ਯਹ ਦੁਨੀਆਂ ਅਗਰ ਮਿਲ ਭੀ ਜਾਏ ਤੋ ਕਿਆ ਹੈ – ਗੁਰੂਦੱਤ.......... ਖਾਨਾਖ਼ਰਾਬ / ਤਰਸੇਮ ਬਸ਼ਰ

ਖਾਨਾਖ਼ਰਾਬ ਲੜੀ ਵਿੱਚ ਮੰਟੋ ਸਾਹਿਬ ਤੋਂ ਬਾਅਦ ਮੈਂ ਕਈ ਨਾਵਾਂ ਤੇ ਧਿਆਨ ਕੇਂਦਰਿਤ ਕੀਤਾ ਸੀ । ਸਿ਼ਵ, ਸਾਹਿਰ, ਗਾਲਿਬ ਤੇ ਆਲੇ ਦੁਆਲੇ ਰਹਿੰਦੀਆਂ ਤੇ ਕੁਝ ਸੰਸਾਰ ਤੋਂ ਜਾ ਚੁੱਕੀਆਂ ਸਖਸ਼ੀਅਤਾਂ ਬਾਰੇ ਸੋਚਿਆ ਪਰ ਦਿਮਾਗ ਗੁਰੂਦੱਤ ਤੋਂ ਅੱਗੇ ਨਾ ਜਾ ਸਕਿਆ । ਗੁਰੂਦੱਤ ਨੂੰ ਜਿੱਥੇ ਅੱਜ ਉਹਨਾਂ ਦੀਆਂ ਫਿਲਮਾਂ ਦੇ ਇੱਕ ਇੱਕ ਦ੍ਰਿਸ਼ ‘ਤੇ ਚਰਚਾ ਕਰਦਿਆਂ ਸਿਰੇ ਦੇ ਪ੍ਰਤਿਭਾਸ਼ਾਲੀ ਨਿਰਦੇਸ਼ਕ ਦੇ ਤੌਰ ‘ਤੇ ਯਾਦ ਕੀਤਾ ਜਾ ਰਿਹਾ ਹੈ, ਉਥੇ ਹੀ ਸਮੇਂ ਤੋਂ ਪਹਿਲਾਂ ਉਹਨਾਂ ਦੇ ਦੁਨੀਆਂ ਤੋਂ ਚਲੇ ਜਾਣ ਨੂੰ ਭਾਰਤੀ ਸਿਨੇਮਾਂ ਵਾਸਤੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਜਾ ਰਿਹਾ ਹੈ । ਇਹ ਸੱਚ ਹੈ ਕਿ ਉਹ ਮਹਾਨ ਲੇਖਕ ਤੇ ਨਿਰਦੇਸ਼ਕ ਸਨ ਪਰ ਸ਼ਾਇਦ ਉਸ ਤੋਂ ਵੀ ਵੱਡਾ ਇਹ ਸੱਚ ਹੈ ਕਿ ਉਹ ਮਹਾਂਸੰਵੇਦਨਸ਼ੀਲ ਤੇ ਅਤਿਅੰਤ ਜਜ਼ਬਾਤੀ ਮਨੁੱਖ ਸਨ । ਉਹਨਾਂ ਦੀ ਬੇਚੈਨ ਰੂਹ ਭੌਤਿਕੀ ਚੀਜ਼ਾਂ ਤੋਂ ਅੱਗੇ ਕੁਝ ਲੱਭ ਰਹੀ ਸੀ, ਂਜੋ ਉਹਨਾਂ ਦੀ ਬੇਕਰਾਰੀ ਨੂੰ ਕਰਾਰ ਦੇ ਦੇਵੇ । ਉਹ ਸਫਲਤਾ ਦੇ ਸਿਖਰ ਤੇ ਸਨ, ਪੈਸਾ ਵੀ ਸੀ, ਸ਼ੋਹਰਤ ਵੀ ਸੀ ਪਰ ਉਹਨਾਂ ਦੇ ਅੰਦਰ ਫਿਰ ਵੀ ਕੁਝ ਟੁੱਟ ਰਿਹਾ ਸੀ । ਉਹਨਾਂ ਨੂੰ ਸਾਲ ਰਿਹਾ ਸੀ । ਜ਼ਮਾਨੇ ਦੀ ਪਦਾਰਥਵਾਦੀ ਦੌੜ ਨਾ ਤਾਂ ਉਹ ਦੌੜ ਸਕਦੇ ਸਨ ਤੇ ਨਾ ਹੀ ਦੌੜੀ ।

ਗੁਰੂਦੱਤ ਜਿੰਨਾਂ ਦਾ ਪੂਰਾ ਨਾਂ ਬਸੰਤ ਕੁਮਾਰ ਸਿ਼ਵਾਸ਼ੰਕਰ ਪਾਦੂਕੋਨ ਸੀ । ਇਹ ਭਾਰਤੀ ਸਿਨੇਮਾ ਵਿੱਚ ਇੱਕ ਅਜਿਹਾ ਨਾਂ ਹੈ, ਜਿਸ ਨੇ ਸੂਖਮ ਮਨੁੱਖੀ ਭਾਵਨਾਵਾਂ ਨੂੰ ਕੈਮਰੇ ਦੇ ਰਾਹੀਂ ਇਸ ਤਰ੍ਹਾਂ ਜੀਵੰਤ ਕੀਤਾ, ਸ਼ਾਇਦ ਹੀ ਕੋਈ ਹੋਰ ਫਿ਼ਲਮ ਨਿਰਦੇਸ਼ਕ ਕਰ ਸਕਿਆ ਜਾਂ ਕਰ ਸਕੇ । ਇਸ ਮਹਾਨ ਫਿਲਮ ਨਿਰਦੇਸ਼ਕ ਦਾ ਜਨਮ 9 ਜੁਲਾਈ 1925 ਨੂੰ ਬੰਗਲੌਰ ਵਿਖੇ ਹੋਇਆ । ਉਹਨਾਂ ਦੇ ਪਿਤਾ ਸ੍ਰੀ ਸਿ਼ਵ ਸ਼ੰਕਰ ਪਾਦੂਕੋਨੇ ਇੱਕ ਅਧਿਆਪਕ ਸਨ । ਗੁਰੂਦੱਤ ਦੇ ਮਾਤਾ ਵੀ ਪੜ੍ਹਾਈ ਲਿਖਾਈ ਅਤੇ ਸਾਹਿਤ ਵਿੱਚ ਰੁਚੀ ਰੱਖਣ ਵਾਲੀ ਇੱਕ ਔਰਤ ਸੀ । ਬੰਗਾਲੀ ਕਿਤਾਬਾਂ ਨੂੰ ਕੰਨੜ ਭਾਸ਼ਾ ਵਿੱਚ ਤਰਜ਼ਮਾਂ ਕਰਨ ਵਿੱਚ ਰੁਚੀ ਰੱਖਣ ਵਾਲੀ ਇਸ ਔਰਤ ਨੇ ਜਦੋਂ ਗੁਰੂਦੱਤ ਨੂੰ ਜਨਮ ਦਿੱਤਾ ਤਾਂ ਉਸ ਦੀ ਉਮਰ ਸਿਰਫ 16 ਸਾਲ ਹੀ ਸੀ । ਗੁਰੂਦੱਤ ਦਾ ਪਾਲਣ ਪੋਸ਼ਣ ਬੇਹੱਦ ਭਾਵਪੂਰਨ ਅਤੇ ਰਚਨਾਤਮਿਕਤਾ ਵਾਲੇ ਮਾਹੌਲ ਵਿੱਚ ਹੋਇਆ । ਉਹਨਾਂ ਨੂੰ ਫੋਟੋਗ੍ਰਾਫੀ ਦਾ ਬਹੁਤ ਸ਼ੌਂਕ ਸੀ । ਕਲਕੱਤੇ ਤੋਂ ਦਸਵੀਂ ਪਾਸ ਕਰਨ ਤੋਂ ਉਪਰੰਤ ਉਹਨਾਂ ਨੂੰ ਇਕ ਫੈਕਟਰੀ ਵਿੱਚ ਟੈਲੀਫ਼ੋਨ ਅਪਰੇਟਰ ਦੀ ਨੌਕਰੀ ਮਿਲ ਗਈ ਸੀ । ਇਸੇ ਦੌਰਾਨ ਉਹ ਨਾਟਕਾਂ ਰਾਹੀਂ ਆਪਣੇ ਅਭਿਨੈ ਦੇ ਸ਼ੌਂਕ ਨੂੰ ਪੂਰਾ ਕਰਦੇ ਰਹੇ । ਕੋਈ ਵੀ ਦ੍ਰਿਸ਼ ਉਹਨਾਂ ਲਈ ਸਾਧਾਰਨ ਨਹੀਂ ਹੁੰਦਾ ਸੀ । ਉਹ ਸਾਥੀ ਕਲਾਕਾਰਾਂ ਨੂੰ ਅਕਸਰ ਕਹਿੰਦੇ ਸਨ ਕਿ ਜੇਕਰ ਨਿਭਾਏ ਜਾ ਰਹੇ ਕਿਰਦਾਰ ਨੂੰ ਆਪਣੇ ਅੰਦਰ ਸਮੋਇਆ ਨਾ ਜਾਵੇ ਤਾਂ ਦ੍ਰਿਸ਼ ਬੇਜਾਨ ਹੋ ਜਾਂਦਾ ਹੈ । ਕਲਾਕਾਰ ਅਤੇ ਲੇਖਕ ਦੇ ਤੌਰ ‘ਤੇ ਇਨਸਾਨੀ ਮਨੋਬ੍ਰਿਤੀ ਉਹਨਾਂ ਦਾ ਪਸੰਦੀਦਾ ਵਿਸ਼ਾ ਸੀ । ਅਲਮੋੜਾ ਵਿੱਚ ਉਹਨਾਂ ਨੇ ਨਾਟਕਾਂ ਨਾਲ ਸੰਬੰਧਤ ਕਲਾਕਾਰਾਂ ਦਾ ਇੱਕ ਗਰੁੱਪ ਵੀ ਬਣਾਇਆ । ਉਹ ਇੱਕ ਬਹੁਪੱਖੀ ਸਖਸ਼ੀਅਤ ਦੇ ਮਾਲਕ ਤੇ ਬਹੁਵਿਧਾਵੀ ਕਲਾਕਾਰ ਸਨ । ਵਧੀਆ ਪੇਸ਼ਕਾਰੀ ਕਰਕੇ ਇਸ ਗਰੁੱਪ ਅਤੇ ਗੁਰੂਦੱਤ ਦਾ ਨਾਂ ਕਾਫੀ ਪ੍ਰਸਿੱਧ ਹੋ ਗਿਆ ਸੀ ਅਤੇ ਉਹ ਮੁੰਬਈ ਫਿਲਮ ਉਦਯੋਗ ਦੇ ਪਾਰਖੂਆਂ ਦੀ ਨਜ਼ਰ ਵਿੱਚ ਵੀ ਆ ਗਿਆ । ਗੁਰੂਦੱਤ ਇਸ ਸਮੇਂ ਇੱਕ ਕੁਸ਼ਲ ਨ੍ਰਿਤ ਨਿਰਦੇਸ਼ਕ ਵਜੋਂ ਪਛਾਣੇ ਜਾਣ ਲੱਗੇ ਸਨ । ਇਸ ਦਾ ਪ੍ਰਭਾਵ ਸੀ ਕਿ ਸਮੇਂ ਦੀ ਪ੍ਰਸਿੱਧ ਪ੍ਰਭਾਤ ਫਿਲਮ ਕੰਪਨੀ ਨਾਲ ਤਿੰਨ ਸਾਲ ਲਈ ਡਾਂਸ ਨਿਰਦੇਸ਼ਕ ਵਜੋਂ ਐਗਰੀਮੈਂਟ ਹੋਇਆ । ਸੰਨ 1944 ਵਿੱਚ ਬਣੀ ਚਾਂਦ ਫਿਲਮ ਵਿੱਚ ਉਹਨਾਂ ਨੇ ਕ੍ਰਿਸ਼ਨ ਦਾ ਰੋਲ ਵੀ ਕੀਤਾ । ਸੰਨ 1946 ਵਿੱਚ ਬਣੀ ਫਿਲਮ ਹਮ ਏਕ ਹੈਂ ਵਿੱਚ ਉਹ ਕੋਰੀਓਗ੍ਰਾਫੀ ਅਤੇ ਅਸਿਸਟੈਂਟ ਡਾਇਰੈਕਟਰ ਸਨ । ਇਹ ਸੰਘਰਸ਼ ਦੇ ਦਿਨ ਸਨ ਤੇ ਉਹਨਾਂ ਦੇ ਅੰਦਰ ਬੈਠਾ ਮਹਾਨ ਕਲਾਕਾਰ ਬੇਚੈਨ ਸੀ ਕਿ ਕਦੋਂ  ਕੁਝ ਕਿਰਿਆਤਮਕ ਕਰਨ ਦਾ ਮੌਕਾ ਮਿਲੇ । 

ਪ੍ਰਤਿਭਾ ਆਪਣੇ ਰਾਹ ਆਪ ਖੋਜਦੀ ਹੈ । ਇਸੇ ਸਮੇਂ ਕੁਝ ਸਮਾਂ ਵਿਹਲੇ ਰਹਿਣ ਦੌਰਾਨ ਵੀ ਉਹ ਆਪਣੇ ਮਨ ਦੀਆਂ ਭਾਵਨਾਂਵਾ ਛੋਟੀਆਂ ਛੋਟੀਆਂ ਕਹਾਣੀਆਂ ਦੇ ਰੂਪ ਵਿੱਚ ਲਿਖ ਕੇ ਦਰਜ਼ ਕਰਦੇ ਰਹਿੰਦੇ ਅਤੇ ਕਦੇ ਕਦੇ “ਇਲੈਕਸਟ੍ਰਿਡ ਵੀਕਲੀ” ਨੂੰ ਭੇਜ ਦਿੰਦੇ ਤੇ ਉਹ ਛਪ ਜਾਂਦੀਆਂ । ਲਿਖਾਰੀ ਦੇ ਤੌਰ ‘ਤੇ ਉਹਨਾਂ ਦੀਆਂ ਰਚਨਾਵਾਂ ਨੂੰ ਜਿੱਥੇ ਮਾਨਤਾ ਮਿਲੀ, ਉਥੇ ਹੀ ਉਹਨਾਂ ਨੂੰ ਇੱਕ ਅਲੱਗ ਸੋਚ ਅਤੇ ਤਸਵੀਰ ਦੇ ਦੂਜੇ ਰੁਖ਼ ਨੂੰ ਵੀ ਦੇਖਣ ਵਾਲੇ ਲੇਖਕ ਵਜੋਂ ਪਛਾਣ ਮਿਲੀ । ਬਹੁਤਿਆਂ ਵਾਸਤੇ ਸ਼ਾਇਦ ਇਹ ਹੈਰਾਨੀ ਦਾ ਵਿਸ਼ਾ ਹੋਵੇ ਕਿ ਗੁਰੂਦੱਤ ਦੀ ਸਿਰਜਣਾਤਮਿਕਤਾ ਦੇ ਸਿ਼ਖਰ ਵਜੋਂ ਪਛਾਣੀ ਜਾਂਦੀ ਫਿਲਮ “ਪਿਆਸਾ” ਵੀ ਇਲੈਕਸਟ੍ਰਿਡ ਵੀਕਲੀ ਵਿੱਚ ਛਪੀਆਂ ਗੁਰੂਦੱਤ ਦੀਆਂ ਕਹਾਣੀਆਂ ਵਿੱਚੋਂ ਇੱਕ ਸੀ । ਇਸੇ ਦੌਰਾਨ ਅਮੀਆ ਚੱਕਰਵਰਤੀ ਨੇ ਉਹਨਾਂ ਨੂੰ ਫਿਲਮ ਗਰਲਜ਼ ਸਕੂਲ ਵਿੱਚ ਸਹਾਇਕ - ਨਿਰਦੇਸ਼ਕ ਵਜੋਂ ਮੌਕਾ ਦਿੱਤਾ । 1951 ਆਉਂਦੇ ਆਉਂਦੇ ਉਸ ਸਮੇਂ ਦੇ ਮਸ਼ਹੂਰ ਅਭਿਨੇਤਾ ਦੇਵ ਆਨੰਦ ਨੇ ਉਹਨਾਂ ਨੂੰ ਫਿਲਮ ਬਾਜ਼ੀ ਰਾਹੀਂ ਆਪਣੀ ਪ੍ਰਤਿਭਾ ਦਿਖਾਉਣ ਦੀ ਚੁਣੌਤੀ ਦਿੱਤੀ ਤੇ ਉਹ ਚੁਣੌਤੀ ਤੋਂ ਖਰੇ ਉਤਰੇ । ਫਿਲਮ ਸੰਬੰਧੀ ਤਕਨੀਕੀ ਖੇਤਰ ਵਿੱਚ ਉਹਨਾਂ ਦੀ ਦਿਲਚਸਪੀ ਖਾਸ ਵੀ ਹੁੰਦੀ ਸੀ । ਥੋੜੇ ਹੀ ਸਮੇਂ ਵਿੱਚ ਉਹ ਫਿਲਮ ਉਦਯੋਗ ਦੇ ਚਰਚਿਤ ਚਿਹਰੇ ਹੋ ਚੁੱਕੇ ਸਨ । ਉਹਨਾਂ ਦੀਆਂ ਇਹ ਫਿਲਮਾਂ ਤਕਨੀਕੀ ਪੱਖ, ਕਹਾਣੀ, ਪਟਕਥਾ ਤੇ ਨਿਰਦੇਸ਼ਨ ਪੱਖੋਂ ਉਤਮ ਫਿਲਮਾਂ ਦੀ ਗਿਣਤੀ ਵਿੱਚ ਆਉਂਦੀਆਂ ਹਨ । 1960 ਵਿੱਚ ਉਹਨਾਂ ਨੇ ਫਿਲਮ “ਚੌਧਵੀਂ ਕਾ ਚਾਂਦ” ਵਿੱਚ ਫਿਰ ਅਭਿਨੈ ਕੀਤਾ । 1962 ਵਿੱਚ ਬੰਗਲਾ ਕਹਾਣੀ ਤੇ ਅਧਾਰਿਤ ਫਿਲਮ “ਸਾਹਿਬ ਬੀਵੀ ਔਰ ਗੁਲਾਮ” ਫਿਲਮ ਦਾ ਨਿਰਦੇਸ਼ਨ ਕੀਤਾ । ਫਿਲਮ ਵਿਚਲਾ ਇੱਕ ਗੀਤ ਜੋ ਕਿ ਰਹਿਮਾਨ ਅਤੇ ਮੀਨਾ ਕੁਮਾਰੀ ਦੇ ਦਰਮਿਆਨ ਇੱਕ ਰੋਮਾਂਟਿਕ ਗੀਤ ਸੀ ਤੇ ਫਿਲਮਾਂਕਣ ਨੂੰ ਅੱਜ ਤੱਕ ਦਾ ਤਕਨੀਕੀ ਅਤੇ ਨਿਰਦੇਸ਼ਨ ਦੇ ਤੌਰ ਤੇ ਬੇਹਤਰੀਨ ਕਲਾਸਿਕ ਗੀਤਾਂ ਵਜੋਂ ਯਾਦ ਕੀਤਾ ਜਾਂਦਾ ਹੈ । ਹਰ ਪੱਖੋਂ ਬੇਹਤਰੀਨ ਫਿਲਮ “ਸਾਹਿਬ ਬੀਵੀ ਔਰ ਗੁਲਾਮ” ਬਰਲਿਨ ਫਿਲਮ ਫੈਸਟੀਵਲ ਵਾਸਤੇ ਵੀ ਨਾਮਾਂਕਿਤ ਹੋਈ ਸੀ । 1964 ਵਿੱਚ ਸੁਹਾਗਣ ਅਤੇ ਸਾਂਝ ਔਰ ਸਵੇਰੇ ਵਿੱਚ ਵੀ ਉਹਨਾਂ ਨੇ ਅਭਿਨੈ ਕੀਤਾ । 1956 ਵਿੱਚ ਬਣੀ ਫਿਲਮ ਸੀ.ਆਈ.ਡੀ ਤੋਂ ਉਹਨਾਂ ਦੀ ਨੇੜਤਾ ਵਹੀਦਾ ਰਹਿਮਾਨ ਨਾਲ ਦੇਖੀ ਗਈ ਪਰ ਭਾਵੇਂ ਵਹਿਦਾ ਰਹਿਮਾਨ ਉਸ ਸਮੇਂ ਦੀ ਸਭ ਤੋਂ ਵੱਡੀ ਹੀਰੋਇਨ ਸਨ ਪਰ ਗੁਰੂਦੱਤ ਦਾ ਮਿਜ਼ਾਜ਼ ਕੁਝ ਵੱਖਰਾ ਸੀ । ਨਾ ਉਹ ਸੰਸਾਰਿਕ ਸਨ, ਨਾ ਵਿਵਹਾਰਿਕ ਤੇ ਜਲਦੀ ਹੀ ਦੋਨਾਂ ਦੇ ਰਾਹ ਵੱਖੋ ਵੱਖਰੇ ਹੋ ਗਏ ਸਨ ।  

ਸਫਲਤਾ ਦੇ ਇਸ ਦੌਰ ਵਿੱਚ ਵੀ ਗੁਰੂਦੱਤ ਨੂੰ ਤਲਾਸ਼ ਸੀ ਇੱਕ ਐਸੀ ਪਨਾਹ ਦੀ, ਜੋ ਉਹਨਾਂ ਅੰਦਰ ਉਬਲ ਰਹੇ ਜਜ਼ਬਾਤਾਂ ਦੇ ਲਾਵੇ ਦੀ ਗਰਮੀ ਤੋਂ ਕੁਝ ਰਾਹਤ ਦਿਵਾ ਸਕੇ । ਉਹਨਾਂ ਦੀ ਬੇਅਰਾਮ ਰੂਹ ਨੂੰ ਆਰਾਮ ਮਿਲ ਸਕੇ । ਅਜਿਹੀ ਹੀ ਤਲਾਸ਼ ਦੌਰਾਨ ਉਹਨਾਂ ਦਾ ਮੇਲ ਹੋਇਆ, ਸਮੇਂ ਦੀ ਮਸ਼ਹੂਰ ਗਾਇਕਾ ਗੀਤਾ ਰਾਇ ਨਾਲ । ਗੁਰੂਦੱਤ ਨੂੰ ਇਹ ਓਹੀ ਚਿਹਰਾ ਜਾਪਿਆ ਸੀ, ਜਿਸ ਦੀ ਉਹਨਾਂ ਨੂੰ ਚਾਹਤ ਵੀ ਸੀ ਤੇ ਤਲਾਸ਼ ਵੀ । 

ਉਹਨਾਂ ਦੀਆਂ ਛੋਟੀਆਂ ਛੋਟੀਆਂ ਮੁਲਾਕਾਤਾਂ 26 ਮਈ 1953 ਨੂੰ ਵਿਆਹ ਦੇ ਰੂਪ ਵਿੱਚ ਤਬਦੀਲ ਹੋ ਗਈਆਂ । ਸਮੇਂ ਨਾਲ ਉਹਨਾਂ ਦੇ ਘਰ ਦੋ ਲੜਕੇ ਅਰੁਣ ਅਤੇ ਤਰੁਣ ਅਤੇ ਇੱਕ ਲੜਕੀ ਮੀਨਾ ਨੇ ਜਨਮ ਲਿਆ । 1952 ਵਿੱਚ “ਜਾਲ” 1953 ਵਿੱਚ “ਬਾਜ਼” 1954 ਵਿੱਚ “ਆਰਪਾਰ” 1955 ਵਿੱਚ “ਮਿਸਿਜ਼ ਐਂਡ ਮਿਸਟਰ 55” ਅਤੇ “ਸੀ.ਆਈ.ਡੀ” ਵਰਗੀਆਂ ਫਿਲਮਾਂ ਫਿਲਮ ਉਦਯੋਗ ਨੂੰ ਦਿੱਤੀਆਂ, ਜੋ ਉਸ ਸਮੇਂ ਦੀਆਂ ਬੇਹੱਦ ਕਾਮਯਾਬ ਫਿਲਮਾਂ ਵਿੱਚੋਂ ਗਿਣੀਆਂ ਗਈਆਂ । ਇਸੇ ਦੌਰਾਨ ਉਹਨਾਂ ਨੇ ਫਿਲਮ ਇੰਡਸਟਰੀ ਨੂੰ ਜਾਨੀ ਵਾਕਰ ਵਰਗੇ ਮਹਾਨ ਕਮੇਡੀਅਨ ਪੇਸ਼ ਕੀਤੇ । ਭਾਵੇਂ ਸਫਲਤਾ ਉਹਨਾਂ ਨੂੰ ਮਿਲਦੀ ਰਹੀ, ਪਰ ਸਵਾਰਥ ਭਰੀ ਫਿਲਮ ਇੰਡਸਟਰੀ ਤੋਂ ਉਹਨਾਂ ਦਾ ਭਾਵੁਕ ਮਨ ਉਪਰਾਮ ਹੋਣਾ ਸ਼ੁਰੂ ਹੋ ਗਿਆ ਸੀ । ਪਤਨੀ ਗੀਤਾ ਦੱਤ ਵੀ ਉਹਨਾਂ ਦੀ ਅਤਿ ਸੰਵੇਦਨਸ਼ੀਲ ਸਖਸ਼ੀਅਤ ਤੋਂ ਪ੍ਰੇਸ਼ਾਨ ਹੋ ਚੁੱਕੀ ਸੀ ।  ਉਹ ਇਨਸਾਨੀਅਤ ਦੇ ਕਦਰਦਾਨ ਸਨ ਪਰ ਇਨਸਾਨ ਦੀ ਇਸ ਫਿਤਰਤ ਤੋਂ ਦੁਖੀ ਸਨ ਕਿ ਉਹ ਸਿਰਫ ਚੜ੍ਹਦੇ ਸੂਰਜ ਨੂੰ ਹੀ ਸਲਾਮ ਕਰਦਾ ਹੈ । ਜਿ਼ੰਦਗੀ ਦੇ ਇੱਕ ਰੰਗ ਨੂੰ ਗੁਰੂਦੱਤ ਨੇ 1957 ਵਿੱਚ ਬਣੀ ਭਾਰਤੀ ਫਿਲਮ ਉਦਯੋਗ ਦੀ ਮਹਾਨ ਫਿਲਮ “ਪਿਆਸਾ” ਰਾਹੀਂ ਲੋਕਾਂ ਨਾਲ ਸਾਂਝਾ ਕੀਤਾ, ਜਿਸ ਦੀ ਕਹਾਣੀ ਉਹਨਾਂ ਨੇ ਬਹੁਤ ਪਹਿਲਾਂ ਹੀ ਲਿਖ ਲਈ ਸੀ । ਪਿਆਸਾ ਦੀ ਕਹਾਣੀ ਰਵਾਇਤੀ ਭਾਰਤੀ ਫਿਲਮਾਂ ਤੋਂ ਵੱਖਰੀ ਤੇ ਸਮਾਜ ਦੀ ਸੋਚ ਨੂੰ ਉਘਾੜਣ ਵਾਲੀ ਸੀ । ਇੱਕ ਸੰਘਰਸਸ਼ੀਲ ਕਵੀ ਦਰ ਦਰ ਧੱਕੇ ਖਾਂਦਾ ਹੈ ਤੇ ਅਤਿ ਸੰਵੇਦਨਸ਼ੀਲ ਇਹ ਕਵੀ ਇੱਕ ਰਾਤ ਆਪਣਾ ਉਹ ਕੋਟ ਠੰਡ ਵਿੱਚ ਠਰ ਰਹੇ ਉਸ ਭਿਖਾਰੀ ਨੂੰ ਦੇ ਦਿੰਦਾ ਹੈ ਂਜੋ ਕਿ ਉਸੇ ਰਾਤ ਗੱਡੀ ਥੱਲੇ ਆ ਕੇ ਮਰ ਜਾਂਦਾ ਹੈ । ਕਿਉਂਕਿ ਕੋਟ ਵਿੱਚ ਉਸ ਕਵੀ ਦੀਆਂ ਰਚਨਾਵਾਂ ਹੁੰਦੀਆਂ ਹਨ ਤਾਂ ਸਮਾਜ ਸਮਝ ਲੈਂਦਾ ਹੈ ਕਿ ਉਸ ਕਵੀ ਨੇ ਹੀ ਖੁਦਕੁਸ਼ੀ ਕਰ ਲਈ ਹੈ । ਹਮਦਰਦੀ ਕਾਰਣ ਕਵਿਤਾਵਾਂ ਛਾਪੀਆਂ ਜਾਂਦੀਆਂ ਹਨ ਤਾਂ ਉਹ ਬੇਹੱਦ ਮਕਬੂਲ ਹੋ ਜਾਂਦੀਆਂ ਹਨ । ਕਵੀ ਦਾਅਵਾ ਕਰਦਾ ਹੈ ਕਿ ਉਹ ਜਿਉਂਦਾ ਹੈ ਪਰ ਇਹ ਸਾਬਤ ਕਰਨ ਲਈ ਉਸਨੂੰ ਉਹਨਾਂ ਮਰਹਲਿਆਂ ਚੋਂ ਲੰਘਣਾ ਪੈਂਦਾ ਹੈ ਕਿ ਅਖ਼ੀਰ ਉਹ ਕਹਿ ਉਠਦਾ ਹੈ ਕਿ ਛੱਡੋ ਇਸ ਦੁਨੀਆਂ ਨੂੰ ਇਹ ਬੇਰਹਿਮ ਤੇ ਸਵਾਰਥੀ ਦੁਨੀਆ ਮਿਲ ਵੀ ਜਾਵੇ ਤਾਂ ਕੀ ਹੈ । ਸਮਾਜ ਨੂੰ ਸ਼ੀਸ਼ਾ ਦਿਖਾਉਂਦੀ ਇਹ ਫਿਲਮ ਜਿੱਥੇ ਸਫਲ ਹੋਈ ਸੀ, ਉਥੇ ਹੀ ਇਸ ਦੀ ਚਰਚਾ ਕੌਮਾਂਤਰੀ ਪੱਧਰ ਤੇ ਵੀ ਹੋਈ ।   

ਇਸ ਤੋਂ ਬਾਅਦ ਫਿਲਮ ਇੰਡਸਟਰੀ ਤੇ ਜ਼ਮਾਨੇ ਦੇ ਮਤਲਬੀ  ਵਿਵਹਾਰ ਤੋਂ ਉਪਰਾਮ ਗੁਰੂਦੱਤ ਨੇ 1959 ਵਿੱਚ ‘ਕਾਗਜ਼ ਕੇ ਫੂਲ‘ ਰਾਹੀਂ ਆਪਣੀ ਘੁਟਨ ਨੂੰ ਸਮਾਜ ਨਾਲ ਸਾਂਝਿਆਂ ਕੀਤਾ । ਜਿੱਥੇ ਕਲਾ ਪੱਖੋਂ ਇਸ ਫਿਲਮ ਨੂੰ ਸਰਾਹਿਆ ਗਿਆ ਉਥੇ ਹੀ ਵਪਾਰਿਕ ਪੱਧਰ ਤੇ ਇੰਨੀ ਸਫਲਤਾ ਹਾਸਲ ਨਾ ਕਰ ਸਕਿਆ । ਦੁਨੀਆਂ ਸ਼ਾਇਦ ਲਗਾਤਾਰ ਸਮਾਜ ਦਾ ਸੱਚ ਦੇਖਣ ਦੀ ਆਦੀ ਨਹੀਂ ਸੀ ਹੋਈ ।  ਸਿ਼ਵ ਕੁਮਾਰ ਬਟਾਲਵੀ ਵਾਂਗ ਹੀ ਗੁਰੂਦੱਤ ਵੀ ਇਸ ਤਰਾਸਦੀ ਦਾ ਸਿ਼ਕਾਰ ਹੋਏ ਕਿ ਉਹਨਾਂ ਦੇ ਆਸੇ ਪਾਸੇ ਦੇ ਲੋਕ ਹੀ ਉਹਨਾਂ ਨੂੰ ਸਮਝ ਨਾ ਸਕੇ ਤੇ ਉਹ ਗੁਆਚਦੇ ਗਏ ਆਪਣੇ ਹੀ ਅੰਦਰ...। ਆਖ਼ਰੀ ਦਿਨਾਂ ਵਿੱਚ ਉਹ ਨਿਰਦੇਸ਼ਕ ਦੇ ਤੌਰ ‘ਤੇ ਅਤਿਅੰਤ ਸਫਲ ਸਨ ਤਾਂ ਉਹਨਾਂ ਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਸੀ । ਪਤਨੀ ਗੀਤਾ ਦੱਤ ਤੋਂ ਉਹ ਵੱਖ ਰਹਿ ਰਹੇ ਸਨ ਅਤੇ ਨੀਂਦ ਨਾ ਆਉਣ ਕਾਰਨ ਨੀਂਦ ਦੀਆਂ ਗੋਲੀਆਂ ਵੀ ਖਾ ਰਹੇ ਸਨ । ਉਹਨਾਂ ਦੇ ਦੋਸਤ ਅਬਰਾਰ ਅਲਵੀ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ ਕਿ ਉਹਨਾਂ ਦੀ ਮਨੋਬਿਰਤੀ ਖੰਡਿਤ ਹੋ ਚੁੱਕੀ ਸੀ । ਉਹ ਦੁਨੀਆਂ ਨੂੰ ਠੋਕਰ ਮਾਰ ਦੇਣਾ ਚਾਹੁੰਦੇ ਸਨ । ਇਹਨਾਂ ਹੀ ਦਿਨਾਂ ਵਿੱਚੋਂ ਇੱਕ ਦਿਨ 10 ਅਕਤੂਬਰ 1964 ਦਾ ਵੀ ਆਇਆ ਜਿਸ ਦੀ ਸਵੇਰ ਨੂੰ ਉਹਨਾਂ ਨੂੰ ਮ੍ਰਿਤਕ ਰੂਪ ਵਿੱਚ ਪਾਇਆ ਗਿਆ । ਕਿਹਾ ਜਾਂਦਾ ਹੈ ਕਿ ਸਫਲਤਾ ਦੇ ਸਿਖਰ ‘ਤੇ ਬੈਠਿਆਂ ਜਦੋਂ ਉਹ ਇਸ ਦੁਨੀਆਂ ਨੂੰ ਠੋਕਰ ਮਾਰ ਚੁੱਕੇ ਸਨ, ਉਹਨਾਂ ਦੀ ਮ੍ਰਿਤਕ ਦੇਹ ਨੂੰ ਸੰਭਾਲਿਆ ਜਾ ਰਿਹਾ ਸੀ ਤਾਂ ਉਸ ਸਵੇਰ ਵੀ ਕੁਝ ਨਿਰਮਾਤਾ ਉਹਨਾਂ ਦੇ ਘਰ ਸਵੇਰੇ ਸਵੇਰੇ ਹੀ ਪੁੱਜ ਚੁੱਕੇ ਸਨ ਤਾਂ ਕਿ ਪ੍ਰਤਿਭਾ ਦੇ ਧਨੀ ਗੁਰੂਦੱਤ ਉਹਨਾਂ ਦੀ ਫਿਲਮ ਨੂੰ ਨਿਰਦੇਸ਼ਤ ਕਰਨ ਲਈ ਹਾਮੀ ਭਰ ਦੇਣ ਤੇ ਉਹ ਮਾਲਾਮਾਲ ਹੋ ਜਾਣ । ਜਿੱਥੋਂ ਤੱਕ ਸਿ਼ਵ ਕੁਮਾਰ ਬਟਾਲਵੀ ਅਤੇ ਗੁਰੂਦੱਤ ਦੀ ਸਾਂਝ ਦਾ ਸਵਾਲ ਹੈ ਤਾਂ ਇਹ ਦੋਹਾਂ ਨਾਲ ਜ਼ਮਾਨੇ ਵੱਲੋਂ ਕੀਤੇ ਗਏ ਸਲੂਕ ਦੇ  ਦੁਖਾਂਤ ਤੇ ਅਧਾਰਿਤ ਹੈ ਪਰ ਸਾਹਿਰ ਲੁਧਿਆਣਵੀ ਨਾਲ ਉਹਨਾਂ ਦੀ ਸਾਂਝ ਜਿੱਥੇ ਜਜ਼ਬਾਤੀ ਸੀ, ਇਸ ਤੋਂ ਵੀ ਉਪਰ ਜਾ ਕੇ ਗੁਰੂਦੱਤ ਦੀ ਸੋਚ ਨੂੰ ਤਰਜ਼ਮਾਨੀ ਲਈ ਉਹ ਸ਼ਬਦ ਦਿੱਤੇ, ਜਿਹੜੇ ਸ਼ਾਇਦ ਉਹਨਾਂ ਦੇ ਆਪਣੇ ਦਿਲ ਦੇ ਵੀ ਬਹੁਤ ਨੇੜੇ ਸਨ, ਸ਼ਾਇਦ ਇਸੇ ਲਈ ਜਦੋਂ ਵੀ ਗੁਰੂਦੱਤ ਦਾ ਜਿ਼ਕਰ ਹੁੰਦਾ ਹੈ ਤਾਂ ਇਹ ਗੀਤ ਜ਼ਰੂਰ ਗੁਣਗੁਣਾਇਆ ਜਾਂਦਾ ਹੈ, “ਯੇਹ ਦੁਨੀਆਂ ਅਗਰ ਮਿਲ ਭੀ ਜਾਏ ਤੋ ਕਿਆ ਹੈ....!”

****