਰ ਤੇ ਖਿਡਾਰੀ ਇਸ ਸਮਾਰੋਹ  ਦੇ ਲਈ ਪਹੁੰਚੇ ਹੋਏ ਸੀ । ਇਦਾਂ ਦੀਆਂ ਰੌਣਕਾਂ ਦੇਖਦੇ ਹੋਏ ਅਸੀਂ ਉਰਲੈਂਡੌ ਦੇ ਫਲੌਰਿਡਾ ਮਾਲ ਵਿਚ ਜਾ ਪਹੁੰਚੇ । ਫਲੌਰਿਡਾ ਮਾਲ ਤਕਰੀਬਨ  1,849,000 ਸਕੇਅਰ ਫੁੱਟ ਦੇ ਵਿਚ ਬਣਿਆ ਸਿੰਗਲ ਸਟੋਰੀ ਸ਼ਾਪਿੰਗ ਮਾਲ ਹੈ, ਜਿਸ ਵਿਚ 250 ਤੋਂ ਵੀ ਜਿਆਦਾ ਸਟੋਰ ਹਨ ਤੇ ਫਲੌਰਿਡਾ ਮਾਲ ਹੋਟਲ ਤੇ ਕਾਨਫਰੰਸ ਸੈਂਟਰ ਟਾਵਰ ਵੀ ਬਣਿਆ ਹੈ ।  ਉੱਥੇ ਇਕ ਬੂਟਾਂ ਦਾ ਨਿਰਮਾਣ ਕਰਨ ਵਾਲੀ ਕੰਪਨੀ ਨੇ ਆਪਣੇ ਬੂਟਾਂ ਦੀ ਮਸ਼ਹੂਰੀ ਦੇ ਲਈ ਆਰਜ਼ੀ ਤੌਰ ‘ਤੇ ਬਾਸਕਟਬਾਲ ਦਾ ਗਰਾਊਂਡ ਬਣਾਇਆ ਹੋਇਆ ਸੀ ਤੇ ਮਾਡਲ ਬੂਟਾਂ ਦਾ ਪ੍ਰਦਰਸ਼ਨ ਕਰ ਰਹੇ ਸਨ । ਨਾਲ਼ ਹੀ ਮਸ਼ਹੂਰ ਗਾਇਕ ਕਰਿਸ ਬਰਾਊਨ ਨੇ ਵੀ ਬੂਟਾਂ ਦੀ ਮਸ਼ਹੂਰੀ ਲਈ ਆਉਣਾ ਸੀ । ਉਸ ਸਮੇਂ ਤੱਕ ਮੈਨੂੰ ਕਰਿਸ ਦੇ ਬਾਰੇ ਜਿ਼ਆਦਾ ਜਾਣਕਾਰੀ ਨਹੀਂ ਸੀ । ਪਰ ਪਰਾਂਜਲ ਨੇ ਦੱਸਿਆ ਕਿ ਇਹ ਬਹੁਤ ਮਸ਼ਹੂਰ ਗਾਇਕ ਹੈ । ਇੱਥੇ ਕਲਾਕਾਰ ਨੂੰ ਮਿਲਣਾ ਜਿ਼ਆਦਾ ਔਖਾ ਨਹੀਂ ਸੀ । ਜੇਕਰ ਤੁਸੀਂ ਮਿਲਣਾ ਚਾਹੋ ਤਾਂ ਆਪਣਾ ਨਾਮ ਲਿਖਾ ਕੇ ਲਾਈਨ ਦੇ ਵਿਚ ਇੰਤਜ਼ਾਰ ਕਰਨਾ ਹੈ । ਪਰ ਕਲਾਕਾਰ ਦੇ ਆਉਣ ਦਾ ਸਮਾਂ ਜਿ਼ਆਦਾ ਪੱਕਾ ਨਹੀਂ ਹੁੰਦਾ । ਅਸੀਂ ਆਪਣੇ ਨਾਮ ਲਿਖਾ ਕੇ ਲਾਇਨ ਵਿਚ ਇੰਤਜ਼ਾਰ ਕਰਨ ਲੱਗ ਪਏ । ਪੰਦਰਾਂ ਕੁ ਮਿੰਟਾਂ ਬਾਦ ਪਰਾਂਜਲ ਕਹਿੰਦਾ, “ਯਾਰ ! ਪਤਾ ਨਹੀਂ ਇਸ ਨੇ ਕਦੋਂ ਆਉਣਾ ਹੈ, ਜੇਕਰ ਉਹ ਕਾਫੀ ਲੇਟ ਹੋ ਗਿਆ ਤਾਂ ਆਪਣਾ ਸਮਾਂ ਸਾਰਾ ਖਰਾਬ ਹੋ ਜਾਏਗਾ । ਸਾਡਾ ਨੰਬਰ ਨੌਵਾਂ ਸੀ । ਅਸੀਂ ਲਾਈਨ ਵਿਚੋਂ ਨਿਕਲ ਕੇ ਅਜੇ ਮਾਲ ਵਿਚ ਵੜੇ ਹੀ ਸੀ ਕਿ ਕਰਿਸ ਆਪਣੇ ਭਾਰੀ ਭਰਕਮ ਸਕਿਉਰਟੀ ਗਾਰਡਾਂ ਵਿਚ ਘਿਰਿਆ ਆਉਂਦਾ ਦਿਸ ਗਿਆ । ਪਰਾਂਜਲ ਨੇ ਮੱਥੇ ‘ਤੇ ਹੱਥ ਮਾਰਿਆ ਕਿ ਯਾਰ ਧੱਕਾ ਹੋ ਗਿਆ । ਉਸ ਨੇ ਆਪਣੇ ਕੈਮਰੇ ਨਾਲ਼ ਦੂਰੋਂ ਹੀ ਉਸ ਦੀਆਂ ਫੋਟੋਆਂ ਖਿੱਚ ਲਈਆਂ । ਜਦੋਂ ਬਾਹਰ ਆ ਕੇ ਲਾਈਨ ਦੇਖੀ ਤਾਂ ਉਹਨਾਂ ਨੇ ਦਾਖਲਾ ਬੰਦ ਕਰ ਦਿੱਤਾ ਸੀ । ਦੂਰੋਂ ਹੀ ਇਸ ਕਲਾਕਾਰ ਦਾ ਦਰਸ਼ਨ ਮੇਲਾ ਕਰ ਕੇ ਅਸੀਂ ਅੰਦਰ ਦੁਕਾਨਾਂ ਦੀ ਫਰੋਲਾ ਫਰਾਲੀ ਕਰਨੀ ਸ਼ੁਰੂ ਕਰ ਦਿੱਤੀ ।  ਅੰਦਰ ਇਕ ਹੋਰ ਕੰਪਨੀ ਵਾਲਿਆਂ ਨੇ ਫੁੱਟਬਾਲ ਸਟਾਰ ਨੂੰ ਮਸ਼ਹੂਰੀ ਲਈ ਬੁਲਾਇਆ ਹੋਇਆ ਸੀ । ਜੋ ਕਿ ਮੇਜ਼ ‘ਤੇ ਬੈਠ ਕੇ ਹਰ ਇਕ ਨਾਲ਼ ਫੋਟੋ ਖਿੱਚਵਾ ਰਿਹਾ ਸੀ ਤੇ ਆਟੋਗਰਾਫ਼ ਦੇ ਰਿਹਾ ਸੀ । ਲੋਕ ਆਪਣਾ ਨਾਮ ਲਿਖਵਾ ਕੇ ਲਾਈਨ ਵਿਚ ਇੰਤਜ਼ਾਰ ਕਰ ਰਹੇ ਸੀ । ਲਾਈਨ ਨੇ ਐਨੇ ਜਲੇਬੀ-ਵਲ ਬਣਾਏ ਸੀ ਕਿ ਦੋ ਘੰਟੇ ਆਰਾਮ ਨਾਲ਼ ਲੱਗ ਜਾਣੇ ਸੀ । ਸੋ ਅਸੀਂ ਤੁਰਦੇ ਫਿਰਦੇ ਫੂਡ ਕੋਰਟ ‘ਤੇ ਜਾ ਪਹੁੰਚੇ । ਹਰ ਇਕ ਦੁਕਾਨ ਦੇ ਬਾਹਰ ਮੁੰਡਾ ਜਾਂ ਕੁੜੀ, ਉਸ ਦੁਕਾਨ ਦੇ ਅੰਦਰ ਬਣਨ ਵਾਲਾ ਭੋਜਨ ਲੈ ਕੇ ਖੜੇ ਸਨ, ਜਿਸ ਨੂੰ ਕਿ ਤੁਸੀਂ ਖਰੀਦਣ ਤੋਂ ਪਹਿਲਾਂ ਚੱਖ ਕੇ ਦੇਖ ਸਕਦੇ ਹੋ । ਅਸੀਂ ਤਜਰਬੇ ਵਜੋਂ ਦੋ ਚਾਰ ਤਰ੍ਹਾਂ ਦਾ ਚਿਕਨ  ਖਾ ਕੇ ਦੇਖਿਆ, ਫਿਰ ਮੈਂ ਚਾਈਨੀਜ਼ ਚਿਕਨ ਤੇਰਿਆਕੀ ਤੇ ਸ਼ਰਿੰਪ ਨੂਡਲ ਲਈ ਤੇ ਪਰਾਂਜਲ ਨੇ ਵੈਜੀਟੇਰੀਅਨ  ਨੂਡਲ ਦਾ ਆਨੰਦ ਮਾਣਿਆ । ਬਾਦ ਵਿਚ ਅਸੀਂ ਉਰਲੈਂਡੌ ਦਾ ਇਕ ਹੋਰ ਵੱਡਾ ਸ਼ਾਪਿੰਗ ਸੈਂਟਰ ਮਾਲ ਆਫ਼ ਮਿਲੇਨੀਆ ਵੀ ਦੇਖਿਆ । ਇਹ ਦੋ ਮੰਜਿ਼ਲਾਂ ਵਾਲਾ ਸ਼ਾਪਿੰਗ ਸੈਂਟਰ ਤਕਰੀਬਨ 1,118,000 ਸਕੇਅਰ ਫੁੱਟ ਦੇ ਏਰੀਆ ਵਿਚ ਬਣਿਆ ਹੈ । ਇਹਨਾਂ ਦੇ ਅੰਦਰ ਵਿਕਦਾ ਸਾਰਾ ਸਾਮਾਨ ਚੀਨ, ਭਾਰਤ, ਬੰਗਲਾਦੇਸ਼ ਤੇ ਇੰਡੋਨੇਸ਼ੀਆ ਤੋਂ ਆਉਂਦਾ ਹੈ । ਮੈਂ ਇਥੋਂ ਦੋ ਜੈਕਟਾਂ ਲਈਆਂ, ਕਿਉਂਕਿ ਨਿਊਯਾਰਕ ਜਾਣ ਲਈ ਗਰਮ ਕੱਪੜੇ ਚਾਹੀਦੇ ਸੀ ਤੇ ਮੈਂ ਸਿਰਫ਼ ਇਕ ਹੀ ਜੈਕਟ ਨਾਲ਼ ਲੈ ਕੇ ਗਿਆ ਸੀ ।  ਉਰਲੈਂਡੌ, ਮਿਆਮੀ ਦਾ ਮੌਸਮ ਸਾਰਾ ਸਾਲ ਸੁਹਾਵਣਾ ਰਹਿੰਦਾ ਹੈ,  ਨਾ ਜਿ਼ਆਦਾ ਠੰਡ ਹੁੰਦੀ ਹੈ ਨਾ ਜਿ਼ਆਦਾ ਗਰਮੀ ।  ਇਕ ਹੋਰ ਚੀਜ਼ ਨੇ ਮੈਨੂੰ ਕਾਫੀ ਪਰੇਸ਼ਾਨੀ ਵਿਚ ਪਾਇਆ, ਉਹ ਸੀ ਵਸਤੂਆਂ ਦੀ ਰੇਟ ਲਿਸਟ । ਅਮਰੀਕਾ ਦੇ ਵਿਚ ਹਰ ਇਕ ਦਾ ਵਸਤੂ ਦਾ ਰੇਟ ਬਿਨਾਂ ਟੈਕਸ ਲਿਖਿਆ ਹੁੰਦਾ ਹੈ । ਮੰਨ ਲਉ ਕਿਸੇ ਵਸਤੂ ਦਾ ਰੇਟ 6.99 ਡਾਲਰ ਲਿਖਿਆ ਹੈ, ਜਦੋਂ ਤੁਸੀਂ ਖਰੀਦੋਗੇ ਉਸ ਸਮੇਂ ਬਿੱਲ ਤਕਰੀਬਨ 7.40 ਡਾਲਰ ਹੋ ਜਾਂਦਾ ਹੈ ।  ਟੈਕਸ ਨੂੰ ਬਾਦ ‘ਚ ਜੋੜਿਆ ਜਾਂਦਾ ਹੈ । ਵੈਸੇ ਭਾਰਤ ਤੇ ਆਸਟ੍ਰੇਲੀਆ ਵਿਚ ਤਾਂ ਟੈਕਸ ਸਮੇਤ ਰੇਟ ਲਿਖਿਆ ਹੁੰਦਾ ਹੈ । ਸੋ ਨਵੇਂ ਬੰਦੇ ਨੂੰ ਇਕ ਦੋ ਵਾਰ ਇੰਝ ਲੱਗਦਾ ਹੈ ਕਿ ਠੱਗੀ ਮਾਰੀ ਜਾ ਰਹੀ ਹੈ, ਕਿਉਂਕਿ ਜੇਕਰ ਕਿਸੇ ਨੇ ਚੀਜ਼ ਲੈਣੀ ਹੀ ਹੈ ਤਾਂ ਉਸ ਨੂੰ 6.99 ਦੀ ਥਾਂ  7.40 ਦੇਣ ਨਾਲ਼ ਫਰਕ ਨਹੀਂ ਪੈਣਾ । ਪਰ ਬੰਦਾ ਉਲਝਣ ਵਿਚ ਜਰੂਰ ਪੈ ਜਾਂਦਾ ਹੈ । ਖੈਰ ! ਇਹ ਅਮਰੀਕਾ ਸਰਕਾਰ ਦਾ ਫੰਡਾ ਹੈ । ਇਸ ਤੋਂ ਬਾਦ ਥੱਕ ਕੇ ਰਾਤ  ਨੂੰ ਘਰ ਆ ਪਹੁੰਚੇ ।
                                                                                                                      
ਚਲਦਾ...