ਚੇਤੰਨ ਕੌਮਾਂ ਦੇ ਆਗੂ ਤਾਂ ਸਦਾ ਈ ਆਪਣੀ ਕੌਮ ਬਾਰੇ ਚਿੰਤਤ ਰਹਿੰਦੇ ਨੇ.......... ਘੁਣਤਰਾਂ / ਜਗਸੀਰ ਸੰਧੂ, ਬਰਨਾਲਾ

“ਅਮਲੀਆ! ਆਹ ਦੇਖ ਲੈ ਜਿਹਨਾਂ ਨੂੰ ਆਪਣੀ ਕੌਮ ਦਾ ਫਿਕਰ ਹੁੰਦੈ, ਉਹ ਕਿਵੇ ਸੋਚਦੇ ਨੇ ਆਪਣੀ ਕੌਮ ਬਾਰੇ, ਆਹ ਹੁਣ ਪਾਰਸੀਆ ਨੇ ਫੈਸਲਾ ਕੀਤੈ ਬਈ ਜੀਹਦੀ ਆਮਦਨ ਨੱਬੇ ਹਜਾਰ ਰੁਪਈਆ ਤੋਂ ਘੱਟ ਐ, ਉਹਨੂੰ ਗਰੀਬ ਮੰਨ ਕੇ ਸਬਸਿਡੀ ਵਾਲਾ ਘਰ ਦਿੱਤਾ ਜਾਇਆ ਕਰੂ”, ਸ਼ਿੰਦੇ ਨੂੰ ਟੋਕਦਿਆਂ ਬਿੱਕਰ ਨੇ ਸਵਾਲ ਕੀਤਾ

“ਯਾਰ ਕਾਮਰੇਡਾ! ਇਹ ਪਾਰਸੀ ਕੌਣ ਹੁੰਦੇ ਨੇ”, ਬਿੱਕਰ ਦੇ ਸਵਾਲ ਦਾ ਜਵਾਬ ਦਿੰਦਿਆਂ ਸ਼ਿੰਦੇ ਨੇ ਕਿਹਾ ।

“ਅਮਲੀਆ! ਪਾਰਸੀ ਵੀ ਸਿੱਖਾਂ ਵਾਗੂੰ ਇਕ ਵੱਖਰੀ ਕੌਮ ਐ, ਉਹਨਾਂ ਦੀ ਭਾਰਤ ਦੇ ਦੱਖਣ ਵਾਲੇ ਵਸੋਂ ਐ, ਮਹਾਂਰਾਸਟਰ, ਮੱਧ ਪ੍ਰਦੇਸ ਤੇ ਗੁਜਰਾਤ ਸੂਬੇ ’ਚ ਪਹਿਲਾਂ ਤਾਂ ਅੱਛੀ ਖਾਸੀ ਅਬਾਦੀ ਹੁੰਦੀ ਸੀ ਪਾਰਸੀਆਂ, ਪਰ ਹੁਣ ਖਾਸੀ ਘੱਟ ਗਿਣਤੀ ਰਹਿ ਗਈਆਂ ਉਹਨਾਂ ਦੀ, ਇਸੇ ਕਰਕੇ ਉਥੋਂ ਦੇ ਪਾਰਸੀ ਭਾਈਚਾਰੇ ਦੇ ਲੋਕਾਂ ਨੂੰ ਆਪਣੀ ਘੱਟ ਰਹੀ ਗਿਣਤੀ ਵਾਰੇ ਚਿੰਤਾ ਹੋਣ ਲੱਗੀ ਐ ਤੇ ਪਾਰਸੀ ਪੰਚਾਇਤ ਨੇ ਰਲ ਕੇ ਆਪਣੀ ਕੌਮ ਨੂੰ ਬਚਾਉਣ ਵਾਸਤੇ ਕੁਝ ਫ਼ੈਸਲੇ ਕੀਤੇ ਨੇ”

ਸ਼ਿੰਦੇ ਨੂੰ ਟੋਕਦਿਆਂ ਬਾਬਾ ਲਾਭ ਸਿੰਘ ਬੋਲਿਆ, “ਪੁੱਤਰੋ! ਜਾਗਦੀਆਂ ਕੌਮਾਂ ਦੀ ਇਹੀ ਨਿਸ਼ਾਨੀ ਐ, ਚੇਤੰਨ ਕੌਮਾਂ ਦੇ ਆਗੂ ਤਾਂ ਸਦਾ ਈ ਆਪਣੀ ਕੌਮ ਬਾਰੇ ਚਿੰਤਤ ਰਹਿੰਦੇ ਨੇ” ।

“ਹਾਂ ਬਾਬਾ ਜੀ! ਪਾਰਸੀਆਂ ਦੇ ਨੌਜਵਾਨ ਵੀ ਸਾਡੇ ਨੌਜਵਾਨ ਵਾਂਗੂ ਜਿੰਦਗੀ ਨੂੰ ਵਧੀਆ ਜਿਊਣ ਦੇ ਸੁਪਨੇ ਲੈ ਕੇ ਵਿਦੇਸ਼ਾਂ ਵੱਲ ਭੱਜੇ ਜਾਂਦੇ ਨੇ ਤੇ ਵੱਡੀ ਉਮਰ ਤੱਕ ਵਿਆਹ ਈ ਨਈ ਕਰਵਾਉਂਦੇ, ਇਸ ਕਰਕੇ ਉਹਨਾਂ ਦੀ ਅਬਾਦੀ ਦਿਨੋ-ਦਿਨ ਘਟਦੀ ਜਾ ਰਹੀ ਐ, ਇਸੇ ਕਰਕੇ ਪਾਰਸੀਆਂ ਦੀ ਪੰਚਾਇਤ ਨੇ ਐਲਾਨ ਕਰ ਦਿਤੈ ਬਈ ਜਿਹੜੇ ਨੌਜਵਾਨਾਂ ਦੀ ਉਮਰ 21 ਸਾਲ ਤੋਂ ਘੱਟ ਹੈ ਅਤੇ ਉਹਨਾਂ ਦੀ ਆਮਦਨ ਪੰਦਰਾਂ ਹਜ਼ਾਰ ਰੁਪਈਏ ਮਹੀਨਾ ਤੋਂ ਘੱਟ ਐ ਉਹਨਾਂ ਨੌਜਵਾਨਾਂ ਨੂੰ ਪਾਰਸੀ ਪੰਚਾਇਤ ਮੁਫਤ ਮਕਾਨ ਬਣਾਕੇ ਦੇਵੇਗੀ, ਪਾਰਸੀ ਪੰਚਾਇਤ ਨੇ ਇਹ ਸ਼ਰਤ ਰੱਖੀ ਐ ਬਈ ਓਸ ਨੌਜਵਾਨ ਨੂੰ ਵਿਆਹ ਕਰਵਾ ਕੇ ਇਥੇ ਈ ਵਸਣਾ ਪਊਗਾ”

ਸ਼ਿੰਦੇ ਨੂੰ ਟੋਕਦਿਆਂ ਬਿੱਕਰ ਬੋਲਿਆ, “ਵਾਹ ਬਈ ਵਾਹ, ਆਹ ਵਧੀਆ ਤਰੀਕਾ ਕੱਢਿਐ ਅਬਾਦੀ ਵਧਾਉਣ ਦਾ, ਬਈ ਵਿਆਹ ਕਰਾਓ, ਘਰ ਮੁਫ਼ਤ ’ਚ ਪਾਓ”

ਬਿੱਕਰ ਦੀ ਇਸ ਗੱਲ ’ਤੇ ਸਾਰੇ ਹੱਸ ਪਏ।

“ਅਮਲੀਆ! ਤੈਨੂੰ ਤੋਰਦੇ ਆਂ ਪਾਰਸੀਆਂ ਕੋਲ, ਪਰ ਤੂੰ ਤਾਂ ਪਤੰਦਰਾ ਉਥੇ ਅਬਾਦੀ ਵਧਾਉਣ ਤੋਂ ਬਿਨਾਂ ਕੋਈ ਹੋਰ ਕੰਮ ਕਰਨਾ ਈ ਨਈਂ” ਮਾਸਟਰ ਦਰਸ਼ਨ ਸਿੰਘ ਦੀ ਇਸ ਗੱਲ ਨਾਲ ਸੱਥ ਵਿੱਚ ਹਾਸੜ ਮੱਚ ਗਈ।

“ਹਾਂ ਅਮਲੀਆ! ਹੁਣ ਪਿਛੇ ਜੇ ਮੁੰਬਈ ਦੀ ਪਾਰਸੀ ਪੰਚਾਇਤ ਨੇ ਫ਼ੈਸਲਾ ਕੀਤੈ ਬਈ ਹੁਣ ਮੰਹਿਗਾਈ ਹੋ’ਗੀ ਬਹੁਤੀ ਇਸ ਕਰਕੇ ਜੇਹੜੇ ਪਾਰਸੀ ਪਰਵਾਰਾਂ ਦੀ ਕਮਾਈ ਹਰ ਮਹੀਨੇ ਛੱਬੇ ਹਜ਼ਾਰ ਰੁਪਈਆਂ ਤੋ ਘੱਟ ਐ, ਉਹਨਾਂ ਪਰਵਾਰਾਂ ਨੂੰ ਸਸਤੇ ਮਕਾਨ ਬਣਾ ਕੇ ਦਿੱਤੇ ਜਾਣਗੇ, ਤੇ ਨਾਲ ਈ ਇਹ ਵੀ ਫੈਸਲਾ ਕੀਤੈ ਬਈ ਵਿਆਹ ਕਰਵਾਉਣ ਆਲੇ ਪਾਰਸੀ ਨੌਜਵਾਨ ਜੋੜਿਆਂ ਦੇ ਹਨੀਮੂਨ ਦਾ ਖਰਚਾ ਉਹ ਦੇਣਗੇ ਤੇ ਨਾਲ ਹੀ ਇਕ ਬੱਚੇ ਲਈ ਇਕ ਹਜ਼ਾਰ, ਦੋ ਬੱਚਿਆਂ ਲਈ ਦੋ ਹਜ਼ਾਰ ਅਤੇ ਤਿੰਨ ਬੱਚਿਆਂ ਲਈ ਤਿੰਨ ਹਜ਼ਾਰ ਰੁਪਈਏ ਬੱਚੇ ਦੀ 18 ਸਾਲ ਦੀ ਉਮਰ ਤੱਕ ਦੇਣਗੇ” ਸ਼ਿੰਦੇ ਨੇ ਸਾਰੀ ਵਾਰਤਾ ਖੋਲ ਕੇ ਸੁਣਾ ਦਿੱਤਾ।

“ਪੁੱਤਰੋ! ਕਿਥੇ ਪਾਰਸੀਆਂ ਦੇ ਆਗੂ ਨੇ ਤੇ ਕਿਥੇ ਸਿੱਖਾਂ ਦੇ ਆਗੂਆਂ ਦੀ ਸੋਚ ਖੜੀ ਐ, ਮੇਰੇ ਕਹਿਣ ਦਾ ਮਤਲਬ ਐ ਬਈ ਸੇਰੋ! ਜਦੋਂ ਪਾਰਸੀ ਲੋਕਾਂ ਨੇ ਆਪਣੀ ਕੌਮ ਨੂੰ ਬਚਾਉਣ ਲਈ ਇੰਨੀ ਡੂੰਘੀ ਤੇ ¦ਮੀ ਸੋਚ ਅਪਣਾਈ ਐ ਤਾਂ ਸਾਡੀ ਸਿੱਖ ਕੌਮ ਦੇ ਠੇਕੇਦਾਰਾਂ ਨੂੰ ਵੀ ਪਾਰਸੀ ਕੌਮ ਨੂੰ ਦੇਖ ਕੇ ਕੁਝ ਸਿਖਣਾ ਚਾਹੀਦੈ, ਪਤਿਤਪੁਣੇ ਦਾ ਰੌਲਾ ਪਾਉਣ ਵਾਲੇ ਸਿੱਖਾਂ ਦੇ ਆਗੂ ਵੀ ਜੇ ਕਿਤੇ ਇਹੋ ਜਿਹੀ ਸੋਚ ਅਖਤਿਆਰ ਕਰ ਲੈਣ ਤਾਂ ਪਤਿੱਤਪੁਣਾ ਤੇ ਡੇਰਾਵਾਦ ਤਾਂ ਦਿਨਾਂ ’ਈ ਖਤਮ ਹੋਜੂ”, ਬਾਬਾ ਲਾਭ ਸਿੰਘ ਏਨਾ ਆਖ ਖੂੰਡੇ ਦੇ ਸਹਾਰੇ ਖੜਾ ਹੋ ਗਿਆ।

****