ਉਹ ਇਤਿਹਾਸ ਨੂੰ ਮੂਧੇ-ਮੂੰਹ ਮਾਰ ਰਹੇ ਹਨ – ਇਰਫਾਨ ਹਬੀਬ

ਮੁਲਾਕਾਤੀ – ਰੇਆਜ਼ ਉਲ ਹਕ
ਅਨੁਵਾਦ - ਕੇਹਰ ਸ਼ਰੀਫ਼

ਮੱਧਕਾਲੀ ਭਾਰਤ ਬਾਰੇ ਦੁਨੀਆਂ ਦੇ ਸਭ ਤੋਂ ਵੱਡੇ ਮਾਹਿਰਾਂ ਵਿਚ ਗਿਣੇ ਜਾਣ ਵਾਲੇ ਇਰਫਾਨ ਹਬੀਬ ਭਾਰਤ ਦੇ ਲੋਕ ਇਤਿਹਾਸ ਲੜੀ 'ਤੇ ਕੰਮ ਕਰ ਰਹੇ ਹਨ। ਇਸ ਅਧੀਨ ਦੋ ਦਰਜਣ ਤੋਂ ਵੱਧ ਕਿਤਾਬਾਂ ਆ ਗਈਆਂ ਹਨ। ਰਿਆਜ਼ ਉਲ ਹਕ ਨਾਲ ਗੱਲ-ਬਾਤ ਵਿਚ ਉਹ ਦੱਸ ਰਹੇ ਹਨ ਕਿ ਕਿਵੇ ਇਤਿਹਾਸਕਾਰਾਂ ਵਾਸਤੇ ਵਰਤਮਾਨ ਵਿਚ ਹੋ ਰਹੀਆਂ ਤਬਦੀਲੀਆਂ ਇਤਿਹਾਸ ਬਾਰੇ ਉਨ੍ਹਾਂ ਦੇ ਨਜ਼ਰੀਏ ਨੂੰ ਵੀ ਬਦਲ ਦਿੰਦੀਆਂ ਹਨ। ਕ੍ਰਿਸ ਹਰਮੈਨ ਦਾ 'ਵਿਸ਼ਵ ਦਾ ਲੋਕ ਇਤਿਹਾਸ' ਅਤੇ ਹਾਵਰਡ ਜਿਨ ਦਾ 'ਅਮਰੀਕਾ ਦਾ ਲੋਕ ਇਤਿਹਾਸ' ਕਾਫੀ ਚਰਚਿਤ ਰਹੇ ਹਨ।

?   ਭਾਰਤ ਬਾਰੇ ਇਹ ਵਿਚਾਰ ਕਿਵੇਂ ਆਇਆ?

-   ਦਸ ਸਾਲ ਹੋਏ ਜਦੋਂ ਖਿਆਲ ਆਇਆ ਕਿ ਭਾਰਤ ਦਾ ਲੋਕ ਇਤਿਹਾਸ ਲਿਖਿਆ ਜਾਣਾ ਚਾਹੀਦਾ ਹੈ। ਉਦੋਂ ਭਾਰਤੀ ਜਨਤਾ ਪਾਰਟੀ ਲੋਕ ਇਤਿਹਾਸ ਨੂੰ ਮਨਮਾਨੇ ਢੰਗ ਨਾਲ ਤੋੜ-ਮਰੋੜ ਰਹੀ ਸੀ। ਉਨ੍ਹਾਂ ਦਿਨਾਂ ਵਿਚ ਅਸੀਂ ਇਸ 'ਤੇ ਕੰਮ ਸ਼ੁਰੂ ਕੀਤਾ। ਸਾਨੂੰ ਮੱਧ ਪ੍ਰਦੇਸ਼ ਪਾਠ ਪੁਸਤਕ ਨਿਗਮ ਨੇ ਇਸ ਲਈ ਗਰਾਂਟ ਦਿੱਤੀ ਸੀ। ਸ਼ੁਰੂ ਵਿਚ ਇਸ ਨੂੰ ਮੁੱਖ ਰੂਪ 'ਚ ਵਿਦਿਆਰਥੀਆਂ ਦੇ ਪੜ੍ਹਨ ਵਾਸਤੇ ਤਿਆਰ ਕਰਨਾ ਸੀ। ਅਸੀਂ ਇਸ ਦੇ ਰਾਹੀਂ ਇਕ ਸੁਨੇਹਾ ਦੇਣਾ ਚਾਹੁੰਦੇ ਹਾਂ। ਇਸ ਵਿਚ ਅਸੀਂ ਉਨ੍ਹਾਂ ਚੀਜ਼ਾਂ ਨੂੰ ਵੀ ਰੱਖ ਰਹੇ ਹਾਂ ਜਿਨ੍ਹਾ ਨਾਲ ਅਸਹਿਮਤੀ ਹੈ। ਇਸ ਦਾ ਆਮ ਤੌਰ ਤੇ ਖਿਆਲ ਰੱਖਿਆ ਜਾਂਦਾ ਹੈ ਕਿ ਸਮੁੱਚੀ ਤਸਵੀਰ ਉਭਰੇ।

?    ਇਕ ਆਮ ਪਾਠਕ ਵਾਸਤੇ ਲੋਕ ਇਤਿਹਾਸ ਅਤੇ ਆਮ ਇਤਿਹਾਸ ਵਿਚ ਕੀ ਫਰਕ ਹੁੰਦਾ ਹੈ?

-   ਲੋਕ ਇਤਿਹਾਸ ਵਿਚ ਅਸੀਂ ਸਾਰੇ ਹੀ ਪਹਿਲੂਆਂ ਨੂੰ ਵਿਚਾਰਨ ਦਾ ਜਤਨ ਕਰਦੇ ਹਾਂ ਭਾਰਤ ਵਿਚ ਰਾਜ ਕਾਫੀ ਮਹੱਤਵਪੂਰਨ ਹੁੰਦਾ ਸੀ ਇਹ ਸਿਰਫ ਸ਼ਾਸਕ ਵਰਗ ਦਾ ਰੱਖਿਅਕ ਨਹੀਂ ਸੀ ਹੁੰਦਾ ਸਗੋਂ ਉਸਦੀ ਵਿਚਾਰਧਾਰਾ ਦੀ ਵੀ ਰਾਖੀ ਕਰਦਾ ਸੀ। ਜਾਤ-ਪਾਤ ਇਹ ਹੀ ਵਿਚਾਰਧਾਰਾ ਹੈ। ਜਾਤ-ਪਾਤ ਇਸ ਕਰਕੇ ਹੀ ਤਾਂ ਚੱਲ ਰਹੀ ਹੈ ਕਿ ਪੀੜਤਾਂ ਨੇ ਦਬਾਏ ਜਾਣ ਵਾਲਿਆਂ ਦੀ ਵਿਚਾਰਧਾਰਾ ਨੂੰ ਅਪਣਾ ਲਿਆ। ਉਨ੍ਹਾਂ ਦੀਆਂ ਗੱਲਾਂ ਅਪਣਾ ਲਈਆਂ। ਇਸ ਤਰ੍ਹਾਂ ਵਿਚਾਰਧਾਰਾ ਵੀ ਮਹੱਤਵਪੂਰਨ ਹੁੰਦੀ ਹੈ। ਸਾਡੇ ਇੱਥੇ ਔਰਤਾਂ ਦੀ ਜਿ਼ੰਦਗੀ ਦੇ ਸਬੰਧ ਵਿਚ ਬਹੁਤ ਘੱਟ ਜਾਣਕਾਰੀ ਹੈ। ਭਾਵੇਂ ਕਿ ਉਨ੍ਹਾਂ ਦੇ ਬਾਰੇ ਅਸੀਂ ਬਹੁਤ ਘੱਟ ਗੱਲਾਂ ਜਾਣਦੇ ਹਾਂ। ਜੇ ਇਸ ਬਾਰੇ ਵਿਚਾਰ ਜਾਂ ਤੁਲਨਾ ਕਰਕੇ ਦੇਖੀਏ ਫੇਰ ਵੀ ਉਨ੍ਹਾਂ ਬਾਰੇ ਬਹੁਤ ਘੱਟ ਲਿਖਿਆ ਗਿਆ ਹੈ। ਸਾਡੇ ਪੁਰਾਣੇ ਸੱਭਿਆਚਾਰ ਵਿਚ ਬਹੁਤ ਸਾਰੀਆਂ ਖਰਾਬੀਆਂ ਵੀ ਸਨ। ਲੋਕ ਇਤਿਹਾਸ ਇਨ੍ਹਾਂ 'ਤੇ ਵਿਸ਼ੇਸ਼ ਧਿਆਨ ਦੇਣ ਦੀ ਕੋਸਿ਼ਸ਼ ਹੈ। ਭਾਰਤ ਦਾ ਇਤਿਹਾਸ ਲਿਖਣਾ ਸੌਖਾ ਹੈ , ਥੋੜ੍ਹੀ ਮਿਹਨਤ ਕਰਨੀ ਪੈਂਦੀ ਹੈ। ਇਹ ਤਾਂ ਕੁੱਝ ਵੀ ਕਰੋ ਕਰਨੀ ਹੀ ਪੈਂਦੀ ਹੈ। ਮੱਧਕਾਲੀ ਭਾਰਤ ਦੇ ਬਾਰੇ 'ਚ ਇਤਿਹਾਸਕ ਸ੍ਰੋਤ ਕਾਫੀ ਮਿਲਦੇ ਹਨ। ਪ੍ਰਾਚੀਨ ਭਾਰਤ ਦੇ ਸਬੰਧ ਵਿਚ ਸਿ਼ਲ਼ਾਲੇਖ ਕਾਫੀ ਮਿਲਦੇ ਹਨ, ਉਨ੍ਹਾਂ ਦੀ ਤਰਤੀਬ ਵਧੀਆ ਹੁੰਦੀ ਹੈ। ਇਤਿਹਾਸ ਦੇ ਮਾਮਲੇ ਵਿਚ ਭਾਰਤ ਕਾਫੀ ਸ਼ਕਤੀਸ਼ਾਲੀ ਰਿਹਾ ਹੈ। ਪਰ ਇੱਥੇ ਬਹੁਤ ਸਾਰੇ ਸ਼ਰਮਿੰਦਗੀ ਭਰੇ ਰਿਵਾਜ਼ ਵੀ ਰਹੇ ਹਨ, ਜਿਵੇਂ ਦਾਸ ਪ੍ਰਥਾ ਆਦਿ। ਇਸ ਲੜੀ ਅਧੀਨ  ਇਨ੍ਹਾਂ ਸਾਰਿਆਂ 'ਤੇ ਹੀ ਵਿਸਥਾਰ ਸਹਿਤ ਵਿਚਾਰ ਕੀਤਾ ਜਾ ਰਿਹਾ ਹੈ।

?     ਭਾਰਤ ਦਾ ਲੋਕ ਇਤਿਹਾਸ ਕੀ ਦੇਸ਼ ਦੇ ਬਾਰੇ ਨਜ਼ਰੀਏ ਵਿਚ ਕੋਈ ਤਬਦੀਲੀ ਲਿਆਉਣ ਦੀ ਕੋਸਿ਼ਸ਼ ਹੈ?

-   ਇਤਿਹਾਸ ਲਿਖਣ ਦਾ ਮਤਲਬ ਨਵੀਂ ਖੋਜ ਕਰਨਾ ਨਹੀਂ ਹੈ। ਬਹੁਤ ਸਾਰੀਆਂ ਚੀਜ਼ਾਂ ਉੱਤੇ ਅਕਸਰ ਲੋਕਾਂ ਦੀ ਨਜ਼ਰ ਨਹੀਂ ਜਾਂਦੀ, ਜਿਵੇਂ ਤਕਨੀਕ ਦਾ ਮਾਮਲਾ ਹੈ। ਮੱਧਕਾਲੀ ਸਮਾਜ ਵਿਚ ਸਾਡੇ ਦੇਸ਼ ਵਿਚ ਕਿਹੜੀ ਤਕਨੀਕ ਸੀ? ਉਦੋਂ ਖੇਤੀ ਕਿਵੇਂ ਹੁੰਦੀ ਸੀ, ਸੰਦ ਕਿਹੜੇ ਵਰਤੇ ਜਾਂਦੇ ਸਨ। ਇਨ੍ਹਾਂ ਪਹਿਲੂਆਂ ਉੱਤੇ ਹੁਣ ਤੱਕ ਨਹੀਂ ਲਿਖਿਆ ਗਿਆ। ਇਸ ਤਰ੍ਹਾਂ ਹੀ ਬੋਧੀ-ਜੈਨੀ ਪ੍ਰੰਪਰਾਵਾਂ ਬਾਰੇ ਵੀ ਇਤਿਹਾਸ ਵਿਚ ਬਣਦਾ ਧਿਆਨ ਨਹੀਂ ਦਿੱਤਾ ਗਿਆ। ਗੁਲਾਮ ਕਿਵੇਂ ਰਹਿੰਦੇ ਸਨ ਇਸ ਬਾਰੇ ਵੀ ਇਤਿਹਾਸ ਵਿਚ ਨਹੀਂ ਲਿਖਿਆ ਗਿਆ। ਲੋਕ ਇਤਿਹਾਸ ਇਸ ਸਭ-ਕਾਸੇ ਨੂੰ ਸਮੇਟ ਰਿਹਾ ਹੈ।
  
?   ਇਤਿਹਾਸ ਦਾ ਅਰਥ ਸ਼ਾਸਤਰ, ਸਾਹਿਤ, ਸੱਭਿਆਚਾਰ ਵਰਗੇ ਦੂਸਰੇ ਵਿਸਿ਼ਆਂ ਨਾਲ ਸੰਵਾਦ ਲਗਾਤਾਰ ਵਧ ਰਿਹਾ ਹੈ। ਇਸ ਨਾਲ ਇਤਿਹਾਸ ਦਾ ਲਿਖਣਾ ਕਿੰਨਾ ਮਹੱਤਵਪੂਰਨ ਹੋ ਰਿਹਾ ਹੈ?

-   ਅਰਥਸ਼ਾਸਤਰ ਬਾਰੇ ਕੌਟੱਲਿਆ ਦੀ ਇਕ ਕਿਤਾਬ ਹੈ। ਉਸ ਕਿਤਾਬ ਨੂੰ ਸਮਝਣ ਦੇ ਕਈ ਤਰੀਕੇ ਹੋ ਸਕਦੇ ਹਨ। ਅਸੀਂ ਉਸਨੂੰ ਆਪਣੇ ਤਰੀਕੇ ਨਾਲ ਸਮਝਦੇ ਹਾਂ, ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਸਾਡਾ ਨਜ਼ਰੀਆ ਹੀ ਠੀਕ ਹੈ। ਸੰਭਾਵਨਾ ਸਦਾ ਹੀ ਰਹੀ ਹੈ ਨਵੇਂ ਵਿਚਾਰਾਂ ਦੀ, ਅਜਿਹੇ ਨਵੇਂ ਪਹਿਲੂ ਸਦਾ ਸਾਹਮਣੇ ਆਉਂਦੇ ਰਹਿਣਗੇ ਜਿਨ੍ਹਾਂ 'ਤੇ ਨਜ਼ਰ ਨਹੀਂ ਪਾਈ ਗਈ ਅਤੇ ਜਿਨ੍ਹਾਂ 'ਤੇ ਕੰਮ ਹੋਣਾ ਹੈ।

?   ਭਾਰਤ ਵਿਚ ਪੂੰਜੀਵਾਦੀ ਵਿਕਾਸ ਬਾਰੇ ਬਹਿਸ ਅਜੇ ਵੀ ਚੱਲ ਰਹੀ ਹੈ। ਮੱਧਕਾਲ ਬਾਰੇ ਅਤੇ ਪੂੰਜੀਵਾਦ ਦੀ ਤੋਰ ਸਬੰਧੀ ਤੁਹਾਡਾ ਵੀ ਅਧਿਅਨ ਰਿਹਾ ਹੈ। ਦੇਸ ਵਿਚ ਪੂੰਜੀਵਾਦ ਦਾ ਵਿਕਾਸ ਕਿਉਂ ਨਹੀਂ ਹੋ ਸਕਿਆ? ਇਸ ਵਿਚ ਅੜਿੱਕਾ ਪਾਉਣ ਵਾਲੀਆਂ ਕਿਹੜੀਆਂ ਤਾਕਤਾਂ ਸਨ?

-    ਪੂੰਜੀਵਾਦ ਦਾ ਵਿਕਾਸ ਤਾਂ ਪੱਛਮੀ ਯੂਰਪ ਦੇ ਕੁੱਝ ਦੇਸ਼ਾਂ ਵਿਚ ਹੀ ਹੋਇਆ। ਚੀਨ, ਰੂਸ ਅਫਰੀਕਾ ਅਤੇ ਯੂਰਪ ਦੇ ਵੀ ਬਹੁਤ ਸਾਰੇ ਦੇਸ਼ਾਂ ਵਿਚ ਵੀ ਪੂੰਜੀਵਾਦ ਦਾ ਵਿਕਾਸ ਨਹੀਂ ਹੋ ਸਕਿਆ। ਅਸੀਂ ਇਹ ਨਹੀਂ ਕਹਿ ਸਕਦੇ ਕਿ ਇਸ ਵਾਸਤੇ ਸਿਰਫ ਭਾਰਤ ਹੀ ਦੋਸ਼ੀ ਹੈ ਕਿ ਇੱਥੇ ਪੂੰਜੀਵਾਦ ਦਾ ਵਿਕਾਸ ਨਹੀਂ ਹੋ ਸਕਿਆ- ਪੱਛਮੀ ਯੂਰਪ ਵਿਚ ਪੂੰਜੀਵਾਦ ਦੇ ਵਿਕਾਸ ਵਾਸਤੇ ਬਹੁਤ ਸਾਰੀਆਂ ਗੱਲਾਂ ਦਾ ਯੋਗਦਾਨ ਸੀ। ਉੱਥੇ ਤਕਨੀਕ ਦਾ ਵਿਕਾਸ ਹੋਇਆ, ਵਿਗਿਆਨ ਦੇ ਖੇਤਰ ਵਿਚ ਇਨਕਲਾਬ ਆਇਆ, ਬਸਤੀਵਾਦ ਦੇ ਕਾਰਨ ਉਨ੍ਹਾਂ ਦੇਸ਼ਾਂ ਨੂੰ ਫਾਇਦਾ ਹੋਇਆ। ਇਨ੍ਹਾਂ ਸਭ ਗੱਲਾਂ ਜਾਂ ਕਾਰਨਾਂ ਕਰਕੇ ਇੱਥੇ ਪੂੰਜੀਵਾਦ ਦਾ ਵਿਕਾਸ ਹੋ ਸਕਿਆ। ਹਰ ਮੁਲਕ ਵਿਚ ਤਾਂ ਵਿਗਿਆਨਕ ਕ੍ਰਾਂਤੀ ਨਹੀਂ ਹੁੰਦੀ। ਹਰ ਦੇਸ਼ ਵਿਚ ਕਾਪਰਨਿਕਸ ਪੈਦਾ ਨਹੀਂ ਹੁੰਦਾ। ਹਾਂ, ਪਰ ਅਜਿਹੇ ਤੱਤ ਭਾਰਤ ਵਿਚ ਮੌਜੂਦ ਸਨ ਜੋ ਦੇਸ਼ ਨੂੰ ਪੂੰਜੀਵਾਦ ਵਲ ਲੈ ਜਾ ਸਕਦੇ ਸਨ। ਮੱਧਕਾਲ ਵਿਚ ਇੱਥੇ ਵਪਾਰ ਸੀ। ਲੈਣ ਦੇਣ ਸੀ, ਬੈਂਕਾਂ ਵਾਲਾ ਪ੍ਰਬੰਧ ਸੀ ਜਿਸਨੂੰ ਹੁੰਡੀ ਕਹਿੰਦੇ ਸਨ, ਬੀਮੇ ਦਾ ਪ੍ਰਬੰਧ ਵੀ ਸੀ। ਪਰ ਇਸ ਨਾਲ ਤਾਂ ਵਪਾਰਕ ਪੂੰਜੀਵਾਦ ਹੀ ਵਧ ਸਕਦਾ ਹੈ। ਇਸ ਵਿਚ ਜੇ ਮਿਹਨਤ ਦੀ ਬੱਚਤ ਦਾ ਪ੍ਰਬੰਧ ਕੀਤਾ ਜਾਂਦਾ ਤਾਂ ਪੂੰਜੀਵਾਦ ਵਿਕਸਤ ਹੋ ਸਕਦਾ ਸੀ। ਇਸ ਵਾਸਤੇ ਵਿਗਿਆਨ ਅਤੇ ਵਿਚਾਰਾਂ ਦੇ ਵਿਕਾਸ ਦੀ ਲੋੜ ਸੀ – ਜੋ ਇੱਥੇ ਨਹੀਂ ਸਨ। ਤਕਨੀਕ ਵਲ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਸੀ। ਅਕਬਰ ਭਾਵੇਂ ਨਵੀਆਂ ਖੋਜਾਂ ਵਲ ਦਿਲਚਸਪੀ ਲੈਂਦਾ ਸੀ ਉਸਨੇ ਉਨ੍ਹਾਂ ਦਿਨਾਂ ਵਿਚ ਵਾਟਰ ਪੂਲਿੰਗ ਵਰਗੀ ਤਕਨੀਕ ਅਪਣਾਈ ਸੀ। ਸਿ਼ੱਪ ਕੈਨਾਲ ਤਕਨੀਕ ਦਾ ਵਿਕਾਸ ਉਸਨੇ ਕੀਤਾ। ਦਰਅਸਲ ਸਮੁੰਦਰੀ ਜਹਾਜ਼ ਬਨਾਉਣ ਤੋਂ ਬਾਅਦ ਉਸਨੂੰ ਨਦੀ ਦੇ ਰਾਹੀਂ ਸਮੁੰਦਰ ਤੱਕ ਲੈ ਜਾਣ ਵਿਚ ਕਾਫੀ ਮੁਸ਼ਕਲ ਪੇਸ਼ ਆਉਂਦੀ ਸੀ। ਲਾਹੌਰ ਵਿਚ ਸਿ਼ੱਪ ਬਨਾਉਣ ਵਾਸਤੇ ਲੱਕੜੀ ਚੰਗੀ ਮਿਲਦੀ ਸੀ ਪਰ ਉੱਥੋਂ ਉਸਨੂੰ ਸਮੁੰਦਰ ਤੱਕ ਲੈ ਕੇ ਜਾਣਾ ਔਖਾ ਸੀ ਤਾਂ ਅਕਬਰ ਨੇ ਕਿਹਾ ਕਿ ਜਹਾਜ਼ ਨੂੰ ਜ਼ਮੀਨ ਤੇ ਨਾ ਬਣਾਉ। ਉਸਨੇ ਸਿ਼ੱਪ ਕੈਨਾਲ ਤਰੀਕੇ ਦਾ ਵਿਕਾਸ ਕੀਤਾ। ਇਹ 1592 ਦੀ ਗੱਲ ਹੈ। ਯੂਰਪ ਵਿਚ ਵੀ ਇਸ ਤਕਨੀਕ ਦੀ ਵਰਤੋਂ ਸੌ ਸਾਲ ਬਾਦ ਹੋਈ। ਪਾਣੀ ਠੰਢਾ ਕਰਨ ਦੀ ਤਕਨੀਕ ਵੀ ਭਾਰਤ ਵਿਚ ਹੀ ਸੀ, ਯੂਰਪ ਵਿਚ ਨਹੀਂ। ਪਰ ਜਿਹੜਾ ਹੋਰ ਤਕਨੀਕੀ ਵਿਕਾਸ ਇਸ ਦੇ ਨਾਲ ਹੋਣਾ ਚਾਹੀਦਾ ਸੀ ਉਹ ਯੂਰਪ ਵਿਚ ਹੋਇਆ ਉਸਦਾ ਕੋਈ ਮੁਕਾਬਲਾ ਨਹੀਂ ਹੈ।

?   ਇਤਿਹਾਸਕਾਰ ਦਾ ਕੰਮ ਅਤੀਤ ਨੂੰ ਦੇਖਣਾ ਹੁੰਦਾ ਹੈ , ਕੀ ਇਹ ਭਵਿੱਖ ਨੂੰ ਵੀ ਦੇਖ ਸਕਦਾ ਹੈ?

-   ਨਹੀਂ, ਇਹ ਭਵਿੱਖ ਨੂੰ ਨਹੀਂ ਦੇਖ ਸਕਦਾ। ਪਰ ਕਦੇ ਕਦੇ ਤਾਂ ਇਸ ਦੇ ਉਲਟ ਹੁੰਦਾ ਹੈ। ਜਿਵੇਂ ਜਿਵੇਂ ਇਤਿਹਾਸ ਦਾ ਤਜ਼ੁਰਬਾ ਵਧਦਾ ਜਾਂਦਾ ਹੈ ਫੇਰ ਇਤਿਹਾਸਕਾਰ ਇਸ ਨੂੰ ਦੂਸਰੀ ਤਰ੍ਹਾਂ ਦੇਖਣ ਲਗਦਾ ਹੈ। ਜਿਵੇਂ ਫਰਾਂਸ ਦੀ ਕ੍ਰਾਂਤੀ ਹੋਈ ਉੱਥੇ ਕਿਸਾਨਾਂ ਨੇ 33 ਫੀਸਦੀ ਜਗੀਰਦਾਰਾਂ ਦੀਆਂ ਜ਼ਮੀਨਾਂ ਖੋਹ ਲਈਆਂ। ਇਸ ਬਾਰੇ ਉੱਨੀਵੀਂ ਸਦੀ ਵਿਚ ਬਹਿਸ ਚਲਦੀ ਰਹੀ ਕਿ ਇਹ ਇਕ ਬਹੁਤ ਵੱਡੀ ਕਾਰਵਾਈ ਸੀ। ਹਾਲਾਂਕਿ ਉਦੋਂ ਵੀ 66 ਫੀਸਦੀ ਕਿਸਾਨ ਬਚੇ ਰਹੇ ਸਨ। ਪਰ ਜਦੋਂ ਰੂਸ ਵਿਚ ਇਨਕਲਾਬ ਹੋਇਆ ਤਾਂ ਉੱਥੇ ਸਾਰੇ ਹੀ ਜਗੀਰਦਾਰਾਂ ਦੀਆਂ ਜ਼ਮੀਨਾਂ ਖੋਹ ਲਈਆਂ ਗਈਆਂ। ਇਸ ਤੋਂ ਅੱਗੇ ਦੇਖੀਏ ਕਿ ਫਰਾਂਸ ਦੀ ਕ੍ਰਾਂਤੀ ਵੇਲੇ 33 ਫੀਸਦੀ ਜਗੀਰਦਾਰਾਂ ਨੂੰ ਖਤਮ ਕਰਨ ਦੀ ਘਟਨਾ ਕਿੰਨੀ ਛੋਟੀ ਸੀ ਪਰ ਇਤਿਹਾਸਕਾਰ ਉਸ ਤੋਂ ਅੱਗੇ ਨਹੀਂ ਦੇਖ ਸਕੇ। ਉਹ ਇਹ ਸੰਭਾਵਨਾਵਾਂ ਨਹੀਂ ਦੇਖ ਸਕੇ ਕਿ 100 ਫੀਸਦੀ ਜਗੀਰਦਾਰੀ ਖਤਮ ਕੀਤੀ ਜਾ ਸਕਦੀ ਹੈ। ਜਿਵੇਂ ਜਿਵੇਂ ਮਨੁੱਖ ਦਾ ਵਿਕਾਸ ਹੁੰਦਾ ਹੈ ਤਾਂ ਇਤਿਹਾਸ ਦਾ ਵੀ ਵਿਕਾਸ ਹੁੰਦਾ ਹੈ। ਜਿਵੇਂ ਹੁਣ ਇਤਿਹਾਸ ਵਿਚ ਔਰਤਾਂ ਦੇ ਅੰਦੋਲਨ ਜਾਂ ਉਨ੍ਹਾਂ 'ਤੇ ਹੋਏ ਜੁਲਮਾਂ ਨੂੰ ਦੇਖਣਾ ਸ਼ੁਰੂ ਕੀਤਾ ਹੈ।। ਜਾਤੀ ਦੇ ਨਜ਼ਰੀਏ ਤੋਂ ਵੀ ਇਤਿਹਾਸ ਨੂੰ ਦੇਖਿਆ ਜਾਣ ਲੱਗਾ ਹੈ। ਪਹਿਲਾਂ ਮੁਸਲਿਮ ਸੰਸਾਰ ਨੂੰ ਪਛੜਿਆ ਸਮਝਿਆ ਜਾਂਦਾ ਸੀ, ਪਰੰਤੂ ਇਤਿਹਾਸ ਦੇ ਵਿਕਾਸ ਦੇ ਨਾਲ ਹੀ ਇਹ ਸਿੱਧ ਹੁੰਦਾ ਜਾ ਰਿਹਾ ਹੈ ਕਿ ਮੁਸਲਿਮ ਸੰਸਾਰ ਵੀ ਪਿੱਛੇ ਨਹੀਂ ਸੀ। ਮੈਂ 'ਐਗਰੇਰੀਅਨ ਸਿਸਟਮ ਆਫ ਮੁਗਲ ਇੰਡੀਆ' ਵਿਚ ਔਰਤਾਂ ਦੇ ਬਾਰੇ 'ਚ ਨਹੀਂ ਲਿਖਿਆ। ਪਰ ਜੇ ਹੁਣ ਉਹ ਕਿਤਾਬਾਂ ਲਿਖਾਂਗਾ ਤਾਂ ਸੰਭਵ ਨਹੀਂ ਕਿ ਉਨ੍ਹਾਂ ਦੀ ਮਿਹਨਤ ਅਤੇ ਉਨ੍ਹਾਂ ਦੀਆਂ ਸਰਗਰਮੀਆਂ ਬਾਰੇ ਨਾ ਲਿਖਾਂ। ਔਰਤਾਂ ਉਦੋਂ ਵੀ ਕੰਮ-ਕਾਰ (ਮਿਹਨਤ) ਕਰਦੀਆਂ ਸਨ। ਪਰ ਅੱਜ ਵਾਂਗ ਹੀ ਉਨ੍ਹਾਂ ਦੀ ਮਿਹਨਤ-ਮਜ਼ਦੂਰੀ ਦਾ ਭੁਗਤਾਨ ਉਦੋਂ ਵੀ ਨਹੀਂ ਕੀਤਾ ਜਾਂਦਾ ਸੀ। ਉਦੋਂ ਉਨ੍ਹਾਂ ਵਲੋਂ ਕੀਤੀ ਮਿਹਨਤ ਦੀ ਆਮਦਨ ਮਰਦਾਂ ਦੀ ਆਮਦਨ ਦੇ ਨਾਲ ਹੀ ਸ਼ਾਮਲ ਕਰ ਦਿੱਤੀ ਜਾਂਦੀ ਸੀ। ਇਹ ਹਾਲਤ ਅੱਜ ਵੀ ਹਨ। ਇਹ ਠੀਕ ਹੈ ਕਿ ਮੈਨੂੰ ਇਸ ਸਭ ਕੁੱਝ ਦੇ ਬਾਰੇ ਬਹੁਤੀ ਜਾਣਕਾਰੀ ਨਹੀਂ ਸੀ, ਪਰ ਮੈਨੂੰ ਇਸ ਬਾਰੇ ਲਿਖਣਾ ਚਾਹੀਦਾ ਸੀ। ਲੋਕ ਇਤਿਹਾਸ ਵਿਚ ਇਸ ਸਭ ਕਾਸੇ ਬਾਰੇ ਵਿਸਥਾਰ ਨਾਲ ਲਿਖਿਆ ਜਾ ਰਿਹਾ ਹੈ।ਇਹ ਸਾਰੀਆਂ ਗੱਲਾਂ ਤੇ ਤੱਥ ਵਰਤਮਾਨ ਵਿਚ ਹੋ ਰਹੇ ਅੰਦੋਲਨਾਂ ਵਿਚੋਂ ਉਭਰ ਕੇ ਸਾਹਮਣੇ ਆ ਰਹੇ ਹਨ। ਇਸ ਤਰ੍ਹਾਂ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਇਤਿਹਾਸ ਉੱਪਰ ਵਰਤਮਾਨ ਦਾ ਬਹੁਤ ਅਸਰ ਹੁੰਦਾ ਹੈ।

?   ਤੁਸੀਂ ਹਾਸ਼ੀਏ ਵਲ ਧੱਕੇ ਗਏ ਸਮਾਜੀ ਸਮੂਹਾਂ ਦੇ ਇਤਿਹਾਸਕਾਰਾਂ ਨੂੰ (ਸਬਆਲਟਰਨ ਇਤਿਹਾਸਕਾਰ) ਤ੍ਰਾਸਦੀਆਂ ਦੇ ''ਪ੍ਰਸੰਨ ਇਤਿਹਾਸਕਾਰ'' (ਹੈਪੀ ਹਿਸਟੋਰੀਅਨ) ਕਿਹਾ ਹੈ। ਸਬਆਲਟਰਨ ਇਤਿਹਾਸਕਾਰਾਂ ਦਾ ਕੰਮ ਕਰਨ ਦਾ ਤਰੀਕਾ ਕੀ ਹੈ? ਉਹ ਇਤਿਹਾਸ 'ਤੇ ਕਿਸ ਤਰ੍ਹਾਂ ਦਾ ਪ੍ਰਭਾਵ ਪਾ ਰਹੇ ਹਨ?

-   ਉਹ ਮੈਨੂੰ ਕਦੀ ਪ੍ਰਭਾਵਿਤ ਨਹੀਂ ਕਰ ਸਕੇ। ਸਬਆਲਟਰਨ ਇਤਿਹਾਸਕਾਰਾਂ ਦੇ ਇਥੇ ਵਰਗ ਨਹੀਂ ਹਨ, ਬਸਤੀਵਾਦੀ ਸ਼ਾਸਕ, ਭਾਰਤੀ ਸ਼ਾਸਕ ਵਰਗ ਅਤੇ ਪੀੜਤ ਕਿਸਾਨ -ਮਜਦੂਰ ਨਹੀਂ ਹਨ ਉਨ੍ਹਾਂ ਦੇ ਇੱਥੇ ਬਸਤੀਵਾਦੀ ਉੱਚ ਵਰਗ (ਇਲੀਟ) ਹਨ ਜਿਨ੍ਹਾ ਦੇ ਖਿਲਾਫ ਭਾਰਤ ਦਾ ਉੱਚ ਵਰਗ ਖੜ੍ਹਾ ਹੈ।
ਜਦੋਂ ਅਸੀਂ ਇਤਿਹਾਸ ਅਤੇ  ਸਮਾਜ ਨੂੰ ਇਸ ਤਰ੍ਹਾਂ ਦੇਖਣ ਲਗਦੇ ਹਾਂ ਤਾਂ ਲੋਕਾਂ ਦਾ ਸਾਰਾ ਹੀ ਦੁੱਖ ਗਾਇਬ ਹੋ ਜਾਂਦਾ ਹੈ। ਉਦਯੋਗਾਂ ਦੀ ਬਰਬਾਦੀ ਅਤੇ ਉਨ੍ਹਾਂ ਦੀਆਂ ਸੰਭਾਵਨਾਵਾਂ ਨੂੰ ਜਿਸ ਤਰ੍ਹਾਂ ਤਬਾਹ ਕੀਤਾ ਗਿਆ ਉਸਦਾ ਪਤਾ ਹੀ ਨਹੀਂ ਲਗਦਾ। ਬਸ ਬਚਦੇ ਹਨ ਤਾਂ ਅੰਗਰੇਜ ਜੋ ਜ਼ੁਲਮ ਕਰ ਰਹੇ ਹਨ ਅਤੇ ਗਰੀਬ ਕਿਸਾਨ ਅਤੇ ਧਨਾਢ ਕਿਸਾਨ ਜੋ ਅੰਗਰੇਜਾਂ ਦੇ ਜੁਲਮ ਦੇ ਮਾਰੇ ਹੋਏ ਹਨ ਲੇਕਿਨ ਇਸ ਵਿੱਚ ਉਸ ਗਰੀਬ ਕਿਸਾਨ ਅਤੇ ਧਨਾਢ ਕਿਸਾਨ ਦੇ ਵਿੱਚਲੇ ਅੰਤਰਵਿਰੋਧ ਨੂੰ ਨਹੀਂ ਵੇਖਿਆ ਜਾਂਦਾ। ਇਸ ਲਈ ਮੈਂ ਕਹਿੰਦਾ ਹਾਂ ਕਿ ਉਹ (ਸਬਆਲਟਰਨ ਇਤਿਹਾਸਕਾਰ) ਇਤਹਾਸ ਨੂੰ ਮੂਧੇ ਮੂੰਹ ਮਾਰ ਰਹੇ ਹਨ ।