ਮਿਸਿਜ਼ ਗਾਂਧੀ ਨੇ ਗੋਲਡਨ ਟੈਂਪਲ ’ਤੇ ਹਮਲਾ ਕਰਨ ਦੀ ਗਲਤੀ ਕੀਤੀ, ਜਿਸ ਦੀ ਕੀਮਤ ਉਸਨੂੰ ਆਪਣੀ ਜਾਨ ਦੇ ਕੇ ਉਤਾਰਨੀ ਪਈ.........ਮਾਰਕ ਟਲੀ

ਪ੍ਰਸਿੱਧ ਪੱਤਰਕਾਰ ਮਾਰਕ ਟਲੀ ਨਾਲ ਬਲਰਾਜ ਸਿੰਘ ਸਿੱਧੂ (ਯੂ ਕੇ) ਦੀ ਇੱਕ ਮੁਲਾਕਾਤ

ਬੀ.ਬੀ.ਸੀ. ਦੀ ਦਿੱਲੀ ਸ਼ਾਖਾ ਦੇ ਸਾਬਕਾ ਮੁੱਖੀ ਅਤੇ ਸੰਵਾਦਦਾਤਾ ਸ਼੍ਰੀ ਮਾਰਕ ਵਿਲੀਅਮ ਟਲੀ ਪੱਤਰਕਾਰੀ ਦੇ ਇੱਕ ਸਿਰਮੌਰ ਅਤੇ ਸੁਨਿਹਰੀ ਹਸਤਾਖਰ ਹਨ ਉਹਨਾਂ ਬਾਰੇ ਆਖਿਆ ਜਾਂਦਾ ਹੈ ਕਿ ਇੰਦਰਾ ਗਾਂਧੀ ਦੀ ਹੱਤਿਆ ਦੀ ਖਬਰਤੇ ਰਾਜੀਵ ਗਾਂਧੀ ਨੇ ਉਨਾ ਚਿਰ ਤੱਕ ਵਿਸ਼ਵਾਸ਼ ਨਹੀਂ ਸੀ ਕਰਿਆ ਜਿੰਨਾ ਚਿਰ ਤੱਕ ਉਸਨੇ ਮਾਰਕ ਦੀ ਜ਼ੁਬਾਨੀ ਦੀ ਇਹ ਖਬਰ ਨਹੀਂ ਸੀ ਸੁਣੀ ਮਾਰਕ 24 ਅਕਤੂਬਰ 1935 ਨੂੰ ਕਲਕੱਤੇ ਵਿੱਖੇ ਜਨਮੇ  ਅਤੇ 9 ਸਾਲ ਦੀ ਉਮਰ ਵਿੱਚ ਇੰਗਲੈਂਡ ਗਏ ਇੱਥੇ ਹੀ ਉਹਨਾਂ ਦੀ ਪਰਵਰਿਸ਼ ਹੋਈ ਤੇ ਇਥੋਂ ਹੀ ਉਨ੍ਹਾਂ ਨੇ ਤਾਲੀਮ ਹਾਸਿਲ ਕੀਤੀ ਸਿਖਿਆ ਗ੍ਰਹਿਣ ਕਰਨ ਉਪਰੰਤ ਉਹਨਾਂ ਭਾਰਤ ਜਾ ਕੇ ਨੌਕਰੀ ਹੀ ਨਹੀਂ ਕੀਤੀ, ਸਗੋਂ ਸਦਾ ਲਈ ਇੰਗਲੈਂਡ ਛੱਡ ਕੇ ਭਾਰਤ ਨੂੰ ਅਪਨਾਇਆ ਹੈ ਇਸ ਤਰ੍ਹਾਂ ਉਹ ਉਨ੍ਹਾਂ ਭਾਰਤੀਆਂ ਲਈ ਪ੍ਰਸ਼ਨਚਿੰਨ ਦੇ ਰੂਪ ਵਿੱਚ  ਖੜ੍ਹੇ ਹੋ ਗਏ ਹਨ, ਜੋ ਭਾਰਤ ਤੋਂ ਬਾਹਰ ਜਾ ਕੇ ਵਧੀਆ ਭਵਿੱਖ ਦੀ ਹਾਮੀ ਭਰਦੇ ਹਨ ਮਾਰਕ ਟਲੀ ਅੰਗਰੇਜ਼ੀ ਜ਼ੁਬਾਨ ਤੋਂ ਇਲਾਵਾ ਦੇਵਨਾਗਰੀ ਲਿੱਪੀ ਦੇ ਵੀ ਗਿਆਤਾ ਹਨ ਅਤੇ ਉਹ ਹਿੰਦੀ ਬਹੁਤ ਵਧੀਆ ਪੜ੍ਹ, ਲਿਖ ਅਤੇ ਬੋਲ ਲੈਂਦੇ ਹਨ 15 ਅਗਸਤ 1960 ਨੂੰ ਉਹਨਾਂ ਦੀ ਸ਼ਾਦੀ ਫਰੈਂਸਿਸ ਮਾਰਗਰਟ ਨਾਲ ਹੋਈ ਤੇ ਜਿਨ੍ਹਾਂ ਤੋਂ ਉਹਨਾਂ ਦੇ ਦੋ ਬੇਟੇ ਵਿਲੀਅਮ ਸੈਮਿਉਲ ਨਿਕਲਸਨ, ਪੈਟਰਿਕ ਹੈਨਰੀ ਅਤੇ ਦੋ ਬੇਟੀਆਂ ਸਾਹਰਾ ਜਿਲੀਅਨ ਅਤੇ ਐਮਾ ਹਨ 1959 ਵਿੱਚ ਉਹਨਾਂ ਕੈਂਬਰਿਜ ਯੂਨੀਵਰਸਿਟੀ ਤੋਂ ਐਮ ਕੀਤੀ ਅਤੇ ਉਹ ਐਨ ਯੂ ਜੇ ਦੇ ਮੈਂਬਰ ਵੀ ਹਨ 1964 ਵਿੱਚ ਉਹ ਬੀ.ਬੀ.ਸੀ. ਦੇ ਸੰਪਰਕ ਵਿੱਚ ਆਏ ਤੇ 1972 ਵਿੱਚ ਉਹਨਾਂ ਨੂੰ ਇਸੇ ਸੰਸਥਾ ਦਾ Chief of Bureau  ਥਾਪਿਆ ਗਿਆ 1994 ਵਿੱਚ ਉਹ ਸਵੈ ਇਛਾ ਨਾਲ ਬੀ.ਬੀ.ਸੀ. ਨੂੰ ਅਸਤੀਫਾ ਦੇ ਗਏ ਤੇ ਹੁਣ ਆਜ਼ਾਦ ਤੌਰਤੇ ਟੀਵੀ ਚੈਨਲਾਂ ਅਤੇ ਰੇਡਿਉ ਲਈ ਕੰਮ ਕਰ ਰਹੇ ਹਨ ਅਗਰ ਸ਼੍ਰੀ ਟਲੀ ਨੂੰ ਮਿਲੇ ਇਨਾਮਾਂ, ਸਨਮਾਨਾਂ ਨੂੰ ਇਕੱਠੇ ਕਰਨ ਲੱਗ ਜਾਇਏ ਤਾਂ ਕਈ ਗੱਡੇ ਭਰ ਜਾਣਗੇ ਪਰ ਉਹਨਾਂ ਵਿੱਚੋਂ ਪ੍ਰਮੁੱਖ Broadcasting Press Guild Award,  ਰਿਚਅਡ ਡਿੰਬਲੀ ਅਵਾਰਡ 1985, OBE 1985 ਅਤੇ ਹਾਲ ਹੀ ਵਿੱਚ ਬੀ.ਬੀ.ਸੀ. ਏਸ਼ੀਆ ਮੇਗਾ ਮੇਲਾ

ਮੋਬਾਈਲ ਵਿਚ ਪਾਪਾ........ ਮੁਬਾਰਕਾਂ / ਨਿਸ਼ਾਨ ਸਿੰਘ ਰਾਠੌਰ

ਮੇਰਾ ਬੇਟਾ ਅਸ਼ਨੂਰ ਅਜੇ 9 ਮਹੀਨੇ ਦਾ ਹੀ ਸੀ ਕਿ ਮੈਂ ਫੌਜ ਵਿਚ ਭਰਤੀ ਹੋ ਗਿਆ ਸਾਂ। ਭਰਤੀ ਹੋਣ ਕਾਰਣ ਮੇਰਾ ਬਹੁਤਾ ਸਮਾਂ ਘਰ ਤੋਂ ਬਾਹਰ ਹੀ ਬਤੀਤ ਹੁੰਦਾ ਹੈ। ਕਦੇ 5 ਮਹੀਨੇ ਬਾਅਦ ਕਦੇ 6 ਮਹੀਨੇ ਬਾਅਦ ਹੀ ਘਰ ਆਉਣ ਦਾ ਸਬੱਬ ਬਣਦਾ ਹੈ। ਜਦੋਂ ਛੁੱਟੀ ਲੈ ਕੇ ਘਰ ਆਉਂਦੇ ਹਾਂ ਤਾਂ ਅਸ਼ਨੂਰ 2-3 ਦਿਨ ਤਾਂ ਅੰਕਲ ਹੀ ਕਹੀ ਜਾਂਦਾ ਹੈ ਤੇ ਕਾਫ਼ੀ ਸਮਝਾਉਣ ਤੇ ਪਾਪਾ ਕਹਿਣਾ ਸ਼ੁਰੂ ਕਰਦਾ ਹੈ ਇਤਨੇ ਨੂੰ ਛੁੱਟੀ ਖਤਮ ਹੋ ਜਾਂਦੀ ਹੈ।

ਡਿਊਟੀ ਦੌਰਾਨ ਮੋਬਾਈਲ ਫੋਨ ਤੇ ਘਰ ਗੱਲ ਕਰਦੇ ਰਹਿੰਦੇ ਹਾਂ। ਇਸ ਲਈ ਅਸ਼ਨੂਰ ਮੈਨੂੰ ਮੋਬਾਈਲ ਵਾਲੇ ਪਾਪਾ ਹੀ ਕਹਿੰਦਾ ਹੈ। ਆਪਣੀ ਪਤਨੀ ਚਰਨਜੀਤ ਦੇ ਜਿਸ ਮੋਬਾਈਲ ਤੇ ਮੈਂ ਫੋਨ ਕਰਦਾ ਹਾਂ ਅਸ਼ਨੂਰ ਉਸ ਫੋਨ ਨੂੰ ਬੜਾ ਸੰਭਾਲ ਕੇ ਰੱਖਦਾ ਹੈ ਅਤੇ ਕਹਿੰਦਾ ਹੈ ਇਸ ਮੋਬਾਈਲ ਵਿਚ ਮੇਰੇ ਪਾਪਾ ਹਨ। ਇਸ ਵਿਚੋਂ ਪਾਪਾ ਦੀ ਆਵਾਜ ਆਉਂਦੀ ਹੈ।

30 ਅਗਸਤ ਉਸ ਦਾ ਜਨਮ ਦਿਨ ਹੈ। ਉਹ ਚੋਥੇ ਸਾਲ ਵਿਚ ਲੱਗ ਗਿਆ ਹੈ। ਪਰਮਾਤਮਾ ਉਸ ਨੂੰ ਚੰਗੀ ਮੱਤ ਦੇਵੇ। ਅਸ਼ਨੂਰ ਨੂੰ ਉਸ ਦੇ ਪਾਪਾ ਵੱਲੋਂ ਜਨਮ ਦਿਨ ਮੁਬਾਰਕ।

ਇਸ ਵਾਰ ਫਿਰ ਉਸ ਨਾਲ ਜਨਮਦਿਨ ਮਨਾਉਣ ਦਾ ਮੌਕਾ ਨਹੀਂ ਮਿਲਿਆ ਤੇ ਉਹ ਜਨਮਦਿਨ ਵਾਲੇ ਦਿਨ ਮੋਬਾਈਲ ਫੋਨ ਜ਼ਰੂਰ ਸੰਭਾਲ ਕੇ ਰੱਖੇਗਾ ਕਿਉਂਕਿ ਉਸ ਦੇ ਮੋਬਾਈਲ ਵਿਚ ਉਸ ਦੇ ਪਾਪਾ ਹਨ।

ਜਨਮਦਿਨ ਮੁਬਾਰਕ ਅਸ਼ਨੂਰ

ਕੀ ਸਾਡੀ ਸੇਵਾ ਭਾਵਨਾ ਤੇ ਦਿਖਾਵਾ ਤਾਂ ਭਾਰੂ ਨਹੀਂ ਹੋ ਰਿਹਾ?......... ਵਿਚਾਰਾਂ / ਧਰਮਿੰਦਰ ਭੰਗੂ ਕਾਲੇਮਾਜਰਾ


'ਟਰਨ ਟਰਨ ਟਰਨ' ਮੇਰੇ ਇੱਕ ਪੱਤਰਕਾਰ ਦੋਸਤ ਦੇ ਫੋਨ ਦੀ ਘੰਟੀ ਵੱਜਦੀ ਹੈ। ਜਦੋਂ ਉਹ ਫੋਨ ਚੁੱਕਦਾ ਹੈ ਤਾਂ ਅੱਗਿਉਂ ਉਸਨੂੰ ਆਪਣੇ ਇੱਕ ਜਾਣੂ ਦੀ ਆਵਾਜ਼ ਸੁਣਾਈ ਦਿੰਦੀ ਹੈ।" ਬਾਈ ਜੀ! ਆਪਾਂ ਨੇ ਬੱਸ ਅੱਡੇ ਕੋਲ ਛਬੀਲ ਲਾਈ ਹੋਈ ਹੈ, ਤੁਸੀਂ ਜ਼ਰਾ ਆ ਕੇ ਫੋਟੋ ਖਿੱਚ ਲਉ.. ਕੱਲ੍ਹ ਦੇ ਅਖ਼ਬਾਰ ਵਿੱਚ ਲੁਆ ਦੇਣੀ। ਆਪਣੇ ਦੋਸਤ ਦੇ ਹੁਕਮ ਦਾ ਬੰਨ੍ਹਿਆ ਮੇਰਾ ਪੱਤਰਕਾਰ ਦੋਸਤ ਮਜ਼ਬੂਰ ਕਰਕੇ ਮੈਨੂੰ ਵੀ ਨਾਲ ਲੈ ਜਾਂਦਾ ਹੈ। ਪੱਤਰਕਾਰ ਨੂੰ ਪਹੁੰਚਿਆ ਦੇਖਦੇ ਹੀ ਪ੍ਰਬੰਧਕ ਅਤੇ ਸਾਰੇ ਸੇਵਾਦਾਰ ਰਾਹੀਆਂ ਨੂੰ ਜਲ ਛਕਾਉਣਾ ਛੱਡ ਕੇ ਫੋਟੋ ਖਿਚਵਾਉਣ ਲਈ ਇਕੱਠੇ ਹੋ ਜਾਂਦੇ ਹਨ। ਅਗਲੇ ਦਿਨ ਅਖਬਾਰ ਵਿੱਚ ਫੋਟੋ ਛਪ ਜਾਂਦੀ ਹੈ। ਪਰ ਮੇਰਾ ਮਨ ਇਸ ਵਰਤਾਰੇ ਤੋਂ ਵਿਆਕੁਲ ਹੈ। ਮੈਂ ਸੋਚਦਾ ਹਾਂ ਕਿ ਕਿਤੇ ਸਾਡੀ ਸੇਵਾ ਭਾਵਨਾਂ ਤੇ ਦਿਖਾਵਾ ਤਾਂ ਭਾਰੂ ਨਹੀਂ ਹੋ ਰਿਹਾ। ਮੇਰੇ ਚੇਤੇ ਆਉਂਦਾ ਹੈ ਕਿ ਕੁਝ ਵਰ੍ਹੇ ਪਹਿਲਾਂ ਮੇਰਾ ਇੱਕ ਦੋਸਤ ਪਾਕਿਸਤਾਨ ਵਿਖੇ ਗੁਰਧਾਮਾਂ ਦੀ ਯਾਤਰਾ ਲਈ ਗਿਆ ਸੀ। ਉਸਨੇ ਵਾਪਸ ਆ ਕੇ ਆਪਣੀ ਯਾਤਰਾ ਬਾਰੇ ਦੱਸਿਆ ਕਿ ਉੱਧਰ ਵੀ ਸੰਗਤਾਂ ਦੀ ਸੇਵਾ ਲਈ ਬਹੁਤ ਲੰਗਰ ਲੱਗੇ ਹੋਏ ਸਨ। ਜਦੋਂ ਇੱਧਰੋਂ ਗਈਆਂ ਸੰਗਤਾਂ ਪੁੱਛਦੀਆਂ ਹਨ ਕਿ ਇਹ ਲੰਗਰ ਕਿੱਥੋਂ ਦਾ ਭਾਵ ਕਿਹੜੇ ਪਿੰਡ ਦਾ ਹੈ ਤਾਂ ਇੱਕੋ ਹੀ ਜਵਾਬ ਸੁਣਨ ਨੂੰ ਮਿਲਿਆ ਕਿ ਸਰਦਾਰ ਜੀ ਇਹ ਲ਼ਗਰ ਬਾਬੇ ਨਾਨਕ ਦਾ ਹੈ, ਕਿਸੇ ਪਿੰਡ ਜਾਂ ਸ਼ਹਿਰ ਦਾ ਨਹੀਂ। ਉਨ੍ਹਾ ਕੋਲਾਂ ਦੀ ਸੇਵਾ ਭਾਵਨਾ ਦੀ ਤੁਲਨਾ ਜਦੋਂ ਮਨੋਂ ਮਨੀਂ ਮੈ ਅਜੋਕੇ ਵਰ੍ਹਿਆਂ ਵਿੱਚ ਲਗਾਏ ਜਾ ਰਹੇ ਲੰਗਰਾਂ ਨਾਲ ਕਰਦਾ ਹਾਂ ਤਾ ਬਿਨਾਂ ਸੱ਼ਕ ਉਨ੍ਹਾਂ ਦੀ ਸੇਵਾ ਭਾਵਨਾ ਦਾ ਪੱਲੜਾ ਕਿਤੇ ਭਾਰੀ ਨਜ਼ਰ ਆਉਂਦਾ ਹੈ। ਅਸੀਂ ਜੋ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਜੀ ਦੇ ਸੱਚੇ ਪੈਰੋਕਾਰ ਦੱਸਦੇ ਹਾਂ ਪਤਾ ਨਹੀਂ ਕਿਸ ਕਾਰਨ ਵੱਸ ਇਨ੍ਹਾ ਦਿਖਾਵਿਆਂ ਵਿੱਚ ਪੈ ਗਏ ਹਾਂ। ਰਾਜਨੀਤਕ ਆਗੂਆਂ ਦੇ ਮਾਮਲੇ ਵਿੱਚ ਤਾਂ ਇਹ ਦਿਖਾਵਾ ਸ਼ਾਇਦ ਉਨ੍ਹਾਂ ਦੀ ਲੋੜ ਜਾਂ ਮਜਬੂਰੀ ਸਮਝੀ ਜਾ ਸਕਦੀ ਹੈ, ਪਰ ਆਮ ਲੋਕਾਂ ਨੂੰ ਤਾਂ ਇਹ ਦਿਖਾਵੇ ਛੱਡ ਕੇ ਪੰਜਾਬੀ ਜਿਸ ਨਿਰਸਵਾਰਥ ਸੇਵਾ ਭਵਨਾ ਲਈ ਮਜ਼ਬੂਰ ਹਨ, ਉਹ ਕਾਇਮ ਰੱਖਣੀ ਚਾਹੀਦੀ ਹੈ। 
***

ਪਾਣੀ ਸਤਲੁਜ-ਯਮੁਨਾ ਵਾਲਾ ਕਹਿਰੀ ਹੋ ਗਿਆ..........ਵਿਸ਼ੇਸ਼ ਰਿਪੋਰਟ / ਨਿਸ਼ਾਨ ਸਿੰਘ ‘ਰਾਠੌਰ’

ਕੁਰੂਕਸ਼ੇਤਰ ਤੋਂ ਵਿਸ਼ੇਸ਼ ਰਿਪੋਰਟ

ਹਰਿਆਣਾ ਦੇ ਅੰਬਾਲਾ ਤੋਂ ਕੁਰੂਕਸ਼ੇਤਰ ਨੂੰ ਆਉਂਦੀ ਨਹਿਰ ਸਤਲੁਜ-ਯਮੁਨਾ ਲਿੰਗ ਨਹਿਰ ਦਾ ਪਾਣੀ ਇਹਨੀਂ ਦਿਨੀਂ ਕਹਿਰ ਢਾਹ ਰਿਹਾ ਹੈ। ਖਾਸ ਗੱਲ ਇਹ ਹੈ ਕਿ ਪਿਛਲੇ ਕੁਝ ਦਿਨ ਪਹਿਲਾਂ ਤੱਕ ਪੰਜਾਬ ਆਪਣੇ ਗੁਆਂਢੀ ਰਾਜ ਹਰਿਆਣੇ ਨੂੰ ਨਹਿਰੀ ਪਾਣੀ ਦੇਣ ਤੋਂ ਇਨਕਾਰ ਕਰ ਰਿਹਾ ਸੀ ਪਰ ਜਿਵੇਂ ਹੀ ਵਰਖ਼ਾ ਨੇ ਪੰਜਾਬ ਦੀਆਂ ਨਹਿਰਾਂ ਨੂੰ ਪਾਣੀ ਨਾਲ ਸਰਾਬੋਰ ਕੀਤਾ ਤਾਂ ਪੰਜਾਬ ਨੇ ਝੱਟ ਪਾਣੀ ਦਾ ਮੂੰਹ ਹਰਿਆਣੇ ਵੱਲ ਨੂੰ ਖੋਲ ਦਿੱਤਾ। ਇਸ ਦਾ ਨਤੀਜਾ ਇਹ ਹੋਇਆ ਕਿ ਸਤਲੁਜ-ਯਮੁਨਾ ਲਿੰਗ ਨਹਿਰ ਕੁਰੂਕਸ਼ੇਤਰ ਦੇ ਪਿੰਡ ਜੋਤੀਸਰ ਕੋਲੋਂ ਟੁੱਟ ਗਈ ਤੇ ਪੂਰਾ ਕੁਰੂਕਸ਼ੇਤਰ ਸ਼ਹਿਰ ਇਸ ਦੀ ਚਪੇਟ ਵਿਚ ਆ ਗਿਆ। ਜੋਤੀਸਰ ਕੋਲੋਂ ਟੁੱਟੀ ਇਸ ਨਹਿਰ ਵਿਚ ਤਕਰੀਬਨ 70 ਫੁੱਟ ਦਾ ਪਾੜ ਪੈ ਗਿਆ ਤੇ ਨਹਿਰ ਦਾ ਪਾਣੀ ਮਾਰੋ-ਮਾਰ ਕਰਦਾ ਸ਼ਹਿਰ ਦੀਆਂ ਕਲੌਨੀਆਂ ਵਿਚ ਆ ਵੜਿਆ।
ਇਸ ਕਾਰਣ ਨਹਿਰ ਦੇ ਨਾਲ ਲਗਦੇ ਪਿੰਡ ਜੋਗਨਾ ਖੇੜਾ, ਜੋਤੀਸਰ, ਬਜਗਾਂਵਾਂ, ਦਬਖੇੜੀ, ਸ਼ਮਸਪੁਰਾ, ਜੰਡੀ ਫਾਰਮ, ਸਰਸਵਤੀ ਕਲੌਨੀ, ਦੀਦਾਰ ਨਗਰ, ਸ਼ਾਂਤੀ ਨਗਰ, ਬਾਹਰੀ ਮੁੱਹਲਾ, ਚੱਕਰਵਰਤੀ ਮੁੱਹਲਾ ਅਤੇ ਪ੍ਰੋਫ਼ੈਸਰ ਕਲੌਨੀ ਪੂਰੀ ਤਰ੍ਹਾਂ ਪਾਣੀ ਵਿਚ ਡੁਬ ਗਏ ਹਨ। ਘਰਾਂ ਵਿਚ 5 ਫੁੱਟ ਤੋਂ ਵੱਧ ਪਾਣੀ ਵੜਿਆ ਹੋਇਆ ਹੈ। ਲੋਕ ਆਪਣੇ ਘਰਾਂ ਦੀਆਂ ਛੱਤਾਂ ਤੇ ਬੈਠ ਕੇ ਪ੍ਰਸ਼ਾਸ਼ਨ ਵੱਲੋਂ ਕੀਤੀ ਅਣਗਹਿਲੀ ਦੀ ਸਜ਼ਾ ਭੁਗਤ ਕਰ ਰਹੇ ਹਨ। ਪਾਣੀ ਦੀ ਮਾਰ ਕਾਰਣ ਲੋਕਾਂ ਨੇ ਆਪਣੇ ਦੁੱਧਾਰੂ ਪਸ਼ੂ ਰਾਤ ਨੂੰ ਹੀ ਖੋਲ ਦਿੱਤੇ ਸਨ। ਝੋਨਾਂ ਪੂਰੀ ਤਰ੍ਹਾਂ ਬਰਬਾਦ ਹੋ ਚੁਕਿਆ ਹੈ। ਪਾਣੀ ਦੀਆਂ ਮੋਟਰਾਂ, ਘਰੇਲੂ ਸਾਮਾਨ ਅਤੇ ਮਾਲ-ਡੰਗਰ ਦਾ ਨੁਕਸਾਨ ਮਿਲਾ ਕੇ ਅਰਬਾਂ ਰੁਪਏ ਦਾ ਘਾਟਾ ਹੋਣ ਦੇ ਆਸਾਰ ਹਨ।
ਸਰਕਾਰ ਨੂੰ ਇਹ ਡਰ ਸਤਾ ਰਿਹਾ ਹੈ ਕਿ ਇਸ ਵਾਰ ਝੋਨੇ ਦੀ ਪੈਦਾਵਾਰ ਵਿਚ ਕਾਫ਼ੀ ਗਿਰਾਵਟ ਆ ਸਕਦੀ ਹੈ ਕਿਉਂਕਿ ਹਰਿਆਣੇ ਪੰਜਾਬ ਦੇ ਇਹੀਂ ਇਲਾਕੇ ਝੋਨੇ ਵਿਚ ਮੋਹਰੀਂ ਹਨ। ਹਰਿਆਣਾ ਸਰਕਾਰ ਨੇ ਜਦੋਂ ਹੱਥ ਖੜੇ ਕਰ ਦਿੱਤੇ ਤਾਂ ਰਾਤ ਨੂੰ ਭਾਰਤੀ ਸੈਨਾ ਨੂੰ ਬੁਲਾਇਆ ਗਿਆ। ਪਿੰਡਾਂ ਦੇ ਲੋਕਾਂ ਦੀ ਮਦਦ ਨਾਲ ਸੈਨਾ ਨਹਿਰ ਦੇ ਪਾੜ ਨੂੰ ਠੀਕ ਕਰਨ ਵਿਚ ਜੁੱਟੀ ਹੋਈ ਹੈ। 
ਉੱਧਰ ਦੂਜੇ ਪਾਸੇ ਰਾਤ ਤੋਂ ਆਪਣੇ ਘਰਾਂ ਦੀਆਂ ਛੱਤਾਂ ਤੇ ਭੁੱਖੇ ਬੈਠੇ ਲੋਕਾਂ ਲਈ ਸ਼ਹਿਰ ਦੇ ਕਈ ਸਮਾਜਸੇਵੀ ਲੋਕਾਂ ਨੇ ਲੰਗਰ ਲਗਾਏ ਹਨ। ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਲੋਕਾਂ ਲਈ ਲੰਗਰ ਤਿਆਰ ਕੀਤੇ ਗਏ ਹਨ। ਗੁ: 7ਵੀਂ ਪਾਤਸ਼ਾਹੀ ਦੇ ਮੁੱਖ ਗ੍ਰੰਥੀ ਗਿਆਨੀ ਅਮਰੀਕ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਲੰਗਰ ਤੇ ਚਾਹ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪਾਣੀ ਵਿਚ ਫ਼ਸੇ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਖਾਣ-ਪੀਣ ਦੀਆਂ ਵਸਤਾਂ ਤੋਂ ਇਲਾਵਾ ਲੋਕਾਂ ਨੂੰ ਸੁੱਕੇ ਕਪੜੇ ਅਤੇ ਦਵਾਈਆਂ ਵੀ ਵੰਡੀਆਂ ਜਾ ਰਹੀਆਂ ਹਨ। 
ਪਾਣੀ ਦੀ ਮਾਰ ਨੂੰ ਦੇਖਦਿਆਂ ਲੋਕਾਂ ਨੂੰ ਡਰ ਸਤਾ ਰਿਹਾ ਹੈ ਕਿ ਇਸ ਵਾਰ ਤੇ ਉਹਨਾਂ ਨੂੰ ਖਾਣ ਦੇ ਵੀ ਲਾਲੇ ਪੈ ਜਾਣਗੇ ਕਿਉਂਕਿ ਉਹਨਾਂ ਦਾ ਅਨਾਜ ਤਾਂ ਪਾਣੀ ਦੀ ਭੇਟ ਚੜ ਚੁਕਾ ਹੈ। ਮਾਲ-ਡੰਗਰ ਵੀ ਛੱਡਿਆ ਜਾ ਚੁਕਾ ਹੈ ਤੇ ਫ਼ਸਲ ਖਰਾਬ ਹੋ ਚੁਕੀ ਹੈ।
ਨਹਿਰੀ ਪਾਣੀ ਇਤਨਾ ਕਹਿਰੀ ਹੋ ਜਾਵੇਗਾ ਕਿਸੇ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ ਪਰ ਹੁਣ ਇਹ ਹੋ ਚੁਕਾ ਹੈ। ਦੂਰ ਤੱਕ ਜਿੱਥੇ ਤੱਕ ਨਜ਼ਰ ਜਾਂਦੀ ਹੈ ਬੱਸ ਪਾਣੀ ਹੀ ਪਾਣੀ ਨਜ਼ਰ ਆਉਂਦਾ ਹੈ। ਇਸ ਪਾਣੀ ਕਾਰਣ ਰੇਲ ਗੱਡੀਆਂ ਬੰਦ ਹਨ ਤੇ ਸੜਕ ਰਸਤਾ ਵੀ ਸ਼ਾਹਬਾਦ ਮਾਰਕੰਡਾ ਕੋਲੋਂ ਬੰਦ ਹੋ ਗਿਆ ਹੈ। ਸ਼ਾਹਬਾਦ ਨੇੜੇ ਨੇਸ਼ਨਲ ਹਾਈਵੇ ਨੰਬਰ ਵੱਨ’ਚ ਦਰਾਰ ਪੈ ਕਾਰਣ ਬੱਸਾਂ ਨੂੰ ਵਾਇਆ ਨਾਰਾਇਨਗੜ ਕੱਢਿਆ ਜਾ ਰਿਹਾ ਹੈ। ਦਿੱਲੀ ਤੋਂ ਜੰਮੂ ਜਾਣ ਵਾਲੀਆਂ 22 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਕਾਰਣ ਮੁਸਾਫ਼ਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਨਹਿਰ ਦੇ ਕਹਿਰ ਕਾਰਣ ਕੁਰੂਕਸ਼ੇਤਰ ਦੇ ਸਕੂਲਾਂ ਕਾਲਜਾਂ ਵਿਚ ਦੋ ਦਿਨਾਂ ਲਈ ਛੁੱਟੀ ਐਲਾਨੀ ਗਈ ਹੈ ਪਰ ਲਗਦਾ ਹੈ ਕਿ ਸਕੂਲ ਕਾਲਜ ਅਗਲੇ 10 ਦਿਨ ਤੱਕ ਨਹੀਂ ਖੁੱਲ ਪਾਉਣੇ ਕਿਉਂਕਿ ਪਿੰਡਾਂ ਵਿਚ ਕਈ ਸਕੂਲਾਂ ਦੀਆਂ ਇਮਾਰਤਾਂ ਢਹਿ ਗਈਆਂ ਹਨ ਤੇ ਸ਼ਹਿਰ ਦੇ ਕਈ ਸਕੂਲਾਂ ਵਿਚ 5 ਤੋਂ 7 ਫੁੱਟ ਤੱਕ ਪਾਣੀ ਚੜਿਆ ਹੋਇਆ ਹੈ। 
ਲੋਕਾਂ ਨੇ ਕੀਤੀ ਮੁਆਵਜੇ ਦੀ ਮੰਗ
ਕੁਰੂਕਸ਼ੇਤਰ ਅਤੇ ਅੰਬਾਲੇ ਵਿਚ ਆਏ ਹੜ੍ਹ ਪੀੜਿਤ ਲੋਕਾਂ ਨੇ ਹਰਿਆਣਾ ਸਰਕਾਰ ਤੋਂ ਮੁਆਵਜੇ ਦੀ ਮੰਗ ਕੀਤੀ ਹੈ। ਲੋਕਾਂ ਨੇ ਆਪਣੀ ਮੰਗ ਵਿਚ ਹਰਿਆਣੇ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਕਿਹਾ ਹੈ ਕਿ ਇਸ ਵਾਰ ਕੁਰੂਕਸ਼ੇਤਰ ਦੇ ਕਿਸਾਨ ਭੁੱਖੇ ਮਰਨ ਦੀ ਕਗਾਰ ਤੇ ਹਨ ਇਸ ਲਈ ਸਰਕਾਰ ਕਿਸਾਨਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜਾ ਦੇਵੇ ਤਾਂ ਕਿ ਹਰਿਆਣੇ ਦੇ ਕਿਸਾਨ ਮੁੜ ਪੱਕੇ ਪੈਰੀਂ ਖੜੇ ਹੋ ਸਕਣ।
ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਦੇ ਰਿਹਾਇਸ਼ੀ ਮਕਾਨ ਇਸ ਪਾਣੀ ਦੀ ਭੇਟ ਚੜ ਗਏ ਹਨ ਉਹਨਾਂ ਨੂੰ ਵੀ ਆਰਥਕ ਸਹਾਇਤਾ ਉਪਲਬਧ ਕਰਵਾਈ ਜਾਵੇ। ਲੋਕਾਂ ਨੇ ਮੰਗ ਕੀਤੀ ਹੈ ਕਿ ਸਤਲੁਜ-ਯਮੁਨਾ ਲਿੰਗ ਨਹਿਰ ਦੀ ਬਕਾਇਦਾ ਸਫ਼ਾਈ ਕਰਵਾਈ ਜਾਵੇ ਕਿਉਂਕਿ ਜੇਕਰ ਨਹਿਰ ਦੀ ਸਮਾਂ ਰਹਿੰਦੇ ਸਫ਼ਾਈ ਹੋਈ ਹੁੰਦੀ ਤਾਂ ਪਾਣੀ ਦਾ ਇਤਨਾ ਕਹਿਰ ਲੋਕਾਂ ਨੂੰ ਨਾ ਸਹਿਣ ਕਰਨਾ ਪੈਂਦਾ।
22 ਸਾਲ ਬਾਅਦ ਕੀਤੀ ਪਾਣੀ ਨੇ ਮਾਰ
ਕੁਰੂਕਸ਼ੇਤਰ ਸ਼ਹਿਰ ਵਿਚ ਪਿਛਲੀ ਵਾਰ ਪਾਣੀ ਸੰਨ 1988 ਵਿਚ ਆਇਆ ਸੀ ਉਸ ਸਮੇਂ ਵੀ ਸਤਲੁਜ-ਯਮੁਨਾ ਲਿੰਕ ਨਹਿਰ ਟੁੱਟ ਗਈ ਸੀ ਪਰ ਉਸ ਸਮੇਂ ਪ੍ਰਸ਼ਾਸਨ ਵੱਲੋਂ ਜਲਦੀ ਹੀ ਇਸ ਪਾਣੀ ਤੇ ਕਾਬੂ ਪਾ ਲਿਆ ਗਿਆ ਸੀ ਤੇ ਜਾਨੀ ਤੇ ਮਾਲੀ ਨੁਕਸਾਨ ਇਸ ਵਾਰ ਨਾਲੋਂ ਘੱਟ ਹੋਇਆ ਸੀ। ਪਰ ਇਸ ਵਾਰ ਹੋਏ ਨੁਕਸਾਨ ਤੇ ਪਿਛਲੇ ਸਾਰੇ ਰਿਕਾੜ ਤੋੜ ਦਿੱਤੇ ਹਨ। ਸਭ ਤੋਂ ਵੱਧ ਨੁਕਸਾਨ ਕਿਸਾਨਾਂ ਨੂੰ ਹੋਇਆ ਹੈ। ਜਿੱਥੇ ਉਹਨਾਂ ਦੀਆਂ ਫ਼ਸਲਾਂ ਬਰਬਾਦ ਹੋਈਆਂ ਹਨ ਉੱਥੇ ਹੀ ਦੁੱਧਾਰੂ ਪਸ਼ੂ ਅਤੇ ਖੇਤਾਂ ਵਿਚ ਬਣੇ ਮਕਾਨ ਟੁੱਟਣ ਕਾਰਣ ਕਿਸਾਨਾਂ ਦੀ ਆਰਥਕ ਲੱਕ ਟੁੱਟ ਗਈ ਹੈ। 
ਭਾਈਚਾਰੇ ਦੀ ਮਿਸਾਲ ਹੋਈ ਕਾਇਮ
ਕੁਰੂਕਸ਼ੇਤਰ ਵਿਚ ਆਏ ਹੜ੍ਹ ਕਾਰਣ ਲੋਕ ਜਿੱਥੇ ਮੁਸੀਬਤਾਂ ਵਿਚ ਹਨ ਉਧਰ ਦੂਜੇ ਪਾਸੇ ਲੋਕਾਂ ਵਿਚ ਆਪਸੀ ਭਾਈਚਾਰੇ ਦੀ ਮਿਸਾਲ ਵੀ ਦੇਖਣ ਨੂੰ ਮਿਲ ਰਹੀ ਹੈ। ਜੇਕਰ ਇੱਕ ਮਕਾਨ ਦੀ ਛੱਤ ਤੇ ਬੈਠੇ ਲੋਕਾਂ ਨੂੰ ਰੋਟੀਆਂ ਜਾਂ ਹੋਰ ਖਾਣ-ਪੀਣ ਦੀਆਂ ਵਸਤਾਂ ਵੱਧ ਰਹੀਆਂ ਹਨ ਤਾਂ ਉਹ ਨਾਲ ਲੱਗਦੇ ਮਕਾਨ ਤੇ ਬੈਠੇ ਲੋਕਾਂ ਨੂੰ ਰੋਟੀਆਂ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਦੇ ਰਹੇ ਹਨ ਤੇ ਕਹਿ ਰਹੇ ਹਨ ਹੁਣ ਦਾ ਟਾਈਮ ਦਾ ਲੰਘਾਓ ਸ਼ਾਮ ਨੂੰ ਫਿਰ ਵੇਖੀ ਜਾਏਗੀ। ਇਸ ਤਰ੍ਹਾਂ ਲੋਕਾਂ ਵਿਚ ਆਪਸੀ ਭਾਈਚਾਰਾ ਅੱਜ ਵੀ ਬਣਿਆ ਨਜ਼ਰ ਆਉਂਦਾ ਹੈ। 
***

ਸਵਾਲਾਂ ਦੀ ਦਹਿਲੀਜ਼.......... ਗੱਲਬਾਤ / ਕੇਹਰ ਸ਼ਰੀਫ਼



ਮੁਨਸ਼ੀ ਪ੍ਰੇਮ ਚੰਦ ਦੇ ਜਨਮ ਮਹੀਨੇ 'ਤੇ ਵਿਸ਼ੇਸ਼ । ਮੁਨਸ਼ੀ ਜੀ ਦਾ ਜਨਮ ਦਿਨ 31 ਜੁਲਾਈ ਹੈ । ਮੁਨਸ਼ੀ ਪ੍ਰੇਮ ਚੰਦ ਦੀ ਸ਼ਖਸੀਅਤ ਅਤੇ ਲਿਖਤਾਂ 'ਤੇ ਅਮ੍ਰਿਤ ਰਾਏ ਅਤੇ ਕਮਲ ਗੁਪਤ ਵਿਚਕਾਰ ਹੋਈ ਬਹੁਪੱਖੀ ਗੱਲਬਾਤ ਦਾ ਅਨੁਵਾਦ ਜਰਮਨੀ ਦੇ ਉੱਘੇ ਲੇਖਕ ਕੇਹਰ ਸ਼ਰੀਫ਼ ਜੀ ਵੱਲੋਂ ਕੀਤਾ ਗਿਆ ਹੈ । ਅਸੀਂ ਉਨ੍ਹਾਂ ਦੇ ਇਸ ਉੱਦਮ ਲਈ ਧੰਨਵਾਦ ਕਰਦੇ ਹਾਂ ।

- ਸੰਪਾਦਕ

ਪ੍ਰੇਮ ਚੰਦ ਦੇ ਵੱਖੋ-ਵੱਖਰੇ ਪੱਖਾਂ ਨਾਲ ਜੁੜੀਆਂ ਗੱਲਾਂ ਦਾ ਮਹੱਤਵ ਉਭਰਦਾ ਜਾ ਰਿਹਾ ਸੀ। ਮੈਂ ਅਮ੍ਰਿਤ ਰਾਏ ਦੀ ਨਜ਼ਰ ’ਚ ਮੁਨਸ਼ੀ ਪ੍ਰੇਮ ਚੰਦ ਦੀ ਸ਼ਖਸੀਅਤ ਤੇ ਲਿਖਤਾਂ ਅਤੇ ਉਨ੍ਹਾਂ ਦੀਆਂ ਪ੍ਰੇਰਨਾਵਾਂ ਬਾਰੇ ਜਾਨਣ ਦੀ ਖਾਹਿਸ਼ ਨਾਲ ਪੁੱਛਿਆ :-

? ਅੱਛਾ ਇਹ ਦੱਸੋ ਕਿ ਪ੍ਰੇਮ ਚੰਦ ਦੀ ਸ਼ਖਸੀਅਤ ਅਤੇ ਲਿਖਤਾਂ ਵਿਚੋਂ ਤੁਸੀਂ ਕਿਸ ਤੋਂ ਵੱਧ ਪ੍ਰਭਾਵਿਤ ਹੋ? ਕਿਸਦਾ ਪ੍ਰਭਾਵ ਤੁਹਾਡੇ ਮਨ ’ਤੇ ਗਹਿਰਾ ਹੈ? ਖੁਸ਼ਕਿਸਮਤੀ ਨਾਲ ਤੁਸੀਂ ਇਕ ਦੂਜੇ ਦੇ ਬਹੁਤ ਹੀ ਨੇੜੇ ਰਹੇ ਹੋ?


- ਮੈਂ ਦੋਹਾਂ ਨੂੰ ਵੱਖਰਾ ਕਰਕੇ ਦੇਖ ਹੀ ਨਹੀਂ ਸਕਦਾ। ਇਸ ਕਰਕੇ ਇਸ ਤਰ੍ਹਾਂ ਆਖ ਸਕਣਾ ਮੇਰੇ ਲਈ ਬਹੁਤ ਮੁਸ਼ਕਲ ਹੈ। ਬਹੁਤ ਲੋਕਾਂ ’ਚ ਅਜਿਹਾ ਹੁੰਦਾ ਹੈ ਕਿ ਉਨ੍ਹਾਂ ਦੀ ਸ਼ਖਸੀਅਤ ਅਤੇ ਲਿਖਤਾਂ ਵਿਚ ਫਰਕ ਹੁੰਦਾ ਹੈ ਪਰ ਇੱਥੇ ਅਜਿਹਾ ਨਹੀਂ ਹੈ। ਇੱਥੇ ਤਾਂ ਦੋਵੇਂ ਮਿਲ ਕੇ ਇਕ ਇਕਾਈ ਬਣਦੇ ਹਨ। ਇਸ ਕਰਕੇ ਮੈਂ ਇੱਥੇ ਇਹ ਨਹੀਂ ਕਹਿ ਸਕਦਾ ਕਿਹੜਾ ਮੇਰੇ ਬਹੁਤ ਨੇੜੇ ਰਿਹਾ ਹੈ।


? ਤੁਸੀਂ ਠੀਕ ਕਹਿੰਦੇ ਹੋ ਉਸ ਆਦਮੀ ਦੀ ਸ਼ਖਸੀਅਤ ਵੀ ਰਚਨਾਵਾਂ ਵਾਂਗ ਹੀ ਪਾਰਦਰਸ਼ੀ ਹੈ। ਅੰਦਰੋਂ ਬਾਹਰੋਂ ਇੱਕੋ ਜਿਹਾ। ਜੇ ਲਿਖਤਾਂ ਵਿਚ ਆਦਰਸ਼ਵਾਦੀ ਹੈ ਤਾਂ ਜੀਵਨ ਵਿਚ ਵੀ ਅਜਿਹਾ ਹੀ ਹੈ। ਰਚਨਾਵਾਂ ’ਚ ਜੇ ਗਾਂਧੀਵਾਦ ਦਾ ਪ੍ਰਭਾਵ ਹੈ ਤਾਂ ਜੀਵਨ ਵੀ ਉਸ ਤੋਂ ਵੱਖਰਾ ਨਹੀਂ ਰਿਹਾ।

- ਬਿਲਕੁੱਲ ਅਜਿਹਾ ਹੀ। ਜਦੋਂ ਸਮਾਜਵਾਦੀ ਵਿਚਾਰਧਾਰਾ ਵੱਲ ਤਬਦੀਲੀ ਹੋਈ ਤਾਂ ਜੀਵਨ ਵਿਚ ਵੀ ਅਜਿਹਾ ਹੀ ਹੋਇਆ। ਉਸ ਆਦਮੀ ਕੋਲ ਕੋਈ ਬਨਾਵਟ ਨਹੀਂ। ਉਹ ਹੀ ਸਾਦਗੀ, ਨਿਸਚਿੰਤਤਾ। ਇਸ ਕਰਕੇ ਹੀ ਇਹ ਕਹਿਣਾ ਮੁਸ਼ਕਲ ਹੈ ਕਿ ਦੋਹਾਂ ਵਿਚੋਂ ਕਿਹੜਾ ਪੱਖ ਬਹੁਤਾ ਮਹੱਤਵਪੂਰਨ ਹੈ।

? ਹੁਣ ਇਕ ਹੋਰ ਗੱਲ ਜੋ ਪ੍ਰੇਮ ਚੰਦ ਦੇ ਪੂਰੇ ਸਾਹਿਤ ਤੇ ਜੀਵਨ ਯਾਤਰਾ ਨੂੰ ਦੇਖਦੇ ਹੋਏ ਸਵਾਲ ਵਜੋਂ ਉੱਭਰਦੀ ਹੈ ਕਿ ਉਹ ਕਿਹੜੇ ਹਾਲਾਤ ਹਾਂ ਪ੍ਰੇਰਕ ਸ਼ਕਤੀਆਂ ਸਨ ਜਿਨ੍ਹਾਂ ਨੇ ਪ੍ਰੇਮ ਚੰਦ ਨੂੰ ਇਹ ਰਸਤਾ ਅਪਨਾਉਣ ਲਈ ਮਜ਼ਬੂਰ ਕਰ ਦਿੱਤਾ।

- ਕਿਹੜਾ ਰਸਤਾ?

? ਲਿਖਣ ਦਾ ਰਸਤਾ। ਦੇਸ਼ ਦੀ ਅਜਾਦੀ ਦੀ ਲੜਾਈ ਨੂੰ ਇਕ ਵਿਚਾਰਧਾਰਕ ਸ਼ਕਲ-ਸੂਰਤ ਦੇਣ ਲਈ ਉਨ੍ਹਾਂ ਨੇ ਕਲਮ ਹੀ ਫੜ ਲਈ। ਆਖਰ ਇਸ ਦੇ ਪਿੱਛੇ ਕਿਹੜੀ ਪ੍ਰੇਰਨਾ ਸੀ।

- ਮੈਂ ਨਹੀਂ ਸਮਝਦਾ ਕਿ ਇਸਦੇ ਪਿੱਛੇ ਕੋਈ ਬਾਹਰਲੀ ਪ੍ਰੇਰਨਾ ਸੀ। ਹਰ ਆਦਮੀ ਦਾ ਵਿਕਾਸ ਆਪਣੇ ਢੰਗ ਨਾਲ ਹੁੰਦਾ ਹੈ, ਉਨ੍ਹਾਂ ਦਾ ਵਿਕਾਸ ਇਸ ਢੰਗ ਦਾ ਸੀ ਜਿਸ ਕਰਕੇ ਇਸ ਪਾਸੇ ਵਲ ਉਨ੍ਹਾਂ ਦੇ ਲਿਖਣ ਦੀ ਅੰਦਰਲੀ ਪ੍ਰੇਰਨਾ ਜਾਗੀ ਹੋਵੇਗੀ। 

? ਜਾਂ ਫੇਰ ਇਹ ਗੱਲ ਹੋਈ ਕਿ ਆਲੇ-ਦੁਆਲੇ ਦੇ ਕਿਸਾਨਾਂ ਦੀ ਦੁੱਖਾਂ ਭਰਪੂਰ ਜਿ਼ੰਦਗੀ, ਉਨ੍ਹਾਂ ’ਤੇ ਹੋ ਰਹੇ ਜੁ਼ਲਮ ਅਤੇ ਸੋਸ਼ਣ ਨੂੰ ਉਨ੍ਹਾਂ ਨੇ ਦੇਖਿਆ। ਧਾਰਮਕ ਅੰਧ-ਵਿਸ਼ਵਾਸ ਤੇ ਸਮਾਜਿਕ ਕੁਰੀਤੀਆਂ ਨੇ ਉਨ੍ਹਾਂ ਨੂੰ ਦੁਖੀ ਕੀਤਾ ਤੇ ਝੰਜੋੜਿਆ ਅਤੇ ਉਨ੍ਹਾਂ ਨੇ ਇਸ ਸਭ ਕਾਸੇ ਦੇ ਖਿਲਾਫ ਕਲਮ ਚੁੱਕ ਲਈ।

- ਨਹੀਂ, ਅਜਿਹੀ ਗੱਲ ਨਹੀਂ। ਇਹ ਸਭ ਕੁੱਝ ਤਾਂ ਦੁਨੀਆਂ ਵਿਚ ਕਰੋੜਾਂ ਲੋਕ ਦੇਖਦੇ ਹਨ ਪਰ ਫੇਰ ਵੀ ਨਹੀਂ ਲਿਖਦੇ। ਇਸਦਾ ਭਾਵ ਇਹ ਕਿ ਲਿਖਣ ਸ਼ਕਤੀ ਜਾਂ ਲਿਖਣ ਚੇਤਨਾ ਉਸਦੇ ਅੰਦਰ ਜਦੋਂ ਤੱਕ ਨਾ ਹੋਵੇ ਉਦੋਂ ਤੱਕ ਉਸਦੀ ਪ੍ਰਤੀਕਿਰਿਆ ਦਾ ਇਹ ਰੂਪ ਨਹੀਂ ਹੋ ਸਕਦਾ। ਇਹ ਰੂਪ ਤਾਂ ਇਸ ਕਰਕੇ ਬਣਿਆਂ ਕਿ ਉਸ ਆਦਮੀ ਦੇ ਅੰਦਰ ਇਕ ਤੜਪ ਸੀ, ਜਿਸ ਸਮਾਜ ਵਿਚ ਉਹ ਜੀਵਿਆ, ਜਿਸਨੂੰ ਉਹਨੇ ਦੇਖਿਆ, ਸਮਝਿਆ ਅਤੇ ਆਪਣੇ ਢੰਗ ਨਾਲ ਪਰਖਿਆ ਫੇਰ ਆਪਣੀ ਲਿਖਤ ਵਿਚ ਉਸਨੂੰ ਉਤਾਰ ਦਿੱਤਾ। ਇਹ ਹੀ ਗੱਲ ਹੈ। ਰਹੀ ਕਿਸੇ ਹੋਰ ਦੀ ਗੱਲ, ਤੁਸੀਂ ਕਿਸੇ ਨੂੰ ਲੱਖ ਪ੍ਰੇਰਨਾਵਾਂ ਦਿੰਦੇ ਰਹੋ ਉਹ ਹੰਝੂ ਬਹਾ ਛੱਡੇਗਾ ਲਿਖ ਥੋੜੇ ਸਕਦੈ।

? ਮੁਨਸ਼ੀ ਜੀ ਨੇ ਹੰਝੂ ਤਾਂ ਨਹੀਂ ਬਹਾਏ ਨਹੀ ਤਾਂ ਉਹ ਵੀ ‘ਵਿਯੋਗੀ ਹੋਗਾ ਪਹਿਲਾ ਕਵੀ’ ਦੀ ਤਰਜ਼ ਵਾਲੇ ਕਵੀ ਹੀ ਬਣੇ ਰਹਿੰਦੇ।

- ਇਹ ਤਾਂ ਉਨ੍ਹਾਂ ਪਹਿਲਾਂ ਹੀ ਮਨ੍ਹਾਂ ਕਰ ਦਿੱਤਾ ਸੀ ਜਦੋਂ ਇਹ ਸਵਾਲ ਪੁੱਛਿਆ ਗਿਆ ਕਿ ਬੰਗਾਲੀ ਸਾਹਿਤ ਦੇ ਸੰਦਰਭ ’ਚ ਸ਼ਰਤ ਚੰਦਰ ਬਾਰੇ ਤੁਸੀਂ ਕੀ ਸੋਚਦੇ ਹੋ, ਉਦੋਂ ਉਨ੍ਹਾਂ ਨੇ ਸਾਫ ਆਖ ਦਿੱਤਾ ਸੀ ਕਿ ਉਹ ਰਸਤਾ ਤਾਂ ਮੇਰੇ ਲਈ ਨਹੀਂ ਹੈ ਉਹ ਤਾਂ ਬਹੁਤ ਹੀ ਸਮ੍ਰਿਤੀਜੀਵੀ ਅਤੇ ਨੈਸਟੈਲਜਿਕ ਕਿਸਮ ਦੀ ਲਿਖਤ ਹੈ। ਇਸ ਕਰਕੇ ਉਸ ਵਿਚ ਤਰਲਤਾ ਆ ਜਾਂਦੀ ਹੈ। ਪਰ ਉਹ ਰਸਤਾ ਮੇਰਾ ਰਸਤਾ ਨਹੀਂ। ਮੇਰੀ ਲਿਖਤ ਤਾਂ ਹਾਰਡ ਕਿਸਮ ਦੀ ਲਿਖਤ ਹੈ।

? ਪਰ ਇਹ ਗੱਲ ਤਾਂ ਨਹੀਂ। ਪ੍ਰੇਮ ਚੰਦ ਦੀ ਲਿਖਤ ਤਾਂ ਸਾਫਟ ਕਿਸਮ ਦੀ ਲਿਖਤ ਹੈ। ਇੱਥੋਂ ਤੱਕ ਕਿ ਜਦੋਂ ਗਾਂਧੀਵਾਦ ਵਲੋਂ ਉਨ੍ਹਾਂ ਦਾ ਮੋਹ ਟੁੱਟਦਾ ਹੈ ਅਤੇ ਉਹ ਸਮਾਜਵਾਦੀ ਵਿਚਾਰਧਾਰਾ ਦੀ ਪ੍ਰਤੀਕ੍ਰਿਆ ਤੋਂ ਪ੍ਰਭਾਵਿਤ ਹੁੰਦੇ ਹਨ ਤਾਂ ਉਦੋਂ ਵੀ ਉਨ੍ਹਾਂ ਦੀ ਲਿਖਤ ਬਾਰੂਦੀ ਕਿਸਮ ਦੀ ਹਾਰਡਨੈੱਸ ਤੋਂ ਪਰ੍ਹਾਂ ਰਹਿੰਦੀ ਹੈ

- ਹਾਰਡ ਉਸ ਭਾਵ ’ਚ ਨਹੀਂ, ਹਾਰਡ ਤੋਂ ਭਾਵ ਕਿ ਸਚਾਈ ਤੇ ਉਸ ਨਾਲ ਇਕ ਸੁਚੇਤ ਆਦਮੀ ਦਾ ਟਕਰਾਉ। ਇਹ ਹੈ ਉਨ੍ਹਾਂ ਦੀ ਕਹਾਣੀ ਦੀ ਜਿੰਦ-ਜਾਨ, ਪ੍ਰੇਮ ਚੰਦ ਦੀਆਂ ਕਹਾਣੀਆਂ ’ਤੇ ਉਨ੍ਹਾਂ ਦੀ ਤੋਰ ਅਤੇ ਹੋਰ ਤਰ੍ਹਾਂ ਦੀਆਂ ਸਾਰੀਆਂ ਗੱਲਾਂ ਤੋਂ ਉਹ ਪਰ੍ਹੇ ਹੀ ਰਹੇ।

? ਇਹ ਤਾਂ ਸਾਫ ਹੀ ਹੈ ਕਿ ਉਨ੍ਹਾਂ ਨੂੰ ਨਾ ਇਸ ਗੱਲ ਦੀ ਲਾਲਸਾ ਸੀ ਨਾ ਹੀ ਤਮੰਨਾ।

- ਉਹ ਚਾਹੁੰਦੇ ਵੀ ਤਾਂ ਵੀ ਨਹੀਂ ਲਿਖ ਸਕਦੇ ਸਨ।

? ਬਿਲਕੁੱਲ! ਕਿਉਂਕਿ ਉਹ ਇਸ਼ਕ ਦੇ ਦਰਦ ਨਾਲ ਨਹੀਂ ਸਗੋਂ ਇਨਸਾਨ ਦੇ ਦੁੱਖੜਿਆਂ ਤੋਂ ਪੀੜਤ ਸਨ। ਉਹ ਦਿਲ ’ਤੇ ਸੱਟ ਖਾਣ ਵਾਲਿਆਂ ਵਿਚੋਂ ਨਹੀਂ ਸਗੋਂ ਸੋਸ਼ਣ-ਤੰਤਰ ਦੇ ਸਤਾਏ ਹੋਏ ਸਨ। ਇਸ ਕਰਕੇ ਉਨ੍ਹਾ ਦੀ ਸਾਰੀ ਲਿਖਤ ਇਕ ਖਾਸ ਦ੍ਰਿਸ਼ਟੀ ਦਾ ਸਬੂਤ ਹੈ।

- ਤਾਂ ਹੀ ਤਾਂ ਉਨ੍ਹਾਂ ਦੀ ਲਿਖਤ ਵੀ ਦੂਸਰੇ ਢੰਗ ਦੀ ਹੈ।

ਗੱਲਾਂ ਦੇ ਨਾਲ ਨਾਲ ਚਾਹ ਦੀਆਂ ਘੁੱਟਾਂ ਵੀ ਭਰੀਆਂ ਜਾ ਰਹੀਆਂ ਸਨ। ਭਾਵਕ ਜਹੀਆਂ ਗੱਲਾਂ ਦੇ ਦੌਰ ਵਿਚ ਕਦੇ ਚਾਹ ਠੰਢੀ ਹੋ ਜਾਂਦੀ ਫੇਰ ਗਰਮ ਚਾਹ ਆਉਂਦੀ ਅਤੇ ਗੱਲਾਂ ਫੇਰ ਨਵੇਂ ਸੰਦਰਭ ਵਿਚ ਜੁੜਨ ਲਗਦੀਆਂ। ਗੱਲ-ਬਾਤ ਨੂੰ ਅੱਗੇ ਤੋਰਦਿਆਂ ਮੈ ਪੁੱਛਿਆ-

? ਅਜਾਦੀ ਦੀ ਲੜਾਈ ਦੇ ਨਾਲ ਨਾਲ ਪ੍ਰੇਮ ਚੰਦ ਪੇਂਡੂ ਸੋਸ਼ਣ ਦੇ ਖਿਲਾਫ ਵੀ ਸੰਘਰਸ਼ ਕਰਦੇ ਰਹੇ। ਉਹ ਸੰਘਰਸ਼ ਅੱਜ ਵੀ ਜਾਰੀ ਰੱਖਣ ਦੀ ਲੋੜ ਹੈ ਕਿਉਂਕਿ ਇਹ ਤਾਂ ਗੱਲ ਨਹੀਂ ਕਿ ਪਰੇਮ ਚੰਦ ਨੇ ਇਹ ਲੜਾਈ ਪੂਰੀ ਤਰ੍ਹਾਂ ਲੜ ਲਈ ਹੈ। ਪਰ ਅਫਸੋਸ ਇਸ ਗੱਲ ਦਾ ਕਿ ਉਹ ਲੜਾਈ ਅੱਜ ਪੂਰੀ ਤਰ੍ਹਾਂ ਛੱਡ ਦਿੱਤੀ ਗਈ ਹੈ। ਤੁਸੀਂ ਇਸ ਦੇ ਪਿੱਛੇ ਕੀ ਕਾਰਨ ਸਮਝਦੇ ਹੋ, ਕਿਉਂਕਿ ਸਮੱਸਿਆਵਾਂ ਤਾਂ ਖਤਮ ਹੋਈਆਂ ਨਹੀਂ ਫੇਰ ਛੱਡ ਕਿਉਂ ਦਿੱਤੀ ਗਈ ਇਹ ਲੜਾਈ?

- ਕਿਸਨੇ ਛੱਡ ਦਿੱਤੀ?

? ਅੱਜ ਦੇ ਲੇਖਕਾਂ ਨੇ।

- ਉਹ ਜੋ ਲੇਖਕਾਂ ਤੋਂ ਨਿੱਖੜਿਆ ਹੋਇਆ ਹੈ ਉਹਨੂੰ ਤੁਸੀਂ ਵੱਖਰਾ ਕਿਉਂ ਦੇਖਦੇ ਹੋ। ਉਂਜ ਵੱਖਰਿਆ ਕੇ ਵੀ ਗੱਲ ਕੀਤੀ ਜਾ ਸਕਦੀ ਹੈ। ਪਰ ਇਹਦੇ ਲਈ ਜ਼ਰੂਰੀ ਹੈ ਕਿ ਪੂਰਾ ਪਿਛੋਕੜ ਪਰਖਿਆ ਜਾਵੇ ਤਾਂ ਤੁਸੀਂ ਦੇਖੋਗੇ ਕਿ ਚਾਰੇ ਪਾਸੇ.......

? ਪਹਿਲਾਂ ਤੋਂ ਵੀ ਭਿਆਨਕ ਸਥਿਤੀਆਂ ਹਨ।

- ਭਿਆਨਕ ਸਥਿਤੀਆਂ ਤਾਂ ਆਪਣੇ ਥਾਵੇਂ ਇਸ ਤੋਂ ਵੀ ਅੱਗੇ ਜੋ ਮੈਂ ਦੇਖ ਰਿਹਾਂ ਕਿ ਕਿਸੇ ਪਾਸੇ ਕੋਈ ਸੰਗਠਿਤ, ਸੁਚੇਤ ਤੇ ਜੁਝਾਰੂ ਅੰਦੋਲਨ ਇਨ੍ਹਾਂ ਸਭ ਸਥਿਤੀਆਂ ਦੇ ਖਿਲਾਫ ਹੁੰਦਾ ਤੁਸੀਂ ਨਹੀਂ ਦੇਖ ਰਹੇ। ਅਜਿਹੇ ਸਮੇਂ ਨਿਘਾਰ ਦੀਆਂ ਹਾਲਤਾਂ ਹੋ ਵੀ ਤੇਜ਼ ਹੋ ਗਈਆਂ ਹਨ।

? ਹਾਂ, ਸਮੱਸਿਆਵਾਂ ਜਿ਼ਆਦਾ ’ਤੇ ਹੱਲ ਲਟਕਿਆ ਹੋਇਆ।

- ਬਿਲਕੁੱਲ ਠੀਕ, ਇਸ ਕਰਕੇ ਲੇਖਕ ਵੀ ਉਨ੍ਹਾਂ ਹਾਲਤਾਂ ਦਾ ਹਿੱਸਾ ਬਣ ਗਿਆ ਹੈ ਤੇ ਉਸ ਦਾ ਸਿ਼ਕਾਰ ਹੋ ਗਿਆ। ਇਹ ਹੀ ਤਾਂ ਇਖ਼ਲਾਕੀ ਨਿਘਾਰ ਹੈ, ਗਿਰਾਵਟ ਹੈ। ਇਸ ਦਾ ਸਿ਼ਕਾਰ ਉਹ ਵੀ ਹੈ। ਉਸ ਨੂੰ ਇਸ ਤਰ੍ਹਾਂ ਸਿ਼ਕਾਰ ਬਨਾਉਣ ਵਿਚ ਉਸਦੀ ਇਸ ਮਨੋਭਾਵਨਾ ਨੇ ਮੱਦਦ ਕੀਤੀ ਕਿ ਸਾਹਿਤ ਨੇ ਅਸਲ ’ਚ ਸਮਾਜ ਤੋਂ ਕੁੱਝ ਨਹੀਂ ਲੈਣਾ-ਦੇਣਾ। ਸਿਰਫ ਇਹ ਹੀ ਨਹੀਂ ਸਗੋਂ ਇਹ ਵੀ ਮੰਨਿਆ ਜਾਣ ਲੱਗਾ ਕਿ ਜਿਹੜੀ ਤਰਕ ਪੂਰਨ ਰਚਨਾ ਹੁੰਦੀ ਹੈ, ਉਦੇਸ਼ ਨਾਲ ਬੱਝੀ ਰਚਨਾ ਹੁੰਦੀ ਹੈ ਉਹ ਘਟੀਆਂ ਲਿਖਤ ਹੁੰਦੀ ਹੈ। ਉਹ ਸਾਹਿਤ ਸੁਧਾਰਵਾਦੀ ਹੋ ਜਾਂਦਾ ਹੈ- ਵਿਚਾਰ ਪੰਥੀ ਹੋ ਜਾਂਦਾ ਹੈ।

? ਇਹ ਤਾਂ ਪ੍ਰੇਮ ਚੰਦ ਦੇ ਰਸਤੇ ਤੋਂ ਬਿਲਕੁੱਲ ਦੂਰ ਹੋ ਜਾਣ ਵਾਲੀ ਗੱਲ ਹੋ ਗਈ। ਪ੍ਰੇਮ ਚੰਦ ਦਾ ਰਸਤਾ ਤਾਂ ਸਿੱਧਾ ਸਪਸ਼ਟ ਸੀ ਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੀ ਨਹੀਂ, ਸੇਧ ਵੀ ਹੈ। ਇਸ ਦਾ ਭਾਵ ਤਾਂ ਇਹ ਹੈ ਕਿ ਪ੍ਰਤੀਬੱਧਤਾ ਵਾਲਾ ਸਾਹਿਤ ਹੀ ਸਾਹਿਤ ਹੈ ਅਤੇ ਦੱਕਿਆਨੂਸੀ ਸਾਹਿਤ, ਸਾਹਿਤ ਰਹਿ ਹੀ ਕਦੋਂ ਜਾਂਦਾ ਹੈ? ਇਸ ਸੰਦਰਭ ’ਚ ਕੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਅੱਜ ਦਾ ਸਾਹਿਤ, ਸਾਹਿਤ ਹੈ ਹੀ ਨਹੀਂ ਕਿਉਂਕਿ ਇਹ ਸੇਧਹੀਣ ਹੈ?

- ਇਹ ਤਾਂ ਹੈ ਹੀ। ਸੇਧ-ਰਹਿਤ ਹੋਣ ਕਰਕੇ ਅੱਜ ਦਾ ਸਾਹਿਤ , ਸਾਹਿਤ ਰਹਿ ਹੀ ਕਦੋਂ ਗਿਐ। ਉਸ ਸਾਹਿਤ ਦਾ ਸਮਾਜ ਨਾਲ ਭਲਾਂ ਕੀ ਲੈਣ ਦੇਣ?

? ਅਤੇ ਅਸੀਂ ਵੀ ਕੀ ਕੱਢਣਾਂ-ਪੌਣਾਂ ਅਜਿਹੇ ਸਾਹਿਤ ’ਚੋਂ? ਪਰ ਸੋਚੋ ਤਾਂ ਸਹੀ ਕਿੰਨੀ ਦੁੱਖ ਭਰੀ ਸਥਿਤੀ ਹੈ।

- ਬਹੁਤ ਹੀ ਦੁੱਖ ਭਰੀ ਹਾਲਤ ਹੈ।


? ਦੇਖੋ, ਅਸਲ ਵਿਚ ਇਹ ਸਾਰੀਆਂ ਗੱਲਾਂ ਬੁਨਿਆਦੀ ਤੌਰ ’ਤੇ ਇਸ ਨੁਕਤੇ ਤੋਂ ਪੈਦਾ ਹੁੰਦੀਆਂ ਹਨ ਕਿ ਜਿਹੜੇ ਪ੍ਰੇਮ ਚੰਦ ਦੀ ਦਲੀਲ ਭਰਪੂਰ ਲਿਖਤ ਦੇ ਸਾਹਮਣੇ ਆਪਣੀ ਲਿਖਤ ਨੂੰ ਜਸਟੀਫਾਈ ਨਹੀਂ ਕਰ ਸਕੇ ਉਹ ਪ੍ਰੇਮ ਚੰਦ ਨੂੰ ਨਕਾਰਨ ਦੀ ਮੋਰਚਾਬੰਦੀ ਕਰਨ ਲੱਗ ਪਏ। ਇਹ ਆਪਣੀ ਕਮਜ਼ੋਰੀ ਨੂੰ ਲੁਕਾਉਣ ਦਾ ਇਕ ਢੰਗ ਵੀ ਹੋਇਆ।

- ਮੈਨੂੰ ਵੀ ਅਜਿਹਾ ਹੀ ਮਹਿਸੂਸ ਹੁੰਦਾ ਹੈ। ਹੁਣ ਜੇ ਤੁਸੀਂ ਵੀ ਇਹ ਹੀ ਗੱਲ ਕਹਿ ਰਹੇ ਹੋ ਤਾਂ ਬਹੁਤ ਚੰਗੀ ਗੱਲ ਹੈ।

? ਤੁਸੀਂ ਕੀ ਸਮਝਦੇ ਹੋ ਕਿ ਉਦੇਸ਼ ਰਹਿਤ ਲਿਖਤ ਦਾ ਦੌਰ ਖਤਮ ਹੋ ਗਿਆ ਹੈ ਜਾਂ ਫੇਰ ਅਜੇ ਚੱਲ ਰਿਹਾ ਹੈ?

- ਇਹ ਕਹਿਣਾ ਤਾਂ ਬਹੁਤ ਮੁਸ਼ਕਲ ਹੈ ਕਿ ਕੋਈ ਦੌਰ ਕਦੋਂ ਸ਼ੁਰੂ ਹੁੰਦਾ ਹੈ, ਕਦੋਂ ਤੇ ਕਿੱਥੇ ਖਤਮ ਹੁੰਦਾ ਹੈ। ਅਜਿਹੇ ਦੌਰ ਤਾਂ ਆਉਂਦੇ ਹੀ ਰਹਿੰਦੇ ਹਨ, ਨਵੀਂ ਕਹਾਣੀ ਦੇ ਸਮੇਂ ਵੀ ਆਏ ਤੇ ਉਸ ਤੋਂ ਬਾਅਦ ਵੀ।

? ਤੁਸੀਂ ਜਦੋਂ ਸੁਭਾਵਕ ਹੀ ਕਹਾਣੀ ਦੀ ਗੱਲ ਕਹੀ ਸੀ ਤਾਂ ਕੀ ਇਸ ਦੇ ਪਿੱਛੇ ਪ੍ਰਤੀਬੱਧਤਾ ਵਾਲੀ ਗੱਲ ਵੀ ਸੀ?

- ਨਹੀਂ ਉਸਦੇ ਪਿੱਛੇ ਕੋਈ ਦੂਜੀ ਗੱਲ ਸੀ ਅਤੇ ਉਹ ਸੀ.........

? ਕੀ ਅ-ਕਹਾਣੀ ਦੇ ਵਿਰੁੱਧ?

- ਹਾਂ, ਇਹ ਹੀ ਅ-ਕਹਾਣੀ ਦੇ ਖਿਲਾਫ ਉਸ ਤੋਂ ਮੇਰਾ ਭਾਵ ਇਹ ਸੀ ਕਿ ਕਹਾਣੀ ’ਚ ਕਥਾ-ਰਸ ਹੋਣਾ ਚਾਹੀਦਾ, ਕਹਾਣੀ ਭਾਵੇਂ ਨਾ ਵੀ ਹੋਵੇ। ਕਿਉਂਕਿ ਜਦੋਂ ਕਥਾ-ਰਸ ਨਹੀਂ ਹੋਵੇਗਾ ਤਾਂ ਕੋਈ ਪੜ੍ਹੇਗਾ ਹੀ ਨਹੀਂ। ਮੈਂ ਇਹ ਮੰਨ ਕੇ ਚੱਲਦਾ ਹਾਂ ਕਿ ਗੀਤ ਤਾਂ ਇਕੱਲਿਆਂ ਵੀ ਗੁਣਗੁਣਾਇਆ ਜਾ ਸਕਦਾ ਹੈ ਤੇ ਅਕਸਰ ਗਾਇਆ ਜਾਂਦਾ ਹੈ ਪਰ ਕਹਾਣੀ ’ਚ ਸੁਣਨ ਤੇ ਸੁਨਾਉਣ ਵਾਲਾ ਵੀ ਹੁੰਦਾ ਹੈ। ਇਸ ਕਰਕੇ ਸੁਣਨ ਵਾਲੇ ਨੂੰ ਕੀਲਣ ਵਾਸਤੇ ਕਥਾ ਰੌਚਿਕਤਾ ਵਾਲੀ ਸ਼ਕਤੀ ਤਾਂ ਹੋਣੀ ਹੀ ਚਾਹੀਦੀ ਹੈ। ਸਹਿਜ ਕਹਾਣੀ ਤੋਂ ਮੇਰਾ ਇਸ਼ਾਰਾ ਇੱਧਰ ਹੀ ਸੀ ਅਤੇ ਉਹ ਜੋ ਦੰਗਾ-ਗ੍ਰਸਤ, ਇਕੈਹਰੀਆਂ, ਨੀਰਸ ਅਤੇ ਅਕਾਉਣ ਵਾਲੀਆਂ ਕਹਾਣੀਆਂ ਹਨ – ਉਨ੍ਹਾਂ ਦੇ ਖਿਲਾਫ ਇਹ ਗੱਲ ਸੀ।

? ਇਹ ਸਭ ਤਾਂ ਵਿਅਕਤੀਵਾਦੀ ਕਹਾਣੀਆਂ ਸਨ?

- ਹਾਂ, ਇਨ੍ਹਾਂ ਹੀ ਕਹਾਣੀਆਂ ਦੇ ਖਿਲਾਫ ਮੈਂ ਸਹਿਜ ਕਹਾਣੀ ਦੀ ਗੱਲ ਕੀਤੀ ਸੀ ਕਿਉਂਕਿ ਜਦੋਂ ਤੁਸੀਂ ਕਥਾ-ਰਸ ਵਾਲੀ ਵਾਲੀ ਕਹਾਣੀ ਨੂੰ ਲੈ ਕੇ ਚੱਲੋਗੇ ਤਾਂ ਸਮਾਨ-ਅੰਤਰ ਪੱਖ ਤੋਂ ਸਮੇਂ-ਸਥਾਨ ਨਾਲ ਤੁਸੀਂ ਜੁੜੋਗੇ ਵੀ ਉਸ ਕਹਾਣੀ ਨਾਲ ਜੋ ਕਿ ਤੁਹਾਡੇ ਆਂਢ-ਗੁਆਂਢ ਦੀ, ਘਰ-ਪਰਿਵਾਰ ਦੀ ਹੀ ਗੱਲ ਹੋਵੇ। ਉਹੋ ਜਹੇ ਪ੍ਰਸੰਗ ’ਚ ਹੀ ਸਾਰੀਆਂ ਗੱਲਾਂ ਹਨ ਇਸ ਤਰ੍ਹਾਂ ਸਮਾਜਕਤਾ ਦਾ ਕਰੀਬੀ ਬੋਧ ਕਹਾਣੀ ਨਾਲ ਜੁੜੇਗਾ।

? ਪ੍ਰੇਮ ਚੰਦ ਦੀਆਂ ਕਹਾਣੀਆਂ ਦੀ ਇਹ ਹੀ ਵਿਸ਼ੇਸ਼ਤਾ ਤਾਂ ਉਨ੍ਹਾਂ ਨੂੰ ਇੰਨਾਂ ਹਰਮਨ ਪਿਆਰਾ ਬਣਾਉਂਦੀ ਹੈ। ਕਿਉਂਕਿ ਉਨ੍ਹਾਂ ’ਚ ਕਥਾ-ਰਸ ਦੇ ਨਾਲ ਕਥਾਨਕ ਦੀ ਰੌਚਕਤਾ ਵੀ ਨਾਲ ਨਾਲ ਚੱਲਦੀ ਹੈ।

- ਬਿਨਾ ਸ਼ੱਕ ਇਹ ਹੀ ਗੱਲ ਸੀ।

? ਅੱਛਾ ਤੁਸੀਂ ਇਹ ਦੱਸੋ ਕਿ ਪ੍ਰੇਮ ਚੰਦ ਨੇ ਭਾਰਤੀ ਅਤੇ ਬਦੇਸ਼ੀ ਸਾਹਿਤ ਦਾ ਡੂੰਘਾ ਅਧਿਅਨ ਕੀਤਾ ਸੀ। ਜਿੰਨਾ ਲਿਖਿਆ ਉਸ ਤੋਂ ਬਹੁਤ ਜਿ਼ਆਦਾ ਪੜ੍ਹਿਆ ਵੀ, ਇਸ ਕਰਕੇ ਇਹ ਪੁੱਛਣਾਂ ਚਾਹਾਗਾਂ ਕਿ ਤੁਸੀ ਕਿਸ-ਕਿਸ ਲੇਖਕ ਦਾ ਉਨ੍ਹਾਂ ’ਤੇ ਪ੍ਰਭਾਵ ਸਮਝਦੇ ਹੋ?

- ਇਹ ਦੱਸਣਾ ਤਾਂ ਬਹੁਤ ਮੁਸ਼ਕਲ ਹੈ।

? ਮੇਰਾ ਮਤਲਬ ਜਿੱਥੋਂ ਉਨ੍ਹਾਂ ਨੇ ਕੁੱਝ ਸਿੱਖਿਆ ਹੋਵੇ। ਗੱਲ ਗ੍ਰਹਿਣ ਕੀਤੀ ਹੋਵੇ। ਜ਼ਮੀਨ ਆਪਣੀ ਹੀ ਰੱਖੀ ਹੋਵੇ ਸ਼ੈਲੀ ਲਈ ਹੋਵੇ ਜਾਂ ਫੇਰ ਕਹਿਣ ਢੰਗ ਹੀ ਲਿਆ ਹੋਵੇ।

- ਕਹਿਣ ਢੰਗ ਤਾਂ ਸਿੱਧਾ ਉਰਦੂ ਤੋਂ ਆਇਆ ਅਤੇ ਉਸ ਕਹਿਣ ਢੰਗ ਤੋਂ ਮੈਂ ਸਮਝਦਾ ਹਾਂ ‘ਤਿਲਸਮੇਂ ਹੋਸ਼ਰੁਬਾ’ ਦਾ ਵੀ ਆਪਣਾ ਯੋਗਦਾਨ ਹੈ। ਭਾਵੇਂ ਉਨ੍ਹਾਂ ਨੇ ਤਲਿਸਮ ਦੀ ਗਲੀ ਛੱਡ ਦਿੱਤੀ ਹੋਵੇ ਅਤੇ ਉਹਨੂੰ ਲੈ ਆਏ ਸਮਾਜਕਤਾ ਦੇ ਰਸਤੇ ਵਲ, ਪਰ ਇਹ ਤਾਂ ਬੜੀ ਚੰਗੀ ਲਿਖੀ ਤੇ ਗੁੰਦੀ ਹੋਈ ਕਹਾਣੀ ਹੈ। ਗੱਲ ’ਚੋਂ ਗੱਲ ਨਿਕਲ ਰਹੀ ਹੈ, ਘਟਨਾ ’ਚੋਂ ਘਟਨਾ ਨਿਕਲ ਰਹੀ ਹੈ ਅਤੇ ਬੇਹੱਦ ਰੌਚਕਤਾ ਨਾਲ ਕਹਾਣੀ ਅੱਗੇ ਵਧ ਰਹੀ ਹੈ। ਇਹ ਹੀ ਢੰਗ ਤਾਂ ‘ਚੰਦਰ ਕਾਂਤਾ’ ’ਚ ਸੀ ਅਤੇ ਉਨ੍ਹਾਂ ਨੇ ਉੱਥੋਂ ਇਹ ਢੰਗ ਲਿਆ, ਫੇਰ ‘ਮਿਸਟ੍ਰੀਜ਼ ਆਫ ਦੀ ਕੋਰਟ ਆਫ ਲੰਡਨ’ ਵਰਗੀਆਂ ਜਾਸੂਸੀ ਕਿਸਮ ਦੀਆਂ ਚੀਜ਼ਾਂ ਉਨ੍ਹਾਂ ਨੇ ਉਸ ਜ਼ਮਾਨੇ ’ਚ ਹੀ ਪੜ੍ਹੀਆਂ ਸਨ। ਪਰ ਇਹ ਸਾਰੇ ਤੱਥ ਉਨ੍ਹਾਂ ਨੇ ਛੱਡ ਦਿੱਤੇ ਕਿ ਉਹ ਕੀ ਪੜ੍ਹਿਆ ਕਰਦੇ ਸਨ। ਕਹਾਣੀ ਦਾ ਰੂਪਕ ਪੱਖ ਤਾਂ ਉਨ੍ਹਾਂ ਨੇ ਉੱਥੋਂ ਫੜਿਆ ਪਰ ਕਹਾਣੀ ਦੀ ਆਤਮਾ ਨੂੰ ਉਨ੍ਹਾਂ ਨੇ ਉੱਥੋਂ ਨਹੀਂ ਫੜਿਆ। ਕਹਾਣੀ ਦਾ ਢਾਂਚਾ ਤਾਂ ਉਨ੍ਹਾਂ ਨੇ ਉੱਥੋਂ ਲਿਆ ਪਰ ਗੱਲ ਆਪਣੀ ਪਾਈ। ਹੋਰ ਉਨ੍ਹਾਂ ’ਤੇ ਪ੍ਰਭਾਵ ਪਿਆ ਰਤਨ ਲਾਲ ਸਰਸ਼ਾਰ ਦਾ। ਬਦੇਸ਼ੀ ਲੇਖਕਾਂ ਵਿਚੋਂ ਦਾਸਤੋਵਸਕੀ, ਚੈਖੋਵ ਅਤੇ ਟਾਲਸਟਾਏ ਦਾ ਪ੍ਰਭਾਵ ਵੀ ਉਨ੍ਹਾਂ ’ਤੇ ਸੀ ।

? ਅੱਛਾ! ਇਹ ਉਰਦੂ ਵਿਚੋਂ ਹਿੰਦੀ ’ਚ ਆਉਣ ਦਾ ਵਿਚਾਰ ਕਿਉਂ ਤੇ ਕਿਵੇਂ ਪੈਦਾ ਹੋ ਗਿਆ? ਆਪਣੇ ਤੌਰ ਤੇ ਹੀ ਜਾਂ ਕਿਸੇ ਦੇ ਕਹਿਣ ਤੇ?

- ਪਤਾ ਨਹੀਂ ਕਿਵੇਂ ਪੈਦਾ ਹੋਇਆ। ਕੋਈ ਨਾ ਕੋਈ ਗੱਲ ਤਾਂ ਹੋਈ ਹੋਣੀ ਐਂ, ਤਦ ਉਨ੍ਹਾਂ ਨੇ ਮਹਿਸੂਸ ਕੀਤਾ ਹੋਵੇਗਾ ਕਿ ਹਿੰਦੀ ’ਚ ਜਾਣਾ ਚੰਗਾ ਰਹੇਗਾ।

? ਹਾਂ ਜੋ ਉਨ੍ਹਾਂ ਦਾ ਮਕਸਦ ਸੀ ਸਮਾਜ ਅੰਦਰ ਵਿਚਾਰਧਾਰਕ ਤਬਦੀਲੀ ਅਤੇ ਵਿਵਹਾਰਕ ਸੁਧਾਰ ਲਿਆਉਣ ਦਾ, ਦੇਸ਼ ਦੀ ਅਜਾਦੀ ਦਾ ਉਸਦੇ ਵਾਸਤੇ ਉਨ੍ਹਾਂ ਨੂੰ ਹਿੰਦੀ ਦਾ ਖੇਤਰ ਜਿ਼ਆਦਾ ਵੱਡਾ ਲੱਗਾ ਹੋਵੇਗਾ ਕਿਉਂਕਿ ਉਸਦੇ ਪਾਠਕ ਵੱਧ ਸਨ, ਇਹ ਹੀ ਸਮਝ ਕੇ ਉਹ ਹਿੰਦੀ ਵਿਚ ਆ ਗਏ ਹੋਣਗੇ। ਕਹਿੰਦੇ ਹਨ ਕਿ ਇਸ ਮਾਮਲੇ ’ਚ ਦਯਾਨਾਰਾਇਣ ਨੇ ਵੀ ਕੋਈ ਖਾਸ ਪਹਿਲ ਕੀਤੀ ਸੀ।

- ਨਹੀਂ ਅਜਿਹੀ ਕੋਈ ਗੱਲ ਨਹੀਂ ਸੀ ਮੈਂ ਤਾਂ ਸਮਝਦਾ ਸੰਭਵ ਹੈ ਕਿ ਉਹ ਵੀ ਫਿਰਾਕ ਵਾਂਗ ਉਨ੍ਹਾਂ ਲੋਕਾਂ ’ਚੋਂ ਹੋਣ ਜਿਹੜੇ ਇਹ ਕਹਿੰਦੇ ਹਨ ਕਿ ਉਨ੍ਹਾਂ (ਪ੍ਰੇਮ ਚੰਦ) ਨੇ ਜਿ਼ੰਦਗੀ ਵਿਚ ਇਕ ਹੀ ਗਲਤੀ ਕੀਤੀ ਕਿ ਉਹ ਉਰਦੂ ਤੋਂ ਹਿੰਦੀ ਵਲ ਚਲੇ ਆਏ।

? ਇਹ ਅਜੀਬ ਜਹੀ ਗੱਲ ਐ। ਲਗਦਾ ਹੈ ਉਨ੍ਹਾਂ ਦਾ ਉਰਦੂ ’ਚੋਂ ਹਿੰਦੀ ’ਚ ਆਉਣਾ ਬਹੁਤ ਸਾਰੇ ਉਰਦੂ ਵਾਲਿਆਂ ਨੂੰ ਜ਼ਖ਼ਮ ਵਾਂਗ ਦੁੱਖ ਦੇ ਰਿਹਾ ਹੈ ਤੇ ਸੈਲੇਸ਼ ਜ਼ੈਦੀ ਦਾ ਤਮਾਸ਼ਾ ਤਾਂ ਤੁਸੀਂ ਦੇਖਿਆ ਹੀ ਹੋਵੇਗਾ?

- ਹਾਂ ਦੇਖਿਆ ਸੀ ਪਰ ਹਿੰਦੀ ਵਾਲੇ ਇਹ ਵੀ ਤਾਂ ਨਹੀਂ ਕਰਦੇ ਕਿ ਜ਼ਰਾ ਢੰਗ ਨਾਲ ਉਹਦਾ ਜਵਾਬ ਦੇਣ।

? ਜਵਾਬ ਤਾਂ ਉਹਨੂੰ ਦਿੱਤਾ ਹੀ ਜਾ ਰਿਹਾ ਪਰ ਮੈਂ ਜਾਣਨਾ ਚਾਹਾਂਗਾ ਕਿ ਤੁਹਾਡੇ ਜਿ਼ਹਨ ’ਚ ਇਹਦੇ ਜਵਾਬ ਵਿਚ ਕੀ ਖਿਆਲ ਐ?

- ਮੈਂ ਤਾਂ ਉਸਦੀ ਪੂਰੀ ਕਿਤਾਬ ਵੀ ਪੜ੍ਹਨੀ ਪਸੰਦ ਨਹੀਂ ਕੀਤੀ

? ਕਿਉਂ! ਅਜਿਹਾ ਕਿਉਂ। ਇਤਰਾਜ਼ਯੋਗ ਗੱਲ ਤਾਂ ਉਸ ਵਿਚ ਸ਼ਖਸੀਅਤ ਨੂੰ ਸਾਹਮਣੇ ਰੱਖ ਕੇ ਲਿਖੀ ਗਈ ਹੈ ਬਾਕੀ ਜਿੱਥੋਂ ਤੱਕ ਲਿਖਣ ਪੱਖ ਦਾ ਮੁਲਾਂਕਣ ਹੈ ਉਹ ਤਾਂ ਠੀਕ ਐ- ਢੰਗ ਨਾਲ ਲਿਖਿਆ ਗਿਆ ਹੈ ਫੇਰ ਪਤੇ ਦੀ ਗੱਲ ਤਾਂ ਇਹ ਹੈ ਕਿ ਉਹਨੇ ਸਾਰੀਆਂ ਗੱਲਾਂ ‘ਕਲਮ ਕਾ ਸਿਪਾਹੀ’ ਤੋਂ ‘ਪ੍ਰੇਮ ਚੰਦ ਚਿੱਠੀ-ਪੱਤਰ’ ਜਾਂ ‘ਪ੍ਰੇਮ ਚੰਦ ਘਰ ਮੇਂ’ ਵਰਗੀਆਂ ਕਿਤਾਬਾਂ ਤੋਂ ਹੀ ਨੋਟ ਕੀਤੀਆਂ ਤੇ ਉਨ੍ਹਾਂ ਦਾ ਹਵਾਲਾ ਦਿੱਤਾ ਹੈ। ਹਾਂ, ਪਰ ਉਸ ਦੀ ਪੇਸ਼ਕਾਰੀ ਬਹੁਤ ਹੀ ਇਤਰਾਜ਼ਯੋਗ ਅਤੇ ਅਪਮਾਨਜਨਕ ਹੈ ਜਿਸਨੂੰ ਪੜ੍ਹਕੇ ਕੋਈ ਵੀ ਆਦਮੀ ਇਹ ਕਹਿ ਸਕਦਾ ਹੈ ਕਿ ਇਹ ਸਾਰੇ ਦਾ ਸਾਰਾ ਦੋਸ਼ ਪਹਿਲਾਂ ਤੋਂ ਹੀ ਮਿੱਥਿਆ ਹੋਇਆ ਸੀ।

- ਹਾਂ ਦੁਨੀਆਂ ’ਚ ਕੋਈ ਚੀਜ਼ ਅਜਿਹੀ ਨਹੀਂ ਜਿਸਨੂੰ ਉਸ ਦੇ ਸੰਦਰਭ ਤੋਂ ਕੱਟਕੇ ਉਸ ਦਾ ਕੁੱਝ ਤੋਂ ਕੁੱਝ ਨਾ ਬਣਾ ਦਿੱਤਾ ਜਾਵੇ।

? ਹੁਣ ਫੇਰ ਉਸਦਾ ਮੈਂ ਤੁਹਾਨੂੰ ਇਕ ਵਾਕ ਸੁਣਾਵਾਂ ਉਹ ਲਿਖਦਾ ਹੈ ‘ਉਂਜ ਤਾਂ ਪ੍ਰੇਮ ਚੰਦ ਝੂਠ ਬੋਲਣ ਦੇ ਮਾਹਿਰ ਸਨ- ਪਰ ਇਹ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਉਹ ਇੱਥੇ ਝੂਠ ਨਹੀਂ ਬੋਲ ਰਹੇ’

- ਇੱਥੇ ਮੈਂ ਤੁਹਾਨੂੰ ਇਕ ਸਮੀਖਿਆ ਦਾ ਹਵਾਲਾ ਦੇਣਾ ਚਾਹਾਂਗਾ ਇਕ ਸੱਜਣ ਹਨ ਗੋਪਾਲ ਨਾਂ ਦੇ...........

? ਮਦਨ ਗੋਪਾਲ ਤਾਂ ਨਹੀਂ?

- ਨਹੀਂ, ਉਹ ਗੋਪਾਲ ਹਨ- ਗੋਪਾਲ ਰਾਏ, ਜਿਨ੍ਹਾਂ ਨੇ ਸ਼ੈਲੇਸ਼ ਜੈਦੀ ਦੀ ਕਿਤਾਬ ਦੀ ਸਮੀਖਿਆ ਕੀਤੀ ਹੈ। ਉਨ੍ਹਾਂ ਦੇ ਕੁੱਝ ਗੱਲਾਂ ਦਾ ਤਾਂ ਖੈਰ ਵਿਰੋਧ ਵੀ ਕੀਤਾ ਹੈ ਪਰ ਇਹ ਗੱਲ ਕਹਿਣੀ ਵੀ ਨਹੀਂ ਭੁੱਲੇ ਕਿ ਜ਼ੈਦੀ ਨੇ ਬਹੁਤ ਵਧੀਆ ਸੰਗ੍ਰਹਿ ਦਿੱਤਾ ਹੈ ਅੱਗੇ ਲਿਖਿਆ ਹੈ ਅਮਕ ਕੀਤਾ, ਢਮਕ ਕੀਤਾ....

? ਦੇਖੋ ਹੋਰ ਜਿਹੜੀ ਪਹਿਲੇ ਮੁਲਾਂਕਣ ਦੀ ਗੱਲ ਉਹਦੇ ਵਿਚ ਲਿਖੀ ਗਈ ਹੈ ਉਹ ਤਾਂ ਠੀਕ ਹੈ।

- ਕੀ ਲਿਖਿਆ ਹੈ- ਜਿੱਥੋਂ ਤੱਕ ਮੈਂ ਪੜ੍ਹਿਆ/ਦੇਖਿਆ , ਉਸ ਤੋਂ ਬਾਅਦ ਮੇਰੀ ਪਤਨੀ ਨੇ ਮੈਨੂੰ ਪੜ੍ਹਨ ਹੀ ਨਹੀਂ ਦਿੱਤਾ ਸੀ। ਉਸ ਭਰਾ ਨੇ ਤਾਂ ਚਾਹਿਆ ਸੀ ਕਿ ਉਹ ਕਿਤਾਬ ਮੇਰੇ ਹੱਥੋਂ ਰਲੀਜ਼ ਹੋਵੇ ਇਸ ਬਾਰੇ ਉਹਨੇ ਘੱਟੋ ਘੱਟ ਮੈਨੂੰ ਤਿੰਨ ਚਿੱਠੀਆਂ ਲਿਖੀਆਂ। ਪਰ, ਉਸ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਮੈਂ ਉਹਦੀਆਂ ਚਿੱਠੀਆਂ ਦਾ ਜਵਾਬ ਹੀ ਨਹੀਂ ਦਿੱਤਾ। ਫੇਰ ਮੇਰੇ ਕੋਲ ਵਿਹਲ ਵੀ ਨਹੀਂ ਸੀ। ਮੈਂ ਆਪਣਾ ਕੰਮ ਕਰ ਰਿਹਾ ਸੀ- ਸੋਚਿਆ, ਛੱਡੋ ਪਰੇ......

? ਪਰ ਅਜਿਹਾ ਕਰਨਾ ਤਾਂ ਉਹਦਾ ਠੀਕ ਜਵਾਬ ਨਾ ਹੋਇਆ? ਤੁਹਾਨੂੰ ਥੋੜ੍ਹਾ ਜਿਹਾ ਅੱਗੇ ਵਧਕੇ ਜਵਾਬ ਦੇਣਾ ਹੀ ਚਾਹੀਦਾ ਸੀ।

- ਦੇਖੋ, ਇੱਥੇ ਮੇਰੀ ਹਾਲਤ ਥੋੜੀ ਡੈਲੀਕੇਟ (ਪਤਲੀ) ਹੋ ਜਾਂਦੀ ਹੈ ਇੱਥੇ ਮੇਰੇ ਕਰਨ ਦਾ ਕੋਈ ਕੰਮ ਨਹੀਂ।

? ਠੀਕ ਐ- ਪਰ ਤੁਹਾਨੂੰ ਇੱਥੇ ਤਾਂ ਕੁੱਝ ਨਾ ਕੁੱਝ ਕਹਿਣਾ ਹੀ ਪਵੇਗਾ ਇੱਥੇ ਜੋ ਕੁੱਝ ਤੁਹਾਡੇ ਹਵਾਲੇ ਨਾਲ ਉਸ ਨੇ ਕਿਹਾ ਹੈ ਜੇਕਰ ਇਹ ਸੱਚ ਹੈ ਕਿ ਜੋ ਕੁੱਝ ਤੁਸੀਂ ਲਿਖਿਆ ਹੈ ਉਹ ਇਕ ਬਾਇਉਗਰਾਫਰ ( ਜੀਵਨੀ ਲਿਖਣ ਵਾਲਾ) ਦੀ ਈਮਾਨਦਾਰੀ ਤੇ ਸਪਸ਼ਟਤਾ ਦੇ ਕਰਕੇ ਹੀ ਲਿਖਿਆ ਹੈ ਪਰ ਜਿਸ ਤਰ੍ਹਾਂ ਉਸ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ ਉਸ ਬਾਰੇ ਤਾਂ ਤੁਹਾਨੂੰ ਕੁੱਝ ਕਹਿਣਾ ਚਾਹੀਦਾ- ਦੇਖਣਾ ਚਾਹੀਦਾ।

- ਉਹ ਤਾਂ ਤੁਹਾਡੇ ਦੇਖਣ ਦੀ ਗੱਲ ਹੈ ਕਿ ਮੈਂ ਕੀ ਕਿਹਾ ਤੇ ਸ਼ੈਲੇਸ਼ ਜ਼ੈਦੀ ਨੇ ਇੱਥੇ ਕਿਵੇਂ ਅੱਗੜ-ਦੁੱਗੜ ਕਰ ਦਿੱਤਾ ਹੈ....ਉਹਦੇ ਬਾਰੇ ਮੈਂ ਕੀ ਕਹਾਂਗਾ....... ਮੈਂ ਤਾਂ ਜੋ ਕਹਿਣਾ ਸੀ ਉਹ ਪਹਿਲਾਂ ਹੀ ਕਿਤਾਬ ਵਿਚ ਕਹਿ ਦਿੱਤਾ ਹੈ।

? ਉਸ ਸਮੇਂ ਤੁਹਾਡੀ ਪਹਿਲੀ ਪ੍ਰਤੀਕ੍ਰਿਆ ਕਿਹੋ ਜਹੀ ਹੋਈ?

- ਜੋ ਤੁਹਾਡੀ ਹੋਈ ਉਹ ਹੀ ਮੇਰੀ ਹੋਈ

****

ਲਿਖਣਾ ਮੇਰੇ ਲਈ ਇੱਕ ਇਬਾਦਤ ਹੈ: ਸ਼ਿਵਚਰਨ ਜੱਗੀ ਕੁੱਸਾ.......... ਮੁਲਾਕਾਤ / ਰਬਿੰਦਰ ਸਿੰਘ ਰੈਂਸੀ

ਸਮੁੱਚੇ ਪੰਜਾਬ ਵਿੱਚ ਜਦੋਂ ਅਸੀਂ ਪੰਜਾਬੀ ਸਾਹਿਤਕਾਰਾਂ ਬਾਰੇ ਗੱਲ ਕਰਦੇ ਹਾਂ ਤਾਂ ਮਲਵਈ ਲੇਖਕਾਂ ਦਾ ਨਾਂ ਸਭ ਤੋਂ ਪਹਿਲਾਂ ਬੜੇ ਮਾਣ ਨਾਲ ਲਿਆ ਜਾਂਦਾ ਹੈ। ਮਾਲਵੇ ਦੇ ਜੰਮਪਲ਼ ਲੇਖਕਾਂ ਨੇ ਪੰਜਾਬੀ ਸਾਹਿਤ ਦੇ ਵਿਰਸੇ ਨੂੰ ਅਮੀਰ ਬਣਾਉਣ ਵਿਚ ਸਭ ਤੋਂ ਵੱਡਾ ਹਿੱਸਾ ਪਾਇਆ। ਕਵੀਸ਼ਰਾਂ ਤੋਂ ਲੈ ਕੇ ਸ। ਬੂਟਾ ਸਿੰਘ ਸ਼ਾਦ, ਪ੍ਰੋਫੈਸਰ ਗੁਰਦਿਆਲ ਸਿੰਘ ਜੈਤੋ, ਜਸਵੰਤ ਸਿੰਘ ਕੰਵਲ, ਸੰਤ ਸਿੰਘ ਸੇਖੋਂ ਆਦਿ ਕਿੰਨੇ ਹੀ ਹੋਰ ਲੇਖਕ ਮਾਲਵੇ ਦੀ ਹੀ ਦੇਣ ਹਨ। ਮਾਲਵੇ ਦੇ ਸਾਹਿਤਕ ਪਿੰਡ 'ਕੁੱਸਾ' ਦਾ ਜੰਮਪਲ, ਸ਼ਿਵਚਰਨ ਜੱਗੀ ਕੁੱਸਾ ਬੜੀ ਛੋਟੀ ਉਮਰ ਵਿਚ ਬੜਾ ਵੱਡਾ ਨਾਮਣਾ ਖੱਟਣ ਵਾਲਾ ਸਾਹਿਤਕਾਰ ਹੈ। ਕੁੱਸੇ ਪਿੰਡ ਦੇ ਕਵੀਸ਼ਰ ਗੁਰਬਖਸ਼ ਸਿੰਘ ਅਲਬੇਲਾ, ਕ੍ਰਾਂਤੀਕਾਰੀ ਕਵੀ ਓਮ ਪ੍ਰਕਾਸ਼ ਅਤੇ ਨਾਵਲਕਾਰ ਮਰਹੂਮ ਕਰਮਜੀਤ ਕੁੱਸਾ ਵੀ ਇਸੇ ਪਿੰਡ ਦੀ ਹੀ ਦੇਣ ਹਨ।

ਸ਼ਿਵਚਰਨ ਜੱਗੀ ਕੁੱਸਾ ਦਾ ਜਨਮ 1965 ਨੂੰ ਸਵਰਗਵਾਸੀ ਮਾਤਾ ਗੁਰਨਾਮ ਕੌਰ ਜੀ ਦੀ ਕੁੱਖੋਂ ਹੋਇਆ। ਆਪ ਨੇ ਮੁੱਢਲੀ ਵਿੱਦਿਆ ਗੁਰੂ ਨਾਨਕ ਖਾਲਸਾ ਹਾਈ ਸਕੂਲ ਤਖਤੂਪੁਰਾ ਤੋਂ ਦਸਵੀਂ ਤੱਕ ਪ੍ਰਾਪਤ ਕੀਤੀ ਅਤੇ ਇੱਕ ਸਾਲ ਡੀ। ਐੱਮ। ਕਾਲਜ ਮੋਗਾ ਵਿਖੇ ਲਾ ਕੇ, ਬਾਕੀ ਦੀ ਵਿੱਦਿਆ ਆਸਟਰੀਆ ਆ ਕੇ ਸੰਪੂਰਨ ਕੀਤੀ। 'ਕੁੱਸਾ' ਨੇ ਆਪਣਾ ਸਾਹਿਤਕ ਜੀਵਨ ਨਾਵਲ 'ਜੱਟ ਵੱਢਿਆ ਬੋਹੜ ਦੀ ਛਾਵੇਂ' ਤੋਂ ਸ਼ੁਰੂ ਕੀਤਾ। ਨਾਵਲ ਦੇ ਨਾਲ ਨਾਲ ਕਹਾਣੀ, ਵਿਅੰਗ ਅਤੇ ਕਵਿਤਾ ਵੀ ਲਿਖੀ। ਉਸਦੀ ਪਹਿਲੀ ਕਹਾਣੀ 'ਦੁਨੀਆ ਮਤਲਬ ਦੀ' ਤਰਸੇਮ ਪੁਰੇਵਾਲ ਦੇ ਪੇਪਰ 'ਦੇਸ ਪ੍ਰਦੇਸ' ਵਿਚ ਛਾਪਣ ਤੋਂ ਬਾਅਦ 'ਕੁੱਸਾ' ਪੰਜਾਬ, ਇੰਗਲੈਂਡ ਤੇ ਕੈਨੇਡਾ ਤੋਂ ਛਪਣ ਵਾਲੇ ਅਨੇਕਾਂ ਪ੍ਰਮੁੱਖ ਪਰਚਿਆਂ ਵਿਚ ਛਪਿਆ ਅਤੇ ਨਿਰੰਤਰ ਛਪ ਰਿਹਾ ਹੈ। ਹੁਣ ਤੱਕ ਉਸਨੇ 17 ਨਾਵਲ ਤੇ ਚਾਰ ਕਹਾਣੀ-ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾਏ ਹਨ। ਆਪਣੇ ਨਾਵਲਾਂ ਵਿਚ ਸਮੇਂ ਦੀ ਨਬਜ਼ 'ਤੇ ਹੱਥ ਰੱਖਿਆ ਹੈ। ਉਸ ਨੇ ਪੰਜਾਬੀ ਸਮਾਜ ਦੀ ਅਸਲੀਅਤ ਆਪਣੇ ਸਾਹਿਤ ਦੇ ਦਰਪਣ 'ਚੋਂ ਦਿਖਾਉਣ ਦਾ ਯਤਨ ਕੀਤਾ ਹੈ। ਇਸੇ ਕਾਰਨ ਉਸ ਦੀ ਪਾਤਰ ਉਸਾਰੀ ਤੇ ਉਹਨਾਂ ਦੀ ਬੋਲ ਚਾਲ ਬੜੀ ਸੁਭਾਵਿਕ ਲੱਗਦੀ ਹੈ। ਭਾਵੇਂ ਕਿ ਉਹ 26 ਸਾਲ ਆਸਟਰੀਆ ਰਹਿਣ ਤੋਂ ਬਾਅਦ ਹੁਣ ਚਾਰ ਕੁ ਸਾਲ ਤੋਂ ਇੰਗਲੈਂਡ ਦਾ ਪੱਕਾ ਵਸਨੀਕ ਹੈ, ਪਰ ਇਹਨਾਂ ਨਾਵਲਾਂ ਨੂੰ ਪੜ੍ਹਕੇ ਲੱਗਦਾ ਹੈ ਕਿ ਉਸ ਨੇ ਪੰਜਾਬ ਤੇ ਪੰਜਾਬੀਅਤ ਵਿਚ ਗੜੁੱਚ ਹੋ ਕੇ ਲਿਖਿਆ ਹੈ। ਅੱਜ ਕੱਲ੍ਹ ਉਹ ਪੰਜਾਬੀ ਵਿਚ ਸਭ ਤੋਂ ਵੱਧ ਲਿਖਣ ਅਤੇ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਮਹਿੰਗਾ ਲੇਖਕ ਹੈ।

ਸੁਭਾਅ ਪੱਖੋਂ ਨਿਰਾ ਦਰਵੇਸ਼, ਯਾਰਾਂ ਦਾ ਯਾਰ, ਹਮੇਸ਼ਾਂ ਖਿੜੇ ਮੱਥੇ ਮਿਲਣਾ ਵਾਲਾ ਜੱਗੀ ਕੁੱਸਾ ਚਾਰ ਭੈਣਾਂ ਦਾ ਇੱਕੋ ਇੱਕ ਛੋਟਾ ਅਤੇ ਲਾਡਲਾ ਵੀਰ ਹੈ। ਭਾਵੇਂ ਕਿ ਉਸਦੇ ਖੇਡਣ ਮੱਲਣ ਦੇ ਦਿਨ ਸਨ, ਪਰ ਕਾਲਜ ਦੇ ਹਾਲਾਤਾਂ ਨੇ ਉਸ ਦਾ ਆਤਮ-ਵਿਸ਼ਵਾਸ਼ ਇਤਨਾ ਮਜ਼ਬੂਤ ਬਣਾ ਦਿੱਤਾ ਕਿ ਉਸਦੇ ਅੰਦਰਲਾ ਸਾਹਿਤਕ ਮਨੁੱਖ ਜਵਾਨੀ ਦੀ ਪਹੁ ਫੁੱਟਦੇ ਹੀ ਅੰਗੜਾਈਆਂ ਲੈਣ ਲੱਗ ਪਿਆ। ਉਹਨੇ ਅੰਤਾਂ ਦੇ ਤਜ਼ਰਬੇ ਆਪਣੇ ਤਨ 'ਤੇ ਝੱਲੇ ਅਤੇ ਆਸਟਰੀਆ ਆ ਕੇ ਮਜ਼ਦੂਰੀ ਕਰਨ ਦੇ ਨਾਲ-ਨਾਲ ਚਾਰ ਸਾਲ ਯੂਨੀਵਰਿਸਟੀ ਦੀ ਪੜ੍ਹਾਈ ਵੀ ਕੀਤੀ। ਤੰਗ ਹੋਇਆ, ਪਰ ਉਸ ਨੇ ਮੱਥੇ 'ਤੇ ਤਿਉੜੀ ਕਦੇ ਨਹੀਂ ਪਾਈ, ਜੱਦੋਜਹਿਦ ਕਰ ਕੇ ਕੰਪਿਊਟਰ ਦੀਆਂ ਅੱਠ ਡਿਗਰੀਆਂ ਵੀ ਹਾਸਲ ਕੀਤੀਆਂ। ਚੜ੍ਹਦੀ ਉਮਰ ਵਿਚ ਉਸ ਦੇ ਮਨ 'ਤੇ ਕਿਸੇ ਸ਼ੋਖ ਚਿਹਰੇ ਨੇ ਆਪਣੇ 'ਮੋਹ' ਦੀ ਇਬਾਰਤ ਲਿਖ ਦਿੱਤੀ ਸੀ। ਇਸ ਇਬਾਰਤ ਨੂੰ ਉਹ ਹੁਣ ਤੱਕ ਆਪਣੇ ਮਨ ਵਿਚ ਸਮੋਈ ਬੈਠਾ ਹੈ, ਉਸ ਚਿਹਰੇ ਨੂੰ ਕਦੇ ਭੁੱਲਿਆ ਨਹੀਂ! ਯਾਦ ਕਰਕੇ ਤੜਪ ਜ਼ਰੂਰ ਉਠਦਾ ਹੈ, ਕਿਉਂਕਿ ਮੁੜ ਉਹ ਚਿਹਰਾ ਕੁੱਸਾ ਨੂੰ ਦੇਖਣਾ ਨਸੀਬ ਨਹੀਂ ਹੋਇਆ।

ਉਹਦੇ ਲਿਖਣ ਦਾ ਸਮਾਂ ਵੀ ਪਹਿਲਾ ਪਹਿਰ ਹੀ ਰਿਹਾ ਹੈ, ਉਹ ਰਾਤ ਦੋ ਵਜੇ ਤੋਂ ਲੈ ਕੇ ਸਵੇਰੇ ਛੇ ਵਜੇ ਤੱਕ ਲਿਖਦਾ ਹੈ। ਬੱਚਿਆਂ ਅਤੇ ਜੀਵਨ ਸਾਥਣ ਲਈ ਵੀ ਉਸ ਦਾ ਸਮਾਂ ਮੁਕੱਰਰ ਹੈ। ਆਸਟਰੀਆ ਅਤੇ ਜਰਮਨ ਬਾਰਡਰ ਪੁਲੀਸ ਵਿਚ 1996 ਤੋਂ 2006 ਤੱਕ ਕਈ ਅਹੁਦਿਆਂ 'ਤੇ ਰਿਹਾ ਹੈ। ਸ਼ਿਵਚਰਨ ਜੱਗੀ ਕੁੱਸਾ ਬੜੀ ਤੇਜ਼ੀ ਨਾਲ, ਨਿਰੰਤਰ ਅਤੇ ਹਰ ਵਿਸ਼ੇ 'ਤੇ ਲਿਖਣ ਵਾਲਾ ਉਤਸ਼ਾਹੀ ਨੌਜਵਾਨ ਲੇਖਕ ਹੈ। ਸਮਕਾਲੀ ਲੇਖਕਾਂ, ਪਾਠਕਾਂ, ਦੋਸਤਾਂ ਅਤੇ ਪ੍ਰਸ਼ੰਸਕਾਂ ਵਿਚ ਉਸ ਨੂੰ "ਬਾਬਾ ਜੀ" ਕਹਿ ਕੇ ਸਤਿਕਾਰਿਆ ਜਾਂਦਾ ਹੈ। ਲੰਬੇ ਸਮੇਂ ਲਈ ਉਹ 'ਪੰਜ-ਪਾਣੀ ਸਾਹਿਤ ਸਭਾ' ਅਤੇ 'ਸ਼ੇਰੇ-ਪੰਜਾਬ ਸਪੋਰਟਸ ਕਲੱਬ ਆਸਟਰੀਆ' ਦਾ ਪ੍ਰਧਾਨ ਵੀ ਰਿਹਾ ਹੈ। ਪੇਸ਼ ਹਨ ਉਸ ਨਾਲ ਹੋਈ ਗੁਫਤਗੂ ਦੇ ਕੁਝ ਅੰਸ਼ :

? ਕੁੱਸਾ ਸਾਹਿਬ ਤੁਸੀਂ ਲਿਖਣਾ ਕਦੋਂ ਤੋਂ ਸ਼ੁਰੂ ਕੀਤਾ? 

- ਮੇਰੀ ਕਲਮ ਦੀ ਸ਼ੁਰੂਆਤ ਮੇਰੀ ਅਤ੍ਰਿਪਤ ਮੁਹੱਬਤ ਤੋਂ ਸ਼ੁਰੂ ਹੁੰਦੀ ਹੈ, ਮੇਰੀ ਅਭੁੱਲ ਅਤੇ ਪਹਿਲੀ ਮੁਹੱਬਤ ਦਾ ਨਾਮ ਵੀ ਮੇਰੇ ਨਾਮ ਵਾਂਗ 'ਸੱਸੇ' ਅੱਖਰ ਤੋਂ ਸ਼ੁਰੂ ਹੁੰਦਾ ਹੈ! ਜਦੋਂ ਨਕਸਲਾਈਟ ਲਹਿਰ ਜ਼ੋਰਾਂ 'ਤੇ ਸੀ, ਉਸ ਸਮੇਂ ਕੁਝ ਕਵਿਤਾਵਾਂ ਲਿਖੀਆਂ ਸਨ ਤੇ ਡਰਾਮਿਆਂ ਵਿਚ ਨਕਸਲਵਾੜੀਏ ਗੁਰਜੀਤ ਦਾ ਰੋਲ ਕਰਦਾ ਹੁੰਦਾ ਸੀ। ਉਦੋਂ ਹੀ ਮੈਂ ਮੇਰੇ ਗਰਾਈਂ, ਕ੍ਰਾਂਤੀਕਾਰੀ ਕਵੀ ਸ੍ਰੀ ਓਮ ਪ੍ਰਕਾਸ਼ ਕੁੱਸਾ ਦੀ ਪ੍ਰੇਰਨਾ ਨਾਲ ਦੋ-ਚਾਰ ਕਵਿਤਾਵਾਂ ਲਿਖਕੇ ਸਟੇਜ 'ਤੇ ਪੇਸ਼ ਵੀ ਕੀਤੀਆਂ। 

? ਤੁਹਾਡੇ ਮਨਪਸੰਦ ਲੇਖਕ ਕਿਹੜੇ ਹਨ? 

- ਵੈਸੇ ਤਾਂ ਪੰਜਾਬੀ ਦਾ ਕੋਈ ਲੇਖਕ ਪੜ੍ਹਨ ਵੱਲੋਂ ਛੱਡਿਆ ਹੀ ਨਹੀਂ, ਪਰ ਮੇਰੇ ਮਨਪਸੰਦ ਲੇਖਕ ਬਾਈ ਬੂਟਾ ਸਿੰਘ ਸ਼ਾਦ, ਜਸਵੰਤ ਸਿੰਘ ਕੰਵਲ, ਪ੍ਰੋ: ਗੁਰਦਿਆਲ ਸਿੰਘ ਜੈਤੋ, ਬਲਵੰਤ ਗਾਰਗੀ, ਕਰਮਜੀਤ ਕੁੱਸਾ, ਰਸੂਲ ਹਮਜ਼ਾਤੋਵ ਤੇ ਮੈਕਸਿਮ ਗੋਰਕੀ, ਕਾਰਲ ਮਾਰਕਸ, ਪਾਓਲੋ ਕੋਇਲੋ, ਲਿਓ ਟਾਲਸਟਾਏ, ਮਾਓ-ਜ਼ੇ-ਤੁੰਗ ਆਦਿ। ਵੈਸੇ ਬਾਈ ਬੂਟਾ ਸਿੰਘ ਸ਼ਾਦ ਮੇਰਾ ਸਾਹਿਤਕ ਗੁਰੂ ਵੀ ਹੈ। 

? ਤੁਸੀਂ ਨਾਵਲ ਤੋਂ ਬਗੈਰ ਵੀ ਹੋਰ ਕਿਹੜੀ- ਕਿਹੜੀ ਸਾਹਿਤਕ ਵਿਧਾ 'ਚ ਰਚਨਾਵਾਂ ਸਿਰਜੀਆਂ ਹਨ? 

- ਮੈਂ ਕੋਈ ੨੦-੨੫ ਕਵਿਤਾਵਾਂ। ੬੦-੬੫ ਦੇ ਕਰੀਬ ਗੀਤ। ਜਿਨ੍ਹਾਂ ਵਿਚੋਂ 7 ਕੁ ਰਿਕਾਰਡ ਹੋ ਚੁੱਕੇ ਹਨ ਤੇ 15 ਕੁ ਰਿਕਾਰਡਿੰਗ ਅਧੀਨ ਹਨ। 

? ਕੀ ਤੁਸੀਂ ਆਪਣੇ ਆਪ ਨੂੰ ਪ੍ਰਮੁੱਖ ਤੌਰ 'ਤੇ ਕਹਾਣੀਕਾਰ ਜਾਂ ਨਾਵਲਕਾਰ ਮੰਨਦੇ ਹੋ? 

- ਮੇਰੀ ਕਲਮ ਦੇ ਸਫਰ ਦੀ ਸ਼ੁਰੂਆਤ ਹੀ ਨਾਵਲ "ਜੱਟ ਵੱਢਿਆ ਬੋਹੜ ਦੀ ਛਾਵੇਂ" ਤੋਂ ਹੋਈ। ਠੀਕ ਹੈ, ਕਹਾਣੀ ਲਿਖਦਾ ਹਾਂ, ਪਰ ਜੋ ਗੱਲ ਆਦਮੀ ਨਾਵਲ ਵਿਚ ਕਹਿ ਸਕਦਾ ਹੈ, ਉਹ ਕਹਾਣੀ, ਗੀਤ ਜਾਂ ਕਵਿਤਾ ਵਿਚ ਨਹੀਂ ਕਹਿ ਸਕਦਾ। 

? ਅੱਜ ਤੁਸੀਂ ਆਪਣੇ ਆਪ ਨੂੰ ਕਿੱਥੇ ਕੁ ਖੜ੍ਹੇ ਮਹਿਸੂਸ ਕਰਦੇ ਹੋ? 

- ਆਪਣੇ ਆਪ ਨੂੰ ਸਿਖਾਂਦਰੂ ਜਿਹਾ ਲੇਖਕ ਹੀ ਸਮਝਦਾ ਹਾਂ। ਇਹ ਤਾਂ ਮੇਰੇ ਪਾਠਕ ਹੀ ਮੋਰੀ ਦੀ ਇੱਟ ਚੁਬਾਰੇ ਨੂੰ ਲਾ ਦਿੰਦੇ ਹਨ, ਜਿਹੜੀ ਕਿ ਉਨ੍ਹਾਂ ਦੀ ਫਰਾਖਦਿਲੀ ਤੇ ਦਰਿਆ-ਦਿਲੀ ਹੈ। ਮੈਂ ਤਾਂ ਅਜੇ ਬਾਬੇ ਬੋਹੜ ਨਾਵਲਕਾਰਾਂ ਦਾ ਵਿਦਿਆਰਥੀ ਹੀ ਹਾਂ, ਕਿਉਂਕਿ ਆਦਮੀ ਸਾਰੀ ਉਮਰ ਅਧੂਰਾ ਹੀ ਰਹਿੰਦਾ ਹੈ, ਸੰਪੂਰਨ ਕਦੇ ਨਹੀਂ ਹੁੰਦਾ। ਸੰਪੂਰਨ ਹੁੰਦਾ-ਹੁੰਦਾ ਬੱਸ 'ਪੂਰਾ' ਹੋ ਜਾਂਦਾ ਹੈ। 

? ਜ਼ਿੰਦਗੀ ਦੇ ਸਾਲ ਜੋ ਵਿਦੇਸ਼ਾਂ ਵਿਚ ਗੁਜ਼ਾਰੇ ਉਸ ਬਾਰੇ ਕੁਝ ਚਾਨਣਾ ਪਾਉਂਗੇ? 

- ਹਾਂ ਜੀ, 2 ਅਕਤੂਬਰ 1990 ਨੂੰ ਮੈਂ ਆਸਟਰੀਆ ਪਹੁੰਚਿਆ। ਪਹਿਲੇ ਚਾਰ ਸਾਲ ਮੈਂ ਬੜੇ ਜੱਦੋਜਹਿਦ 'ਚ ਗੁਜ਼ਾਰੇ। ਗਊਆਂ ਦਾ ਗੋਹਾ ਚੁੱਕਿਆ, ਹੋਟਲਾਂ ਵਿਚ ਬਰਤਨ ਧੋਤੇ ਤੇ ਬਾਲਕੋਨੀਆਂ ਵਿਚੋਂ ਬਰਫ਼ਾਂ ਹਟਾਈਆਂ। ਇਸਦੇ ਦੌਰਾਨ ਪੜ੍ਹਦਾ ਵੀ ਰਿਹਾ। ਫਿਰ ਅਕਤੂਬਰ 1994 ਵਿਚ ਜਾ ਕੇ ਸੁੱਖ ਦਾ ਸਾਹ ਆਇਆ। ਹੁਣ ਸੁੱਖ ਨਾਲ ਗੁਰੂ ਬਾਬੇ ਦੀ ਕ੍ਰਿਪਾ ਨਾਲ ਚੜ੍ਹਦੀ ਕਲਾ ਹੈ। 

? ਤੁਹਾਡੀ ਨਜ਼ਰ ਵਿਚ ਅਸ਼ਲੀਲਤਾ ਕੀ ਹੈ, ਕਈ ਤੁਹਾਡੀ ਕਲਮ ਨੂੰ 'ਅਸ਼ਲੀਲ' ਕਹਿੰਦੇ ਹਨ ਕਿ ਇਹ ਲੱਚਰ ਲਿਖਦਾ ਹੈ, ਇਸ ਬਾਰੇ ਤੁਹਾਡੇ ਕੀ ਵਿਚਾਰ ਹਨ? 

- ਮੇਰੀ ਨਜ਼ਰ ਵਿਚ ਤਾਂ ਅਸ਼ਲੀਲ ਕੁਝ ਵੀ ਨਹੀਂ ਹੈ। ਅਗਰ ਵਿਸ਼ਾ ਪਾਕ-ਪਵਿੱਤਰ ਹੋਵੇ ਤਾਂ ਅਸ਼ਲੀਲਤਾ ਵੀ ਢਕੀ ਜਾਂਦੀ ਹੈ। ਅਸੀਂ ਸੱਤਾਂ ਪਰਦਿਆਂ ਪਿੱਛੇ ਵੀ ਨਗਨ ਹਾਂ ਜਦ ਕਿ ਇਹ ਗੋਰੇ ਲੋਕ ਨਿਰਵਸਤਰ ਹੋ ਕੇ ਵੀ ਢਕੇ ਹੋਏ ਹਨ। ਸ। ਖੁਸ਼ਵੰਤ ਸਿੰਘ ਨੇ ਖੁੱਲ੍ਹ ਕੇ ਲਿਖਿਆ, ਬਲਵੰਤ ਗਾਰਗੀ, ਸਆਦਤ ਹਸਨ ਮੰਟੋ ਨੇ ਨਿੱਡਰ ਹੋ ਕੇ ਲਿਖਿਆ। ਬਾਈ ਬੂਟਾ ਸਿੰਘ ਸ਼ਾਦ ਨੇ ਬੜੀ ਬੇਬਾਕੀ ਨਾਲ ਲਿਖਿਆ। ਲੇਖਕ ਨੇ ਜੋ ਲਿਖਣਾ ਹੁੰਦਾ ਹੈ, ਆਪਣੇ ਸਮਾਜ ਵਿਚੋਂ ਹੀ ਲਿਖਣਾ ਹੁੰਦਾ ਹੈ। ਸਮਾਜ ਦੀਆਂ ਬੁਰਾਈਆਂ, ਸਮਾਜ ਦੀਆਂ ਚੰਗਿਆਈਆਂ, ਲੋਕਾਂ ਦੇ ਹਾਸੇ ਅਤੇ ਲੋਕਾਂ ਦੇ ਦੁੱਖੜੇ। ਹਾਸੇ ਅਤੇ ਹਾਦਸੇ ਦਾ ਨਾਂ ਜ਼ਿੰਦਗੀ ਹੈ। ਚੰਗਿਆਈਆਂ, ਬੁਰਾਈਆਂ, ਹਾਸੇ ਅਤੇ ਹਾਦਸੇ ਤੁਹਾਨੂੰ ਹਰ ਮੋੜ ਤੇ ਚੈਲਿੰਜ ਬਣ ਟੱਕਰਦੇ ਹਨ। ਇਸ ਸਭ ਕਾਸੇ ਦਾ ਸੁਮੇਲ ਬਣਾ ਕੇ ਲੇਖਕ ਨੇ ਲੋਕਾਂ ਅੱਗੇ ਪੇਸ਼ ਕਰਨਾ ਹੁੰਦਾ ਹੈ। ਮੈਨੂੰ ਵੱਖੋ ਵੱਖਰੇ ਦੇਸ਼ਾਂ 'ਚੋਂ ਸੈਂਕੜੇ ਫੋਨ ਆਉਂਦੇ ਹਨ ਕਿ ਤੁਹਾਡੇ ਲੜੀਵਾਰ ਛਪੇ ਨਾਵਲਾਂ ਨੇ ਤੜਥੱਲੀ ਮਚਾ ਦਿੱਤੀ ਜੀ, ਤੜਥੱਲੀ ਤਾਂ ਲੋਕਾਂ ਦੇ ਦਰਦ, ਹਾਉਕਾ ਤੇ ਕਸੀਸ ਦਾ ਮੇਰੇ ਰਚਨਾ ਸੰਸਾਰ 'ਚ ਪ੍ਰਤੀਬਿੰਬਤ ਹੋਣ ਕਰਕੇ ਮੱਚੀ। 
ਸਵਾਲ ਦਾ ਦੂਸਰਾ ਅੰਤਰਾ ਕਿ ਮੈਂ ਮੇਰੀ ਕਲਮ ਅਸ਼ਲੀਲ ਜਾਂ ਲੇਖਕ ਵੀਰਾਂ ਦਾ ਰੋਸ ਉਸਦੇ ਜਵਾਬ ਵਿਚ ਤਾਂ ਮੈਂ ਇਹੀ ਕਹਾਂਗਾ ਕਿ ਹੁਣ ਅਸੀਂ ਗੀਤਾਂ ਵਿਚ ਵੀ ਆਮ ਸੁਣਦੇ ਹਾਂ ਕਿ ਫੋਟੋ ਖਿੱਚਣੀ ਗੁਆਂਢਣੇ… ਆਮ ਪਿੰਡਾਂ ਵਿਚ ਛੜੇ ਤੇ ਗੁਆਂਢਣ ਦੇ ਸੰਬੰਧਾਂ ਬਾਰੇ ਸੁਣਦੇ ਆ ਰਹੇ ਹਾਂ। ਇਕ ਗੱਲ ਜ਼ਰੂਰ ਜ਼ੋਰ ਦੇ ਕੇ ਕਹਾਂਗਾ ਕਿ ਜਿਹੜੇ ਅਸੀਂ ਆਪਣੇ ਸੱਭਿਆਚਾਰ ਦੇ ਦੁੱਧ ਧੋਤੇ ਹੋਣ ਦਾ ਸੰਘ ਪਾੜ-ਪਾੜ ਕੇ ਦਾਅਵਾ ਕਰਦੇ ਹਾਂ, ਜੋ ਕਿ ਇਕ ਬਿਲਕੁਲ ਫੋਕਾ ਤੇ ਬੇਹੂਦਾ ਦਾਅਵਾ ਹੈ। ਅਸ਼ਲੀਲਤਾ ਰਚਨਾ ਵਿਚ ਨਹੀਂ ਮਨੁੱਖੀ ਮਨ ਦੀਆਂ ਤੈਹਾਂ ਵਿਚ ਹੁੰਦੀ ਹੈ। 

? ਤੁਸੀਂ ਆਪਣੇ ਜੀਵਨ ਵਿਚ ਇੰਨੇ ਰੁਝੇਵਿਆਂ ਭਰੀ ਜ਼ਿੰਦਗੀ ਵਿਚੋਂ ਬੱਚਿਆਂ ਤੇ ਘਰਵਾਲੀ ਲਈ ਸਮਾਂ ਕਿਵੇਂ ਕੱਢਦੇ ਹੋ? 

- ਮੈਂ ਕੋਈ ਪ੍ਰੋਫੈਸ਼ਨਲ ਲੇਖਕ ਨਹੀਂ ਹਾਂ, ਜੋ ਕਿ ਮੈ ਚੌਵੀ ਘੰਟੇ ਹੀ ਲਿਖ ਕੇ ਹੀ ਗੁਜ਼ਾਰਦਾ ਹਾਂ। ਮੇਰਾ ਲਿਖਣ ਲਈ ਅਤੇ ਪਰਿਵਾਰ ਲਈ ਸਮਾਂ ਨੀਯਤ ਕੀਤਾ ਹੋਇਆ ਹੈ। ਜਦ ਮੈਂ ਮਾਂ ਅਤੇ ਬਾਪੂ ਜੀ ਨੂੰ ਹਿੰਦੋਸਤਾਨ ਮਿਲਣ ਲਈ ਜਾਂਦਾ ਸੀ, ਤਾਂ ਉਸ ਸਮੇਂ ਮੈਂ ਇਕ ਅੱਖਰ ਵੀ ਨਹੀਂ ਸੀ ਲਿਖਦਾ, ਕਿਉਂਕਿ ਉਹ ਸਮਾਂ ਸਿਰਫ ਆਪਣੇ ਬਾਪ ਤੇ ਰਿਸ਼ਤੇਦਾਰਾਂ ਮਿੱਤਰਾਂ ਵਾਸਤੇ ਹੀ ਰਾਖਵਾਂ ਰੱਖਿਆ ਹੁੰਦਾ ਹੈ। ਹੁਣ ਤਾਂ ਮੇਰੇ ਮਾਤਾ ਜੀ ਤਾਂ 13 ਮਾਰਚ 2006 ਵਿਚ 'ਚੜ੍ਹਾਈ' ਕਰ ਗਏ ਸਨ ਤੇ ਬਾਪੂ ਜੀ 13 ਫਰਵਰੀ 2009 'ਚ!

? ਤੁਸੀਂ ੨੦ ਸਾਲ ਆਸਟਰੀਆ ਤੇ ਜਰਮਨ ਬਾਰਡਰ ਪੁਲੀਸ ਦੇ ਕਈ ਅਹੁਦਿਆਂ 'ਤੇ ਰਹੇ ਹੋ, ਕੀ ਕਦੇ ਜਰਮਨ ਵਿਚ ਵੀ ਲਿਖਣ ਬਾਰੇ ਸੋਚਿਆ ਹੈ? 

- ਜਰਮਨ ਭਾਸ਼ਾ ਵਿਚ ਮੈਂ ਕਦੇ ਨਹੀਂ ਲਿਖਿਆ। ਹੋ ਸਕਦਾ ਹੈ ਕਿ ਇਸ ਵਿਚ ਮੇਰੀ ਕੋਈ ਝਿਜਕ ਜਾਂ ਕਮਜ਼ੋਰੀ ਹੋਵੇ। ਜਰਮਨ ਭਾਸ਼ਾ ਉਪਰ ਮੈਨੂੰ ਇਤਨੀ ਮੁਹਾਰਤ ਹਾਸਲ ਵੀ ਨਹੀਂ ਹੈ ਕਿ ਜਰਮਨ 'ਚ ਫਿਕਸ਼ਨ ਲਿਖ ਸਕਾਂ। ਚਾਹੇ ਮੈਂ ਜਰਮਨ ਪੜ੍ਹੀ ਹੈ, ਆਸਟਰੀਆ ਯੂਨੀਵਰਿਸਟੀ ਵਿਚ ਮੇਰਾ ਮੀਡੀਅਮ ਹੀ ਜਰਮਨ ਭਾਸ਼ਾ ਰਹੀ ਹੈ। ਪਰ ਇਸ ਜ਼ੁਬਾਨ ਵਿਚ ਕਹਾਣੀ ਜਾਂ ਨਾਵਲ ਲਿਖ ਸਕਣਾ ਮੇਰੇ ਲਈ ਮੁਸ਼ਕਿਲ ਹੈ। ਸ਼ਾਇਦ ਕਿਸੇ ਪੜਾਅ ਤੇ ਕੋਸ਼ਿਸ਼ ਕਰਕੇ ਦੇਖਾਂ। ਹਾਂ, ਮੈਂ ਜਰਮਨ ਭਾਸ਼ਾ ਵਿਚ ਕਈ ਕਿਤਾਬਾਂ ਪੜ੍ਹੀਆਂ ਹਨ। ਜਿੰਨ੍ਹਾਂ ਵਿਚੋਂ ਡਿਕਟੇਟਰ ਆਡੋਲਫ ਹਿਟਲਰ ਦੀ ਕਿਤਾਬ 'ਮੇਰੀ ਜੰਗ' ਘੱਟੋ ਘੱਟ ਤਿੰਨ ਵਾਰ ਪੜ੍ਹ ਚੁੱਕਾ ਹਾਂ। 

? ਤੁਸੀਂ ਕਹਾਣੀ ਵਿਚ ਫੋਰਮ ਨੂੰ ਮਹੱਤਤਾ ਦਿੰਦੇ ਹੋ ਜਾਂ ਵਿਸ਼ੇ ਨੂੰ? 

- ਮੈਂ ਰੂਪ ਨੂੰ ਪ੍ਰਮੁੱਖਤਾ ਦਿੰਦਾ ਹਾਂ। ਤੁਸੀਂ ਵੀਹ ਕਹਾਣੀਆਂ ਪੜ੍ਹ ਲਵੋ, ਉਹਨਾਂ ਵਿਚੋਂ ਕਈ ਕਹਾਣੀਆਂ ਦੇ ਵਿਸ਼ੇ ਸਾਂਝੇ ਮਿਲ ਜਾਣਗੇ। ਗੱਲ ਤਾਂ ਇਹ ਹੈ ਕਿ ਲੇਖਕ ਨੇ ਕਹਾਣੀ ਲਿਖੀ ਕਿਵੇਂ ਹੈ ਤੇ ਉਸਦਾ ਢੰਗ ਕੀ ਹੈ? ਮੇਰੇ ਲਿਖਦੇ ਸਮੇਂ ਇਹ ਗੱਲ ਮੁੱਖ ਹੁੰਦੀ ਹੈ ਕਿ ਮੇਰੀ ਗੱਲ ਪਾਠਕ ਦੇ ਮਨ ਉੱਪਰ ਕਿਵੇਂ ਉਕਰੀ ਜਾਵੇ। 

? ਕਦੇ ਕਦੇ ਤੁਹਾਡੀ ਕਵਿਤਾ ਵੀ ਪੜ੍ਹਨ ਨੂੰ ਮਿਲ ਜਾਂਦੀ ਹੈ, ਕਵਿਤਾ ਇਤਨੀ ਘੱਟ ਕਿਉਂ ਲਿਖਦੇ ਹੋ? 

- ਕਵਿਤਾ ਮੇਰਾ ਸ਼ੌਕ ਹੈ। ਪਰ ਮੈਨੂੰ ਲੱਗਦਾ ਹੈ ਕਿ ਮੈਂ ਆਪਣੀ ਗੱਲ ਨਾਵਲ ਜਾਂ ਕਹਾਣੀ ਵਿਚ ਹੀ ਬਿਹਤਰ ਉਜਾਗਰ ਕਰ ਸਕਦਾ ਹਾਂ, ਜਾਂ ਮੈਂ ਸਮਝਦਾ ਹਾਂ ਕਿ ਕਵਿਤਾ ਉੱਪਰ ਮੇਰੀ ਪਕੜ ਪੂਰੀ ਨਹੀਂ ਹੈ। ਸ਼ਾਇਦ ਕਵਿਤਾ ਲਿਖਣ ਦੀ ਹੁੜਕ ਜਾਗਦੀ ਹੈ ਤਾਂ ਕਵਿਤਾ ਦੀ ਥਾਂ ਗੀਤ ਲਿਖ ਲੈਂਦਾ ਹਾਂ। ਕਵਿਤਾ ਦਾ ਮੈਂ ਪਾਠਕ ਹਾਂ, ਪਰ ਗ਼ਜ਼ਲ ਮੇਰੇ ਸਿਰ ਉੱਪਰੋਂ ਦੀ ਲੰਘ ਜਾਂਦੀ ਹੈ। 

? ਤੁਹਾਡੀਆਂ 20 ਪੁਸਤਕਾਂ ਛਪ ਚੁੱਕੀਆਂ ਹਨ ਅਤੇ ਕਈ ਨਾਵਲਾਂ ਦੇ ਕਈ-ਕਈ ਐਡੀਸ਼ਨ ਛਪ ਚੁੱਕੇ ਹਨ, ਇਤਨਾ ਲਿਖਣ ਵਿਚ ਕਿਤਨੀ ਕੁ ਸੰਤੁਸ਼ਟੀ ਮਿਲੀ ਹੈ? 

- ਮਾੜੀ ਮੋਟੀ ਸੰਤੁਸ਼ਟੀ ਮਿਲੀ ਹੈ। ਨਾਵਲ ਜਾਂ ਕਹਾਣੀ ਸੰਗ੍ਰਹਿ ਛਪ ਜਾਣ ਤੋਂ ਬਾਅਦ ਇੰਜ ਜਾਪਦਾ ਹੈ ਕਿ ਕਿਧਰੇ ਬਹੁਤ ਕੁਝ ਅਧੂਰਾ ਰਹਿ ਗਿਆ ਹੈ। ਵੈਸੇ ਲੇਖਕ ਦੀ ਸੰਤੁਸ਼ਟੀ ਘੱਟ ਹੀ ਹੁੰਦੀ ਹੈ। ਜਿਸ ਦਿਨ ਲੇਖਕ ਪੂਰੀ ਤਰ੍ਹਾਂ ਸੰਤੁਸ਼ਟ ਹੋ ਗਿਆ, ਉਸ ਦਿਨ ਉਹ ਲਿਖਣੋਂ ਹੱਟ ਜਾਵੇਗਾ। 

? ਤੁਹਾਡੇ ਨਾਵਲ 'ਪੁਰਜਾ ਪੁਰਜਾ ਕਟਿ ਮਰੈ', 'ਤਵੀ ਤੋਂ ਤਲਵਾਰ ਤੱਕ', 'ਉੱਜੜ ਗਏ ਗਰਾਂ', 'ਤਰਕਸ਼ ਟੰਗਿਆ ਜੰਡ', 'ਜੱਟ ਵੱਢਿਆ ਬੋਹੜ ਦੀ ਛਾਵੇਂ' ਅਤੇ 'ਬਾਰ੍ਹੀਂ ਕੋਹੀਂ ਬਲਦਾ ਦੀਵਾ' ਬਾਹਰਲੇ ਕਈ ਅਖਬਾਰਾਂ ਵਿਚ ਇੱਕੋ ਸਮੇਂ ਲੜੀਵਾਰ ਛਪੇ ਅਤੇ ਸੰਸਾਰ ਭਰ ਦੇ ਪੰਜਾਬੀਆਂ ਵਿਚ ਇਸਦੀ ਹੱਦੋਂ ਵੱਧ ਪ੍ਰਸੰਸਾ ਹੋਈ। ਇਸ ਪੱਖੋਂ ਕਿਤਨੀ ਕੁ ਸੰਤੁਸ਼ਟੀ ਮਹਿਸੂਸ ਕਰਦੇ ਹੋ? 

- ਇਹਨਾਂ ਨਾਵਲਾਂ ਕਰਕੇ ਜਿਤਨਾ ਮਾਣ ਸਤਿਕਾਰ ਪੰਜਾਬੀਆਂ ਅਤੇ ਸਿੱਖ ਭਾਈਚਾਰੇ ਨੇ ਮੈਨੂੰ ਬਖਸ਼ਿਆ, ਇਹ ਮੈਂ ਲਫ਼ਜ਼ੀ ਤੌਰ 'ਤੇ ਦੱਸ ਨਹੀਂ ਸਕਦਾ। ਮੈਨੂੰ ਇੰਗਲੈਂਡ, ਅਮਰੀਕਾ, ਕੈਨੇਡਾ, ਬੈਲਜੀਅਮ, ਸਵਿਟਜਰਲੈਂਡ, ਇਟਲੀ, ਫ਼ਰਾਂਸ, ਹੌਲੈਂਡ, ਜਰਮਨੀ ਅਤੇ ਹੋਰ ਦੇਸ਼ਾਂ ਵਿਚੋਂ ਸੱਦੇ ਆਏ ਅਤੇ ਅਜੇ ਤੱਕ ਆ ਰਹੇ ਹਨ। ਨਾਵਲਾਂ ਕਰਕੇ ਮੈਂ ਮੁਫਤ ਵਿਚ ਅੱਧਾ ਸੰਸਾਰ ਗਾਹ ਲਿਆ। ੨੭ ਅਪ੍ਰੈਲ ੨੦੦੩ ਨੂੰ ਸ਼ਿਕਾਗੋ (ਅਮਰੀਕਾ) ਵਿਚ ਮੈਨੂੰ ਪੰਜਾਂ ਤਖਤਾਂ ਦੇ ਜੱਥੇਦਾਰ ਸਹਿਬਾਨ ਨੇ ਵੀ ਸਨਮਾਨਿਤ ਕੀਤਾ ਅਤੇ ਅਥਾਹ ਮਾਣ ਬਖਸ਼ਿਆ। ਕੈਨੇਡਾ ਵਿਚ ਵੀ ਦੋ ਵਾਰ ਬੁਲਾ ਕੇ ਸਨਮਾਨਿਤ ਕੀਤਾ ਗਿਆ। ਇਸ ਤਰ੍ਹਾਂ ਹਰ ਜਗ੍ਹਾ ਜਿੱਥੇ-ਜਿੱਥੇ ਵੀ ਮੈਨੂੰ ਸਨਮਾਨਿਤ ਕੀਤਾ ਗਿਆ, ਗੋਲਡ ਮੈਡਲ ਮਿਲੇ, ਅਚੀਵਮੈਂਟ ਅਵਾਰਡ ਮਿਲੇ, ਨਾਨਕ ਸਿੰਘ ਨਾਵਲਿਸਟ ਅਵਾਰਡ ਮਿਲਿਆ, ਮੈਨੂੰ ਬੜੀ ਖੁਸ਼ੀ ਮਹਿਸੂਸ ਹੋਈ। ਜਿਸ ਨਾਲ ਮੈਨੂੰ ਅਥਾਹ ਆਤਮਿਕ ਬਲ ਮਿਲਿਆ। 

? ਪੱਛਮ ਵਿਚ ਰਚੇ ਜਾ ਰਹੇ ਪੰਜਾਬੀ ਸਾਹਿਤ ਵਿਚ ਗੋਰੇ ਪਾਤਰ ਇਤਨੇ ਘੱਟ ਕਿਉਂ ਹੁੰਦੇ ਹਨ? 

- ਤੁਹਾਡੀ ਇਹ ਗੱਲ ਠੀਕ ਹੈ। ਅਸੀਂ ਪੰਜਾਬੀ ਪੱਛਮ ਵਿਚ 40-50 ਸਾਲਾਂ ਤੋਂ ਰਹਿ ਰਹੇ ਹਾਂ। ਪਰ ਸਾਡੀਆਂ ਰਚਨਾਵਾਂ ਵਿਚ ਅਜਿਹੇ ਪਾਤਰ ਨਹੀਂ ਆਏ ਜਿਤਨੇ ਕਿ ਆਉਣੇ ਚਾਹੀਦੇ ਸਨ। ਸ਼ਾਇਦ ਇਸ ਦਾ ਕਾਰਨ ਇਹ ਹੈ ਕਿ ਇੱਧਰ ਲੇਖਕਾਂ ਦਾ ਵਾਹ ਘੱਟ ਪਿਆ ਹੈ। ਜੇ ਪਿਆ ਵੀ ਹੈ ਤਾਂ ਨੈਗੇਟਿਵ ਤੌਰ 'ਤੇ। ਇਸ ਖਾਤਰ ਸਾਨੂੰ ਹਾਲੇ ਤਜ਼ਰਬਿਆਂ ਵਿਚੋਂ ਲੰਘਣਾ ਪਵੇਗਾ। ਗੋਰੇ ਪਾਤਰ ਦੀਆਂ ਮਨ ਦੀਆਂ ਗੁਥਲੀਆਂ ਫਰੋਲਣ ਲਈ ਉਹਨਾਂ ਦੇ ਜ਼ਿਆਦਾ ਨੇੜੇ ਜਾਣਾ ਹੋਵੇਗਾ। ਜਿਤਨੇ ਕੁ ਗੋਰੇ ਪਾਤਰ ਆਏ ਹਨ, ਉਹਨਾਂ ਦਾ ਚਿਤਰਨ ਵੀ ਅਸਥਾਈ ਹੈ। 

? ਭਾਰਤੀ ਪੰਜਾਬੀ ਲੇਖਕ ਪਰਵਾਸੀ ਪੰਜਾਬੀ ਲੇਖਕਾਂ ਬਾਰੇ ਅਕਸਰ ਕਹਿੰਦੇ ਹਨ ਕਿ ਬਾਹਰਲੇ ਲੇਖਕ ਪੈਸੇ ਦੇ ਕੇ ਆਪਣੀਆਂ ਕਿਤਾਬਾਂ ਛਪਵਾਉਂਦੇ ਹਨ? 

- ਇਹ ਨਿਰਮੂਲ ਬਦਨਾਮੀ ਹੈ। ਕੁਝ ਕੁ ਨਾਮਵਰ ਲੇਖਕਾਂ ਨੂੰ ਛੱਡ ਕੇ ਸਾਰੇ ਹੀ ਪੈਸੇ ਦੇ ਕੇ ਕਿਤਾਬਾਂ ਛਪਵਾਉਂਦੇ ਹਨ। ਇਹ ਕਿਸੇ ਤੇ ਤੋਹਮਤ ਨਹੀਂ ਹੈ। ਇਹ ਤਾਂ ਪੰਜਾਬੀ ਸਾਹਿਤਕਾਰ ਦਾ ਦੁਖਾਂਤ ਹੀ ਹੈ। ਕੁਝ ਕੁ ਲੇਖਕਾਂ ਨੂੰ ਛੱਡ ਕੇ ਪੰਜਾਬੀ ਸਾਹਿਤ ਵਿਚ ਕਿੰਨੇ ਕੁ ਲੇਖਕ ਹਨ, ਜਿੰਨਾ ਨੂੰ ਪ੍ਰਕਾਸ਼ਕ ਆਵਾਜ਼ਾਂ ਮਾਰਦੇ ਹਨ, ਕਿ ਆਓ ਤੁਹਾਡੀ ਕਿਤਾਬ ਛਾਪੀਏ? ਅਜਿਹੇ ਲੇਖਕਾਂ ਦੀ ਗਿਣਤੀ ਨਿਗੂਣੀ ਹੈ। ਲੇਖਕ ਦਾ ਪੱਧਰ ਉਸਦੀ ਰਚਨਾ ਹੁੰਦੀ ਹੈ। ਕਿਤਾਬ ਛਾਪਣਾ ਵੀ ਪ੍ਰਕਾਸ਼ਕ ਨੇ ਆਪਣੇ ਫਾਇਦੇ ਬਾਰੇ ਸੋਚਣਾ ਹੈ। ਪ੍ਰਕਾਸ਼ਕ ਤਾਂ ਦੁਕਾਨਦਾਰ ਹੈ, ਪਤਾ ਨਹੀਂ ਕਿੰਨਾ ਕੁ ਸੁਚੱਜਾ ਸਾਹਿਤ ਪੈਸੇ ਖੁਣੋਂ ਅਣਛਪਿਆ ਰਹਿ ਗਿਆ ਜਾਂ ਅਣਛਪਿਆ ਪਿਆ ਹੈ। 

? ਲੇਖਕਾਂ ਵਿਚਲੀ ਜੋ ਗਰੁੱਪਬੰਦੀ ਹੈ, ਉਸ ਬਾਰੇ ਤੁਹਾਡੇ ਕੀ ਵਿਚਾਰ ਹਨ? 

- ਧੜੇਬੰਦੀ ਇਕ ਕੁਦਰਤੀ ਚੀਜ਼ ਹੈ। ਇਹ ਹਰ ਜਗ੍ਹਾ ਅਤੇ ਹਰ ਖੇਤਰ ਵਿਚ ਹੁੰਦੀ ਹੈ। ਗਰੁੱਪਬੰਦੀ ਇਤਨੀ ਮਾੜੀ ਚੀਜ਼ ਨਹੀਂ ਹੈ। ਪਰ ਜਦ ਇਸਦੇ ਪ੍ਰਭਾਵ ਹੇਠ ਹਲਕੀ ਰਚਨਾ ਨੂੰ ਵਧੀਆ ਬਣਾ ਦਿੱਤਾ ਜਾਂਦਾ ਹੈ ਅਤੇ ਵਧੀਆ ਰਚਨਾ ਨੂੰ ਅਣਗੌਲਿਆਂ ਕੀਤਾ ਜਾਂਦਾ ਹੈ, ਇਹ ਮਾੜੀ ਗੱਲ ਹੈ। ਹੁਣ ਤੁਸੀਂ ਇਥੇ ਹੀ ਲੈ ਲਵੋ ਕਿ ਸਾਨੂੰ ਪੰਜਾਬੀ ਲੇਖਕ ਦੀ ਥਾਂ ਪ੍ਰਵਾਸੀ ਲੇਖਕ ਕਰਕੇ ਜਾਣਿਆ ਜਾਂਦਾ ਹੈ। ਇੰਗਲੈਂਡ ਦੇ ਪਿੱਛੇ ਯੂ ਕੇ, ਅਮਰੀਕਾ ਦੇ ਲੇਖਕਾਂ ਮਗਰ ਯੂ ਐਸ ਏ ਹੀ ਲਿਖਿਆ ਹੁੰਦਾ ਹੈ। ਪੰਜਾਬੀ ਜਾਂ ਹਿੰਦੁਸਤਾਨੀ ਲੇਖਕ ਸਾਡੇ ਉੱਪਰ ਆਸਟਰੀਆ ਜਾਂ ਇੰਗਲੈਂਡ ਵਾਲਾ ਲੇਬਲ ਚਿਪਕਾ ਦਿੰਦੇ ਹਨ। ਪਰ ਫਿਰ ਵੀ ਮੈਂ ਪੰਜਾਬੀ ਲੇਖਕ ਰਹਿਣ ਦੀ ਅਤੇ ਗਰੁੱਪਬੰਦੀ ਤੋਂ ਪਾਸੇ ਰਹਿਣ ਦੀ ਹੀ ਕੋਸ਼ਿਸ਼ ਵਿਚ ਰਹਿੰਦਾ ਹਾਂ। 

? ਤੁਸੀਂ ਕਹਾਣੀਆਂ ਦੇ ਵਿਸ਼ੇ ਕਿਵੇਂ ਚੁਣਦੇ ਜਾਂ ਲੱਭਦੇ ਹੋ? 

- ਹੋਰਨਾਂ ਲੇਖਕਾਂ ਵਾਂਗ ਕਹਾਣੀ ਮੈਂ ਵੀ ਆਲੇ-ਦੁਆਲੇ ਵਿਚੋਂ ਲੈਂਦਾ ਹਾਂ। ਅਖਬਾਰ ਪੜ੍ਹ ਕੇ ਜਾਂ ਕਿਸੇ ਦੀ ਦੱਸੀ ਗੱਲ ਉਪਰ ਵੀ ਰਚਨਾ ਹੋ ਜਾਂਦੀ ਹੈ। ਇਨਸਾਨ ਨਾਲ ਜ਼ਿੰਦਗੀ ਵਿਚ ਇਤਨਾ ਕੁਝ ਵਾਪਰਦਾ ਹੈ ਕਿ ਪੈਰ-ਪੈਰ 'ਤੇ ਕਹਾਣੀ ਪਈ ਮਿਲਦੀ ਹੈ। ਪਰ ਤੁਹਾਨੂੰ ਚੋਣ ਆਪ ਕਰਨੀ ਪੈਂਦੀ ਹੈ। ਕਹਾਣੀ ਚੁਣਨ ਅਤੇ ਉਸਦੇ ਨਿਭਾਅ ਦਾ ਤਰੀਕਾ ਹਰ ਲੇਖਕ ਦਾ ਵੱਖਰਾ ਹੀ ਹੁੰਦਾ ਹੈ। ਜਿਹੜਾ ਵਿਸ਼ਾ ਮੇਰੀ ਪਕੜ ਵਿਚ ਨਾ ਆਵੇ, ਮੈਂ ਉਸਨੂੰ ਲਿਖਣ ਤੋਂ ਗੁਰੇਜ਼ ਹੀ ਕਰਦਾ ਹਾਂ। 

? ਕਿੰਨ੍ਹਾਂ ਵਿਸ਼ਿਆਂ ਉੱਪਰ ਲਿਖਣਾ ਪਸੰਦ ਕਰਦੇ ਹੋ? 

- ਮੈਨੂੰ ਮਨੁੱਖੀ ਸੰਬੰਧਾਂ ਬਾਰੇ ਗੱਲ ਕਰਨੀ ਚੰਗੀ ਲੱਗਦੀ ਹੈ, ਵੈਸੇ ਤਾਂ ਮਨੁੱਖ ਦੀ ਕੋਈ ਵੀ ਸਮੱਸਿਆ ਹੋਵੇ, ਮੈਨੂੰ ਬੇਚੈਨ ਕਰਦੀ ਹੈ। ਜੇ ਹੋ ਸਕੇ ਤਾਂ ਮੈਂ ਲਿਖਦਾ ਵੀ ਹਾਂ। ਇਸ ਬਾਰੇ ਮੇਰੇ ਇਕ ਦੋਸਤ ਨੇ ਕਿਹਾ ਸੀ ਕਿ ਜੇ ਰੋਟੀ ਦਾ ਮਸਲਾ ਹੱਲ ਹੋ ਜਾਵੇ, ਤਾਂ ਸਾਰੇ ਮਸਲੇ ਹੱਲ ਹੋ ਸਕਦੇ ਹਨ। ਪਰ ਮੈਂ ਸੋਚਦਾ ਹਾਂ ਕਿ ਅਸਲ ਵਿਚ ਮਸਲੇ ਤਾਂ ਸ਼ੁਰੂ ਹੀ ਉਥੋਂ ਹੁੰਦੇ ਹਨ। ਜਜ਼ਬਾਤਾਂ ਵਿਚ ਕੋਈ ਆਦਰਸ਼ਵਾਦ ਨਹੀਂ ਚਲਦਾ, ਇਹਨਾਂ ਦਾ ਵਹਾਅ ਕੁਦਰਤੀ ਹੀ ਹੁੰਦਾ ਹੈ। 

? ਵਿਦੇਸ਼ਾਂ ਵਿਚ ਕੀ ਇਹੋ ਜਿਹੇ ਵਿਸ਼ੇ ਵੀ ਹਨ, ਜੋ ਲੇਖਕਾਂ ਨੇ ਨਹੀਂ ਛੋਹੇ? 

- ਇਹ ਸੁਆਲ ਹੈ ਤਾਂ ਬਹੁਤ ਹੀ ਅਹਿਮ, ਹੋ ਸਕਦਾ ਹੈ ਮੈਂ ਇਸ ਦਾ ਉੱਤਰ ਹੀ ਨਾ ਦੇ ਸਕਦਾ ਹੋਵਾਂ। ਇੱਥੇ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹਨ, ਜੋ ਪੰਜਾਬੀ ਕਹਾਣੀ ਦੀ ਪਕੜ ਵਿਚ ਨਹੀਂ ਆਈਆਂ। ਜੇ ਕਿਸੇ ਨੇ ਲਿਖਿਆ ਹੈ ਤਾਂ ਨਿੱਠ ਕੇ ਨਹੀਂ ਲਿਖਿਆ। ਉਦਾਹਰਣ ਦੇ ਤੌਰ 'ਤੇ ਰਾਬਿੰਦਰ ਨਾਥ ਟੈਗੋਰ ਦੀ 'ਹੋਮ ਕਮਿੰਗ' ਵਰਗੀ ਇਕ ਵੀ ਕਹਾਣੀ ਪੰਜਾਬੀ ਵਿਚ ਨਹੀਂ ਹੈ। ਤੁਸੀਂ ਮੇਰੇ ਕਹਾਣੀ ਸੰਗ੍ਰਹਿ 'ਊਠਾਂ ਵਾਲੇ ਬਲੋਚ' ਵਿਚੋਂ 'ਬਾਬਾ ਬਖਤੌਰਾ' 'ਮੜੀਆਂ ਦੇ ਬਲਦੇ ਦੀਵੇ' ਆਦਿ ਪੜ੍ਹ ਕੇ ਦੇਖ ਲਵੋ, ਇਹ ਪੰਜਾਬੀ ਬਜ਼ੁਰਗਾਂ ਅਤੇ ਵਿਆਹ ਲਈ ਆਈਆਂ ਮੁਟਿਆਰਾਂ ਅਤੇ ਨੌਜਵਾਨਾਂ ਦੇ ਦੁਖਾਂਤ ਨੂੰ ਉਜਾਗਰ ਕਰਦੀਆਂ ਹਨ। 

? ਪੁਰਾਣੇ ਲੇਖਕ ਨਵੇਂ ਲੇਖਕਾਂ ਨੂੰ ਅੱਖੋਂ-ਪਰੋਖੇ ਕਿਉਂ ਕਰਦੇ ਹਨ? 

- ਨਹੀਂ, ਅਜਿਹੀ ਗੱਲ ਨਹੀਂ ਹੈ। ਹਰ ਬੰਦੇ ਦੀ ਵੱਖਰੀ ਸ਼ਖਸੀਅਤ ਹੁੰਦੀ ਹੈ। ਦੂਜੀ ਗੱਲ ਅਸੀਂ ਲੇਖਕਾਂ ਨੂੰ ਬੜੇ ਵੱਡੇ ਬੰਦੇ ਮੰਨਣ ਲੱਗ ਪੈਂਦੇ ਹਾਂ। ਜਦ ਕਿ ਉਹ ਸਧਾਰਨ ਬੰਦੇ ਹੀ ਹੁੰਦੇ ਹਨ। ਆਮ ਬੰਦਿਆਂ ਵਾਲੀਆਂ ਕਮਜ਼ੋਰੀਆਂ ਉਹਨਾਂ ਵਿਚ ਵੀ ਹੁੰਦੀਆਂ ਹਨ। ਅਸੀਂ ਉਹਨਾਂ ਤੋਂ ਵੱਡੀਆਂ ਆਸਾਂ ਰੱਖਦੇ ਹੋਏ, ਉਨ੍ਹਾਂ ਤੱਕ ਪਹੁੰਚ ਕਰਦੇ ਹਾਂ। ਅਸੀਂ ਉਹਨਾਂ ਬਾਰੇ ਦਿਲਾਂ ਵਿਚ ਵੱਖਰੀਆਂ ਤਸਵੀਰਾਂ ਬਣਾਈਆਂ ਹੁੰਦੀਆਂ ਹਨ। ਜਦ ਕਿ ਪੁਰਾਣੇ ਲੇਖਕ ਸਾਡੀਆਂ ਜੜ੍ਹਾਂ ਹਨ, ਪੌੜੀ ਨਹੀਂ। 

? ਤੁਹਾਡੀ ਲੇਖਕ ਬਣਨ ਦੀ ਕੋਈ ਖਾਹਿਸ਼ ਸੀ? 

- ਬਾਈ ਜੀ! ਨਾ ਤਾਂ ਲੇਖਕ ਬਣਿਆ ਜਾ ਸਕਦਾ ਹੈ ਅਤੇ ਨਾ ਹੀ ਲੇਖਕ ਪੈਦਾ ਕੀਤਾ ਜਾ ਸਕਦਾ ਹੈ। ਇਹ ਤਾਂ ਕੁਦਰਤ ਵੱਲੋਂ ਹੀ ਇੱਕ ਅਨਮੋਲ ਬਖਸ਼ਿਸ਼ ਹੁੰਦੀ ਹੈ। ਅਦੁੱਤੀ ਦਾਤ ਹੁੰਦੀ ਹੈ। ਲੇਖਕ ਬਣਨਾ ਤਾਂ ਮੈਂ ਕਦੀ ਸੁਪਨੇ ਵਿਚ ਵੀ ਨਹੀਂ ਸੀ ਚਿਤਵਿਆ। ਹਾਂ, ਸਕੂਲ ਕਾਲਜ ਟਾਈਮ ਤੇ ਫਿਲਮਾਂ ਦੇਖ-ਦੇਖ ਕੇ ਮੈਨੂੰ ਐਕਟਰ ਬਣਨ ਦਾ 'ਹਲ਼ਕ' ਜ਼ਰੂਰ ਉਠਿਆ ਸੀ। ਪਰ 'ਕੱਲਾ-'ਕੱਲਾ ਪੁੱਤ ਹੋਣ ਕਰਕੇ ਘਰਦਿਆਂ ਨੇ ਪੇਸ਼ ਨਾ ਜਾਣ ਦਿੱਤੀ। ਫਿਰ ਗਾਇਕ ਬਣਨ ਦਾ 'ਹੀਂਗਣਾ' ਛੁੱਟ ਪਿਆ। ਫਿਰ ਮਾਂ ਬਾਪ ਨੇ ਚਾਰ ਭੈਣਾਂ ਦਾ 'ਕੱਲਾ ਭਰਾ ਹੋਣ ਦਾ ਅਹਿਸਾਸ ਕਰਵਾਇਆ। ਮੇਰੀਆਂ ਚਾਰ ਭੈਣਾਂ ਵੱਡੀਆਂ ਹਨ, ਮੈਂ ਸਾਰੀਆਂ ਤੋਂ ਛੋਟਾ ਤੇ ਲਾਡਲਾ ਰਿਹਾ ਹਾਂ। ਬੱਸ, ਫਿਰ ਗੁਰੂ ਮਹਾਰਾਜ ਨੇ ਲਿਖਣ ਵੱਲ ਤੋਰ ਲਿਆ। 

? ਤੁਸੀਂ ਇਤਨੇ ਬਿਜ਼ੀ ਹੋਣ ਨਾਲ਼ ਲਿਖਦੇ ਕਿਵੇਂ ਤੇ ਕਦੋਂ ਹੋ? 

- ਜਦ ਮੈਂ ਕੋਈ ਵੱਡ-ਅਕਾਰੀ ਨਾਵਲ ਲਿਖਣਾ ਸ਼ੁਰੂ ਕਰਦਾ ਹਾਂ ਤਾਂ ੨੪ ਘੰਟਿਆਂ ਵਿਚ ਸਿਰਫ ਇਕ ਵਾਰ ਖਾਣਾ ਖਾਂਦਾ ਹਾਂ। ਰਾਤ ਨੂੰ ਅੱਠ ਕੁ ਵਜੇ ਸੌਂ ਜਾਂਦਾ ਹਾਂ ਅਤੇ ਸਵੇਰੇ ਦੋ ਵਜੇ ਉੱਠ ਕੇ ਚਾਹ ਪੀ ਕੇ ਲਿਖਣ ਬੈਠ ਜਾਂਦਾ ਹਾਂ ਅਤੇ ਸਾਢੇ ਕੁ ਚਾਰ ਘੰਟੇ, ਮਤਲਬ ਸਾਢੇ ਕੁ ਛੇ ਵਜੇ ਤੱਕ ਲਿਖਦਾ ਹਾਂ। ਫਿਰ ਬੱਚੇ ਉੱਠ ਖੜ੍ਹਦੇ ਹਨ। ਜੇ ਬੱਚਿਆਂ ਨੂੰ ਛੁੱਟੀ ਹੋਵੇ ਤਾਂ ਸਵੇਰ ਦੇ ਦਸ-ਗਿਆਰਾਂ ਵਜੇ ਤੱਕ ਸੁੱਤੇ ਰਹਿੰਦੇ ਹਨ ਅਤੇ ਮੇਰਾ ਲਿਖਣ ਦਾ ਕੰਮ ਬੱਚਿਆਂ ਦੇ ਸੁੱਤੇ ਰਹਿਣ ਤੱਕ ਚੱਲਦਾ ਰਹਿੰਦਾ ਹੈ। ਘਰ ਦਾ ਸਾਰਾ ਕੰਮ ਮੇਰੀ ਘਰਵਾਲੀ ਦਾ ਸੰਭਾਲਿਆ ਹੋਇਆ ਹੈ, ਮੇਰੇ ਤੇ ਕੋਈ ਪਰਿਵਾਰਕ ਬੋਝ ਨਹੀਂ ਸੁੱਟਦੀ, ਮੈਂ ਆਜ਼ਾਦ ਹਾਂ। 

? ਤੁਸੀਂ 1990 ਤੋਂ ਪੱਕੇ ਤੌਰ 'ਤੇ ਪਹਿਲਾਂ ਆਸਟਰੀਆ ਅਤੇ ਹੁਣ ਇੰਗਲੈਂਡ ਰਹਿ ਰਹੇ ਹੋ, ਜਦ ਕਿ ਪੰਜਾਬ ਦਾ ਦੁਖਾਂਤ ਮੁੱਖ ਤੌਰ 'ਤੇ 1984 ਵਿਚ ਸ਼ੁਰੂ ਹੋਇਆ। ਫਿਰ 'ਪੁਰਜਾ-ਪੁਰਜਾ ਕਟਿ ਮਰੈ', 'ਤਵੀ ਤੋਂ ਤਲਵਾਰ ਤੱਕ' ਅਤੇ 'ਬਾਰ੍ਹੀਂ ਕੋਹੀ ਬਲਦਾ ਦੀਵਾ', ਵਿਚ ਚਿਤਰੀਆਂ ਘਟਨਾਵਾਂ ਤੁਸੀਂ ਕਿੱਥੋਂ ਲਈਆਂ? 

- ਮੈਨੂੰ ਦੇਸ਼ ਅਤੇ ਵਿਦੇਸ਼ਾਂ ਵਿਚ ਛਪਦੇ 24 ਪ੍ਰਮੁੱਖ ਅਖਬਾਰਾਂ ਅਤੇ ਰਸਾਲਿਆਂ ਵਿਚ ਛਪਣ ਦਾ ਮਾਣ ਹਾਸਿਲ ਹੈ। 1986 ਤੋਂ ਲੈਕੇ ਹੁਣ ਤੱਕ ਮੇਰੇ ਕੋਲ ਹਰ ਤਰ੍ਹਾਂ ਦਾ ਅਖਬਾਰ ਅਤੇ ਰਸਾਲਾ ਪੁੱਜਦਾ ਰਿਹਾ ਹੈ ਅਤੇ ਪੁੱਜ ਰਿਹਾ ਹੈ। ਜੋ ਘਟਨਾਵਾਂ ਅਖਬਾਰਾਂ ਰਸਾਲਿਆਂ ਵਿਚ ਛਪਦੀਆਂ ਰਹੀਆਂ, ਉਹ ਕੱਟ ਕੇ ਰੱਖ ਲੈਂਦਾ ਰਿਹਾ। ਫਿਰ ਡੇਢ ਸਾਲ ਲਾ ਕੇ 'ਪੁਰਜਾ ਪੁਰਜਾ ਕਟਿ ਮਰੈ', ਨੌਂ ਮਹੀਨਿਆਂ ਵਿਚ 'ਤਵੀ ਤੋਂ ਤਲਵਾਰ ਤੱਕ' ਅਤੇ ਤਕਰੀਬਨ ਗਿਆਰਾਂ ਕੁ ਮਹੀਨਿਆਂ ਵਿਚ 'ਬਾਰ੍ਹੀਂ ਕੋਹੀਂ ਬਲਦਾ ਦੀਵਾ' ਲਿਖਿਆ। ਪੰਜਾਬ ਦੇ ਦੁਖਾਂਤ 'ਤੇ ਲਿਖੀਆਂ ਬਹੁਤ ਕਿਤਾਬਾਂ ਪੜ੍ਹੀਆਂ, ਅਧਿਐਨ ਕੀਤਾ, ਫਿਰ ਲਿਖਿਆ। 

? ਤੁਸੀਂ ਆਪਣੇ ਨਾਵਲ 'ਪੁਰਜਾ ਪੁਰਜਾ ਕਟਿ ਮਰੈ', 'ਤਵੀ ਤੋਂ ਤਲਵਾਰ ਤੱਕ' ਅਤੇ 'ਬਾਰ੍ਹੀਂ ਕੋਹੀਂ ਬਲਦਾ ਦੀਵਾ', 'ਚ ਬੜੀ ਨਿੱਡਰਤਾ ਅਤੇ ਬੇਬਾਕੀ ਨਾਲ ਸਿੱਖ ਪੰਥ ਦਾ ਦਰਦ ਚਿਤਰਿਆ ਹੈ। ਪਰ ਕਈ ਲੋਕ ਤੁਹਾਡੇ "ਸਹਿਜਧਾਰੀ" ਹੋਣ ਤੇ ਕਾਫ਼ੀ ਖਫ਼ਾ ਹਨ? 

- ਦੇਖੋ ਬਾਈ ਜੀ, ਜੇ ਮੈਂ ਦਾਹੜੀ ਜਾਂ ਵਾਲ ਕਟਵਾਉਂਦਾ ਹਾਂ, ਤਾਂ ਮੇਰਾ ਆਪਣਾ ਨਿੱਜੀ ਮਸਲਾ ਹੈ। ਬਾਬਰੀ ਮਸਜਿਦ ਢਾਹੀ, ਤਾਂ ਮੈਂ ਲਿਖਿਆ। ਪਾਦਰੀਆਂ 'ਤੇ ਹਮਲਾ ਹੋਇਆ, ਮੈਂ ਤਾਂ ਲਿਖਿਆ। ਫਿਰ ਤਾਂ ਮੁਸਲਮਾਨ ਭਰਾ ਕਹਿਣ ਲੱਗ ਜਾਂਦੇ, ਬਈ ਤੁਸੀਂ ਸਾਡੇ ਦੁੱਖ ਲਿਖੇ ਹਨ, ਹੁਣ ਸੁੰਨਤ ਕਰਵਾ ਲਵੋ। ਕ੍ਰਿਸ਼ਚੀਅਨ ਲੋਕ ਕਹਿਣ ਲੱਗ ਪੈਂਦੇ ਬਈ ਹੁਣ ਤੁਸੀਂ ਇੱਧਰ ਆ ਜਾਵੋ। ਪਾਖੰਡੀ ਬੰਦਾ ਮੈਂ ਬਿਲਕੁਲ ਨਹੀਂ, ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਰੱਬ ਦਾ ਬੰਦਾ ਹਾਂ। ਮੁਆਫ਼ ਕਰਨਾ ਮੈਨੂੰ, ਤੁਹਾਡੇ ਸਾਹਮਣੇ ਕਿੰਨੇ ਸੁਚੱਜਿਆਂ ਦਾਹੜਿਆਂ ਵਾਲੇ ਲੇਖਕ ਹਨ। ਪਰ ਸੁਆਲ ਤਾਂ ਇਹ ਉਠਦਾ ਹੈ ਕਿ ਕਿੰਨਿਆਂ ਕੁ ਨੇ ਈਮਾਨਦਾਰੀ ਨਾਲ ਸਿੱਖ ਪੰਥ ਦੀ ਗੱਲ ਕੀਤੀ? ਮੈਂ ਨਹੀਂ ਕਹਿੰਦਾ ਕਿ ਮੈਂ ਬਹੁਤ ਵੱਡਾ ਲੇਖਕ ਹਾਂ, ਪਰ ਬੁੱਕਲ ਵਿਚ ਗੁੜ ਭੋਰਨ ਵਾਲਿਆਂ ਨਾਲੋਂ ਫਿਰ ਵੀ ਮਾੜਾ ਮੋਟਾ ਚੰਗਾ ਹਾਂ। ਮੇਰੀ ਸੋਚ ਮੁਤਾਬਿਕ ਜੇ ਇੱਕ ਨਿਰਪੱਖ ਲੇਖਕ ਨੂੰ 'ਲੇਖਕ' ਹੀ ਰਹਿਣ ਦਿੱਤਾ ਜਾਵੇ ਤਾਂ ਬਿਹਤਰ ਹੈ ਕਿਉਂਕਿ ਸਿੱਖੀ ਬਖਸ਼ੀ ਜਾਂਦੀ ਹੈ, ਠੋਸੀ ਨਹੀਂ ਜਾਂਦੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਿੱਜੀ ਕਵੀ ਸੈਨਾਪਤ ਜੀ ਅਤੇ ਭਾਈ ਨੰਦ ਲਾਲ ਜੀ ਦੇ ਅੰਮ੍ਰਿਤ ਛਕਣ ਦਾ ਇਤਿਹਾਸ ਵਿਚ ਕਿਤੇ ਜ਼ਿਕਰ ਨਹੀਂ ਆਉਂਦਾ। ਮੈਂ ਤਾਂ ਬਹੁਤ ਮਾਮੂਲੀ ਜਿਹਾ ਲੇਖਕ ਹਾਂ, ਮਜ਼ਹਬ ਪ੍ਰਤੀ ਸੁਆਲ ਤਾਂ ਪ੍ਰਸਿੱਧ ਲੇਖਕ ਸਆਦਤ ਹਸਨ ਮੰਟੋ ਵਰਗਿਆਂ 'ਤੇ ਵੀ ਉਠਦੇ ਰਹੇ। ਜੇ ਸਿਰਫ ਦਾਹੜਿਆਂ ਵਾਲੇ ਹੀ ਸਿੱਖ ਹਨ? ਤਾਂ ਇਸ ਪ੍ਰਤੀ ਸੈਂਕੜੇ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ। ਦੂਰ ਜਾਣ ਦੀ ਲੋੜ ਨਹੀਂ 1947 ਤੋਂ ਲੈ ਕੇ ਹੁਣ ਤੱਕ ਦਾ ਇਤਿਹਾਸ ਪੜ੍ਹ ਕੇ ਹੀ ਦੇਖ ਲਵੋ। 

? ਤੁਸੀਂ ਅੱਜ ਕੱਲ੍ਹ ਕੀ ਕਰ ਰਹੇ ਹੋ ਤੇ ਭਵਿੱਖ ਦੀਆਂ ਕੀ ਯੋਜਨਾਵਾਂ ਹਨ? 

- ਅੱਜ ਕੱਲ੍ਹ ਇਕ ਵੱਡ-ਅਕਾਰੀ ਨਾਵਲ 'ਡਾਚੀ ਵਾਲਿਆ ਮੋੜ ਮੁਹਾਰ ਵੇ' ਲਿਖ ਰਿਹਾ ਹਾਂ। "ਹਾਜੀ ਲੋਕ ਮੱਕੇ ਵੱਲ ਜਾਂਦੇ" ਤੋਂ ਬਾਅਦ ਹੁਣ "ਸੱਜਰੀ ਪੈੜ ਦਾ ਰੇਤਾ" ਨਾਵਲ ਮਾਰਕੀਟ ਵਿਚ ਆਇਆ ਹੈ। ਹੁਣੇ ਲਿਖਿਆ ਵੱਡ-ਅਕਾਰੀ ਨਾਵਲ "ਰੂਹ ਲੈ ਗਿਆ ਦਿਲਾਂ ਦਾ ਜਾਨੀ" ਨਾਵਲ ਮਸ਼ਹੂਰ ਪੇਪਰ 'ਹਮਦਰਦ ਵੀਕਲੀ', ਕੌਮਾਂਤਰੀ ਪ੍ਰਦੇਸੀ ਅਤੇ "ਪੰਜਾਬ ਟਾਈਮਜ਼" ਇੰਗਲੈਂਡ ਵਿਚ ਲੜੀਵਾਰ ਛਪ ਰਿਹਾ ਹੈ। ਇਸ ਤੋਂ ਇਲਾਵਾ ਬੜੀ ਜਲਦੀ ਇਕ ਨਵਾਂ ਕਾਲਮ 'ਹਮ ਬੋਲੇਗਾ ਤੋ ਬੋਲੋਗੇ ਕਿ ਬੋਲਤਾ ਹੈ' ਸ਼ੁਰੂ ਕਰਨ ਜਾ ਰਿਹਾ ਹਾਂ। ਉਸ ਤੋਂ ਬਾਅਦ ਇਕ ਹੋਰ ਪ੍ਰਵਾਸੀ ਜਨ-ਜੀਵਨ ਤੇ ਨਾਵਲ ਲਿਖਣ ਦਾ ਇਰਾਦਾ ਹੈ। ਅਗਲੇ 4-5 ਸਾਲਾਂ ਵਿਚ ਸਵੈ-ਜੀਵਨੀ ਲਿਖਾਗਾਂ, ਜਿਸ ਦਾ ਮੈਂ ਨਾਂ ਤੱਕ ਸੋਚ ਰੱਖਿਆ ਹੈ, "ਪਿਛਲਖੁਰੀ ਮੁੜਦਿਆਂ"। 

? ਅੱਜ ਕੱਲ ਤੁਸੀਂ ਦੇਸ਼-ਵਿਦੇਸ਼ ਵਿਚ ਬਹੁਤ ਪੜ੍ਹੇ ਤੇ ਸਲਾਹੇ ਜਾ ਰਹੇ ਹੋ, ਤੁਸੀਂ ਇਹ ਪ੍ਰਸਿੱਧੀ ਲਈ ਕਿਹੜੀ ਰਚਨਾ ਦਾ ਜ਼ਿਆਦਾ ਯੋਗਦਾਨ ਸਮਝਦੇ ਹੋ? 

- "ਪੁਰਜਾ ਪੁਰਜਾ ਕਟਿ ਮਰੈ" ਨਾਵਲ ਮੇਰੇ ਲਈ ਵਰਦਾਨ ਸਿੱਧ ਹੋਇਆ। ਇਸ ਨਾਲ ਮੇਰੀ ਦੇਸ਼ ਅਤੇ ਵਿਦੇਸ਼ਾਂ ਵਿਚ ਪਹਿਚਾਣ ਬਣੀ। ਜਦੋਂ ਇਹ ਨਾਵਲ 'ਪੰਜਾਬ ਟਾਈਮਜ਼' ਇੰਗਲੈਂਡ, 'ਚੜ੍ਹਦੀ ਕਲਾ' ਅਤੇ "ਸਾਂਝ ਸਵੇਰਾ" ਕੈਨੇਡਾ ਵਿਚ ਲੜੀਵਾਰ ਛਪ ਰਿਹਾ ਸੀ, ਉਦੋਂ ਟੈਲੀਫੋਨ ਅਤੇ ਐਡਰੈੱਸ ਛਪਣ ਉਪਰੰਤ ਮੈਨੂੰ ਦੇਸ਼ਾਂ ਵਿਦੇਸ਼ਾਂ ਵਿਚੋਂ ਸੈਂਕੜੇ ਫੋਨ ਅਤੇ ਪੱਤਰ ਆਏ। ਇਸ ਨਾਲ ਮੈਨੂੰ ਬੜਾ ਆਤਮਿਕ ਬਲ ਮਿਲਿਆ। ਉਪਰੋਕਤ ਨਾਵਲ ਹੁਣ ਅਠਾਰ੍ਹਵੀਂ ਵਾਰ ਉਡਾਨ ਪਬਲੀਕੇਸ਼ਨਜ਼ ਨੇ ਮਾਨਸਾ ਤੋਂ ਕਿਤਾਬੀ ਰੂਪ ਵਿਚ ਛਾਪਿਐ। ਬਹੁਤ ਪਾਠਕਾਂ ਨੇ ਇਸਨੂੰ ਅੰਗਰੇਜ਼ੀ ਵਰਗੀਆਂ ਹੋਰ ਭਾਸ਼ਾਵਾਂ ਵਿਚ ਅਨੁਵਾਦ ਕਰਵਾ ਕੇ ਛਪਵਾਉਣ ਦੀ ਰਾਇ ਦਿੱਤੀ ਅਤੇ ਸਰਦਾਰ ਧੜਮੈਤ ਵਰਗਿਆਂ ਨੇ ਇਸ ਤੇ ਲੜੀਵਾਰ ਫ਼ਿਲਮ ਬਣਾਉਣ ਬਾਰੇ ਵੀ ਕਿਹਾ। ਪ੍ਰਸਿੱਧ ਪੱਤਰਕਾਰ ਸ੍ਰ: ਬਸੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਇਹ ਨਾਵਲ ਪੰਜਾਬ ਦੇ ਘਰ-ਘਰ ਵਿਚ ਮੌਜੂਦ ਹੋਣਾ ਚਾਹੀਦਾ ਹੈ। ਇਸ ਹਾਂ ਪੱਖੀ ਹੁੰਗਾਰੇ ਤੋਂ ਬਾਅਦ ਨਾਵਲ "ਤਵੀ ਤੋਂ ਤਲਵਾਰ ਤੱਕ" ਅਤੇ "ਬਾਰ੍ਹੀਂ ਕੋਹੀਂ ਬਲਦਾ ਦੀਵਾ" ਲਿਖਿਆ। ਨਾਵਲ "ਪੁਰਜਾ ਪੁਰਜਾ ਕਟਿ ਮਰੈ" ਦਾ ਤਾਂ ਅੰਗਰੇਜ਼ੀ ਵਿਚ ਅਨੁਵਾਦ ਹੋ ਗਿਆ ਹੈ ਅਤੇ ਇਸ ਨੂੰ ਲੰਡਨ ਦੀ ਇਕ ਮਸ਼ਹੂਰ ਪਬਲਿਸ਼ਿੰਗ ਫਰਮ ਕਿਤਾਬੀ-ਰੂਪ ਵਿਚ ਛਾਪਣ ਜਾ ਰਹੀ ਹੈ! ਇਸ ਦਾ ਅੰਗਰੇਜ਼ੀ ਵਿਚ ਨਾਮ "ਸਟਰਗਲ ਫਾਰ ਡਿਗਨਿਟੀ" ਰੱਖਿਆ ਹੈ। ਅੱਜ ਕੱਲ੍ਹ ਲਿਖਿਆ ਜਾ ਰਿਹਾ ਨਾਵਲ "ਡਾਚੀ ਵਾਲਿਆ ਮੋੜ ਮੁਹਾਰ ਵੇ" ਮੇਰੇ ਆਤਮਿਕ ਅੰਦਾਜ਼ੇ ਅਨੁਸਾਰ ਮੇਰੀ ਸ਼ਾਹਕਾਰ ਰਚਨਾ ਹੋਵੇਗੀ।

? ਕੀ ਪਿਛਲੇ ਨਾਵਲਾਂ ਵਾਂਗ ਇਸ ਨਾਵਲ ਵਿਚ ਵੀ ਖਰਵ੍ਹੀਂ ਭਾਸ਼ਾ ਵਰਤੀ ਗਈ ਹੈ? 

- ਮੈਂ ਨਾਵਲ ਦੇ ਪਾਤਰਾਂ ਦੇ ਮੂੰਹ ਵਿਚ ਇਕ ਵੀ ਲਫਜ਼ ਨਹੀਂ ਪਾਉਂਦਾ। ਜਿਹੋ ਜਿਹਾ ਮੇਰੇ ਕਿਸੇ ਪਾਤਰ ਦਾ ਕਿਰਦਾਰ (ਕਰੈਕਟਰ) ਹੈ, ਉਹ ਆਪਣੀ ਉਹੀ ਰਵਾਇਤੀ ਭਾਸ਼ਾ ਬੋਲਦਾ ਹੈ। ਕਿਉਂਕਿ ਇਕ ਗਿਆਨੀ ਪੁਰਸ਼ ਅਤੇ ਪੁਲਸ ਅਫਸਰ ਦੇ ਵਰਤਾਓ ਵਿਚ ਕੋਹਾਂ ਦਾ ਅੰਤਰ ਹੈ। ਮੈਂ ਇਹਨਾਂ ਦੀ ਰਵਾਇਤੀ ਭਾਸ਼ਾ ਨੂੰ ਤੋੜ ਮਰੋੜ ਕੇ ਪੇਸ਼ ਕਰਨਾ ਇਕ ਗੁਨਾਂਹ ਹੀ ਨਹੀਂ, ਹਿਮਾਕਤ ਵੀ ਸਮਝਦਾ ਹਾਂ। ਪਰ ਮੇਰੇ ਪਾਠਕਾਂ ਨੇ ਮੇਰੀਆਂ ਰਚਨਾਵਾਂ ਪੜ੍ਹਕੇ ਅਸ਼ਲੀਲਤਾ ਬਾਰੇ ਕਦੇ ਸ਼ਿਕਾਇਤ ਨਹੀਂ ਕੀਤੀ। ਜੇ ਕੋਈ ਅਜਿਹਾ ਕਾਰਨ ਹੁੰਦਾ ਤਾਂ ਮੇਰਾ ਇੱਕ-ਇੱਕ ਨਾਵਲ 18-18 ਵਾਰੀ ਕਿਤਾਬੀ ਰੂਪ ਵਿਚ ਨਾ ਛਪਦਾ। 

? ਤੁਹਾਡਾ ਪਰਿਵਾਰ ਤੁਹਾਡੇ ਲੇਖਕ ਹੋਣ ਨੂੰ ਕਿਵੇਂ ਲੈਂਦਾ ਹੈ ਅਤੇ ਉਹਨਾਂ ਦਾ ਕੀ ਸਹਿਯੋਗ ਹੈ? 

- ਸਭ ਤੋਂ ਜ਼ਿਆਦਾ ਲੇਖਕ ਬਣਨ ਵਿਚ ਮੇਰੇ ਸਤਿਕਾਰਯੋਗ ਡੈਡੀ ਜੀ ਤੇ ਮੇਰੀ ਪਤਨੀ ਦਾ ਯੋਗਦਾਨ ਰਿਹਾ ਹੈ। 

? ਜੱਗੀ ਸਾਹਿਬ ਗ੍ਰਹਿਸਥੀ ਜੀਵਨ ਬਾਰੇ ਚਾਨਣਾ ਪਾਓਗੇ? 

- ਮੇਰੀ ਪਤਨੀ ਸਵਰਨ ਕੁੱਸਾ ਹੈ, ਉਹ ਮੇਰੀ ਲੇਖਣੀ ਦਾ ਸਰਮਾਇਆ ਹੈ। ਉਸ ਦੇ ਸਹਾਰੇ ਸਦਾ ਮੈਂ ਇਕ ਸੁਚੱਜੀ ਜ਼ਿੰਦਗੀ ਬਤੀਤ ਕਰ ਰਿਹਾ ਹਾਂ। ਬੇਟੀਆਂ ਤੇ ਬੇਟਾ ਕਬੀਰ ਚਿੱਕੂ ਕੁੱਸਾ ਹੈ। 

? ਲਿਖਣ ਤੋਂ ਬਿਨਾਂ ਕੋਈ ਹੋਰ ਵੀ ਸ਼ੌਕ ਹੈ? 

- ਪੜ੍ਹਨਾ, ਲਿਖਣਾ ਅਤੇ ਗੁਰੂ ਬਾਬੇ ਦੇ ਗੁਣ ਗਾਉਣਾ। ਬਾਕੀ ਫੁਰਸਤ ਦੇ ਪਲਾਂ ਵਿਚ ਗਾਉਣ ਪਾਣੀ ਵੀ ਸੁਣ ਲਈਦੈ ਬਾਈ ਜੀ। 

? ਆਪਣੇ ਪਾਠਕਾਂ ਲਈ ਕੋਈ ਸੁਨੇਹਾ? 

- ਬੜੀ ਸੰਤੁਸ਼ਟੀ ਹੈ ਪਾਠਕਾਂ ਤੋਂ ਬਾਈ ਜੀ, ਪਾਠਕ ਹੀ ਸਾਡੀ ਪੌੜੀ ਹਨ। ਜਿਨਾਂ ਆਸਰੇ ਨਿਰਬਲ ਲੇਖਕ ਨੇ ਪ੍ਰਸਿੱਧੀ ਹਾਸਿਲ ਕੀਤੀ। ਬੱਸ! ਜਿਉਂਦੇ ਵਸਦੇ ਰਹਿਣ ਮੌਜਾਂ ਮਾਨਣ। ਰੈਂਸੀ ਬਾਈ ਜੀ ਮੈਨੂੰ ਪਾਠਕਾਂ ਦੇ ਰੂ-ਬ-ਰੂ ਕਰਵਾਉਣ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ!