Showing posts with label ਖਾਨਾ ਖ਼ਰਾਬ. Show all posts
Showing posts with label ਖਾਨਾ ਖ਼ਰਾਬ. Show all posts

ਯਹ ਦੁਨੀਆਂ ਅਗਰ ਮਿਲ ਭੀ ਜਾਏ ਤੋ ਕਿਆ ਹੈ – ਗੁਰੂਦੱਤ.......... ਖਾਨਾਖ਼ਰਾਬ / ਤਰਸੇਮ ਬਸ਼ਰ

ਖਾਨਾਖ਼ਰਾਬ ਲੜੀ ਵਿੱਚ ਮੰਟੋ ਸਾਹਿਬ ਤੋਂ ਬਾਅਦ ਮੈਂ ਕਈ ਨਾਵਾਂ ਤੇ ਧਿਆਨ ਕੇਂਦਰਿਤ ਕੀਤਾ ਸੀ । ਸਿ਼ਵ, ਸਾਹਿਰ, ਗਾਲਿਬ ਤੇ ਆਲੇ ਦੁਆਲੇ ਰਹਿੰਦੀਆਂ ਤੇ ਕੁਝ ਸੰਸਾਰ ਤੋਂ ਜਾ ਚੁੱਕੀਆਂ ਸਖਸ਼ੀਅਤਾਂ ਬਾਰੇ ਸੋਚਿਆ ਪਰ ਦਿਮਾਗ ਗੁਰੂਦੱਤ ਤੋਂ ਅੱਗੇ ਨਾ ਜਾ ਸਕਿਆ । ਗੁਰੂਦੱਤ ਨੂੰ ਜਿੱਥੇ ਅੱਜ ਉਹਨਾਂ ਦੀਆਂ ਫਿਲਮਾਂ ਦੇ ਇੱਕ ਇੱਕ ਦ੍ਰਿਸ਼ ‘ਤੇ ਚਰਚਾ ਕਰਦਿਆਂ ਸਿਰੇ ਦੇ ਪ੍ਰਤਿਭਾਸ਼ਾਲੀ ਨਿਰਦੇਸ਼ਕ ਦੇ ਤੌਰ ‘ਤੇ ਯਾਦ ਕੀਤਾ ਜਾ ਰਿਹਾ ਹੈ, ਉਥੇ ਹੀ ਸਮੇਂ ਤੋਂ ਪਹਿਲਾਂ ਉਹਨਾਂ ਦੇ ਦੁਨੀਆਂ ਤੋਂ ਚਲੇ ਜਾਣ ਨੂੰ ਭਾਰਤੀ ਸਿਨੇਮਾਂ ਵਾਸਤੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਜਾ ਰਿਹਾ ਹੈ । ਇਹ ਸੱਚ ਹੈ ਕਿ ਉਹ ਮਹਾਨ ਲੇਖਕ ਤੇ ਨਿਰਦੇਸ਼ਕ ਸਨ ਪਰ ਸ਼ਾਇਦ ਉਸ ਤੋਂ ਵੀ ਵੱਡਾ ਇਹ ਸੱਚ ਹੈ ਕਿ ਉਹ ਮਹਾਂਸੰਵੇਦਨਸ਼ੀਲ ਤੇ ਅਤਿਅੰਤ ਜਜ਼ਬਾਤੀ ਮਨੁੱਖ ਸਨ । ਉਹਨਾਂ ਦੀ ਬੇਚੈਨ ਰੂਹ ਭੌਤਿਕੀ ਚੀਜ਼ਾਂ ਤੋਂ ਅੱਗੇ ਕੁਝ ਲੱਭ ਰਹੀ ਸੀ, ਂਜੋ ਉਹਨਾਂ ਦੀ ਬੇਕਰਾਰੀ ਨੂੰ ਕਰਾਰ ਦੇ ਦੇਵੇ । ਉਹ ਸਫਲਤਾ ਦੇ ਸਿਖਰ ਤੇ ਸਨ, ਪੈਸਾ ਵੀ ਸੀ, ਸ਼ੋਹਰਤ ਵੀ ਸੀ ਪਰ ਉਹਨਾਂ ਦੇ ਅੰਦਰ ਫਿਰ ਵੀ ਕੁਝ ਟੁੱਟ ਰਿਹਾ ਸੀ । ਉਹਨਾਂ ਨੂੰ ਸਾਲ ਰਿਹਾ ਸੀ । ਜ਼ਮਾਨੇ ਦੀ ਪਦਾਰਥਵਾਦੀ ਦੌੜ ਨਾ ਤਾਂ ਉਹ ਦੌੜ ਸਕਦੇ ਸਨ ਤੇ ਨਾ ਹੀ ਦੌੜੀ ।

ਸਆਦਤ ਹਸਨ ਮੰਟੋ........... ਖਾਨਾਖ਼ਰਾਬ / ਤਰਸੇਮ ਬਸ਼ਰ

ਰੂਹ ਸਹਿਰ ਉਠਦੀ ਹੈ ਉਸ ਸਮੇਂ ਦੀ ਕਲਪਨਾ ਕਰਕੇ ਜਦੋਂ ਖ਼ਿਆਲ ਆਉਂਦਾ ਹੈ ਕਿ ਮੰਟੋ ਨੂੰ ਸਮਾਜ ਪਾਗਲ ਕਹਿ ਕੇ ਦੁਤਕਾਰ ਰਿਹਾ ਹੋਵੇਗਾ ਤੇ ਉਹ ਇਸ “ਜ਼ਹਿਰ” ਨੂੰ ਸ਼ਰਾਬ ਵਿੱਚ ਘੋਲ ਕੇ ਗ਼ਮ ਹਲਕਾ ਕਰਨ ਦੀ ਕੋਸਿ਼ਸ਼ ਕਰਦੇ ਹੋਣਗੇ... ਇਸੇ ਜ਼ਹਿਰ ਘੁਲੀ ਸ਼ਰਾਬ ਨੇ ਸਆਦਤ ਹਸਨ ਮੰਟੋ ਨੂੰ ਕਬਰ ਦੇ ਉਹਨਾਂ ਕੀੜਿਆਂ ਦੇ ਹਵਾਲੇ ਸਮੇਂ ਤੋਂ ਬਹੁਤ ਪਹਿਲਾਂ ਹੀ ਕਰ ਦਿੱਤਾ ਹੋਵੇਗਾ, ਜਿੰਨਾਂ ਤੋਂ ਮੰਟੋ ਆਪਣੇ ਜਿਉਂਦਿਆਂ ਜੀਅ ਵੀ ਡਰਦੇ ਸੀ । ਮੰਟੋ ਨੂੰ ਅੱਜ ਸੌਵੇਂ ਜਨਮ ਦਿਨ ‘ਤੇ ਯਾਦ ਕੀਤਾ ਜਾ ਰਿਹਾ ਹੈ । ਜਿੱਥੇ ਸਮਰਾਲੇ ਨੇੜੇ ਉਹਨਾਂ ਦੇ ਜਨਮ ਸਥਾਨ ਪਿੰਡ ਪਪੜੌਦੀ ਵਿਖੇ ਸਮਾਗਮ ਕੀਤਾ ਗਿਆ, ਉਥੇ ਹੀ ਦਿੱਲੀ ਵਿਖੇ ਵੀ ਇੱਕ ਵੱਡਾ ਸਮਾਗਮ ਕੀਤਾ ਜਾ ਰਿਹਾ ਹੈ, ਜਿਸ ਵਿੱਚ ਦੁਨੀਆਂ ਭਰ ਤੋਂ ਉਨ੍ਹਾਂ ਦੇ ਹੁਨਰ ਦੇ ਕਦਰਦਾਨ ਇਕੱਠੇ ਹੋਣਗੇ । ਹਿੰਦੋਸਤਾਨ, ਪਾਕਿਸਤਾਨ ਵਿੱਚ ਹੀ ਨਹੀਂ ਦੁਨੀਆਂ ਭਰ ਵਿੱਚ ਅਜਿਹੇ ਪ੍ਰੋਗਰਾਮ ਹੋ ਰਹੇ ਹੋਣਗੇ ਪਰ ਅਫਸੋਸ ਮੰਟੋ ਸਾਹਿਬ ਇਹ ਸਭ ਨਹੀਂ ਦੇਖ ਪਾ ਰਹੇ । ਹਾਂ ! ਜੇਕਰ ਉਹਨਾਂ ਨੂੰ ਪਤਾ ਹੁੰਦਾ ਕਿ ਉਹਨਾਂ ਦੀਆਂ ਲਿਖਤਾਂ ਨੂੰ ਇਹ ਸਤਿਕਾਰ ਵੀ ਮਿਲੇਗਾ ਤਾਂ ਉਹ ਸ਼ਾਇਦ ਕੁਝ ਸਾਲ ਹੋਰ ਜਿੰਦਾਂ ਰਹਿੰਦੇ ਤੇ ਜਿੰਦਗੀ ਰਹਿੰਦਿਆਂ ਹਰ ਰੋਜ਼ ਸ਼ਰਾਬ ਅਤੇ ਖ਼ਰਚੇ ਦੀ ਖ਼ਾਤਿਰ ਮਕਤਬਾ-ਏ-ਕਾਰਵਾਂ ਦੇ ਮਾਲਿਕ ਚੌਧਰੀ ਹਾਮੀਦ ਨੂੰ ਆਪਣੀ ਇੱਕ ਬੇਸ਼ਕੀਮਤੀ ਕਹਾਣੀ ਨਾ ਦਿੰਦੇ । ਅੱਜ ਉਹਨਾਂ ਦੀ ਲਿਖੀ ਕਹਾਣੀ “ਟੋਭਾ ਟੇਕ ਸਿੰਘ” ਤੇ ਲੱਖਾਂ ਅਰਬਾਂ ਰੁਪਏ ਖਰਚ ਕੇ ਫਿਲਮ ਬਣਾਉਣ ਦੀ ਯੋਜਨਾ ਬਣ ਰਹੀ ਹੈ ਪਰ ਆਪਣੀ ਜਿੰਦਗੀ ਵਿੱਚ ਉਹ ਥੋੜਾਂ ਤੋਂ ਛੁਟਕਾਰਾ ਪਾ ਹੀ ਨਹੀਂ ਸਕੇ । ਮੰਟੋ ਖ਼ੁਦਾ ਦੀ ਆਮਦ ਸੀ ਤੇ ਇਸੇ ਤਰ੍ਹਾਂ ਉਹਨਾਂ ਦੀਆਂ ਰਚਨਾਵਾਂ ਵੀ ਰੱਬੀ ਆਮਦ ਹੀ ਹੁੰਦੀਆਂ ਸਨ । ਸਮਾਜ ਤੇ ਡੂੰਘੀ ਚੋਟ ਉਹਨਾਂ ਦੀਆਂ ਰਚਨਾਵਾਂ ਦੀ ਮੁੱਖ ਵਿਸ਼ੇਸ਼ਤਾ ਸੀ ਤਾਂ ਮਨੁੱਖੀ ਸੋਚ ਲਿਖਤਾਂ ਦਾ ਆਧਾਰ । ਉਹ ਰਵਾਇਤੀ ਲੇਖਕ ਨਹੀਂ ਸਨ । ਉਹਨਾਂ ਦੀ ਕਲਮ ਸਹਿਲਾਉਣ ਦੀ ਥਾਂ ਤੇ ਪਾਠਕਾਂ ਦੀ ਨੀਂਦ ਖੋਹ ਲੈਣ ਦੀ ਤਾਕਤ ਰੱਖਦੀ ਸੀ । ਸਮਾਜ ਦੀ ਅਸ਼ਲੀਲਤਾ ਨੂੰ ਜਦੋਂ ਉਹਨਾਂ ਨੇ ਕਾਗਜ਼ ਤੇ ਉਤਾਰਿਆ, ਸਮਾਜ ਨੂੰ ਆਇਨਾ ਦਿਖਾਇਆ ਤਾਂ ਉਹਨਾਂ ਨੂੰ ਅਸ਼ਲੀਲ ਲੇਖਕ ਕਿਹਾ ਗਿਆ । ਅੱਧੀ ਦਰਜਨ ਕਹਾਣੀਆਂ ‘ਤੇ ਮੁਕੱਦਮੇ ਚੱਲੇ ਤੇ ਉਹਨਾਂ ਦੇ ਹੁਨਰ ਨੂੰ ਕਚਿਹਰੀ ਦੀ ਧੂੜ ਮਿੱਟੀ ਵਿੱਚ ਖਾਕ ਕਰ ਦੇਣ ਦਾ ਯਤਨ ਕੀਤਾ ਗਿਆ । ਮੰਟੋ ਸਵੈਅਭਿਮਾਨੀ ਸੀ, ਹਠੀ ਸੀ, ਪਰ ਉਹ ਅੰਦਰੋਂ ਇੱਕ ਸੰਵੇਦਨਸ਼ੀਲ ਤੇ ਭਾਵੁਕ ਇਨਸਾਨ ਸਨ । ਉਹ ਇੱਕ ਬੇਚੈਨ ਰੂਹ ਸੀ, ਜਿਸ ਨੂੰ ਜ਼ਮਾਨਾ ਸਮਝਣ ਤੋਂ ਅਸਮਰਥ ਰਿਹਾ । ਸਿ਼ਵ ਕੁਮਾਰ ਬਟਾਲਵੀ ਨੇ ਮੰਟੋ ਬਾਰੇ ਕਿਹਾ ਸੀ ਕਿ ਮੰਟੋ ਕੋਠਿਆਂ ਤੇ ਜਾਂਦਾ ਰਿਹਾ, ਸ਼ਰਾਬ ਪੀਂਦਾ ਰਿਹਾ ਪਰ ਉਹ ਅੱਜ ਵੀ ਅਦਬੀ ਦੁਨੀਆਂ ਦਾ ਕੁਤਬਮੀਨਾਰ ਹੈ ਕਿਉਂਕਿ ਉਸ ਦਾ ਮਕਸਦ ਪਾਕੀਜ਼ਾ ਸੀ ਤੇ ਲਿਖਤਾਂ ਵਿੱਚ ਇਮਾਨਦਾਰੀ ਦੀ ਪੁੱਠ ।

ਖਾਨਾ ਖ਼ਰਾਬ..........ਖਾਨਾ ਖ਼ਰਾਬ / ਤਰਸੇਮ ਬਸ਼ਰ

ਪੀ.ਜੀ.ਆਈ ਦਾ ਮਨੋਚਕਿਤਸਾ ਵਾਰਡ ਵਿੱਚ ਡਾਕਟਰ ਨੇ ਹਾਲੇ ਆਉਣਾ ਸੀ । ਮੇਰੇ ਵਰਗੇ ਤੇ ਉਹਨਾਂ ਦੇ ਨਾਲ਼ ਆਏ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ । ਮੈਂ ਉਥੇ ਬੈਠਾ ਆਪਣੀ ਬਿਮਾਰੀ ਜਾਂ ਕਹਿ ਲਓ, ਆਪਣੀ ਖੰਡਿਤ ਮਨੋਦਸ਼ਾ ਬਾਰੇ ਸੋਚਦਿਆਂ ਬਾਹਰ ਘੁੰਮ ਰਹੇ ਦਰਜਨਾਂ ਚਿਹਰਿਆਂ ‘ਚੋਂ ਆਪਣੇ ਵਰਗਾ ਕੋਈ ਹੋਰ ਲੱਭਣ ਦਾ ਯਤਨ ਕਰ ਰਿਹਾ ਸਾਂ... ਤੇ ਕਿਸੇ ਦੇ ਚਿਹਰੇ ਤੋਂ ਹੀ ਨਿਰਾਸ਼ਾ ਪੱਲੇ ਪੈ ਗਈ ਤੇ ਕਿਸੇ ਦੇ ਹਾਵਭਾਵ ਨੇ ਹੀ ਦੱਸ ਦਿੱਤਾ ਕਿ ਉਹਨਾਂ ‘ਚੋਂ ਕੋਈ ਮੈਨੂੰ ਲੱਗੀ ਅਤਿਅੰਤ ਭਿਆਨਕ ਬਿਮਾਰੀ “ਅਤਿ ਭਾਵੁਕਤਾ” ਦਾ ਮਰੀਜ਼ ਨਹੀਂ ਹੈ । ਕੁਝ ਗੰਭੀਰ ਕਿਸਮ ਦੇ ਇਨਸਾਨ ਵੀ ਦਿਸੇ । ਮਨ ਨੂੰ ਢਾਰਸ ਬੱਝਾ ਕਿ ਜ਼ਰੂਰ ਇਹਨਾਂ ਵਿੱਚੋਂ ਕੋਈ ਨਾ ਕੋਈ ਮਨੋਬ੍ਰਿਤੀ ਦੀ ਸਾਂਝ ਵਾਲਾ ਹੋਵੇਗਾ । ਕੋਈ ਹੋਵੇਗਾ ਮੰਟੋ ਵਾਗੂੰ ਖਾਨਾਖ਼ਰਾਬ... । ਪਰ... ਹਾਂ ! ਉਹ ਉਦਾਸ ਸਨ ਪਰ ਕਾਰਨ ਕੁਝ ਵੱਖਰੇ ਸਨ । ਕੋਈ ਬੱਚਿਆਂ ਤੋਂ ਪ੍ਰੇਸ਼ਾਨ ਸੀ ਤੇ ਕਿਸੇ ਨੂੰ ਦੁਰਘਟਨਾ ਵਿੱਚ ਸੱਟ ਲੱਗ ਗਈ ਸੀ । ਕਈ ਮਹੀਨਿਆਂ ਤੱਕ ਪੀ.ਜੀ.ਆਈ ਦੇ ਇਹਨਾਂ ਮਰੀਜ਼ਾਂ ਨਾਲ਼ ਵਾਸਤਾ ਹੈ ਪਰ ਇਹਨਾਂ ਵਿੱਚੋਂ ਕੋਈ ਵੀ ਖਾਨਾਖ਼ਰਾਬ ਤਬੀਅਤ ਦਾ ਮਰੀਜ਼ ਨਾ ਦਿਖਿਆ, ਨਾ ਮਿਲਿਆ । ਮੈਨੂੰ ਆਪਣੇ ਭਰਾ ਦਾ ਮਾਰਿਆ ਉਹ ਮਿਹਣਾ ਵਾਰ ਵਾਰ ਯਾਦ ਆ ਜਾਂਦਾ ਹੈ, “ਕਿ ਤੇਰੇ ‘ਤੇ ਲੇਖਕ ਭਾਰੂ ਹੋ ਗਿਆ ਹੈ, ਇਹੀ ਤੇਰੀ ਬਿਮਾਰੀ ਐ ।” ਪਰ ਮੈਂ ਸਮਝਦਾ ਹਾਂ, ਮੇਰੇ ਤੇ ਲੇਖਕ ਭਾਰੂ ਨਹੀਂ ਹੋਇਆ ਪਰ ਉਹਨਾਂ ਲੋਕਾਂ ਦੀ ਸਖਸ਼ੀਅਤ ਜ਼ਰੂਰ ਭਾਰੂ ਹੋ ਰਹੀ ਹੈ, ਜੋ ਖਾਨਾਖ਼ਰਾਬ ਸਨ ।  ਜ਼ਮਾਨੇ ਨੇ ਉਹਨਾਂ ਨੂੰ ਪਾਗਲ ਕਿਹਾ, ਉਹਨਾਂ ਦੇ ਰਾਹ ਵਿੱਚ ਕੰਡੇ ਵਿਛਾਏ ਪਰ ਉਹਨਾਂ ਨੇ ਸਿਰਜਨਾਤਮਕਤਾ ਦਾ ਰਾਹ ਨਾ ਛੱਡਿਆ । ਸਮਾਜ ਨੂੰ ਉਹ ਕੁਝ ਦਿੱਤਾ, ਜਿਸ ਨੂੰ ਅੱਜ ਓਹੀ ਸਮਾਜ ਮਾਣਦਾ ਵੀ ਹੈ ਤੇ ਮਾਣ ਵੀ ਕਰਦਾ ਹੈ ।  ਕੋਈ ਸੰਗੀਤਕਾਰ ਸੀ, ਕੋਈ ਚਿੱਤਰਕਾਰ, ਕੋਈ ਕਲਾਕਾਰ ਤੇ ਕੋਈ ਲੇਖਕ । ਮੈਂ ਖੁਦ ਵੀ ਤਾਂ ਅਮਰੀਕ ਕਮਲਾ ਵਰਗੀਆਂ ਕਹਾਣੀਆਂ ਲਿਖੀਆਂ ਹਨ । ਸੰਗੀਤ ਦਾ ਅਸਰ ਕੋਈ ਬਿਮਾਰੀ ਤਾਂ ਨਹੀਂ ਹੋ ਸਕਦੀ, ਇਸ ਦਾ ਅਸਰ ਮੇਰੇ ‘ਤੇ ਵੀ ਤਾਂ ਦੂਜਿਆਂ ਨਾਲ਼ੋਂ ਕਿਤੇ ਵੱਧ ਤੇ ਵਿਸਮਾਦੀ ਹੁੰਦਾ ਹੈ ।