ਸਮੁੱਚੇ ਪੰਜਾਬ ਵਿੱਚ ਜਦੋਂ ਅਸੀਂ ਪੰਜਾਬੀ ਸਾਹਿਤਕਾਰਾਂ ਬਾਰੇ ਗੱਲ ਕਰਦੇ ਹਾਂ ਤਾਂ ਮਲਵਈ ਲੇਖਕਾਂ ਦਾ ਨਾਂ ਸਭ ਤੋਂ ਪਹਿਲਾਂ ਬੜੇ ਮਾਣ ਨਾਲ ਲਿਆ ਜਾਂਦਾ ਹੈ। ਮਾਲਵੇ ਦੇ ਜੰਮਪਲ਼ ਲੇਖਕਾਂ ਨੇ ਪੰਜਾਬੀ ਸਾਹਿਤ ਦੇ ਵਿਰਸੇ ਨੂੰ ਅਮੀਰ ਬਣਾਉਣ ਵਿਚ ਸਭ ਤੋਂ ਵੱਡਾ ਹਿੱਸਾ ਪਾਇਆ। ਕਵੀਸ਼ਰਾਂ ਤੋਂ ਲੈ ਕੇ ਸ। ਬੂਟਾ ਸਿੰਘ ਸ਼ਾਦ, ਪ੍ਰੋਫੈਸਰ ਗੁਰਦਿਆਲ ਸਿੰਘ ਜੈਤੋ, ਜਸਵੰਤ ਸਿੰਘ ਕੰਵਲ, ਸੰਤ ਸਿੰਘ ਸੇਖੋਂ ਆਦਿ ਕਿੰਨੇ ਹੀ ਹੋਰ ਲੇਖਕ ਮਾਲਵੇ ਦੀ ਹੀ ਦੇਣ ਹਨ। ਮਾਲਵੇ ਦੇ ਸਾਹਿਤਕ ਪਿੰਡ 'ਕੁੱਸਾ' ਦਾ ਜੰਮਪਲ, ਸ਼ਿਵਚਰਨ ਜੱਗੀ ਕੁੱਸਾ ਬੜੀ ਛੋਟੀ ਉਮਰ ਵਿਚ ਬੜਾ ਵੱਡਾ ਨਾਮਣਾ ਖੱਟਣ ਵਾਲਾ ਸਾਹਿਤਕਾਰ ਹੈ। ਕੁੱਸੇ ਪਿੰਡ ਦੇ ਕਵੀਸ਼ਰ ਗੁਰਬਖਸ਼ ਸਿੰਘ ਅਲਬੇਲਾ, ਕ੍ਰਾਂਤੀਕਾਰੀ ਕਵੀ ਓਮ ਪ੍ਰਕਾਸ਼ ਅਤੇ ਨਾਵਲਕਾਰ ਮਰਹੂਮ ਕਰਮਜੀਤ ਕੁੱਸਾ ਵੀ ਇਸੇ ਪਿੰਡ ਦੀ ਹੀ ਦੇਣ ਹਨ।
ਸ਼ਿਵਚਰਨ ਜੱਗੀ ਕੁੱਸਾ ਦਾ ਜਨਮ 1965 ਨੂੰ ਸਵਰਗਵਾਸੀ ਮਾਤਾ ਗੁਰਨਾਮ ਕੌਰ ਜੀ ਦੀ ਕੁੱਖੋਂ ਹੋਇਆ। ਆਪ ਨੇ ਮੁੱਢਲੀ ਵਿੱਦਿਆ ਗੁਰੂ ਨਾਨਕ ਖਾਲਸਾ ਹਾਈ ਸਕੂਲ ਤਖਤੂਪੁਰਾ ਤੋਂ ਦਸਵੀਂ ਤੱਕ ਪ੍ਰਾਪਤ ਕੀਤੀ ਅਤੇ ਇੱਕ ਸਾਲ ਡੀ। ਐੱਮ। ਕਾਲਜ ਮੋਗਾ ਵਿਖੇ ਲਾ ਕੇ, ਬਾਕੀ ਦੀ ਵਿੱਦਿਆ ਆਸਟਰੀਆ ਆ ਕੇ ਸੰਪੂਰਨ ਕੀਤੀ। 'ਕੁੱਸਾ' ਨੇ ਆਪਣਾ ਸਾਹਿਤਕ ਜੀਵਨ ਨਾਵਲ 'ਜੱਟ ਵੱਢਿਆ ਬੋਹੜ ਦੀ ਛਾਵੇਂ' ਤੋਂ ਸ਼ੁਰੂ ਕੀਤਾ। ਨਾਵਲ ਦੇ ਨਾਲ ਨਾਲ ਕਹਾਣੀ, ਵਿਅੰਗ ਅਤੇ ਕਵਿਤਾ ਵੀ ਲਿਖੀ। ਉਸਦੀ ਪਹਿਲੀ ਕਹਾਣੀ 'ਦੁਨੀਆ ਮਤਲਬ ਦੀ' ਤਰਸੇਮ ਪੁਰੇਵਾਲ ਦੇ ਪੇਪਰ 'ਦੇਸ ਪ੍ਰਦੇਸ' ਵਿਚ ਛਾਪਣ ਤੋਂ ਬਾਅਦ 'ਕੁੱਸਾ' ਪੰਜਾਬ, ਇੰਗਲੈਂਡ ਤੇ ਕੈਨੇਡਾ ਤੋਂ ਛਪਣ ਵਾਲੇ ਅਨੇਕਾਂ ਪ੍ਰਮੁੱਖ ਪਰਚਿਆਂ ਵਿਚ ਛਪਿਆ ਅਤੇ ਨਿਰੰਤਰ ਛਪ ਰਿਹਾ ਹੈ। ਹੁਣ ਤੱਕ ਉਸਨੇ 17 ਨਾਵਲ ਤੇ ਚਾਰ ਕਹਾਣੀ-ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾਏ ਹਨ। ਆਪਣੇ ਨਾਵਲਾਂ ਵਿਚ ਸਮੇਂ ਦੀ ਨਬਜ਼ 'ਤੇ ਹੱਥ ਰੱਖਿਆ ਹੈ। ਉਸ ਨੇ ਪੰਜਾਬੀ ਸਮਾਜ ਦੀ ਅਸਲੀਅਤ ਆਪਣੇ ਸਾਹਿਤ ਦੇ ਦਰਪਣ 'ਚੋਂ ਦਿਖਾਉਣ ਦਾ ਯਤਨ ਕੀਤਾ ਹੈ। ਇਸੇ ਕਾਰਨ ਉਸ ਦੀ ਪਾਤਰ ਉਸਾਰੀ ਤੇ ਉਹਨਾਂ ਦੀ ਬੋਲ ਚਾਲ ਬੜੀ ਸੁਭਾਵਿਕ ਲੱਗਦੀ ਹੈ। ਭਾਵੇਂ ਕਿ ਉਹ 26 ਸਾਲ ਆਸਟਰੀਆ ਰਹਿਣ ਤੋਂ ਬਾਅਦ ਹੁਣ ਚਾਰ ਕੁ ਸਾਲ ਤੋਂ ਇੰਗਲੈਂਡ ਦਾ ਪੱਕਾ ਵਸਨੀਕ ਹੈ, ਪਰ ਇਹਨਾਂ ਨਾਵਲਾਂ ਨੂੰ ਪੜ੍ਹਕੇ ਲੱਗਦਾ ਹੈ ਕਿ ਉਸ ਨੇ ਪੰਜਾਬ ਤੇ ਪੰਜਾਬੀਅਤ ਵਿਚ ਗੜੁੱਚ ਹੋ ਕੇ ਲਿਖਿਆ ਹੈ। ਅੱਜ ਕੱਲ੍ਹ ਉਹ ਪੰਜਾਬੀ ਵਿਚ ਸਭ ਤੋਂ ਵੱਧ ਲਿਖਣ ਅਤੇ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਮਹਿੰਗਾ ਲੇਖਕ ਹੈ।
ਸੁਭਾਅ ਪੱਖੋਂ ਨਿਰਾ ਦਰਵੇਸ਼, ਯਾਰਾਂ ਦਾ ਯਾਰ, ਹਮੇਸ਼ਾਂ ਖਿੜੇ ਮੱਥੇ ਮਿਲਣਾ ਵਾਲਾ ਜੱਗੀ ਕੁੱਸਾ ਚਾਰ ਭੈਣਾਂ ਦਾ ਇੱਕੋ ਇੱਕ ਛੋਟਾ ਅਤੇ ਲਾਡਲਾ ਵੀਰ ਹੈ। ਭਾਵੇਂ ਕਿ ਉਸਦੇ ਖੇਡਣ ਮੱਲਣ ਦੇ ਦਿਨ ਸਨ, ਪਰ ਕਾਲਜ ਦੇ ਹਾਲਾਤਾਂ ਨੇ ਉਸ ਦਾ ਆਤਮ-ਵਿਸ਼ਵਾਸ਼ ਇਤਨਾ ਮਜ਼ਬੂਤ ਬਣਾ ਦਿੱਤਾ ਕਿ ਉਸਦੇ ਅੰਦਰਲਾ ਸਾਹਿਤਕ ਮਨੁੱਖ ਜਵਾਨੀ ਦੀ ਪਹੁ ਫੁੱਟਦੇ ਹੀ ਅੰਗੜਾਈਆਂ ਲੈਣ ਲੱਗ ਪਿਆ। ਉਹਨੇ ਅੰਤਾਂ ਦੇ ਤਜ਼ਰਬੇ ਆਪਣੇ ਤਨ 'ਤੇ ਝੱਲੇ ਅਤੇ ਆਸਟਰੀਆ ਆ ਕੇ ਮਜ਼ਦੂਰੀ ਕਰਨ ਦੇ ਨਾਲ-ਨਾਲ ਚਾਰ ਸਾਲ ਯੂਨੀਵਰਿਸਟੀ ਦੀ ਪੜ੍ਹਾਈ ਵੀ ਕੀਤੀ। ਤੰਗ ਹੋਇਆ, ਪਰ ਉਸ ਨੇ ਮੱਥੇ 'ਤੇ ਤਿਉੜੀ ਕਦੇ ਨਹੀਂ ਪਾਈ, ਜੱਦੋਜਹਿਦ ਕਰ ਕੇ ਕੰਪਿਊਟਰ ਦੀਆਂ ਅੱਠ ਡਿਗਰੀਆਂ ਵੀ ਹਾਸਲ ਕੀਤੀਆਂ। ਚੜ੍ਹਦੀ ਉਮਰ ਵਿਚ ਉਸ ਦੇ ਮਨ 'ਤੇ ਕਿਸੇ ਸ਼ੋਖ ਚਿਹਰੇ ਨੇ ਆਪਣੇ 'ਮੋਹ' ਦੀ ਇਬਾਰਤ ਲਿਖ ਦਿੱਤੀ ਸੀ। ਇਸ ਇਬਾਰਤ ਨੂੰ ਉਹ ਹੁਣ ਤੱਕ ਆਪਣੇ ਮਨ ਵਿਚ ਸਮੋਈ ਬੈਠਾ ਹੈ, ਉਸ ਚਿਹਰੇ ਨੂੰ ਕਦੇ ਭੁੱਲਿਆ ਨਹੀਂ! ਯਾਦ ਕਰਕੇ ਤੜਪ ਜ਼ਰੂਰ ਉਠਦਾ ਹੈ, ਕਿਉਂਕਿ ਮੁੜ ਉਹ ਚਿਹਰਾ ਕੁੱਸਾ ਨੂੰ ਦੇਖਣਾ ਨਸੀਬ ਨਹੀਂ ਹੋਇਆ।
ਉਹਦੇ ਲਿਖਣ ਦਾ ਸਮਾਂ ਵੀ ਪਹਿਲਾ ਪਹਿਰ ਹੀ ਰਿਹਾ ਹੈ, ਉਹ ਰਾਤ ਦੋ ਵਜੇ ਤੋਂ ਲੈ ਕੇ ਸਵੇਰੇ ਛੇ ਵਜੇ ਤੱਕ ਲਿਖਦਾ ਹੈ। ਬੱਚਿਆਂ ਅਤੇ ਜੀਵਨ ਸਾਥਣ ਲਈ ਵੀ ਉਸ ਦਾ ਸਮਾਂ ਮੁਕੱਰਰ ਹੈ। ਆਸਟਰੀਆ ਅਤੇ ਜਰਮਨ ਬਾਰਡਰ ਪੁਲੀਸ ਵਿਚ 1996 ਤੋਂ 2006 ਤੱਕ ਕਈ ਅਹੁਦਿਆਂ 'ਤੇ ਰਿਹਾ ਹੈ। ਸ਼ਿਵਚਰਨ ਜੱਗੀ ਕੁੱਸਾ ਬੜੀ ਤੇਜ਼ੀ ਨਾਲ, ਨਿਰੰਤਰ ਅਤੇ ਹਰ ਵਿਸ਼ੇ 'ਤੇ ਲਿਖਣ ਵਾਲਾ ਉਤਸ਼ਾਹੀ ਨੌਜਵਾਨ ਲੇਖਕ ਹੈ। ਸਮਕਾਲੀ ਲੇਖਕਾਂ, ਪਾਠਕਾਂ, ਦੋਸਤਾਂ ਅਤੇ ਪ੍ਰਸ਼ੰਸਕਾਂ ਵਿਚ ਉਸ ਨੂੰ "ਬਾਬਾ ਜੀ" ਕਹਿ ਕੇ ਸਤਿਕਾਰਿਆ ਜਾਂਦਾ ਹੈ। ਲੰਬੇ ਸਮੇਂ ਲਈ ਉਹ 'ਪੰਜ-ਪਾਣੀ ਸਾਹਿਤ ਸਭਾ' ਅਤੇ 'ਸ਼ੇਰੇ-ਪੰਜਾਬ ਸਪੋਰਟਸ ਕਲੱਬ ਆਸਟਰੀਆ' ਦਾ ਪ੍ਰਧਾਨ ਵੀ ਰਿਹਾ ਹੈ। ਪੇਸ਼ ਹਨ ਉਸ ਨਾਲ ਹੋਈ ਗੁਫਤਗੂ ਦੇ ਕੁਝ ਅੰਸ਼ :
? ਕੁੱਸਾ ਸਾਹਿਬ ਤੁਸੀਂ ਲਿਖਣਾ ਕਦੋਂ ਤੋਂ ਸ਼ੁਰੂ ਕੀਤਾ?
- ਮੇਰੀ ਕਲਮ ਦੀ ਸ਼ੁਰੂਆਤ ਮੇਰੀ ਅਤ੍ਰਿਪਤ ਮੁਹੱਬਤ ਤੋਂ ਸ਼ੁਰੂ ਹੁੰਦੀ ਹੈ, ਮੇਰੀ ਅਭੁੱਲ ਅਤੇ ਪਹਿਲੀ ਮੁਹੱਬਤ ਦਾ ਨਾਮ ਵੀ ਮੇਰੇ ਨਾਮ ਵਾਂਗ 'ਸੱਸੇ' ਅੱਖਰ ਤੋਂ ਸ਼ੁਰੂ ਹੁੰਦਾ ਹੈ! ਜਦੋਂ ਨਕਸਲਾਈਟ ਲਹਿਰ ਜ਼ੋਰਾਂ 'ਤੇ ਸੀ, ਉਸ ਸਮੇਂ ਕੁਝ ਕਵਿਤਾਵਾਂ ਲਿਖੀਆਂ ਸਨ ਤੇ ਡਰਾਮਿਆਂ ਵਿਚ ਨਕਸਲਵਾੜੀਏ ਗੁਰਜੀਤ ਦਾ ਰੋਲ ਕਰਦਾ ਹੁੰਦਾ ਸੀ। ਉਦੋਂ ਹੀ ਮੈਂ ਮੇਰੇ ਗਰਾਈਂ, ਕ੍ਰਾਂਤੀਕਾਰੀ ਕਵੀ ਸ੍ਰੀ ਓਮ ਪ੍ਰਕਾਸ਼ ਕੁੱਸਾ ਦੀ ਪ੍ਰੇਰਨਾ ਨਾਲ ਦੋ-ਚਾਰ ਕਵਿਤਾਵਾਂ ਲਿਖਕੇ ਸਟੇਜ 'ਤੇ ਪੇਸ਼ ਵੀ ਕੀਤੀਆਂ।
? ਤੁਹਾਡੇ ਮਨਪਸੰਦ ਲੇਖਕ ਕਿਹੜੇ ਹਨ?
- ਵੈਸੇ ਤਾਂ ਪੰਜਾਬੀ ਦਾ ਕੋਈ ਲੇਖਕ ਪੜ੍ਹਨ ਵੱਲੋਂ ਛੱਡਿਆ ਹੀ ਨਹੀਂ, ਪਰ ਮੇਰੇ ਮਨਪਸੰਦ ਲੇਖਕ ਬਾਈ ਬੂਟਾ ਸਿੰਘ ਸ਼ਾਦ, ਜਸਵੰਤ ਸਿੰਘ ਕੰਵਲ, ਪ੍ਰੋ: ਗੁਰਦਿਆਲ ਸਿੰਘ ਜੈਤੋ, ਬਲਵੰਤ ਗਾਰਗੀ, ਕਰਮਜੀਤ ਕੁੱਸਾ, ਰਸੂਲ ਹਮਜ਼ਾਤੋਵ ਤੇ ਮੈਕਸਿਮ ਗੋਰਕੀ, ਕਾਰਲ ਮਾਰਕਸ, ਪਾਓਲੋ ਕੋਇਲੋ, ਲਿਓ ਟਾਲਸਟਾਏ, ਮਾਓ-ਜ਼ੇ-ਤੁੰਗ ਆਦਿ। ਵੈਸੇ ਬਾਈ ਬੂਟਾ ਸਿੰਘ ਸ਼ਾਦ ਮੇਰਾ ਸਾਹਿਤਕ ਗੁਰੂ ਵੀ ਹੈ।
? ਤੁਸੀਂ ਨਾਵਲ ਤੋਂ ਬਗੈਰ ਵੀ ਹੋਰ ਕਿਹੜੀ- ਕਿਹੜੀ ਸਾਹਿਤਕ ਵਿਧਾ 'ਚ ਰਚਨਾਵਾਂ ਸਿਰਜੀਆਂ ਹਨ?
- ਮੈਂ ਕੋਈ ੨੦-੨੫ ਕਵਿਤਾਵਾਂ। ੬੦-੬੫ ਦੇ ਕਰੀਬ ਗੀਤ। ਜਿਨ੍ਹਾਂ ਵਿਚੋਂ 7 ਕੁ ਰਿਕਾਰਡ ਹੋ ਚੁੱਕੇ ਹਨ ਤੇ 15 ਕੁ ਰਿਕਾਰਡਿੰਗ ਅਧੀਨ ਹਨ।
? ਕੀ ਤੁਸੀਂ ਆਪਣੇ ਆਪ ਨੂੰ ਪ੍ਰਮੁੱਖ ਤੌਰ 'ਤੇ ਕਹਾਣੀਕਾਰ ਜਾਂ ਨਾਵਲਕਾਰ ਮੰਨਦੇ ਹੋ?
- ਮੇਰੀ ਕਲਮ ਦੇ ਸਫਰ ਦੀ ਸ਼ੁਰੂਆਤ ਹੀ ਨਾਵਲ "ਜੱਟ ਵੱਢਿਆ ਬੋਹੜ ਦੀ ਛਾਵੇਂ" ਤੋਂ ਹੋਈ। ਠੀਕ ਹੈ, ਕਹਾਣੀ ਲਿਖਦਾ ਹਾਂ, ਪਰ ਜੋ ਗੱਲ ਆਦਮੀ ਨਾਵਲ ਵਿਚ ਕਹਿ ਸਕਦਾ ਹੈ, ਉਹ ਕਹਾਣੀ, ਗੀਤ ਜਾਂ ਕਵਿਤਾ ਵਿਚ ਨਹੀਂ ਕਹਿ ਸਕਦਾ।
? ਅੱਜ ਤੁਸੀਂ ਆਪਣੇ ਆਪ ਨੂੰ ਕਿੱਥੇ ਕੁ ਖੜ੍ਹੇ ਮਹਿਸੂਸ ਕਰਦੇ ਹੋ?
- ਆਪਣੇ ਆਪ ਨੂੰ ਸਿਖਾਂਦਰੂ ਜਿਹਾ ਲੇਖਕ ਹੀ ਸਮਝਦਾ ਹਾਂ। ਇਹ ਤਾਂ ਮੇਰੇ ਪਾਠਕ ਹੀ ਮੋਰੀ ਦੀ ਇੱਟ ਚੁਬਾਰੇ ਨੂੰ ਲਾ ਦਿੰਦੇ ਹਨ, ਜਿਹੜੀ ਕਿ ਉਨ੍ਹਾਂ ਦੀ ਫਰਾਖਦਿਲੀ ਤੇ ਦਰਿਆ-ਦਿਲੀ ਹੈ। ਮੈਂ ਤਾਂ ਅਜੇ ਬਾਬੇ ਬੋਹੜ ਨਾਵਲਕਾਰਾਂ ਦਾ ਵਿਦਿਆਰਥੀ ਹੀ ਹਾਂ, ਕਿਉਂਕਿ ਆਦਮੀ ਸਾਰੀ ਉਮਰ ਅਧੂਰਾ ਹੀ ਰਹਿੰਦਾ ਹੈ, ਸੰਪੂਰਨ ਕਦੇ ਨਹੀਂ ਹੁੰਦਾ। ਸੰਪੂਰਨ ਹੁੰਦਾ-ਹੁੰਦਾ ਬੱਸ 'ਪੂਰਾ' ਹੋ ਜਾਂਦਾ ਹੈ।
? ਜ਼ਿੰਦਗੀ ਦੇ ਸਾਲ ਜੋ ਵਿਦੇਸ਼ਾਂ ਵਿਚ ਗੁਜ਼ਾਰੇ ਉਸ ਬਾਰੇ ਕੁਝ ਚਾਨਣਾ ਪਾਉਂਗੇ?
- ਹਾਂ ਜੀ, 2 ਅਕਤੂਬਰ 1990 ਨੂੰ ਮੈਂ ਆਸਟਰੀਆ ਪਹੁੰਚਿਆ। ਪਹਿਲੇ ਚਾਰ ਸਾਲ ਮੈਂ ਬੜੇ ਜੱਦੋਜਹਿਦ 'ਚ ਗੁਜ਼ਾਰੇ। ਗਊਆਂ ਦਾ ਗੋਹਾ ਚੁੱਕਿਆ, ਹੋਟਲਾਂ ਵਿਚ ਬਰਤਨ ਧੋਤੇ ਤੇ ਬਾਲਕੋਨੀਆਂ ਵਿਚੋਂ ਬਰਫ਼ਾਂ ਹਟਾਈਆਂ। ਇਸਦੇ ਦੌਰਾਨ ਪੜ੍ਹਦਾ ਵੀ ਰਿਹਾ। ਫਿਰ ਅਕਤੂਬਰ 1994 ਵਿਚ ਜਾ ਕੇ ਸੁੱਖ ਦਾ ਸਾਹ ਆਇਆ। ਹੁਣ ਸੁੱਖ ਨਾਲ ਗੁਰੂ ਬਾਬੇ ਦੀ ਕ੍ਰਿਪਾ ਨਾਲ ਚੜ੍ਹਦੀ ਕਲਾ ਹੈ।
? ਤੁਹਾਡੀ ਨਜ਼ਰ ਵਿਚ ਅਸ਼ਲੀਲਤਾ ਕੀ ਹੈ, ਕਈ ਤੁਹਾਡੀ ਕਲਮ ਨੂੰ 'ਅਸ਼ਲੀਲ' ਕਹਿੰਦੇ ਹਨ ਕਿ ਇਹ ਲੱਚਰ ਲਿਖਦਾ ਹੈ, ਇਸ ਬਾਰੇ ਤੁਹਾਡੇ ਕੀ ਵਿਚਾਰ ਹਨ?
- ਮੇਰੀ ਨਜ਼ਰ ਵਿਚ ਤਾਂ ਅਸ਼ਲੀਲ ਕੁਝ ਵੀ ਨਹੀਂ ਹੈ। ਅਗਰ ਵਿਸ਼ਾ ਪਾਕ-ਪਵਿੱਤਰ ਹੋਵੇ ਤਾਂ ਅਸ਼ਲੀਲਤਾ ਵੀ ਢਕੀ ਜਾਂਦੀ ਹੈ। ਅਸੀਂ ਸੱਤਾਂ ਪਰਦਿਆਂ ਪਿੱਛੇ ਵੀ ਨਗਨ ਹਾਂ ਜਦ ਕਿ ਇਹ ਗੋਰੇ ਲੋਕ ਨਿਰਵਸਤਰ ਹੋ ਕੇ ਵੀ ਢਕੇ ਹੋਏ ਹਨ। ਸ। ਖੁਸ਼ਵੰਤ ਸਿੰਘ ਨੇ ਖੁੱਲ੍ਹ ਕੇ ਲਿਖਿਆ, ਬਲਵੰਤ ਗਾਰਗੀ, ਸਆਦਤ ਹਸਨ ਮੰਟੋ ਨੇ ਨਿੱਡਰ ਹੋ ਕੇ ਲਿਖਿਆ। ਬਾਈ ਬੂਟਾ ਸਿੰਘ ਸ਼ਾਦ ਨੇ ਬੜੀ ਬੇਬਾਕੀ ਨਾਲ ਲਿਖਿਆ। ਲੇਖਕ ਨੇ ਜੋ ਲਿਖਣਾ ਹੁੰਦਾ ਹੈ, ਆਪਣੇ ਸਮਾਜ ਵਿਚੋਂ ਹੀ ਲਿਖਣਾ ਹੁੰਦਾ ਹੈ। ਸਮਾਜ ਦੀਆਂ ਬੁਰਾਈਆਂ, ਸਮਾਜ ਦੀਆਂ ਚੰਗਿਆਈਆਂ, ਲੋਕਾਂ ਦੇ ਹਾਸੇ ਅਤੇ ਲੋਕਾਂ ਦੇ ਦੁੱਖੜੇ। ਹਾਸੇ ਅਤੇ ਹਾਦਸੇ ਦਾ ਨਾਂ ਜ਼ਿੰਦਗੀ ਹੈ। ਚੰਗਿਆਈਆਂ, ਬੁਰਾਈਆਂ, ਹਾਸੇ ਅਤੇ ਹਾਦਸੇ ਤੁਹਾਨੂੰ ਹਰ ਮੋੜ ਤੇ ਚੈਲਿੰਜ ਬਣ ਟੱਕਰਦੇ ਹਨ। ਇਸ ਸਭ ਕਾਸੇ ਦਾ ਸੁਮੇਲ ਬਣਾ ਕੇ ਲੇਖਕ ਨੇ ਲੋਕਾਂ ਅੱਗੇ ਪੇਸ਼ ਕਰਨਾ ਹੁੰਦਾ ਹੈ। ਮੈਨੂੰ ਵੱਖੋ ਵੱਖਰੇ ਦੇਸ਼ਾਂ 'ਚੋਂ ਸੈਂਕੜੇ ਫੋਨ ਆਉਂਦੇ ਹਨ ਕਿ ਤੁਹਾਡੇ ਲੜੀਵਾਰ ਛਪੇ ਨਾਵਲਾਂ ਨੇ ਤੜਥੱਲੀ ਮਚਾ ਦਿੱਤੀ ਜੀ, ਤੜਥੱਲੀ ਤਾਂ ਲੋਕਾਂ ਦੇ ਦਰਦ, ਹਾਉਕਾ ਤੇ ਕਸੀਸ ਦਾ ਮੇਰੇ ਰਚਨਾ ਸੰਸਾਰ 'ਚ ਪ੍ਰਤੀਬਿੰਬਤ ਹੋਣ ਕਰਕੇ ਮੱਚੀ।
ਸਵਾਲ ਦਾ ਦੂਸਰਾ ਅੰਤਰਾ ਕਿ ਮੈਂ ਮੇਰੀ ਕਲਮ ਅਸ਼ਲੀਲ ਜਾਂ ਲੇਖਕ ਵੀਰਾਂ ਦਾ ਰੋਸ ਉਸਦੇ ਜਵਾਬ ਵਿਚ ਤਾਂ ਮੈਂ ਇਹੀ ਕਹਾਂਗਾ ਕਿ ਹੁਣ ਅਸੀਂ ਗੀਤਾਂ ਵਿਚ ਵੀ ਆਮ ਸੁਣਦੇ ਹਾਂ ਕਿ ਫੋਟੋ ਖਿੱਚਣੀ ਗੁਆਂਢਣੇ… ਆਮ ਪਿੰਡਾਂ ਵਿਚ ਛੜੇ ਤੇ ਗੁਆਂਢਣ ਦੇ ਸੰਬੰਧਾਂ ਬਾਰੇ ਸੁਣਦੇ ਆ ਰਹੇ ਹਾਂ। ਇਕ ਗੱਲ ਜ਼ਰੂਰ ਜ਼ੋਰ ਦੇ ਕੇ ਕਹਾਂਗਾ ਕਿ ਜਿਹੜੇ ਅਸੀਂ ਆਪਣੇ ਸੱਭਿਆਚਾਰ ਦੇ ਦੁੱਧ ਧੋਤੇ ਹੋਣ ਦਾ ਸੰਘ ਪਾੜ-ਪਾੜ ਕੇ ਦਾਅਵਾ ਕਰਦੇ ਹਾਂ, ਜੋ ਕਿ ਇਕ ਬਿਲਕੁਲ ਫੋਕਾ ਤੇ ਬੇਹੂਦਾ ਦਾਅਵਾ ਹੈ। ਅਸ਼ਲੀਲਤਾ ਰਚਨਾ ਵਿਚ ਨਹੀਂ ਮਨੁੱਖੀ ਮਨ ਦੀਆਂ ਤੈਹਾਂ ਵਿਚ ਹੁੰਦੀ ਹੈ।
? ਤੁਸੀਂ ਆਪਣੇ ਜੀਵਨ ਵਿਚ ਇੰਨੇ ਰੁਝੇਵਿਆਂ ਭਰੀ ਜ਼ਿੰਦਗੀ ਵਿਚੋਂ ਬੱਚਿਆਂ ਤੇ ਘਰਵਾਲੀ ਲਈ ਸਮਾਂ ਕਿਵੇਂ ਕੱਢਦੇ ਹੋ?
- ਮੈਂ ਕੋਈ ਪ੍ਰੋਫੈਸ਼ਨਲ ਲੇਖਕ ਨਹੀਂ ਹਾਂ, ਜੋ ਕਿ ਮੈ ਚੌਵੀ ਘੰਟੇ ਹੀ ਲਿਖ ਕੇ ਹੀ ਗੁਜ਼ਾਰਦਾ ਹਾਂ। ਮੇਰਾ ਲਿਖਣ ਲਈ ਅਤੇ ਪਰਿਵਾਰ ਲਈ ਸਮਾਂ ਨੀਯਤ ਕੀਤਾ ਹੋਇਆ ਹੈ। ਜਦ ਮੈਂ ਮਾਂ ਅਤੇ ਬਾਪੂ ਜੀ ਨੂੰ ਹਿੰਦੋਸਤਾਨ ਮਿਲਣ ਲਈ ਜਾਂਦਾ ਸੀ, ਤਾਂ ਉਸ ਸਮੇਂ ਮੈਂ ਇਕ ਅੱਖਰ ਵੀ ਨਹੀਂ ਸੀ ਲਿਖਦਾ, ਕਿਉਂਕਿ ਉਹ ਸਮਾਂ ਸਿਰਫ ਆਪਣੇ ਬਾਪ ਤੇ ਰਿਸ਼ਤੇਦਾਰਾਂ ਮਿੱਤਰਾਂ ਵਾਸਤੇ ਹੀ ਰਾਖਵਾਂ ਰੱਖਿਆ ਹੁੰਦਾ ਹੈ। ਹੁਣ ਤਾਂ ਮੇਰੇ ਮਾਤਾ ਜੀ ਤਾਂ 13 ਮਾਰਚ 2006 ਵਿਚ 'ਚੜ੍ਹਾਈ' ਕਰ ਗਏ ਸਨ ਤੇ ਬਾਪੂ ਜੀ 13 ਫਰਵਰੀ 2009 'ਚ!
? ਤੁਸੀਂ ੨੦ ਸਾਲ ਆਸਟਰੀਆ ਤੇ ਜਰਮਨ ਬਾਰਡਰ ਪੁਲੀਸ ਦੇ ਕਈ ਅਹੁਦਿਆਂ 'ਤੇ ਰਹੇ ਹੋ, ਕੀ ਕਦੇ ਜਰਮਨ ਵਿਚ ਵੀ ਲਿਖਣ ਬਾਰੇ ਸੋਚਿਆ ਹੈ?
- ਜਰਮਨ ਭਾਸ਼ਾ ਵਿਚ ਮੈਂ ਕਦੇ ਨਹੀਂ ਲਿਖਿਆ। ਹੋ ਸਕਦਾ ਹੈ ਕਿ ਇਸ ਵਿਚ ਮੇਰੀ ਕੋਈ ਝਿਜਕ ਜਾਂ ਕਮਜ਼ੋਰੀ ਹੋਵੇ। ਜਰਮਨ ਭਾਸ਼ਾ ਉਪਰ ਮੈਨੂੰ ਇਤਨੀ ਮੁਹਾਰਤ ਹਾਸਲ ਵੀ ਨਹੀਂ ਹੈ ਕਿ ਜਰਮਨ 'ਚ ਫਿਕਸ਼ਨ ਲਿਖ ਸਕਾਂ। ਚਾਹੇ ਮੈਂ ਜਰਮਨ ਪੜ੍ਹੀ ਹੈ, ਆਸਟਰੀਆ ਯੂਨੀਵਰਿਸਟੀ ਵਿਚ ਮੇਰਾ ਮੀਡੀਅਮ ਹੀ ਜਰਮਨ ਭਾਸ਼ਾ ਰਹੀ ਹੈ। ਪਰ ਇਸ ਜ਼ੁਬਾਨ ਵਿਚ ਕਹਾਣੀ ਜਾਂ ਨਾਵਲ ਲਿਖ ਸਕਣਾ ਮੇਰੇ ਲਈ ਮੁਸ਼ਕਿਲ ਹੈ। ਸ਼ਾਇਦ ਕਿਸੇ ਪੜਾਅ ਤੇ ਕੋਸ਼ਿਸ਼ ਕਰਕੇ ਦੇਖਾਂ। ਹਾਂ, ਮੈਂ ਜਰਮਨ ਭਾਸ਼ਾ ਵਿਚ ਕਈ ਕਿਤਾਬਾਂ ਪੜ੍ਹੀਆਂ ਹਨ। ਜਿੰਨ੍ਹਾਂ ਵਿਚੋਂ ਡਿਕਟੇਟਰ ਆਡੋਲਫ ਹਿਟਲਰ ਦੀ ਕਿਤਾਬ 'ਮੇਰੀ ਜੰਗ' ਘੱਟੋ ਘੱਟ ਤਿੰਨ ਵਾਰ ਪੜ੍ਹ ਚੁੱਕਾ ਹਾਂ।
? ਤੁਸੀਂ ਕਹਾਣੀ ਵਿਚ ਫੋਰਮ ਨੂੰ ਮਹੱਤਤਾ ਦਿੰਦੇ ਹੋ ਜਾਂ ਵਿਸ਼ੇ ਨੂੰ?
- ਮੈਂ ਰੂਪ ਨੂੰ ਪ੍ਰਮੁੱਖਤਾ ਦਿੰਦਾ ਹਾਂ। ਤੁਸੀਂ ਵੀਹ ਕਹਾਣੀਆਂ ਪੜ੍ਹ ਲਵੋ, ਉਹਨਾਂ ਵਿਚੋਂ ਕਈ ਕਹਾਣੀਆਂ ਦੇ ਵਿਸ਼ੇ ਸਾਂਝੇ ਮਿਲ ਜਾਣਗੇ। ਗੱਲ ਤਾਂ ਇਹ ਹੈ ਕਿ ਲੇਖਕ ਨੇ ਕਹਾਣੀ ਲਿਖੀ ਕਿਵੇਂ ਹੈ ਤੇ ਉਸਦਾ ਢੰਗ ਕੀ ਹੈ? ਮੇਰੇ ਲਿਖਦੇ ਸਮੇਂ ਇਹ ਗੱਲ ਮੁੱਖ ਹੁੰਦੀ ਹੈ ਕਿ ਮੇਰੀ ਗੱਲ ਪਾਠਕ ਦੇ ਮਨ ਉੱਪਰ ਕਿਵੇਂ ਉਕਰੀ ਜਾਵੇ।
? ਕਦੇ ਕਦੇ ਤੁਹਾਡੀ ਕਵਿਤਾ ਵੀ ਪੜ੍ਹਨ ਨੂੰ ਮਿਲ ਜਾਂਦੀ ਹੈ, ਕਵਿਤਾ ਇਤਨੀ ਘੱਟ ਕਿਉਂ ਲਿਖਦੇ ਹੋ?
- ਕਵਿਤਾ ਮੇਰਾ ਸ਼ੌਕ ਹੈ। ਪਰ ਮੈਨੂੰ ਲੱਗਦਾ ਹੈ ਕਿ ਮੈਂ ਆਪਣੀ ਗੱਲ ਨਾਵਲ ਜਾਂ ਕਹਾਣੀ ਵਿਚ ਹੀ ਬਿਹਤਰ ਉਜਾਗਰ ਕਰ ਸਕਦਾ ਹਾਂ, ਜਾਂ ਮੈਂ ਸਮਝਦਾ ਹਾਂ ਕਿ ਕਵਿਤਾ ਉੱਪਰ ਮੇਰੀ ਪਕੜ ਪੂਰੀ ਨਹੀਂ ਹੈ। ਸ਼ਾਇਦ ਕਵਿਤਾ ਲਿਖਣ ਦੀ ਹੁੜਕ ਜਾਗਦੀ ਹੈ ਤਾਂ ਕਵਿਤਾ ਦੀ ਥਾਂ ਗੀਤ ਲਿਖ ਲੈਂਦਾ ਹਾਂ। ਕਵਿਤਾ ਦਾ ਮੈਂ ਪਾਠਕ ਹਾਂ, ਪਰ ਗ਼ਜ਼ਲ ਮੇਰੇ ਸਿਰ ਉੱਪਰੋਂ ਦੀ ਲੰਘ ਜਾਂਦੀ ਹੈ।
? ਤੁਹਾਡੀਆਂ 20 ਪੁਸਤਕਾਂ ਛਪ ਚੁੱਕੀਆਂ ਹਨ ਅਤੇ ਕਈ ਨਾਵਲਾਂ ਦੇ ਕਈ-ਕਈ ਐਡੀਸ਼ਨ ਛਪ ਚੁੱਕੇ ਹਨ, ਇਤਨਾ ਲਿਖਣ ਵਿਚ ਕਿਤਨੀ ਕੁ ਸੰਤੁਸ਼ਟੀ ਮਿਲੀ ਹੈ?
- ਮਾੜੀ ਮੋਟੀ ਸੰਤੁਸ਼ਟੀ ਮਿਲੀ ਹੈ। ਨਾਵਲ ਜਾਂ ਕਹਾਣੀ ਸੰਗ੍ਰਹਿ ਛਪ ਜਾਣ ਤੋਂ ਬਾਅਦ ਇੰਜ ਜਾਪਦਾ ਹੈ ਕਿ ਕਿਧਰੇ ਬਹੁਤ ਕੁਝ ਅਧੂਰਾ ਰਹਿ ਗਿਆ ਹੈ। ਵੈਸੇ ਲੇਖਕ ਦੀ ਸੰਤੁਸ਼ਟੀ ਘੱਟ ਹੀ ਹੁੰਦੀ ਹੈ। ਜਿਸ ਦਿਨ ਲੇਖਕ ਪੂਰੀ ਤਰ੍ਹਾਂ ਸੰਤੁਸ਼ਟ ਹੋ ਗਿਆ, ਉਸ ਦਿਨ ਉਹ ਲਿਖਣੋਂ ਹੱਟ ਜਾਵੇਗਾ।
? ਤੁਹਾਡੇ ਨਾਵਲ 'ਪੁਰਜਾ ਪੁਰਜਾ ਕਟਿ ਮਰੈ', 'ਤਵੀ ਤੋਂ ਤਲਵਾਰ ਤੱਕ', 'ਉੱਜੜ ਗਏ ਗਰਾਂ', 'ਤਰਕਸ਼ ਟੰਗਿਆ ਜੰਡ', 'ਜੱਟ ਵੱਢਿਆ ਬੋਹੜ ਦੀ ਛਾਵੇਂ' ਅਤੇ 'ਬਾਰ੍ਹੀਂ ਕੋਹੀਂ ਬਲਦਾ ਦੀਵਾ' ਬਾਹਰਲੇ ਕਈ ਅਖਬਾਰਾਂ ਵਿਚ ਇੱਕੋ ਸਮੇਂ ਲੜੀਵਾਰ ਛਪੇ ਅਤੇ ਸੰਸਾਰ ਭਰ ਦੇ ਪੰਜਾਬੀਆਂ ਵਿਚ ਇਸਦੀ ਹੱਦੋਂ ਵੱਧ ਪ੍ਰਸੰਸਾ ਹੋਈ। ਇਸ ਪੱਖੋਂ ਕਿਤਨੀ ਕੁ ਸੰਤੁਸ਼ਟੀ ਮਹਿਸੂਸ ਕਰਦੇ ਹੋ?
- ਇਹਨਾਂ ਨਾਵਲਾਂ ਕਰਕੇ ਜਿਤਨਾ ਮਾਣ ਸਤਿਕਾਰ ਪੰਜਾਬੀਆਂ ਅਤੇ ਸਿੱਖ ਭਾਈਚਾਰੇ ਨੇ ਮੈਨੂੰ ਬਖਸ਼ਿਆ, ਇਹ ਮੈਂ ਲਫ਼ਜ਼ੀ ਤੌਰ 'ਤੇ ਦੱਸ ਨਹੀਂ ਸਕਦਾ। ਮੈਨੂੰ ਇੰਗਲੈਂਡ, ਅਮਰੀਕਾ, ਕੈਨੇਡਾ, ਬੈਲਜੀਅਮ, ਸਵਿਟਜਰਲੈਂਡ, ਇਟਲੀ, ਫ਼ਰਾਂਸ, ਹੌਲੈਂਡ, ਜਰਮਨੀ ਅਤੇ ਹੋਰ ਦੇਸ਼ਾਂ ਵਿਚੋਂ ਸੱਦੇ ਆਏ ਅਤੇ ਅਜੇ ਤੱਕ ਆ ਰਹੇ ਹਨ। ਨਾਵਲਾਂ ਕਰਕੇ ਮੈਂ ਮੁਫਤ ਵਿਚ ਅੱਧਾ ਸੰਸਾਰ ਗਾਹ ਲਿਆ। ੨੭ ਅਪ੍ਰੈਲ ੨੦੦੩ ਨੂੰ ਸ਼ਿਕਾਗੋ (ਅਮਰੀਕਾ) ਵਿਚ ਮੈਨੂੰ ਪੰਜਾਂ ਤਖਤਾਂ ਦੇ ਜੱਥੇਦਾਰ ਸਹਿਬਾਨ ਨੇ ਵੀ ਸਨਮਾਨਿਤ ਕੀਤਾ ਅਤੇ ਅਥਾਹ ਮਾਣ ਬਖਸ਼ਿਆ। ਕੈਨੇਡਾ ਵਿਚ ਵੀ ਦੋ ਵਾਰ ਬੁਲਾ ਕੇ ਸਨਮਾਨਿਤ ਕੀਤਾ ਗਿਆ। ਇਸ ਤਰ੍ਹਾਂ ਹਰ ਜਗ੍ਹਾ ਜਿੱਥੇ-ਜਿੱਥੇ ਵੀ ਮੈਨੂੰ ਸਨਮਾਨਿਤ ਕੀਤਾ ਗਿਆ, ਗੋਲਡ ਮੈਡਲ ਮਿਲੇ, ਅਚੀਵਮੈਂਟ ਅਵਾਰਡ ਮਿਲੇ, ਨਾਨਕ ਸਿੰਘ ਨਾਵਲਿਸਟ ਅਵਾਰਡ ਮਿਲਿਆ, ਮੈਨੂੰ ਬੜੀ ਖੁਸ਼ੀ ਮਹਿਸੂਸ ਹੋਈ। ਜਿਸ ਨਾਲ ਮੈਨੂੰ ਅਥਾਹ ਆਤਮਿਕ ਬਲ ਮਿਲਿਆ।
? ਪੱਛਮ ਵਿਚ ਰਚੇ ਜਾ ਰਹੇ ਪੰਜਾਬੀ ਸਾਹਿਤ ਵਿਚ ਗੋਰੇ ਪਾਤਰ ਇਤਨੇ ਘੱਟ ਕਿਉਂ ਹੁੰਦੇ ਹਨ?
- ਤੁਹਾਡੀ ਇਹ ਗੱਲ ਠੀਕ ਹੈ। ਅਸੀਂ ਪੰਜਾਬੀ ਪੱਛਮ ਵਿਚ 40-50 ਸਾਲਾਂ ਤੋਂ ਰਹਿ ਰਹੇ ਹਾਂ। ਪਰ ਸਾਡੀਆਂ ਰਚਨਾਵਾਂ ਵਿਚ ਅਜਿਹੇ ਪਾਤਰ ਨਹੀਂ ਆਏ ਜਿਤਨੇ ਕਿ ਆਉਣੇ ਚਾਹੀਦੇ ਸਨ। ਸ਼ਾਇਦ ਇਸ ਦਾ ਕਾਰਨ ਇਹ ਹੈ ਕਿ ਇੱਧਰ ਲੇਖਕਾਂ ਦਾ ਵਾਹ ਘੱਟ ਪਿਆ ਹੈ। ਜੇ ਪਿਆ ਵੀ ਹੈ ਤਾਂ ਨੈਗੇਟਿਵ ਤੌਰ 'ਤੇ। ਇਸ ਖਾਤਰ ਸਾਨੂੰ ਹਾਲੇ ਤਜ਼ਰਬਿਆਂ ਵਿਚੋਂ ਲੰਘਣਾ ਪਵੇਗਾ। ਗੋਰੇ ਪਾਤਰ ਦੀਆਂ ਮਨ ਦੀਆਂ ਗੁਥਲੀਆਂ ਫਰੋਲਣ ਲਈ ਉਹਨਾਂ ਦੇ ਜ਼ਿਆਦਾ ਨੇੜੇ ਜਾਣਾ ਹੋਵੇਗਾ। ਜਿਤਨੇ ਕੁ ਗੋਰੇ ਪਾਤਰ ਆਏ ਹਨ, ਉਹਨਾਂ ਦਾ ਚਿਤਰਨ ਵੀ ਅਸਥਾਈ ਹੈ।
? ਭਾਰਤੀ ਪੰਜਾਬੀ ਲੇਖਕ ਪਰਵਾਸੀ ਪੰਜਾਬੀ ਲੇਖਕਾਂ ਬਾਰੇ ਅਕਸਰ ਕਹਿੰਦੇ ਹਨ ਕਿ ਬਾਹਰਲੇ ਲੇਖਕ ਪੈਸੇ ਦੇ ਕੇ ਆਪਣੀਆਂ ਕਿਤਾਬਾਂ ਛਪਵਾਉਂਦੇ ਹਨ?
- ਇਹ ਨਿਰਮੂਲ ਬਦਨਾਮੀ ਹੈ। ਕੁਝ ਕੁ ਨਾਮਵਰ ਲੇਖਕਾਂ ਨੂੰ ਛੱਡ ਕੇ ਸਾਰੇ ਹੀ ਪੈਸੇ ਦੇ ਕੇ ਕਿਤਾਬਾਂ ਛਪਵਾਉਂਦੇ ਹਨ। ਇਹ ਕਿਸੇ ਤੇ ਤੋਹਮਤ ਨਹੀਂ ਹੈ। ਇਹ ਤਾਂ ਪੰਜਾਬੀ ਸਾਹਿਤਕਾਰ ਦਾ ਦੁਖਾਂਤ ਹੀ ਹੈ। ਕੁਝ ਕੁ ਲੇਖਕਾਂ ਨੂੰ ਛੱਡ ਕੇ ਪੰਜਾਬੀ ਸਾਹਿਤ ਵਿਚ ਕਿੰਨੇ ਕੁ ਲੇਖਕ ਹਨ, ਜਿੰਨਾ ਨੂੰ ਪ੍ਰਕਾਸ਼ਕ ਆਵਾਜ਼ਾਂ ਮਾਰਦੇ ਹਨ, ਕਿ ਆਓ ਤੁਹਾਡੀ ਕਿਤਾਬ ਛਾਪੀਏ? ਅਜਿਹੇ ਲੇਖਕਾਂ ਦੀ ਗਿਣਤੀ ਨਿਗੂਣੀ ਹੈ। ਲੇਖਕ ਦਾ ਪੱਧਰ ਉਸਦੀ ਰਚਨਾ ਹੁੰਦੀ ਹੈ। ਕਿਤਾਬ ਛਾਪਣਾ ਵੀ ਪ੍ਰਕਾਸ਼ਕ ਨੇ ਆਪਣੇ ਫਾਇਦੇ ਬਾਰੇ ਸੋਚਣਾ ਹੈ। ਪ੍ਰਕਾਸ਼ਕ ਤਾਂ ਦੁਕਾਨਦਾਰ ਹੈ, ਪਤਾ ਨਹੀਂ ਕਿੰਨਾ ਕੁ ਸੁਚੱਜਾ ਸਾਹਿਤ ਪੈਸੇ ਖੁਣੋਂ ਅਣਛਪਿਆ ਰਹਿ ਗਿਆ ਜਾਂ ਅਣਛਪਿਆ ਪਿਆ ਹੈ।
? ਲੇਖਕਾਂ ਵਿਚਲੀ ਜੋ ਗਰੁੱਪਬੰਦੀ ਹੈ, ਉਸ ਬਾਰੇ ਤੁਹਾਡੇ ਕੀ ਵਿਚਾਰ ਹਨ?
- ਧੜੇਬੰਦੀ ਇਕ ਕੁਦਰਤੀ ਚੀਜ਼ ਹੈ। ਇਹ ਹਰ ਜਗ੍ਹਾ ਅਤੇ ਹਰ ਖੇਤਰ ਵਿਚ ਹੁੰਦੀ ਹੈ। ਗਰੁੱਪਬੰਦੀ ਇਤਨੀ ਮਾੜੀ ਚੀਜ਼ ਨਹੀਂ ਹੈ। ਪਰ ਜਦ ਇਸਦੇ ਪ੍ਰਭਾਵ ਹੇਠ ਹਲਕੀ ਰਚਨਾ ਨੂੰ ਵਧੀਆ ਬਣਾ ਦਿੱਤਾ ਜਾਂਦਾ ਹੈ ਅਤੇ ਵਧੀਆ ਰਚਨਾ ਨੂੰ ਅਣਗੌਲਿਆਂ ਕੀਤਾ ਜਾਂਦਾ ਹੈ, ਇਹ ਮਾੜੀ ਗੱਲ ਹੈ। ਹੁਣ ਤੁਸੀਂ ਇਥੇ ਹੀ ਲੈ ਲਵੋ ਕਿ ਸਾਨੂੰ ਪੰਜਾਬੀ ਲੇਖਕ ਦੀ ਥਾਂ ਪ੍ਰਵਾਸੀ ਲੇਖਕ ਕਰਕੇ ਜਾਣਿਆ ਜਾਂਦਾ ਹੈ। ਇੰਗਲੈਂਡ ਦੇ ਪਿੱਛੇ ਯੂ ਕੇ, ਅਮਰੀਕਾ ਦੇ ਲੇਖਕਾਂ ਮਗਰ ਯੂ ਐਸ ਏ ਹੀ ਲਿਖਿਆ ਹੁੰਦਾ ਹੈ। ਪੰਜਾਬੀ ਜਾਂ ਹਿੰਦੁਸਤਾਨੀ ਲੇਖਕ ਸਾਡੇ ਉੱਪਰ ਆਸਟਰੀਆ ਜਾਂ ਇੰਗਲੈਂਡ ਵਾਲਾ ਲੇਬਲ ਚਿਪਕਾ ਦਿੰਦੇ ਹਨ। ਪਰ ਫਿਰ ਵੀ ਮੈਂ ਪੰਜਾਬੀ ਲੇਖਕ ਰਹਿਣ ਦੀ ਅਤੇ ਗਰੁੱਪਬੰਦੀ ਤੋਂ ਪਾਸੇ ਰਹਿਣ ਦੀ ਹੀ ਕੋਸ਼ਿਸ਼ ਵਿਚ ਰਹਿੰਦਾ ਹਾਂ।
? ਤੁਸੀਂ ਕਹਾਣੀਆਂ ਦੇ ਵਿਸ਼ੇ ਕਿਵੇਂ ਚੁਣਦੇ ਜਾਂ ਲੱਭਦੇ ਹੋ?
- ਹੋਰਨਾਂ ਲੇਖਕਾਂ ਵਾਂਗ ਕਹਾਣੀ ਮੈਂ ਵੀ ਆਲੇ-ਦੁਆਲੇ ਵਿਚੋਂ ਲੈਂਦਾ ਹਾਂ। ਅਖਬਾਰ ਪੜ੍ਹ ਕੇ ਜਾਂ ਕਿਸੇ ਦੀ ਦੱਸੀ ਗੱਲ ਉਪਰ ਵੀ ਰਚਨਾ ਹੋ ਜਾਂਦੀ ਹੈ। ਇਨਸਾਨ ਨਾਲ ਜ਼ਿੰਦਗੀ ਵਿਚ ਇਤਨਾ ਕੁਝ ਵਾਪਰਦਾ ਹੈ ਕਿ ਪੈਰ-ਪੈਰ 'ਤੇ ਕਹਾਣੀ ਪਈ ਮਿਲਦੀ ਹੈ। ਪਰ ਤੁਹਾਨੂੰ ਚੋਣ ਆਪ ਕਰਨੀ ਪੈਂਦੀ ਹੈ। ਕਹਾਣੀ ਚੁਣਨ ਅਤੇ ਉਸਦੇ ਨਿਭਾਅ ਦਾ ਤਰੀਕਾ ਹਰ ਲੇਖਕ ਦਾ ਵੱਖਰਾ ਹੀ ਹੁੰਦਾ ਹੈ। ਜਿਹੜਾ ਵਿਸ਼ਾ ਮੇਰੀ ਪਕੜ ਵਿਚ ਨਾ ਆਵੇ, ਮੈਂ ਉਸਨੂੰ ਲਿਖਣ ਤੋਂ ਗੁਰੇਜ਼ ਹੀ ਕਰਦਾ ਹਾਂ।
? ਕਿੰਨ੍ਹਾਂ ਵਿਸ਼ਿਆਂ ਉੱਪਰ ਲਿਖਣਾ ਪਸੰਦ ਕਰਦੇ ਹੋ?
- ਮੈਨੂੰ ਮਨੁੱਖੀ ਸੰਬੰਧਾਂ ਬਾਰੇ ਗੱਲ ਕਰਨੀ ਚੰਗੀ ਲੱਗਦੀ ਹੈ, ਵੈਸੇ ਤਾਂ ਮਨੁੱਖ ਦੀ ਕੋਈ ਵੀ ਸਮੱਸਿਆ ਹੋਵੇ, ਮੈਨੂੰ ਬੇਚੈਨ ਕਰਦੀ ਹੈ। ਜੇ ਹੋ ਸਕੇ ਤਾਂ ਮੈਂ ਲਿਖਦਾ ਵੀ ਹਾਂ। ਇਸ ਬਾਰੇ ਮੇਰੇ ਇਕ ਦੋਸਤ ਨੇ ਕਿਹਾ ਸੀ ਕਿ ਜੇ ਰੋਟੀ ਦਾ ਮਸਲਾ ਹੱਲ ਹੋ ਜਾਵੇ, ਤਾਂ ਸਾਰੇ ਮਸਲੇ ਹੱਲ ਹੋ ਸਕਦੇ ਹਨ। ਪਰ ਮੈਂ ਸੋਚਦਾ ਹਾਂ ਕਿ ਅਸਲ ਵਿਚ ਮਸਲੇ ਤਾਂ ਸ਼ੁਰੂ ਹੀ ਉਥੋਂ ਹੁੰਦੇ ਹਨ। ਜਜ਼ਬਾਤਾਂ ਵਿਚ ਕੋਈ ਆਦਰਸ਼ਵਾਦ ਨਹੀਂ ਚਲਦਾ, ਇਹਨਾਂ ਦਾ ਵਹਾਅ ਕੁਦਰਤੀ ਹੀ ਹੁੰਦਾ ਹੈ।
? ਵਿਦੇਸ਼ਾਂ ਵਿਚ ਕੀ ਇਹੋ ਜਿਹੇ ਵਿਸ਼ੇ ਵੀ ਹਨ, ਜੋ ਲੇਖਕਾਂ ਨੇ ਨਹੀਂ ਛੋਹੇ?
- ਇਹ ਸੁਆਲ ਹੈ ਤਾਂ ਬਹੁਤ ਹੀ ਅਹਿਮ, ਹੋ ਸਕਦਾ ਹੈ ਮੈਂ ਇਸ ਦਾ ਉੱਤਰ ਹੀ ਨਾ ਦੇ ਸਕਦਾ ਹੋਵਾਂ। ਇੱਥੇ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹਨ, ਜੋ ਪੰਜਾਬੀ ਕਹਾਣੀ ਦੀ ਪਕੜ ਵਿਚ ਨਹੀਂ ਆਈਆਂ। ਜੇ ਕਿਸੇ ਨੇ ਲਿਖਿਆ ਹੈ ਤਾਂ ਨਿੱਠ ਕੇ ਨਹੀਂ ਲਿਖਿਆ। ਉਦਾਹਰਣ ਦੇ ਤੌਰ 'ਤੇ ਰਾਬਿੰਦਰ ਨਾਥ ਟੈਗੋਰ ਦੀ 'ਹੋਮ ਕਮਿੰਗ' ਵਰਗੀ ਇਕ ਵੀ ਕਹਾਣੀ ਪੰਜਾਬੀ ਵਿਚ ਨਹੀਂ ਹੈ। ਤੁਸੀਂ ਮੇਰੇ ਕਹਾਣੀ ਸੰਗ੍ਰਹਿ 'ਊਠਾਂ ਵਾਲੇ ਬਲੋਚ' ਵਿਚੋਂ 'ਬਾਬਾ ਬਖਤੌਰਾ' 'ਮੜੀਆਂ ਦੇ ਬਲਦੇ ਦੀਵੇ' ਆਦਿ ਪੜ੍ਹ ਕੇ ਦੇਖ ਲਵੋ, ਇਹ ਪੰਜਾਬੀ ਬਜ਼ੁਰਗਾਂ ਅਤੇ ਵਿਆਹ ਲਈ ਆਈਆਂ ਮੁਟਿਆਰਾਂ ਅਤੇ ਨੌਜਵਾਨਾਂ ਦੇ ਦੁਖਾਂਤ ਨੂੰ ਉਜਾਗਰ ਕਰਦੀਆਂ ਹਨ।
? ਪੁਰਾਣੇ ਲੇਖਕ ਨਵੇਂ ਲੇਖਕਾਂ ਨੂੰ ਅੱਖੋਂ-ਪਰੋਖੇ ਕਿਉਂ ਕਰਦੇ ਹਨ?
- ਨਹੀਂ, ਅਜਿਹੀ ਗੱਲ ਨਹੀਂ ਹੈ। ਹਰ ਬੰਦੇ ਦੀ ਵੱਖਰੀ ਸ਼ਖਸੀਅਤ ਹੁੰਦੀ ਹੈ। ਦੂਜੀ ਗੱਲ ਅਸੀਂ ਲੇਖਕਾਂ ਨੂੰ ਬੜੇ ਵੱਡੇ ਬੰਦੇ ਮੰਨਣ ਲੱਗ ਪੈਂਦੇ ਹਾਂ। ਜਦ ਕਿ ਉਹ ਸਧਾਰਨ ਬੰਦੇ ਹੀ ਹੁੰਦੇ ਹਨ। ਆਮ ਬੰਦਿਆਂ ਵਾਲੀਆਂ ਕਮਜ਼ੋਰੀਆਂ ਉਹਨਾਂ ਵਿਚ ਵੀ ਹੁੰਦੀਆਂ ਹਨ। ਅਸੀਂ ਉਹਨਾਂ ਤੋਂ ਵੱਡੀਆਂ ਆਸਾਂ ਰੱਖਦੇ ਹੋਏ, ਉਨ੍ਹਾਂ ਤੱਕ ਪਹੁੰਚ ਕਰਦੇ ਹਾਂ। ਅਸੀਂ ਉਹਨਾਂ ਬਾਰੇ ਦਿਲਾਂ ਵਿਚ ਵੱਖਰੀਆਂ ਤਸਵੀਰਾਂ ਬਣਾਈਆਂ ਹੁੰਦੀਆਂ ਹਨ। ਜਦ ਕਿ ਪੁਰਾਣੇ ਲੇਖਕ ਸਾਡੀਆਂ ਜੜ੍ਹਾਂ ਹਨ, ਪੌੜੀ ਨਹੀਂ।
? ਤੁਹਾਡੀ ਲੇਖਕ ਬਣਨ ਦੀ ਕੋਈ ਖਾਹਿਸ਼ ਸੀ?
- ਬਾਈ ਜੀ! ਨਾ ਤਾਂ ਲੇਖਕ ਬਣਿਆ ਜਾ ਸਕਦਾ ਹੈ ਅਤੇ ਨਾ ਹੀ ਲੇਖਕ ਪੈਦਾ ਕੀਤਾ ਜਾ ਸਕਦਾ ਹੈ। ਇਹ ਤਾਂ ਕੁਦਰਤ ਵੱਲੋਂ ਹੀ ਇੱਕ ਅਨਮੋਲ ਬਖਸ਼ਿਸ਼ ਹੁੰਦੀ ਹੈ। ਅਦੁੱਤੀ ਦਾਤ ਹੁੰਦੀ ਹੈ। ਲੇਖਕ ਬਣਨਾ ਤਾਂ ਮੈਂ ਕਦੀ ਸੁਪਨੇ ਵਿਚ ਵੀ ਨਹੀਂ ਸੀ ਚਿਤਵਿਆ। ਹਾਂ, ਸਕੂਲ ਕਾਲਜ ਟਾਈਮ ਤੇ ਫਿਲਮਾਂ ਦੇਖ-ਦੇਖ ਕੇ ਮੈਨੂੰ ਐਕਟਰ ਬਣਨ ਦਾ 'ਹਲ਼ਕ' ਜ਼ਰੂਰ ਉਠਿਆ ਸੀ। ਪਰ 'ਕੱਲਾ-'ਕੱਲਾ ਪੁੱਤ ਹੋਣ ਕਰਕੇ ਘਰਦਿਆਂ ਨੇ ਪੇਸ਼ ਨਾ ਜਾਣ ਦਿੱਤੀ। ਫਿਰ ਗਾਇਕ ਬਣਨ ਦਾ 'ਹੀਂਗਣਾ' ਛੁੱਟ ਪਿਆ। ਫਿਰ ਮਾਂ ਬਾਪ ਨੇ ਚਾਰ ਭੈਣਾਂ ਦਾ 'ਕੱਲਾ ਭਰਾ ਹੋਣ ਦਾ ਅਹਿਸਾਸ ਕਰਵਾਇਆ। ਮੇਰੀਆਂ ਚਾਰ ਭੈਣਾਂ ਵੱਡੀਆਂ ਹਨ, ਮੈਂ ਸਾਰੀਆਂ ਤੋਂ ਛੋਟਾ ਤੇ ਲਾਡਲਾ ਰਿਹਾ ਹਾਂ। ਬੱਸ, ਫਿਰ ਗੁਰੂ ਮਹਾਰਾਜ ਨੇ ਲਿਖਣ ਵੱਲ ਤੋਰ ਲਿਆ।
? ਤੁਸੀਂ ਇਤਨੇ ਬਿਜ਼ੀ ਹੋਣ ਨਾਲ਼ ਲਿਖਦੇ ਕਿਵੇਂ ਤੇ ਕਦੋਂ ਹੋ?
- ਜਦ ਮੈਂ ਕੋਈ ਵੱਡ-ਅਕਾਰੀ ਨਾਵਲ ਲਿਖਣਾ ਸ਼ੁਰੂ ਕਰਦਾ ਹਾਂ ਤਾਂ ੨੪ ਘੰਟਿਆਂ ਵਿਚ ਸਿਰਫ ਇਕ ਵਾਰ ਖਾਣਾ ਖਾਂਦਾ ਹਾਂ। ਰਾਤ ਨੂੰ ਅੱਠ ਕੁ ਵਜੇ ਸੌਂ ਜਾਂਦਾ ਹਾਂ ਅਤੇ ਸਵੇਰੇ ਦੋ ਵਜੇ ਉੱਠ ਕੇ ਚਾਹ ਪੀ ਕੇ ਲਿਖਣ ਬੈਠ ਜਾਂਦਾ ਹਾਂ ਅਤੇ ਸਾਢੇ ਕੁ ਚਾਰ ਘੰਟੇ, ਮਤਲਬ ਸਾਢੇ ਕੁ ਛੇ ਵਜੇ ਤੱਕ ਲਿਖਦਾ ਹਾਂ। ਫਿਰ ਬੱਚੇ ਉੱਠ ਖੜ੍ਹਦੇ ਹਨ। ਜੇ ਬੱਚਿਆਂ ਨੂੰ ਛੁੱਟੀ ਹੋਵੇ ਤਾਂ ਸਵੇਰ ਦੇ ਦਸ-ਗਿਆਰਾਂ ਵਜੇ ਤੱਕ ਸੁੱਤੇ ਰਹਿੰਦੇ ਹਨ ਅਤੇ ਮੇਰਾ ਲਿਖਣ ਦਾ ਕੰਮ ਬੱਚਿਆਂ ਦੇ ਸੁੱਤੇ ਰਹਿਣ ਤੱਕ ਚੱਲਦਾ ਰਹਿੰਦਾ ਹੈ। ਘਰ ਦਾ ਸਾਰਾ ਕੰਮ ਮੇਰੀ ਘਰਵਾਲੀ ਦਾ ਸੰਭਾਲਿਆ ਹੋਇਆ ਹੈ, ਮੇਰੇ ਤੇ ਕੋਈ ਪਰਿਵਾਰਕ ਬੋਝ ਨਹੀਂ ਸੁੱਟਦੀ, ਮੈਂ ਆਜ਼ਾਦ ਹਾਂ।
? ਤੁਸੀਂ 1990 ਤੋਂ ਪੱਕੇ ਤੌਰ 'ਤੇ ਪਹਿਲਾਂ ਆਸਟਰੀਆ ਅਤੇ ਹੁਣ ਇੰਗਲੈਂਡ ਰਹਿ ਰਹੇ ਹੋ, ਜਦ ਕਿ ਪੰਜਾਬ ਦਾ ਦੁਖਾਂਤ ਮੁੱਖ ਤੌਰ 'ਤੇ 1984 ਵਿਚ ਸ਼ੁਰੂ ਹੋਇਆ। ਫਿਰ 'ਪੁਰਜਾ-ਪੁਰਜਾ ਕਟਿ ਮਰੈ', 'ਤਵੀ ਤੋਂ ਤਲਵਾਰ ਤੱਕ' ਅਤੇ 'ਬਾਰ੍ਹੀਂ ਕੋਹੀ ਬਲਦਾ ਦੀਵਾ', ਵਿਚ ਚਿਤਰੀਆਂ ਘਟਨਾਵਾਂ ਤੁਸੀਂ ਕਿੱਥੋਂ ਲਈਆਂ?
- ਮੈਨੂੰ ਦੇਸ਼ ਅਤੇ ਵਿਦੇਸ਼ਾਂ ਵਿਚ ਛਪਦੇ 24 ਪ੍ਰਮੁੱਖ ਅਖਬਾਰਾਂ ਅਤੇ ਰਸਾਲਿਆਂ ਵਿਚ ਛਪਣ ਦਾ ਮਾਣ ਹਾਸਿਲ ਹੈ। 1986 ਤੋਂ ਲੈਕੇ ਹੁਣ ਤੱਕ ਮੇਰੇ ਕੋਲ ਹਰ ਤਰ੍ਹਾਂ ਦਾ ਅਖਬਾਰ ਅਤੇ ਰਸਾਲਾ ਪੁੱਜਦਾ ਰਿਹਾ ਹੈ ਅਤੇ ਪੁੱਜ ਰਿਹਾ ਹੈ। ਜੋ ਘਟਨਾਵਾਂ ਅਖਬਾਰਾਂ ਰਸਾਲਿਆਂ ਵਿਚ ਛਪਦੀਆਂ ਰਹੀਆਂ, ਉਹ ਕੱਟ ਕੇ ਰੱਖ ਲੈਂਦਾ ਰਿਹਾ। ਫਿਰ ਡੇਢ ਸਾਲ ਲਾ ਕੇ 'ਪੁਰਜਾ ਪੁਰਜਾ ਕਟਿ ਮਰੈ', ਨੌਂ ਮਹੀਨਿਆਂ ਵਿਚ 'ਤਵੀ ਤੋਂ ਤਲਵਾਰ ਤੱਕ' ਅਤੇ ਤਕਰੀਬਨ ਗਿਆਰਾਂ ਕੁ ਮਹੀਨਿਆਂ ਵਿਚ 'ਬਾਰ੍ਹੀਂ ਕੋਹੀਂ ਬਲਦਾ ਦੀਵਾ' ਲਿਖਿਆ। ਪੰਜਾਬ ਦੇ ਦੁਖਾਂਤ 'ਤੇ ਲਿਖੀਆਂ ਬਹੁਤ ਕਿਤਾਬਾਂ ਪੜ੍ਹੀਆਂ, ਅਧਿਐਨ ਕੀਤਾ, ਫਿਰ ਲਿਖਿਆ।
? ਤੁਸੀਂ ਆਪਣੇ ਨਾਵਲ 'ਪੁਰਜਾ ਪੁਰਜਾ ਕਟਿ ਮਰੈ', 'ਤਵੀ ਤੋਂ ਤਲਵਾਰ ਤੱਕ' ਅਤੇ 'ਬਾਰ੍ਹੀਂ ਕੋਹੀਂ ਬਲਦਾ ਦੀਵਾ', 'ਚ ਬੜੀ ਨਿੱਡਰਤਾ ਅਤੇ ਬੇਬਾਕੀ ਨਾਲ ਸਿੱਖ ਪੰਥ ਦਾ ਦਰਦ ਚਿਤਰਿਆ ਹੈ। ਪਰ ਕਈ ਲੋਕ ਤੁਹਾਡੇ "ਸਹਿਜਧਾਰੀ" ਹੋਣ ਤੇ ਕਾਫ਼ੀ ਖਫ਼ਾ ਹਨ?
- ਦੇਖੋ ਬਾਈ ਜੀ, ਜੇ ਮੈਂ ਦਾਹੜੀ ਜਾਂ ਵਾਲ ਕਟਵਾਉਂਦਾ ਹਾਂ, ਤਾਂ ਮੇਰਾ ਆਪਣਾ ਨਿੱਜੀ ਮਸਲਾ ਹੈ। ਬਾਬਰੀ ਮਸਜਿਦ ਢਾਹੀ, ਤਾਂ ਮੈਂ ਲਿਖਿਆ। ਪਾਦਰੀਆਂ 'ਤੇ ਹਮਲਾ ਹੋਇਆ, ਮੈਂ ਤਾਂ ਲਿਖਿਆ। ਫਿਰ ਤਾਂ ਮੁਸਲਮਾਨ ਭਰਾ ਕਹਿਣ ਲੱਗ ਜਾਂਦੇ, ਬਈ ਤੁਸੀਂ ਸਾਡੇ ਦੁੱਖ ਲਿਖੇ ਹਨ, ਹੁਣ ਸੁੰਨਤ ਕਰਵਾ ਲਵੋ। ਕ੍ਰਿਸ਼ਚੀਅਨ ਲੋਕ ਕਹਿਣ ਲੱਗ ਪੈਂਦੇ ਬਈ ਹੁਣ ਤੁਸੀਂ ਇੱਧਰ ਆ ਜਾਵੋ। ਪਾਖੰਡੀ ਬੰਦਾ ਮੈਂ ਬਿਲਕੁਲ ਨਹੀਂ, ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਰੱਬ ਦਾ ਬੰਦਾ ਹਾਂ। ਮੁਆਫ਼ ਕਰਨਾ ਮੈਨੂੰ, ਤੁਹਾਡੇ ਸਾਹਮਣੇ ਕਿੰਨੇ ਸੁਚੱਜਿਆਂ ਦਾਹੜਿਆਂ ਵਾਲੇ ਲੇਖਕ ਹਨ। ਪਰ ਸੁਆਲ ਤਾਂ ਇਹ ਉਠਦਾ ਹੈ ਕਿ ਕਿੰਨਿਆਂ ਕੁ ਨੇ ਈਮਾਨਦਾਰੀ ਨਾਲ ਸਿੱਖ ਪੰਥ ਦੀ ਗੱਲ ਕੀਤੀ? ਮੈਂ ਨਹੀਂ ਕਹਿੰਦਾ ਕਿ ਮੈਂ ਬਹੁਤ ਵੱਡਾ ਲੇਖਕ ਹਾਂ, ਪਰ ਬੁੱਕਲ ਵਿਚ ਗੁੜ ਭੋਰਨ ਵਾਲਿਆਂ ਨਾਲੋਂ ਫਿਰ ਵੀ ਮਾੜਾ ਮੋਟਾ ਚੰਗਾ ਹਾਂ। ਮੇਰੀ ਸੋਚ ਮੁਤਾਬਿਕ ਜੇ ਇੱਕ ਨਿਰਪੱਖ ਲੇਖਕ ਨੂੰ 'ਲੇਖਕ' ਹੀ ਰਹਿਣ ਦਿੱਤਾ ਜਾਵੇ ਤਾਂ ਬਿਹਤਰ ਹੈ ਕਿਉਂਕਿ ਸਿੱਖੀ ਬਖਸ਼ੀ ਜਾਂਦੀ ਹੈ, ਠੋਸੀ ਨਹੀਂ ਜਾਂਦੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਿੱਜੀ ਕਵੀ ਸੈਨਾਪਤ ਜੀ ਅਤੇ ਭਾਈ ਨੰਦ ਲਾਲ ਜੀ ਦੇ ਅੰਮ੍ਰਿਤ ਛਕਣ ਦਾ ਇਤਿਹਾਸ ਵਿਚ ਕਿਤੇ ਜ਼ਿਕਰ ਨਹੀਂ ਆਉਂਦਾ। ਮੈਂ ਤਾਂ ਬਹੁਤ ਮਾਮੂਲੀ ਜਿਹਾ ਲੇਖਕ ਹਾਂ, ਮਜ਼ਹਬ ਪ੍ਰਤੀ ਸੁਆਲ ਤਾਂ ਪ੍ਰਸਿੱਧ ਲੇਖਕ ਸਆਦਤ ਹਸਨ ਮੰਟੋ ਵਰਗਿਆਂ 'ਤੇ ਵੀ ਉਠਦੇ ਰਹੇ। ਜੇ ਸਿਰਫ ਦਾਹੜਿਆਂ ਵਾਲੇ ਹੀ ਸਿੱਖ ਹਨ? ਤਾਂ ਇਸ ਪ੍ਰਤੀ ਸੈਂਕੜੇ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ। ਦੂਰ ਜਾਣ ਦੀ ਲੋੜ ਨਹੀਂ 1947 ਤੋਂ ਲੈ ਕੇ ਹੁਣ ਤੱਕ ਦਾ ਇਤਿਹਾਸ ਪੜ੍ਹ ਕੇ ਹੀ ਦੇਖ ਲਵੋ।
? ਤੁਸੀਂ ਅੱਜ ਕੱਲ੍ਹ ਕੀ ਕਰ ਰਹੇ ਹੋ ਤੇ ਭਵਿੱਖ ਦੀਆਂ ਕੀ ਯੋਜਨਾਵਾਂ ਹਨ?
- ਅੱਜ ਕੱਲ੍ਹ ਇਕ ਵੱਡ-ਅਕਾਰੀ ਨਾਵਲ 'ਡਾਚੀ ਵਾਲਿਆ ਮੋੜ ਮੁਹਾਰ ਵੇ' ਲਿਖ ਰਿਹਾ ਹਾਂ। "ਹਾਜੀ ਲੋਕ ਮੱਕੇ ਵੱਲ ਜਾਂਦੇ" ਤੋਂ ਬਾਅਦ ਹੁਣ "ਸੱਜਰੀ ਪੈੜ ਦਾ ਰੇਤਾ" ਨਾਵਲ ਮਾਰਕੀਟ ਵਿਚ ਆਇਆ ਹੈ। ਹੁਣੇ ਲਿਖਿਆ ਵੱਡ-ਅਕਾਰੀ ਨਾਵਲ "ਰੂਹ ਲੈ ਗਿਆ ਦਿਲਾਂ ਦਾ ਜਾਨੀ" ਨਾਵਲ ਮਸ਼ਹੂਰ ਪੇਪਰ 'ਹਮਦਰਦ ਵੀਕਲੀ', ਕੌਮਾਂਤਰੀ ਪ੍ਰਦੇਸੀ ਅਤੇ "ਪੰਜਾਬ ਟਾਈਮਜ਼" ਇੰਗਲੈਂਡ ਵਿਚ ਲੜੀਵਾਰ ਛਪ ਰਿਹਾ ਹੈ। ਇਸ ਤੋਂ ਇਲਾਵਾ ਬੜੀ ਜਲਦੀ ਇਕ ਨਵਾਂ ਕਾਲਮ 'ਹਮ ਬੋਲੇਗਾ ਤੋ ਬੋਲੋਗੇ ਕਿ ਬੋਲਤਾ ਹੈ' ਸ਼ੁਰੂ ਕਰਨ ਜਾ ਰਿਹਾ ਹਾਂ। ਉਸ ਤੋਂ ਬਾਅਦ ਇਕ ਹੋਰ ਪ੍ਰਵਾਸੀ ਜਨ-ਜੀਵਨ ਤੇ ਨਾਵਲ ਲਿਖਣ ਦਾ ਇਰਾਦਾ ਹੈ। ਅਗਲੇ 4-5 ਸਾਲਾਂ ਵਿਚ ਸਵੈ-ਜੀਵਨੀ ਲਿਖਾਗਾਂ, ਜਿਸ ਦਾ ਮੈਂ ਨਾਂ ਤੱਕ ਸੋਚ ਰੱਖਿਆ ਹੈ, "ਪਿਛਲਖੁਰੀ ਮੁੜਦਿਆਂ"।
? ਅੱਜ ਕੱਲ ਤੁਸੀਂ ਦੇਸ਼-ਵਿਦੇਸ਼ ਵਿਚ ਬਹੁਤ ਪੜ੍ਹੇ ਤੇ ਸਲਾਹੇ ਜਾ ਰਹੇ ਹੋ, ਤੁਸੀਂ ਇਹ ਪ੍ਰਸਿੱਧੀ ਲਈ ਕਿਹੜੀ ਰਚਨਾ ਦਾ ਜ਼ਿਆਦਾ ਯੋਗਦਾਨ ਸਮਝਦੇ ਹੋ?
- "ਪੁਰਜਾ ਪੁਰਜਾ ਕਟਿ ਮਰੈ" ਨਾਵਲ ਮੇਰੇ ਲਈ ਵਰਦਾਨ ਸਿੱਧ ਹੋਇਆ। ਇਸ ਨਾਲ ਮੇਰੀ ਦੇਸ਼ ਅਤੇ ਵਿਦੇਸ਼ਾਂ ਵਿਚ ਪਹਿਚਾਣ ਬਣੀ। ਜਦੋਂ ਇਹ ਨਾਵਲ 'ਪੰਜਾਬ ਟਾਈਮਜ਼' ਇੰਗਲੈਂਡ, 'ਚੜ੍ਹਦੀ ਕਲਾ' ਅਤੇ "ਸਾਂਝ ਸਵੇਰਾ" ਕੈਨੇਡਾ ਵਿਚ ਲੜੀਵਾਰ ਛਪ ਰਿਹਾ ਸੀ, ਉਦੋਂ ਟੈਲੀਫੋਨ ਅਤੇ ਐਡਰੈੱਸ ਛਪਣ ਉਪਰੰਤ ਮੈਨੂੰ ਦੇਸ਼ਾਂ ਵਿਦੇਸ਼ਾਂ ਵਿਚੋਂ ਸੈਂਕੜੇ ਫੋਨ ਅਤੇ ਪੱਤਰ ਆਏ। ਇਸ ਨਾਲ ਮੈਨੂੰ ਬੜਾ ਆਤਮਿਕ ਬਲ ਮਿਲਿਆ। ਉਪਰੋਕਤ ਨਾਵਲ ਹੁਣ ਅਠਾਰ੍ਹਵੀਂ ਵਾਰ ਉਡਾਨ ਪਬਲੀਕੇਸ਼ਨਜ਼ ਨੇ ਮਾਨਸਾ ਤੋਂ ਕਿਤਾਬੀ ਰੂਪ ਵਿਚ ਛਾਪਿਐ। ਬਹੁਤ ਪਾਠਕਾਂ ਨੇ ਇਸਨੂੰ ਅੰਗਰੇਜ਼ੀ ਵਰਗੀਆਂ ਹੋਰ ਭਾਸ਼ਾਵਾਂ ਵਿਚ ਅਨੁਵਾਦ ਕਰਵਾ ਕੇ ਛਪਵਾਉਣ ਦੀ ਰਾਇ ਦਿੱਤੀ ਅਤੇ ਸਰਦਾਰ ਧੜਮੈਤ ਵਰਗਿਆਂ ਨੇ ਇਸ ਤੇ ਲੜੀਵਾਰ ਫ਼ਿਲਮ ਬਣਾਉਣ ਬਾਰੇ ਵੀ ਕਿਹਾ। ਪ੍ਰਸਿੱਧ ਪੱਤਰਕਾਰ ਸ੍ਰ: ਬਸੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਇਹ ਨਾਵਲ ਪੰਜਾਬ ਦੇ ਘਰ-ਘਰ ਵਿਚ ਮੌਜੂਦ ਹੋਣਾ ਚਾਹੀਦਾ ਹੈ। ਇਸ ਹਾਂ ਪੱਖੀ ਹੁੰਗਾਰੇ ਤੋਂ ਬਾਅਦ ਨਾਵਲ "ਤਵੀ ਤੋਂ ਤਲਵਾਰ ਤੱਕ" ਅਤੇ "ਬਾਰ੍ਹੀਂ ਕੋਹੀਂ ਬਲਦਾ ਦੀਵਾ" ਲਿਖਿਆ। ਨਾਵਲ "ਪੁਰਜਾ ਪੁਰਜਾ ਕਟਿ ਮਰੈ" ਦਾ ਤਾਂ ਅੰਗਰੇਜ਼ੀ ਵਿਚ ਅਨੁਵਾਦ ਹੋ ਗਿਆ ਹੈ ਅਤੇ ਇਸ ਨੂੰ ਲੰਡਨ ਦੀ ਇਕ ਮਸ਼ਹੂਰ ਪਬਲਿਸ਼ਿੰਗ ਫਰਮ ਕਿਤਾਬੀ-ਰੂਪ ਵਿਚ ਛਾਪਣ ਜਾ ਰਹੀ ਹੈ! ਇਸ ਦਾ ਅੰਗਰੇਜ਼ੀ ਵਿਚ ਨਾਮ "ਸਟਰਗਲ ਫਾਰ ਡਿਗਨਿਟੀ" ਰੱਖਿਆ ਹੈ। ਅੱਜ ਕੱਲ੍ਹ ਲਿਖਿਆ ਜਾ ਰਿਹਾ ਨਾਵਲ "ਡਾਚੀ ਵਾਲਿਆ ਮੋੜ ਮੁਹਾਰ ਵੇ" ਮੇਰੇ ਆਤਮਿਕ ਅੰਦਾਜ਼ੇ ਅਨੁਸਾਰ ਮੇਰੀ ਸ਼ਾਹਕਾਰ ਰਚਨਾ ਹੋਵੇਗੀ।
? ਕੀ ਪਿਛਲੇ ਨਾਵਲਾਂ ਵਾਂਗ ਇਸ ਨਾਵਲ ਵਿਚ ਵੀ ਖਰਵ੍ਹੀਂ ਭਾਸ਼ਾ ਵਰਤੀ ਗਈ ਹੈ?
- ਮੈਂ ਨਾਵਲ ਦੇ ਪਾਤਰਾਂ ਦੇ ਮੂੰਹ ਵਿਚ ਇਕ ਵੀ ਲਫਜ਼ ਨਹੀਂ ਪਾਉਂਦਾ। ਜਿਹੋ ਜਿਹਾ ਮੇਰੇ ਕਿਸੇ ਪਾਤਰ ਦਾ ਕਿਰਦਾਰ (ਕਰੈਕਟਰ) ਹੈ, ਉਹ ਆਪਣੀ ਉਹੀ ਰਵਾਇਤੀ ਭਾਸ਼ਾ ਬੋਲਦਾ ਹੈ। ਕਿਉਂਕਿ ਇਕ ਗਿਆਨੀ ਪੁਰਸ਼ ਅਤੇ ਪੁਲਸ ਅਫਸਰ ਦੇ ਵਰਤਾਓ ਵਿਚ ਕੋਹਾਂ ਦਾ ਅੰਤਰ ਹੈ। ਮੈਂ ਇਹਨਾਂ ਦੀ ਰਵਾਇਤੀ ਭਾਸ਼ਾ ਨੂੰ ਤੋੜ ਮਰੋੜ ਕੇ ਪੇਸ਼ ਕਰਨਾ ਇਕ ਗੁਨਾਂਹ ਹੀ ਨਹੀਂ, ਹਿਮਾਕਤ ਵੀ ਸਮਝਦਾ ਹਾਂ। ਪਰ ਮੇਰੇ ਪਾਠਕਾਂ ਨੇ ਮੇਰੀਆਂ ਰਚਨਾਵਾਂ ਪੜ੍ਹਕੇ ਅਸ਼ਲੀਲਤਾ ਬਾਰੇ ਕਦੇ ਸ਼ਿਕਾਇਤ ਨਹੀਂ ਕੀਤੀ। ਜੇ ਕੋਈ ਅਜਿਹਾ ਕਾਰਨ ਹੁੰਦਾ ਤਾਂ ਮੇਰਾ ਇੱਕ-ਇੱਕ ਨਾਵਲ 18-18 ਵਾਰੀ ਕਿਤਾਬੀ ਰੂਪ ਵਿਚ ਨਾ ਛਪਦਾ।
? ਤੁਹਾਡਾ ਪਰਿਵਾਰ ਤੁਹਾਡੇ ਲੇਖਕ ਹੋਣ ਨੂੰ ਕਿਵੇਂ ਲੈਂਦਾ ਹੈ ਅਤੇ ਉਹਨਾਂ ਦਾ ਕੀ ਸਹਿਯੋਗ ਹੈ?
- ਸਭ ਤੋਂ ਜ਼ਿਆਦਾ ਲੇਖਕ ਬਣਨ ਵਿਚ ਮੇਰੇ ਸਤਿਕਾਰਯੋਗ ਡੈਡੀ ਜੀ ਤੇ ਮੇਰੀ ਪਤਨੀ ਦਾ ਯੋਗਦਾਨ ਰਿਹਾ ਹੈ।
? ਜੱਗੀ ਸਾਹਿਬ ਗ੍ਰਹਿਸਥੀ ਜੀਵਨ ਬਾਰੇ ਚਾਨਣਾ ਪਾਓਗੇ?
- ਮੇਰੀ ਪਤਨੀ ਸਵਰਨ ਕੁੱਸਾ ਹੈ, ਉਹ ਮੇਰੀ ਲੇਖਣੀ ਦਾ ਸਰਮਾਇਆ ਹੈ। ਉਸ ਦੇ ਸਹਾਰੇ ਸਦਾ ਮੈਂ ਇਕ ਸੁਚੱਜੀ ਜ਼ਿੰਦਗੀ ਬਤੀਤ ਕਰ ਰਿਹਾ ਹਾਂ। ਬੇਟੀਆਂ ਤੇ ਬੇਟਾ ਕਬੀਰ ਚਿੱਕੂ ਕੁੱਸਾ ਹੈ।
? ਲਿਖਣ ਤੋਂ ਬਿਨਾਂ ਕੋਈ ਹੋਰ ਵੀ ਸ਼ੌਕ ਹੈ?
- ਪੜ੍ਹਨਾ, ਲਿਖਣਾ ਅਤੇ ਗੁਰੂ ਬਾਬੇ ਦੇ ਗੁਣ ਗਾਉਣਾ। ਬਾਕੀ ਫੁਰਸਤ ਦੇ ਪਲਾਂ ਵਿਚ ਗਾਉਣ ਪਾਣੀ ਵੀ ਸੁਣ ਲਈਦੈ ਬਾਈ ਜੀ।
? ਆਪਣੇ ਪਾਠਕਾਂ ਲਈ ਕੋਈ ਸੁਨੇਹਾ?
- ਬੜੀ ਸੰਤੁਸ਼ਟੀ ਹੈ ਪਾਠਕਾਂ ਤੋਂ ਬਾਈ ਜੀ, ਪਾਠਕ ਹੀ ਸਾਡੀ ਪੌੜੀ ਹਨ। ਜਿਨਾਂ ਆਸਰੇ ਨਿਰਬਲ ਲੇਖਕ ਨੇ ਪ੍ਰਸਿੱਧੀ ਹਾਸਿਲ ਕੀਤੀ। ਬੱਸ! ਜਿਉਂਦੇ ਵਸਦੇ ਰਹਿਣ ਮੌਜਾਂ ਮਾਨਣ। ਰੈਂਸੀ ਬਾਈ ਜੀ ਮੈਨੂੰ ਪਾਠਕਾਂ ਦੇ ਰੂ-ਬ-ਰੂ ਕਰਵਾਉਣ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ!