Showing posts with label ਅਭੁੱਲ ਯਾਦਾਂ. Show all posts
Showing posts with label ਅਭੁੱਲ ਯਾਦਾਂ. Show all posts

ਸਵਾ ਛੱਬੀ ਘੰਟੇ.......... ਅਭੁੱਲ ਯਾਦਾਂ / ਰਿਸ਼ੀ ਗੁਲਾਟੀ, ਆਸਟ੍ਰੇਲੀਆ

ਸਿਆਣੇ ਸੱਚ ਹੀ ਕਹਿੰਦੇ ਹਨ ਕਿ ਵਾਹ ਪਏ ਜਾਣੀਏ ਜਾਂ ਰਾਹ ਪਏ ਜਾਣੀਏ । ਆਸਟ੍ਰੇਲੀਆ ‘ਚ ਮੈਡੀਕਲ ਸੇਵਾਵਾਂ ਨਾਲ ਵਾਹ ਵੀ ਪੈ ਗਿਆ ਤੇ ਇਸ ਰਾਹ ‘ਤੇ ਵੀ ਤੁਰਨਾ ਪਿਆ । ਸਰੀਰਕ ਦੁੱਖ ਤਾਂ ਆਉਣੇ ਜਾਣੇ ਹਨ ਤੇ ਇਨ੍ਹਾਂ ਉਪਰ ਕਿਸੇ ਦਾ ਵੱਸ ਵੀ ਨਹੀਂ, ਪਰ ਭਾਰਤੀ ਤੇ ਆਸਟ੍ਰੇਲੀਅਨ ਮੈਡੀਕਲ ਸੇਵਾਵਾਂ ‘ਚ ਬਹੁਤ ਵੱਡਾ ਫਰਕ ਨਜ਼ਰ ਆਇਆ । ਜਿਸ ਸਮੱਸਿਆ ਕਰਕੇ ਸਵਾ ਛੱਬੀ  ਘੰਟੇ ਹਸਪਤਾਲ ‘ਚ ਗੁਜ਼ਾਰੇ, ਉਸੇ ਸਮੱਸਿਆ ਕਾਰਨ ਕਰੀਬ ਪੰਜ ਸਾਲ ਪਹਿਲਾਂ ਲੁਧਿਆਣੇ ਦੇ ਡੀ. ਐਮ. ਸੀ. ‘ਚ ਵੀ ਕਰੀਬ ਪੰਜਾਹ ਘੰਟੇ ਗੁਜ਼ਾਰ ਚੁੱਕਾ ਹਾਂ । ਆਸਟ੍ਰੇਲੀਆ ‘ਚ ਮੈਡੀਕਲ ਸੇਵਾਵਾਂ ਦੀ ਜੋ ਸਭ ਤੋਂ ਵੱਡੀ ਕਮੀ ਨਜ਼ਰੀਂ ਆਈ, ਉਹ ਇਹ ਸੀ ਕਿ ਛੇਤੀ ਕੀਤੇ ਡਾਕਟਰ ਦੁਆਰਾ ਮਿਲਣ ਦਾ ਸਮਾਂ ਨਹੀਂ ਦਿੱਤਾ ਜਾਂਦਾ, ਖਾਸ ਤੌਰ ‘ਤੇ ਜਦੋਂ ਕਿਸੇ ਸਪੈਸ਼ਲਿਸਟ ਨੂੰ ਮਿਲਣਾ ਹੋਵੇ । ਹਾਂ ! ਜੇਕਰ ਤਕਲੀਫ਼ ਇਤਨੀ ਹੈ ਕਿ ਐਂਬੂਲੈਂਸ ਦੁਆਰਾ ਹਸਪਤਾਲ ਜਾਣਾ ਪਵੇ ਤਾਂ ਕਿਆ ਬਾਤਾਂ ਬਈ ਵਾਲੀ ਗੱਲ ਹੁੰਦੀ ਹੈ ਤੇ ਘਰ ਬੈਠਿਆਂ ਬਹੁਤ ਹੀ ਉਮਦਾ ਸੇਵਾਵਾਂ ਬਹੁਤ ਜਲਦੀ ਮਿਲਦੀਆਂ ਹਨ । ਉਂਝ ਡਾਕਟਰ ਕੋਈ ਵੀ ਹੋਵੇ, ਜਨਰਲ ਪ੍ਰੈਕਟੀਸ਼ੀਨਰ ਜਾਂ ਸਪੈਸ਼ਲਿਸਟ, ਉਸਨੂੰ ਮਿਲਣ ਲਈ ਪਹਿਲਾਂ ਸਮਾਂ ਲੈਣਾ ਪੈਂਦਾ ਹੈ ।
ਸਾਡੇ ਵਤਨਾਂ ਵਾਲੇ ਪਾਸਿਓਂ ਜਦੋਂ ਕੋਈ ਵੀ ਪ੍ਰਦੇਸੀਂ ਆਉਂਦਾ ਹੈ ਤਾਂ ਉਸਨੂੰ ਬੀਚ ‘ਤੇ ਭਾਵ ਸਮੁੰਦਰ ਦੇ ਕਿਨਾਰੇ ਜਾਣ ਦੀ ਬੜੀ ਤਾਂਘ ਹੁੰਦੀ ਹੈ । ਹੋਵੇ ਵੀ ਕਿਉਂ ਨਾ, ਵਤਨੀਂ ਤਾਂ ਬੀਚ ਦੱਖਣ ਵਾਲੇ ਪਾਸੇ ਹੀ ਹੈ ਤੇ ਜੀਹਨੇ ਕਦੇ ਬਠਿੰਡਾ ਨਹੀਂ ਟੱਪਿਆ ਹੁੰਦਾ, ਆਸਟ੍ਰੇਲੀਆ ਵਰਗੇ ਮੁਲਕ ‘ਚ ਆ ਪੁੱਜੇ ਤਾਂ ਸੁਭਾਵਿਕ ਹੀ ਬੀਚ ਆਪਣੇ ਵੱਲ ਨੂੰ ਖਿੱਚਦਾ ਹੈ । ਬੀਚ, ਜੋ ਸਿਰਫ਼ ਫਿਲਮਾਂ ‘ਚ ਹੀ ਦੇਖਿਆ ਹੁੰਦਾ ਹੈ । ਬੀਚ, ਜੋ ਕਦੇ ਸੁਪਨੇ ‘ਚ ਵੀ ਨਹੀਂ ਆਇਆ ਹੁੰਦਾ । ਬੀਚ, ਜਿਸਦਾ ਧਿਆਨ ਆਉਂਦਿਆਂ ਹੀ ਰੌਣਕਾਂ ਸ਼ੌਣਕਾਂ ਦੇ ਨਾਲ਼ ਨਾਲ਼ ਫੀਮੇਲ ਆਵਾਜ਼ ‘ਚ ਲਾ ਲਾ ਲਾਲਾ ਤੇ ਮੁੜਕੇ ਆਹਾ ਵਰਗਾ ਮਧੁਰ ਸੰਗੀਤ ਵੀ ਜਿ਼ਹਨ ‘ਚ ਸਹਿਜੇ ਹੀ ਆ, ਮਨ ਨੂੰ ਆਨੰਦਿਤ ਕਰ ਦਿੰਦਾ ਹੈ । ਅਜਿਹੇ ਹਾਲਤਾਂ ‘ਚ ਜੇਕਰ ਕੋਈ ਹਮਵਤਨੀਂ ਜਾਂ ਹਮਾਤੜ ਬੀਚ ‘ਤੇ ਖਿੱਚੀਆਂ ਫੋਟੋਆਂ ਨੂੰ ਫੇਸਬੁੱਕ ‘ਤੇ ਖਰੀਆਂ ਕਰਦਾ ਹੈ ਤਾਂ ਹੈਰਾਨੀ ਨਹੀਂ ਹੋਣੀ ਚਾਹੀਦੀ । ਇਹ ਗੱਲ ਵੱਖਰੀ ਹੈ ਕਿ ਪਹਿਲਾਂ ਪਹਿਲ ਜਦੋਂ ਵੀ ਕੋਈ ਹਮਾਤੜ ਬੀਚ ‘ਤੇ ਜਾਂਦਾ ਹੈ ਤਾਂ ਚੰਗੀ ਜੀਨ ਸ਼ੀਨ, ਅੱਧੀਆਂ ਬਾਂਹਾਂ ਵਾਲੀ ਡੱਬੀਆਂ ਵਾਲੀ ਸ਼ਰਟ ਨਾਲ਼ ਪਾਈ ਹੁੰਦੀ ਹੈ ਤੇ ਸ਼ਰਟ, ਪੈਂਟ ‘ਚ ਤੁੰਨ ਕੇ ਉਤੋਂ ਬੈਲਟ ਲੱਗੀ ਹੁੰਦੀ ਹੈ ਤੇ ਪੈਰਾਂ ‘ਚ, ਜੀ ਪੈਰਾਂ ‘ਚ ਓਰੀਜਨਲ ਲੈਦਰ ਦੇ ਬੂਟ ਵੀ ਸਣੇ ਜੁਰਾਬਾਂ ਪਾਏ ਹੁੰਦੇ ਹਨ । ਬੀਚ ‘ਤੇ ਪੁੱਜਣ ਦੇ ਅੱਧੇ ਕੁ ਘੰਟੇ ਦੇ ਬਾਅਦ ਚਿੱਤ ਕਰਦਾ ਹੈ ਕਿ ਰੇਤ ‘ਤੇ ਚਹਿਲ ਕਦਮੀ ਕੀਤੀ ਜਾਵੇ । ਮੁੜ ਬੀਚ ‘ਤੇ ਬੂਟ ਹੱਥਾਂ ‘ਚ ਲਮਕਾ, ਥੱਲੋਂ ਪਹੁੰਚੇ ਮੋੜ ਕੇ ਜੀਨਾਂ ਸ਼ੀਨਾਂ ‘ਚ ਕੱਸੇ ਅਸੀਂ ਹੀ ਨਜ਼ਰੀਂ ਪੈਂਦੇ ਹਾਂ ਤੇ ਲੋਕਲ ਜਨਤਾ ਭਾਵ ਗੋਰੇ ਗੋਰੀਆਂ ‘ਦੇ ਤਨ ਦੇ ਕੱਪੜੇ ਤਾਂ ਕੱਕੇ ਨੂੰ ਅੱਧਕ, ਪੱਪਾ ਤੱਕ ਹੀ ਸੀਮਤ ਹੁੰਦੇ ਹਨ, ਰਾੜੇ ਨੂੰ ਲਾਮ ਲਾਉਣ ਦੀ ਲੋੜ ਤਾਂ ਪੈਂਦੀ ਹੀ ਨਹੀਂ ।

ਮੇਰੇ ਨਾਨਕਿਆਂ ਦੀ ਮਿੱਟੀ ‘ਚ.......... ਅਭੁੱਲ ਯਾਦਾਂ / ਰਮੇਸ਼ ਸੇਠੀ ਬਾਦਲ

ਛੋਟੇ ਹੁੰਦਿਆਂ ਨੇ ਸੁਣਿਆ ਸੀ ਕਿ ਕਈ ਮਸਲਿਆਂ ਤੇ ਬਜੁਰਗ ਤੇ ਬੱਚੇ ਇਕੋ ਜਿਹੇ ਹੁੰਦੇ ਹਨ। ਉਹਨਾਂ ਦਾ ਸੁਭਾਅ ਤੇ ਖੁਆਇਸ਼ ਉਸੇ ਤਰ੍ਹਾਂ ਦੀ ਹੁੰਦੀ ਹੈ। ਇਹ ਗੱਲਾਂ ਸੁਣਨ ਵਿੱਚ ਅਜੀਬ ਲੱਗਦੀਆਂ ਪਰ ਇਹ ਇਕ ਅਟੱਲ ਸਚਾਈ ਹੈ।
ਇਸ ਦਾ ਸਬੂਤ ਮੈਨੂੰ ਉਸ ਸਮੇਂ ਮਿਲਿਆ ਜਦ ਮੇਰੇ ਨਾਨਾ ਜੀ ਜੋਂ ਉਸ ਸਮੇਂ 105 ਕੁ ਵਰ੍ਹਿਆਂ ਦੇ ਸਨ ਤੇ ਮੰਜੇ ਤੋਂ ਬਹੁਤਾ ਹਿਲਜੁਲ ਵੀ ਨਹੀਂ ਸਨ ਸਕਦੇ । ਪੇਟ ਦੀ ਖਰਾਬੀ ਕਾਰਨ ਅਕਸਰ ਦਫਾ ਹਾਜਤ ਵੀ ਕਈ ਵਾਰੀ ਮੰਜੇ ਤੇ ਹੀ ਕਰ ਦਿੰਦੇ ਸਨ। ਇਕ ਦਿਨ ਉਹ ਮੇਰੀ ਮਾਂ ਨੂੰ ਜਿਸਨੂੰ ਉਸਦਾ ਪੇਕਾ ਪਰਿਵਾਰ ‘ਬੀਬੀ ਆਖਦਾ ਸੀ, ਕਹਿਣ ਲੱਗੇ  “ਬੀਬੀ ਮੇਰਾ ਪਕੌੜੇ ਖਾਣ ਨੂੰ ਦਿਲ ਕਰਦਾ ਹੈ। ਭਾਵੇ ਦੋ ਤਿੰਨ ਹੀ ਲਿਆ ਦੇ, ਮੈਨੂੰ ਪਕੌੜੇ ਖੁਆ ਦੇ ।' ਉਸ ਸਮੇ ਚਾਹੇ ਮੇਰੇ ਨਾਨਾ ਜੀ ਬਹੁਤ ਕਮਜ਼ੋਰ ਤੇ ਬੀਮਾਰ ਸਨ। ਬਚਣ ਦੀ ਬਹੁਤੀ ਆਸ ਨਹੀਂ ਸੀ। ਮੇਰੀ ਮਾਂ ਨੇ ਪਿਉ ਦੀ ਇਸ ਖੁਹਾਇਸ਼ ਨੂੰ ਪੂਰਾ ਕਰਨ ਲਈ ਕੌਲੀ ਵਿਚ ਥੋੜ੍ਹਾ ਜਿਹਾ ਵੇਸਣ ਘੋਲ ਕੇ ਆਲੂ ਪਿਆਜ਼  ਪਾ ਕੇ ਚਾਰ ਕੁ ਪਕੌੜੇ ਬਣਾ ਕੇ ਮੇਰੇ ਨਾਨਾ ਜੀ ਨੂੰ ਖੁਆ ਦਿੱਤੇ । ਉਸ ਸਮੇਂ ਪਕੌੜੇ ਖਾ ਕੇ ਮੇਰੇ ਨਾਨਾ ਜੀ ਦੇ ਚੇਹਰੇ ਤੇ ਜੋ ਸਕੂਨ ਸੀ, ਉਹ ਵੇਖਣ ਵਾਲਾ ਸੀ। ਇਸ ਤਰ੍ਹਾਂ ਉਹ ਇਕ  ਪੂਰੀ ਸਦੀ ਤੇ ਛੇ ਸਾਲ ਦੀ ਉਮਰ ਭੋਗ ਕੇ ਇਸ ਸੰਸਾਰ ਚੋਂ ਵਿਦਾ ਹੋਏ ।

‘ਤੇ ਧੀ ਤੋਰ ਦਿੱਤੀ.......... ਅਭੁੱਲ ਯਾਦਾਂ / ਰਮੇਸ਼ ਸੇਠੀ ਬਾਦਲ

ਗੁਰੂਦੁਆਰੇ ਵਿੱਚ ਵੜਦੇ ਹੀ ਬੜਾ ਅਜੀਬ ਜਿਹਾ ਮਹਿਸੂਸ ਹੋਇਆ । ਆਨੰਦ ਕਾਰਜ ਹੋ ਰਿਹਾ ਸੀ। ਲੋਕ ਸ਼ਰਧਾ ਤੇ ਖੁਸ਼ੀ ਨਾਲ ਬੈਠੇ ਅਨੰਦ ਕਾਰਜ ਨੂੰ ਦੇਖ ਰਹੇ ਸਨ।  ਪਵਿੱਤਰ ਗੁਰਬਾਣੀ ਦੀਆਂ ਰੀਤ ਰਿਵਾਜਾਂ ਨਾਲ ਕਾਰਜ ਸੰਪੰਨ ਹੋ ਰਹੇ ਸਨ। ਅਸੀਂ ਦੋਹਾਂ ਨੇ ਮੱਥਾ ਟੇਕਿਆ ਤੇ ਚੁੱਪਚਾਪ ਪਿੱਛੇ ਜਾ ਕੇ ਬੈਠ ਗਏ। ਸਾਨੂੰ ਏਥੇ ਕੋਈ ਨਹੀਂ ਸੀ ਜਾਣਦਾ।  ਨਾ ਲੜਕੇ ਵਾਲੇ ਨਾ ਲੜਕੀ ਵਾਲੇ । ਅਸੀਂ ਕਿਸੇ ਨੂੰ ਪਹਿਲਾਂ ਕਦੇ ਮਿਲੇ ਹੀ ਨਹੀਂ ਸੀ ਤੇ ਨਾ ਕਿਸੇ ਨੂੰ ਦੇਖਿਆ ਸੀ। ਇਸੇ ਸ਼ਸੋਪੰਜ ਵਿੱਚ ਸੋਚਦੇ ਸੋਚਦੇ ਮੇਰੀ ਸੋਚ ਮੈਨੂੰ ਬਹੁਤ ਪਿੱਛੇ ਲੈ ਗਈ, ਉਨ੍ਹੀ ਦਿਨੀਂ ਮੇਰੀ ਇੱਕ ਕਹਾਣੀ ‘ਕੌੜਾ ਸੱਚਅ ਰੋਜਾਨਾ ਸਪੋਕਸਮੈਨ ਅਖਬਾਰ ਵਿੱਚ ਛਪੀ ਸੀ।
“ਸਰ ਜੀ ਤੁਹਾਡੀ ਸਪੋਕਸ ਮੈਨ ਵਿੱਚ ਛਪੀ ਕਹਾਣੀ “ਕੌੜਾ ਸੱਚ” ਬਹੁਤ ਵਧੀਆ ਲੱਗੀ । ਫਰਾਮ ਦੀਪ। ਮੈਨੂੰ ਇੱਕ ਐਸ. ਐਮ. ਐਸ. ਪ੍ਰਾਪਤ ਹੋਇਆ ।
“ਸ਼ੁਕਰੀਆ ਜੀ, ਤੁਸੀਂ ਕੀ ਕਰਦੇ ਹੋ? ਕੀ ਤੁਸੀਂ ਟੀਚਰ ਹੋ ?”, ਮੈਂ ਉਸੇ ਤਰੀਕੇ ਨਾਲ ਹੀ ਸਵਾਲ ਕੀਤਾ।
“ਨਹੀਂ ਜੀ,  ਮੈਂ ਪੜ੍ਹਦੀ ਹਾਂ, ਟੀਚਰ ਨਹੀਂ ਹਾਂ।”, ਇਹ ਜਵਾਬ ਆਇਆ।

ਘੂਕ ਸੁੱਤੀਆਂ ਯਾਦਾਂ ਦੀ ਜਾਗ.......... ਅਭੁੱਲ ਯਾਦਾਂ / ਤਰਲੋਚਨ ਸਿੰਘ ‘ਦੁਪਾਲਪੁਰ’

ਪੂਰੀ ਇਮਾਨਦਾਰੀ ਨਾਲ ਪਹਿਲੋਂ ਇਹ ਸੱਚ-ਸੱਚ ਦੱਸ ਦਿਆਂ ਕਿ ਇਸ ਲਿਖਤ ਵਿੱਚ ਆਪਣੇ ਸਾਹਿਤਕ ਸਨੇਹ ਦੇ ਦੋ ਵਾਕਿਆ ਜੋ ਪਾਠਕਾਂ ਅੱਗੇ ਰੱਖ ਰਿਹਾ ਹਾਂ, ਉਸ ਦਾ ਇਹ ਮਤਲਬ ਹਰਗਿਜ਼ ਨਹੀਂ ਕਿ ਮੈਂ ਆਪਣੀ ਕਿਸੇ ਚਤੁਰਤਾ ਜਾਂ ਆਪਣੇ ‘ਅਕਲ-ਮੰਦ’ ਹੋਣ ਦਾ ਪ੍ਰਗਟਾਵਾ ਕਰਨਾ ਚਾਹੁੰਦਾ ਹਾਂ। ਅਜਿਹਾ ਕਰਨਾ ਮੂਰਖਤਾ ਦੀ ਨਿਸ਼ਾਨੀ ਹੁੰਦੀ ਹੈ। ਬੱਸ, ਇਹਨਾਂ ਨੂੰ ਮਹਿਜ਼ ਇਤਫਾਕ ਨਾਲ ਹੋਏ ਅਸਚਰਜ ਮੌਕਾ-ਮੇਲ਼ ਹੀ ਕਿਹਾ ਜਾ ਸਕਦਾ ਹੈ। ਇਹਦੇ ’ਚ ਕੋਈ ਹਉਮੈ ਜਾਂ ਵਡਿਆਈ ਦੀ ਗੱਲ ਨਹੀਂ। ਹਾਂ, ਆਪਣੀ ਯਾਦ-ਦਾਸ਼ਤ ਉੱਤੇ ਭੋਰਾ ਕੁ ਜਿੰਨਾ ਫ਼ਖਰ ਕਰਨ ਦੀ ਗੁਸਤਾਖੀ ਜ਼ਰੂਰ ਕਰਨੀ ਚਾਹਾਂਗਾ। ਉਮੀਦ ਹੈ ਕਿ ਪਾਠਕ-ਜਨ ਸਾਰਾ ਲੇਖ ਪੜ੍ਹਨ ਉਪਰੰਤ ਮੈਨੂੰ ਏਨੀ ਕੁ ਖੁੱਲ੍ਹ ਜ਼ਰੂਰ ਦੇ ਦੇਣਗੇ।
ਕਿਤੇ ਵੀ ਛਪੀ ਹੋਈ ਕੋਈ ਵਧੀਆ ਲੇਖਣੀ ਪੜ੍ਹ ਕੇ ਉਸ ਦੇ ਲੇਖਕ ਨਾਲ ਸੰਪਰਕ ਕਰਨ ਦੀ ‘ਖੋਟੀ ਆਦਤ’ ਮੈਨੂੰ ਮੁੱਢੋਂ ਹੀ ਪਈ ਹੋਈ ਹੈ; ਉਦੋਂ ਦੀ, ਜਦੋਂ ਹਾਲੇ ਟੈਲੀਫੋਨ ਦੀ ਵਰਤੋਂ ਆਮ ਨਹੀਂ ਸੀ ਹੋਈ। ਉਨ੍ਹਾਂ ਦਿਨਾਂ ਵਿੱਚ ਮੈਂ ਕਵੀਆਂ-ਲੇਖਕਾਂ ਨੂੰ ਹੱਥੀਂ ਚਿੱਠੀਆਂ ਲਿਖਿਆ ਕਰਦਾ ਸਾਂ। ਇਹ ‘ਰੋਗ’ ਫਿਰ ਵੱਖ-ਵੱਖ ਅਖ਼ਬਾਰਾਂ-ਮੈਗਜ਼ੀਨਾਂ ਦੇ ‘ਸੰਪਾਦਕ ਦੀ ਡਾਕ’ ਕਾਲਮ ਨੂੰ ਖ਼ਤ ਲਿਖਣ ਤੱਕ ਵਧ ਗਿਆ। ਅਮਰੀਕਾ ਆ ਕੇ ‘ਨੈੱਟ’ ਅਤੇ ਫੋਨ ਦੀ ਖੁੱਲ੍ਹੀ ਸਹੂਲਤ ਮਿਲਣ ਸਦਕਾ ਮੇਰੇ ਸ਼ੌਕ ਦਾ ਦਾਇਰਾ ਕੌਮਾਂਤਰੀ ਹੋ ਗਿਆ। ਕਿਸੇ ਲੇਖਕ ਦੀ ਰਚਨਾ ਬਾਰੇ ਉਸ ਦੀ ਨੁਕਤਾਚੀਨੀ ਕਰਨੀ ਜਾਂ ਲਿਖਾਰੀ ਦੀ ਹੌਸਲਾ-ਅਫ਼ਜ਼ਾਈ ਕਰਨੀ ਮੇਰੇ ਲਈ ਸੁਖਾਲੀ ਹੋ ਗਈ। ਕਿਸੇ ਮਜਬੂਰੀ ਅਧੀਨ ਨਹੀਂ, ਸਗੋਂ ਸਵੈ-ਸਿਰਜੇ ਫਰਜ਼ ਮੁਤਾਬਕ ਅਜਿਹਾ ਕਰਦਿਆਂ ਮੈਨੂੰ ਮਾਨਸਿਕ ਤਸੱਲੀ ਮਿਲਦੀ ਹੈ।
ਅਮਰੀਕਾ ’ਚ ਛਪਦੀ ਇੱਕ ਪੰਜਾਬੀ ਅਖ਼ਬਾਰ ਵਿੱਚ ਡਾ: ਕ੍ਰਿਸ਼ਨ ਕੁਮਾਰ ਰੱਤੂ ਦਾ ਇੱਕ ਲੇਖ ਪੜ੍ਹਿਆ। ‘ਖ਼ਵਾਬ ਹੋਏ ਬੰਜਰ ਇਸ ਪਹਿਰ’ ਦੇ ਸਿਰਲੇਖ ਵਾਲੀ ਇਸ ਲਿਖਤ ਵਿੱਚ ਡਾ: ਰੱਤੂ ਨੇ ਖਲੀਲ ਜਿਬਰਾਨ ਦੀ ਯਾਦ ਤਾਜ਼ਾ ਕਰਵਾ ਦਿੱਤੀ। ਏਨੇ ਮਾਰਮਿਕ ਭਾਵਾਂ ਨੂੰ ਸ਼ਬਦੀ ਜਾਮਾ ਪਹਿਨਾਉਂਦਿਆਂ ਡਾਕਟਰ ਸਾਹਿਬ ਨੇ ਕਮਾਲ ਹੀ ਕੀਤੀ ਹੋਈ ਸੀ ਇਸ ਲੇਖ ਵਿੱਚ। ਵੰਨਗੀ-ਮਾਤਰ ਕੁਝ ਸਤਰਾਂ ਲਿਖ ਰਿਹਾ ਹਾਂ :

ਜਸਪਾਲ ਭੱਟੀ ਨਾਲ ਮੇਰੀ ਅੰਤਿਮ ਸਾਂਝ……… ਅਭੁੱਲ ਯਾਦਾਂ / ਮਿੰਟੂ ਬਰਾੜ


ਸਾਡੀ ਜ਼ਿੰਦਗੀ 'ਚ ਕੁਝ ਇਕ ਵਰਤਾਰੇ ਇਹੋ ਜਿਹੇ ਹੁੰਦੇ ਹਨ, ਜੋ ਵਾਪਰਨ ਤੋਂ ਬਾਅਦ ਹੀ ਸਾਨੂੰ ਸਮਝ ਆਉਂਦੇ ਹਨ। ਇਨ੍ਹਾਂ ਵਿਚੋਂ ਇਕ ਵਰਤਾਰਾ ਇਹ ਹੈ ਕਿ ਸਾਨੂੰ ਜਦੋਂ ਕੋਈ ਛੱਡ ਕੇ ਜਾਂਦਾ ਹੈ ਤਾਂ ਉਸ ਤੋਂ ਬਾਅਦ ਸਾਨੂੰ ਪਤਾ ਲਗਦਾ ਕਿ ਅਸੀਂ ਕਿਸ ਹੱਦ ਤੱਕ ਉਸ ਇਨਸਾਨ ਨੂੰ ਚਾਹੁੰਦੇ ਸੀ। ਬੱਸ ਇਹੋ ਕੁਝ ਜਸਪਾਲ ਭੱਟੀ ਹੋਰਾਂ ਨੂੰ ਚਾਹੁਣ ਵਾਲਿਆਂ ਨਾਲ ਵਾਪਰਿਆ। ਉਨ੍ਹਾਂ ਦੇ ਚਲੇ ਜਾਣ ਨਾਲ ਦੁਨੀਆਂ ਭਰ 'ਚ ਉਨ੍ਹਾਂ ਨੂੰ ਚਾਹੁਣ ਵਾਲੇ ਠੱਗੇ-ਠੱਗੇ ਜਿਹੇ ਮਹਿਸੂਸ ਕਰ ਰਹੇ ਹਨ।

ਗੱਲ ਜਸਪਾਲ ਭੱਟੀ ਹੋਰਾਂ ਨਾਲ ਆਪਣੀ ਸਾਂਝ ਤੋਂ ਸ਼ੁਰੂ ਕਰਨੀ ਚਾਹਾਂਗਾ। ਉਨ੍ਹਾਂ ਨੂੰ ਮੈਂ ਤਕਰੀਬਨ ਅੱਸੀ ਦੇ ਦਹਾਕੇ ਤੋਂ ਜਾਣਦਾ ਤੇ ਪ੍ਰਸੰਸਕ ਹਾਂ, ਜਦੋਂ ਹਾਲੇ ਬਲੈਕ ਐਂਡ ਵਾਈਟ ਟੀ.ਵੀ. ਦਾ ਜ਼ਮਾਨਾ ਸੀ। ਪਰ ਅਫ਼ਸੋਸ ਕਦੇ ਉਨ੍ਹਾਂ ਨੂੰ ਮਿਲ ਨਹੀਂ ਸਕਿਆ। ਉਨ੍ਹਾਂ ਨਾਲ ਮੇਰੀ ਗੱਲਬਾਤ ਦੀ ਜੋ ਸਾਂਝ ਪਈ, ਉਸ ਦੀ ਉਮਰ ਸਿਰਫ਼ ਤਿੰਨ ਦਿਨ ਹੀ ਰਹੀ। ਨਾ ਕਦੇ ਸੋਚਿਆ ਸੀ, ਨਾ ਕਦੇ ਉਮੀਦ ਹੀ ਸੀ ਕਿ ਉਨ੍ਹਾਂ ਨਾਲ ਇੰਝ ਸਾਂਝ ਪਵੇਗੀ। ਜਿਸ ਵਕਤ ਉਨ੍ਹਾਂ ਨਾਲ ਗੱਲ ਹੋਈ, ਮੈਂ ਆਪਣੇ ਆਪ ਨੂੰ ਬੜਾ ਖ਼ੁਸ਼ਨਸੀਬ ਸਮਝਿਆ । ਮੈਂ ਉਨ੍ਹਾਂ ਦੇ ਇਕ ਹਾਸਰਸ ਕਲਾਕਾਰ ਹੋਣ ਕਰ ਕੇ ਮੁਰੀਦ ਘੱਟ ਤੇ ਉਨ੍ਹਾਂ ਦੀ ਉਸਾਰੂ ਸੋਚ ਅਤੇ ਬੇਬਾਕਪੁਣੇ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ। ਮੇਰੀ ਖ਼ੁਸ਼ੀ ਸਿਰਫ਼ ਤਿੰਨ ਦਿਨ ਰਹੀ ਤੇ ਉਹ ਇਸ ਫ਼ਾਨੀ ਜਹਾਨ ਨੂੰ ਹਸਾਉਂਦੇ ਹਸਾਉਂਦੇ ਅਚਾਨਕ ਰੁਆ ਕੇ ਰੁਖ਼ਸਤ ਹੋ ਗਏ। ਹੁਣ ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਸਿਰਫ਼ ਤਿੰਨ ਦਿਨਾਂ ਦੀ ਇਹ ਸਾਂਝ ਮੇਰੇ ਦੁੱਖ ਨੂੰ ਹੋਰ ਵਧਾਉਣ ਲਈ ਸੀ।

ਕਾਮਰੇਡ ਹਰਦੀਪ ਦੂਹੜਾ ਤੈਨੂੰ ਲਾਲ ਸਲਾਮ........... ਅਭੁੱਲ ਯਾਦਾਂ / ਜੋਗਿੰਦਰ ਬਾਠ, ਹਾਲੈਂਡ


ਕੁਝ ਲੋਕ ਤੁਹਾਡੀ ਜਿੰਦਗੀ ਵਿੱਚ ਹਾੜ ਦੀ ਹਨੇਰੀ ਵਾਂਗ ਆਉਂਦੇ ਹਨ ਤੇ ਬਿਨਾਂ ਖੜਾਕ ਕੀਤਿਆਂ ਤੁਰ ਜਾਂਦੇ ਹਨ। ਤੁਹਾਨੂੰ ਪਤਾ ਵੀ ਨਹੀਂ ਲੱਗਦਾ ਤੁਸੀਂ ਹੁਣ ਕੀ ਕਰੋ ? ਉਹਨਾਂ ਨੂੰ ਯਾਦ ਕਰੋ, ਰੋਵੋ ਜਾਂ ਭੁੱਲ ਜਾਵੋ ? ਇਸੇ ਤਰਾਂ ਦਾ ਸੀ ਸਾਡਾ ਆੜੀ ਹਰਦੀਪ ਦੂਹੜਾ। ਹਰਦੀਪ ਨੂੰ ਮੈਂ ਪਹਿਲੀ ਵਾਰ ਸੰਨ 2001 ਵਿੱਚ ਸਾਡੇ ਜਰਮਨ ਤੋਂ ਗਏ ਦੋਸਤ ਰਘਬੀਰ ਸੰਧਾਂਵਾਲੀਆ ਦੇ ਘਰ ਵੇਖਿਆ ਸੀ। ਅਸੀਂ ਸਾਰਾ ਪਰਵਾਰ ਉਸ ਸਮਂੇ ਪੰਜਾਬੀ ਲੇਖਕ ਕੇ. ਸੀ. ਮੋਹਨ ਦੇ ਘਰ ਠਹਿਰੇ ਹੋਏ ਸਾਂ। ਸੰਧਾਂਵਾਲੀਆ ਪਰਿਵਾਰ ਰਘਬੀਰ ਅਤੇ ਪਰਮਜੀਤ ਨੇ ਸਾਨੂੰ ਸ਼ਾਮ ਦੀ ਰੋਟੀ ‘ਤੇ ਬੁਲਾਇਆ ਸੀ। ਅਸੀਂ ਸਾਰੇ ਅਪਣੇ ਰਵਾਇਤੀ ਮੂੜ ਵਿੱਚ ਬੀਅਰ ਦੇ ਡੱਬੇ ਖੋਹਲੀ ਚੁਟਕਲੇ ਤੇ ਚੁਟਕਲਾ ਸੁੱਟੀ ਆਉਂਦੇ ਸਾਂ। ਰਘਬੀਰ ਦੇ ਘਰ ਦੀ ਫਿਜ਼ਾ ਵਿੱਚ ਰਿੱਝਦੇ ਪਕਵਾਨਾਂ ਦੀ ਮਹਿਕ ਨਾਲ ਹਾਸਿਆਂ ਦਾ ਰਿਦਮ ਇੱਕ ਮਿੱਕ ਹੋਇਆ ਪਿਆ ਸੀ। ਅਚਾਨਕ ਘੰਟੀ ਵੱਜੀ ਰਘਬੀਰ ਨੇ ਦਰਵਾਜ਼ਾ ਖੋਹਲਿਆ, ਉਸ ਦੇ ਨਾਲ ਇੱਕ ਪਤਲਾ ਛੀਂਟਕਾ ਤੇ ਪਹਿਰਾਵੇ ਵਲੋਂ ਚੁਸਤ ਧੁੱਪ ਨਾਲ ਪੱਕੇ ਰੰਗ ਵਾਲਾ ਬੰਦਾ ਇੱਕ ਛੋਟਾ ਜਿਹਾ ਬੈਗ ਫੜੀ ਦਾਖਲ ਹੋਇਆ। ਸਾਰਿਆ ਦੇ ਹਾਸੇ ਨੂੰ ਬਰੇਕ ਲੱਗ ਗਈ। ਕੇ. ਸੀ. ਮੋਹਨ ਨੇ ਆਏ ਬੰਦੇ ਦੀ ਮੇਰੇ ਨਾਲ ਜਾਣ ਪਹਿਚਾਣ ਕਰਵਾਈ। ਇਹ ਕਾਮਰੇਡ ਹਰਦੀਪ ਦੂਹੜਾ ਸੀ। ਅਸੀਂ ਬੜੇ ਚਾਅ ਨਾਲ ਹੱਥ ਮਿਲਾਏ ਤੇ ਇੱਕ ਡੱਬਾ ਬੀਅਰ ਦਾ ਦੂਹੜਾ ਸਾਹਿਬ ਲਈ ਵੀ ਆ ਗਿਆ। ਮਹਿਫਲ ਹੁਣ ਥੋੜੀ ਜਿਹੀ ਗੰਭੀਰ ਹੋ ਗਈ ਸੀ ਤੇ ਹੁਣ ਇੱਕ ਸ਼ਬਦ ਕਾਮਰੇਡ ਵੀ ਸਾਡੀ ਗੱਲਬਾਤ ਵਿੱਚ ਆ ਰਲਿਆ ਸੀ। ਹਰਦੀਪ ਜਦ ਵੀ ਕਿਸੇ ਨੂੰ ਸੰਬੋਧਿਤ ਹੁੰਦਾ ਹਮੇਸ਼ਾ ਉਸ ਨੂੰ ਕਾਮਰੇਡ ਕਹਿ ਕੇ ਬੁਲਾਉਂਦਾ। ਇੰਨੇ ਨੂੰ ਰਘਬੀਰ ਦੇ ਘਰ ਦੇ ਸਾਹਮਣੇ ਰਹਿੰਦੀ ਮਸ਼ਹੂਰ ਵਿਅੰਗ ਲੇਖਕ ਸ਼ੇਰ ਜੰਗ ਜਾਂਗਲੀ ਦੀ ਜੀਵਨ ਸਾਥਣ ਰਾਣੋ ਵੀ ਕੁਝ ਖਾਣਾ ਆਪਣੇ ਘਰੋਂ ਬਣਾ ਕੇ ਲਿਆਂਦੀ ਪੋਟਲੀ ਨੂੰ ਕਿਚਨ ਦੀ ਸੈਂਕ ਤੇ ਰੱਖ, ਸਾਡੀ ਇਸ ਪਰਿਵਾਰਕ ਮਹਿਫਲ ਵਿੱਚ ਆ ਰਲੀ ਸੀ।

ਇੱਕ ਸਾਹਿਤਕ ਸਮਾਗਮ ਦੇ ਸ੍ਰੋਤਿਆਂ ਦੀ ਸਿਫ਼ਤ.......... ਅਭੁੱਲ ਯਾਦਾਂ / ਤਰਲੋਚਨ ਸਿੰਘ ਦੁਪਾਲਪੁਰ

ਇਸ ਨੂੰ ਪੜ੍ਹਿਆਂ-ਗੁੜ੍ਹਿਆਂ ਦੀ ‘ਅਨਪੜ੍ਹਤਾ‘ ਕਹਿਣਾ ਹੈ ਕਿ ਕਾਹਲ ਜਮ੍ਹਾਂ ਆਪਾ-ਧਾਪੀ ਦੇ ਝੰਬੇ ਹੋਏ ਅਮਰੀਕਾ ਵਸਦੇ ਪੰਜਾਬੀਆਂ ਦੀ ਅਣਗਹਿਲੀ ਦਾ ਕਮਾਲ? ਇਹ ਫੈਸਲਾ ਪਾਠਕਾਂ ਉਪਰ ਸੁੱਟ ਕੇ ਕਿੱਸਾ ਬਿਆਨ ਕਰਦਾ ਹਾਂ।ਕਹਿੰਦੇ ਨੇ ਜ਼ੁਬਾਨੀ-ਕਲਾਮੀ ਸੁਣੀ ਕੋਈੇ ਗੱਲ ਝੱਟ ਭੁੱਲ ਜਾਂਦੀ ਹੈ ਪਰ ਉਸ ਦਾ ਲਿਖਤੀ ਰੂਪ ਦਿਲ ਦਿਮਾਗ ਵਿੱਚ ਪੱਕਾ ਵੱਸ ਜਾਂਦਾ ਹੈ।ਇਸ ਵਿਸ਼ਵਾਸ਼ ਦੀ ਉਪਮਾ ਕਰਦਾ ਅਖਾਣ ਹੈ, ‘ਧਰਿਆ ਭੁੱਲੇ, ਲਿਖਿਆ ਨਾ ਭੁੱਲੇ‘, ਪਰ ਲਿਖਿਆ ਹੋਇਆ ਵੀ ਉਹੋ ਨਾ-ਭੁੱਲਣ ਯੋਗ ਹੋ ਸਕਦਾ ਹੈ ਜੋ ਕਿਸੇ ਨੇ ‘ਅੰਦਰਲੀਆਂ ਅੱਖਾਂ’ ਨਾਲ ਪੜ੍ਹਿਆ ਹੋਵੇ! ਬਾਹਰਲੀਆਂ ਅੱਖਾਂ ਤਾਂ ਸਾਰਾ ਦਿਨ ਕੁੱਝ ਚੰਗੇ ਦੇ ਨਾਲ-ਨਾਲ ਖੇਹ-ਸੁਆਹ ਵੀ ਪੜ੍ਹਦੀਆਂ ਰਹਿੰਦੀਆਂ ਨੇ। ਕੀ ਕੀ ਯਾਦ ਰੱਖਣ? ਨਿੱਤ ਦਿਨ ਵਧਦੀ ਜਾਂਦੀ ਤੇਜ਼ ਰਫ਼ਤਾਰੀ ਨੇ ਇਸ ਅਖਾਣ ਦਾ ਸੱਤਿਆਨਾਸ ਕਿਵੇਂ ਮਾਰ ਦਿੱਤਾ ਹੈ, ਇਹ ਤੁਸੀਂ ਅਗਲੀਆਂ ਸਤਰਾਂ ਪੜ੍ਹ ਕੇ ਜਾਣ ਜਾਉਗੇ।
ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੀਫੋਰਨੀਆ ਨੇ ਫਰੀਮਾਂਟ ਸ਼ਹਿਰ ਵਿਚ ਦੋ ਰੋਜ਼ਾ ਪੰਜਾਬੀ ਕਾਨਫ਼ਰੰਸ ਆਯੋਜਿਤ ਕਰਵਾਈ। ਇਸ ਵਿਚ ਪੰਜਾਬੀ ਸਾਹਿਤ ਦੇ ਨਾਮਵਰ ਹਸਤਾਖ਼ਰ ਸ਼ਾਇਰ ਡਾ. ਸੁਰਜੀਤ ਸਿੰਘ ਪਾਤਰ, ਡਾ. ਗੁਰਭਜਨ ਸਿੰਘ ਗਿੱਲ, ਕਹਾਣੀਕਾਰ ਵਰਿਆਮ ਸਿੰਘ ਸੰਧੂ ਅਤੇ ਪੱਤਰਕਾਰ ਤੇ ਲੇਖਕ ਸਿੱਧੂ ਦਮਦਮੀ ਦੇ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ। ਪੱਚੀ-ਛੱਬੀ ਅਗਸਤ, ਯਾਨਿ ਸਨਿਚਰਵਾਰ ਅਤੇ ਐਤਵਾਰ ਨੂੰ ਹੋਈ ਇਸ ਕਾਨਫੰਰਸ ਦੀ ਸਮੁੱਚੀ ਰੂਪ-ਰੇਖਾ, ਖ਼ਾਸ ਕਰ ਕੇ ਸਮੇਂ-ਸਥਾਨ ਦੀ ਪੂਰੀ ਜਾਣਕਾਰੀ, ਤਿੰਨ ਦਿਨ ਪਹਿਲਾਂ ਛਪੀਆਂ ਦਰਜਨ ਤੋਂ ਵੱਧ ਸਥਾਨਕ ਪੰਜਾਬੀ ਅਖ਼ਬਾਰਾਂ ਵਿਚ  ਅੰਗਰੇਜੀ  ਵਿੱਚ ਵੀ ਛਪੀ। ਰੇਡੀਓ ਇਸ਼ਤਿਹਾਰਬਾਜ਼ੀ ਵੱਖਰੀ ਹੋਈ। ਪ੍ਰਬੰਧਕਾਂ ਨੇ ਇਸ ਮਹੱਤਵਪੂਰਨ ਸਮਾਗਮ ਦੀ ਮੁਨਾਦੀ ਕਰਨ ਲਈ ਪੂਰਾ ਟਿੱਲ ਲਾਇਆ। ਸਾਹਿਤਕ ਮੱਸ ਰੱਖਣ ਵਾਲੇ ਭੱਦਰਪੁਰਸ਼ਾਂ ਨੂੰ ਲੇਲ੍ਹੜੀਆਂ ਕੱਢਣ ਵਾਂਗ ਫੋਨ ‘ਤੇ ਵੀ ਸਮਾਂ ਸਥਾਨ ਦੱਸਿਆ ਗਿਆ। ਸਮਾਗਮ ਵਿਚ ਪੰਜਾਬੀ ਪਿਆਰਿਆਂ ਦੀ ਸ਼ਿਰਕਤ ਯਕੀਨੀ ਬਣਾਉਣ ਲਈ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਵਾਲਿਆਂ ਨੇ ਜੀਅ-ਤੋੜ ਮਿਹਨਤ ਕੀਤੀ। ਇਸ ਸਾਰੇ ਕੁੱਝ ਦਾ ਪਹਿਲੇ ਦਿਨ ਯਾਨਿ ਪੱਚੀ ਅਗਸਤ ਵਾਲੇ ਸਮਾਗਮ ਵਿਚ ਸ਼ਾਮਲ ਹੋਏ ਸਰੋਤਿਆਂ ਨੇ ਕਿੰਨਾ ਕੁ ਜਾਂ ਕਿਹੋ ਜਿਹਾ ਅਸਰ ਕਬੂਲਿਆ? ਇਹਦੇ ਬਾਰੇ ਤਾਂ ਮੈਂ ਕੁਝ ਨਹੀਂ ਕਹਿ ਸਕਦਾ। ਹਾਂ, ਦੂਜੇ ਦਿਨ ਦੇ ਸਮਾਗਮ ਵਿਚ ਖੁਦ ਸ਼ਾਮਲ ਹੋਇਆ ਹੋਣ ਕਰ ਕੇ ਇਸ ਦਿਨ ਦੀ ਆਪ-ਬੀਤੀ, ਅੱਖੀਂ ਦੇਖੀ ਅਤੇ ਕੰਨੀਂ ਸੁਣੀ ਦਾ ਵਰਣਨ ਕਰ ਰਿਹਾਂ।

ਕੁਝ ਬਾਅਦ ਵਿੱਚ ਦੀਆਂ........... ਅਭੁੱਲ ਯਾਦਾਂ / ਨਿੰਦਰ ਘੁਗਿਆਣਵੀ

ਬਹੁਤ ਵਾਰ ਮੈਂ ਸੋਚਦਾ ਹਾਂ ਕਿ ਜੇਕਰ ਹੁਣ ਤੀਕ ਆਪਣੇ ਖ਼ੂਨ ਦੇ ਰਿਸ਼ਤਿਆਂ ਜਾਂ ਨੇੜਲੇ ਰਿਸ਼ਤੇਦਾਰਾਂ ਦੇ ਸਿਰ ‘ਤੇ ਜੀਂਦਾ ਹੁੰਦਾ ਤਾਂ ਹੁਣ ਤੀਕ (ਸ਼ਾਇਦ) ਜਿ਼ੰਦਾ ਨਾ ਰਹਿ ਸਕਦਾ। ਇਹ ਬਿਲਕੁਲ ਸੱਚ ਹੈ! ਇਹ ਲੋਕ ਕੀ ਲਗਦੇ ਨੇ ਮੇਰੇ? ਏਹ ਲੋਕ... ਚਾਹੇ ਲਾਗੇ-ਚਾਗੇ ਦੇ ਹੋਣ ਜਾਂ ਸੱਤ-ਸਮੁੰਦਰੋਂ ਪਾਰ ਦੇ। ਮੈਨੂੰ ਜੋ ਸੁਨੇਹਾ ਤੇ ਸਨੇਹ, ਸਤਿਕਾਰ ਤੇ ਸਨਮਾਨ, ਨਿੱਘ ਤੇ ਨੇੜਤਾ, ਦੂਜਿਆਂ ਤੋਂ ਹਾਸਲ ਹੋਇਆ, ਉਹ ਆਪਣਿਆਂ (ਖੂਨੀ ਰਿਸ਼ਤਿਆਂ ‘ਚੋ) ਲੱਭਿਆਂ ਨਹੀਂ ਥਿਆਇਆ, ਬੜੀ ਦੇਰ ਟੋਲਦਾ ਰਿਹਾ ਸਾਂ। ਮੈਂ ਇਹ ਕਲਮ ਦਾ ਕ੍ਰਿਸ਼ਮਾ ਹੀ ਮੰਨਦਾ ਹਾਂ ਕਿ ਮੈਨੂੰ ਚਾਹੁੰਣ ਵਾਲੇ, ਪਿਆਰਨ-ਸਤਿਕਾਰਨ (ਗ਼ਲਤ ਗੱਲ ਉਤੇ ਘੂਰਨ ਵਾਲੇ ਵੀ), ਅੱਜ ਮੇਰੇ ਅੰਗ-ਸੰਗ ਹਨ। ਇਹਨਾਂ ਲੋਕਾਂ ਮੇਰੀ ਕਲਮ ਨੂੰ ਚੁੰਮਿਆਂ। ਮੱਥੇ ਨਾਲ ਛੁਹਾਇਆ, ਭਾਵੇਂ ਕਿ ਮੇਰੀ ਕਲਮ ਦੀ ਨੋਕ ਖੁੰਢੀ ਸੀ ਤੇ ਇਸਦੇ ਬਾਵਜੂਦ ਵੀ...!

ਤਾਜ਼ਾ ਤਜ਼ਰਬਾ! ਪਾਪਾ ਚਲੇ ਗਏ। ਲੋਕਾਂ ਦਾ ਜੋ ਪਿਆਰ, ਇਸ ਔਖ ਦੀ ਘੜੀ ਹਾਸਲ ਹੋਇਆ, ਉਸ ਨਾਲ ਮੇਰਾ ਹੌਸਲਾ ਵਧਿਆ। ਦੁੱਖ ਘਟਿਆ। ਲੋਕਾਈ ਨੂੰ ਪਿਆਰ ਕਰਨ ਤੇ ਸੇਵਾ ਲਈ ਖੜ੍ਹਨ ਜਿਹਾ ਅਹਿਸਾਸ ਹੋਰ ਸਿ਼ੱਦਤ ਨਾਲ ਹੋਣ ਲੱਗਿਆ। ਕਿਸੇ ਦਾ ਦੁੱਖ ‘ਆਪਣਾ ਦੁੱਖ’ ਜਾਪਣ ਜਿਹਾ ਅਹਿਸਾਸ ਅੱਗੇ ਨਾਲੋਂ ਤਿੱਖਾ ਹੋਇਆ! ਰਿਸ਼ਤੇਦਾਰ ਆਉਂਦੇ ਸਨ, ਫ਼ਰਜ਼ ਪੂਰਦੇ ਸਨ, ਮੋਢਾ ਪਲੂਸਦੇ ਤੇ ਦੋ ਕੁ ਬੋਲ ਬੋਲਦੇ ਸੀ, “ਰੱਬ ਦਾ ਭਾਣਾ ਤਾਂ ਮੰਨਣਾ ਈ ਪੈਂਦਾ ਐ ਭਾਈ ਮੁੰਡਿਆ...।” (ਸਦੀਆਂ ਤੋਂ ਰਟੇ-ਰਟਾਏ ਇਹੋ ਬੋਲ ਦੁਨੀਆ ਬੋਲਦੀ ਆਈ ਹੈ...ਬੋਲਦੀ ਜਾਏਗੀ...) ਫਿਰ ਜਾਣ ਲਈ ਘੜੀ ਦੇਖਦੇ ਤੇ ਤੁਰ ਜਾਂਦੇ। ਮੈਂ ਸੋਚਦਾ ਹੁੰਦਾ ਕਿ ਕੋਈ ਨਾ ਕੋਈ ਤਾਂ ਅਜਿਹਾ ਰਿਸ਼ਤੇਦਾਰ ਹੋਏਗਾ, ਜੁ ਕਹੇਗਾ...ਅਸੀਂ ਤੇਰੇ ਨਾਲ ਆਂ। ਹਾਂ, ਕੁਝ ਦੋਸਤ ਤੇ ਹੋਰ ਮਿਹਰਬਾਨ ਸੱਜਣ ਸਨ, ਜੁ ਕਦੇ ਵੀ ਭੁੱਲਣ ਵਾਲੇ ਨਹੀਂ, ਜੁ ਹੌਸਲਾ ਦਿੰਦੇ ਰਹੇ ਤੇ ਨਾਲ ਵੀ ਖਲੋਂਦੇ ਰਹੇ, ਨਾ ਉਹ ਪਾਪਾ ਨੂੰ ਜਾਣੋਂ ਰੋਕ ਸਕਦੇ ਸਨ ਤੇ ਨਾ ਮੈਂ। ਸਾਨੂੰ ਸਭ ਨੂੰ ਪਤਾ ਸੀ ਕਿ ਪਾਪਾ ਜਾ ਰਹੇ ਹਨ ਪਰ ਫਿਰ ਵੀ ਦਿਲ ਮੰਨਣ ਨੂੰ ਤਿਆਰ ਨਹੀਂ ਸੀ ਤੇ ਲਗਦਾ ਕਿ ਉਹ ਠੀਕ ਹੋ ਜਾਣਗੇ। ਚਲੋ...ਅੱਗੇ ਵਾਂਗ ਚਾਹੇ ਨਾ ਸਹੀ, ਘੱਟੋ-ਘੱਟ ਮੰਜੇ ਉਤੇ ਬਹਿਣ ਜੋਗੇ ਹੀ ਹੋਣ ਜਾਣ। (ਘਰ ਵਿੱਚ ਮੰਜੇ ਉਤੇ ਬੈਠੇ ਜੀਅ ਦਾ ਕਿੰਨਾ ਆਸਰਾ ਹੁੰਦੈ ਤੇ ਇਸਦਾ ਪ੍ਰਛਾਵਾਂ ਤੇ ਛਾਂ ਕਿੰਨੀ ਸੰਘਣੀ ਹੁੰਦੀ ਹੈ, ਇਸਦਾ ਪਤਾ ਬਾਅਦ ਵਿੱਚ ਹੀ ਚਲਦਾ ਹੈ, ਪਹਿਲਾਂ ਅਸੀਂ ਗੌਲਦੇ ਨਹੀਂ) ਮੈਨੂੰ ਇਸ ਵੇਲੇ ਪੈਸੇ-ਟਕੇ ਦੀ ਭਾਵੇਂ ਨਹੀਂ ਲੋੜ ਸੀ ਪਰ ਸਕੂਨ ਭਰੇ ਸ਼ਬਦਾਂ ਦੀ ਲੋੜ ਸੀ...ਕੁਝ ਬੋਲ ਅਜਿਹੇ ਚਾਹੀਦੇ ਸਨ ਜੁ ਮਨ ਨੂੰ ਠੰਢਕ ਦਿੰਦੇ! ਕਿਸੇ ਖੂਨ ਦੇ ਰਿਸ਼ਤੇ ਵਾਲੇ ਪਾਸਿਓਂ ਅਜਿਹਾ ਠੰਢੀ ਵਾਅ ਦਾ ਬੁੱਲਾ ਉਡੀਕਣ ਦੇ ਬਾਵਜੂਦ ਵੀ ਨਾ ਆਇਆ।
ਗਰਮੀ ਬਹੁਤ ਸੀ। ਝੋਨਾ ਲਾਉਣ ਦੇ ਦਿਨ ਸਨ। ਬਿਜਲੀ ਤੇ ਪਾਣੀ ਦੀ ਡਾਹਢੀ ਤੋਟ ਸੀ। ਪਾਪਾ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਸਾਹਿਬ ਘਰ ਰੱਖਵਾ ਲਿਆ। ਸਾਰਾ ਪਿੰਡ ਪਾਰਟੀ ਬਾਜ਼ੀ ਭੁੱਲ ਕੇ ਪਿੰਡ ਦੀਆਂ ਗਲੀਆਂ-ਨਾਲੀਆਂ ਤੇ ਰਸਤੇ ਸਾਫ਼ ਕਰਨ ਲੱਗਿਆ।  ਮੈਨੂੰ ਬਿਨਾਂ ਪੁੱਛੇ ਸਾਰੇ ਲੋਕ ਆਪਣੇ ਆਪ ਆਪਣੀ-ਆਪਣੀ ਜਿੰਮੇਵਾਰੀ ਸਮਝਦੇ ਹੋਏ ਸਾਰੇ ਕੰਮ ਨਿਪਟਾਈ ਜਾ ਰਹੇ ਸਨ। ਸਵੇਰੇ-ਸਵੇਰੇ ਘਰ ਭੋਗ  ਪਾ ਕੇ ਫਿਰ ਪਿੰਡ ਦੇ ਨਵੇਂ ਬਣ ਰਹੇ ਗੁਰੂ ਘਰ ਵਿੱਚ ਚਲੇ ਗਏ ਸਾਂ। ਮਨ ਬੜਾ ਤੜਪਿਆ ਜਦ ਮੈਂ ਦੇਖਿਆ ਕਿ ਮੇਰੇ ਦੋ ਕਜ਼ਨ (ਆਪਸ ਵਿੱਚ ਸੱਕੇ ਭਰਾ, ਮੇਰੇ ਖ਼ੂਨ ਦੇ ਰਿਸ਼ਤੇ ‘ਚੋਂ) ਚਿੱਟੇ ਕੁਰਤੇ-ਪਜ਼ਾਮੇ ਪਾਈ ਗੁਰੂ ਘਰ ਦੇ ਗੇਟ ਅੱਗੇ ਖਲੋਤੇ ਆਪਸ ਵਿੱਚ ਮੁਸਕਰਾ ਰਹੇ ਸਨ। ਉਹਨਾਂ ਦੋਵਾਂ ਦੇ ਡੱਬ ਵਿੱਚ ਟੰਗੇ ਰਿਵਾਲਵਰ ਵੀ ਮੈਨੂੰ ਮੁਸਕ੍ਰਾਉਂਦੇ ਹੀ ਜਾਪੇ ਸਨ। ਮੈਂ ਕੋਲ ਦੀ ਲੰਘ ਗਿਆ। ਜਦ ਪਿੱਛਾ ਭਉਂ ਕੇ ਦੇਖਿਆ ਤਾਂ ਉਹ ਆਪਸ ਵਿੱਚ ਹੱਸਣ ਲੱਗੇ। ਇਸਤੋਂ ਚੰਗਾ ਸੀ ਕਿ ਨਾ ਹੀ ਆਉਂਦੇ। ਉਹ ਮੇਰਾ ਦੁੱਖ ਵੰਡਾਉਣ ਨਹੀਂ ਸਗੋਂ ਮੈਨੂੰ ਜਾਲਣ ਆਏ ਸਨ। ਭੋਗ ਤੋਂ ਦੋ ਦਿਨ ਪਹਿਲਾਂ ਮੈਨੂੰ ਇੱਕ ਰਿਸ਼ਤੇਦਾਰ ਬਹੁਤ ‘ਨੇਕ’ ਸਲਾਹਾਂ ਦਿੰਦਾ ਰਿਹਾ, ਫਲਾਣੀ ਸਬਜ਼ੀ ਤੇ ਫਲਾਣੀ ਦਾਲ ਬਣਵਾਵੀਂ ਤੇ ਢਮਕਾਣਾ ਸਲਾਦ ਚੰਗਾ ਰਹੂ। ਮੈਂ ਆਖਿਆ ਕਿ ਆਹ ਚੱਕ ਪੈਸੇ ਤੇ ਸਾਰਾ ਕੰਮ ਆਪੇ ਅੱਗੇ ਲੱਗ ਕੇ ਕਰ। ਖਹਿੜਾ ਛਡਾਉਂਦਾ ਬੋਲਿਆ, “ਮੈਂ ਤਾਂ ਭੋਗ ਵਾਲੇ ਦਿਨ  ਹੀ ਆਵਾਂਗਾ ਯਾਰ.. ਮੇਰੇ ਮੁੰਡੇ ਦਾ ਪੇਪਰ ਆ.. ਓਹਦੀ ਤਿਆਰੀ ਕਰਵਾ ਰਿਹਾ ਵਾਂ।” ਅਜਿਹੇ ਮੁਫ਼ਤ ਦੇ ‘ਸਲਾਹਕਾਰ ਸੱਜਣ’ ਬੜੇ ਆਏ ਤੇ ਸਲਾਹਾਂ ਦੇ ਕੇ ਤੁਰ ਜਾਂਦੇ ਰਹੇ।

ਬੀਜੀ ਦਾ ਭਾਰ......... ਅਭੁੱਲ ਯਾਦਾਂ / ਰਾਜਪਾਲ ਸੰਧੂ

ਕਲ ਦੁਪਹਿਰੇ ਤੇਰੀ ਯਾਦ, ਕਰੇਲਾ ਗੁੱਤਾਂ ਤੇ ਖੱਟੇ ਰਿਬਨ ਪਾਈ ਸਾਡੀ ਕੰਧ ਦੇ ਪਰਛਾਂਵੇ ਹੇਠ ਖੇਡਦੀ ਰਹੀ।

ਛੁੱਟੀਆਂ ਫ਼ਿਰ ਮੁਕ ਗਈਆਂ ਸਨ। ਅੱਜ ਇਕ ਵਾਰੀ ਫ਼ਿਰ ਵਕਤ ਨੇ ਮੈਨੂੰ ਜਹਾਜੀ ਪਿੰਜਰੇ ਵਿਚ ਬੰਦ ਕਰ ਕਾਲੇ ਪਾਣੀ ਨੂੰ ਤੋਰ ਦੇਣਾ ਸੀ ।ਬਚੇ ਖੁਚੇ ਲਪ ਕੁ ਪਲਾਂ ਨੂੰ ਗਲਵਕੜੀਆਂ ਪਾਉਣ ਮੈਂ ਉਪਰ ਆ ਗਿਆ ਸੀ ।
ਮੈਂ ਚੁਬਾਰੇ ਤੇ ਖੜੇ ਵੇਖ ਰਿਹਾ ਹਾਂ ਕਿ, ਹੇਠਾਂ ਬੀਜੀ ਗੇਟ ਦੀਆਂ ਪਾਉੜੀਆਂ ਚੜ ਰਹੇ ਨੇ।

ਇਕ ਇਕ ਪਾਉੜੀ ਉਹਨਾਂ ਦੇ ਕਦਮਾਂ ਨੂੰ ਜਿਵੇਂ ਕਿ ਛੱਡਣਾ ਨਹੀਂ ਚਾਹੁੰਦੀ ਸੀ। 72 ਕੁ ਸਾਲ ਦੀ ਉਮਰ, ਗਹਿਰੀਆਂ ਅੱਖਾਂ, ਸਰੀਰ ਵਿਚ ਤਾਕਤ ਹੈ ਸੀ ਅਜੇ । ਨਾ ਐਣਕਾਂ, ਨਾ ਸੋਟੀ ਕਿਸੇ ਕਿਸਮ ਦਾ ਸਹਾਰਾ ਨਹੀਂ ਲਿਆ ਸੀ ਉਹਨਾਂ ਨੇ।

ਮੰਜਾ.......... ਅਭੁੱਲ ਯਾਦਾਂ / ਰਾਜਪਾਲ ਸੰਧੂ

ਇਹ ਉਦੋਂ ਦੀ ਗੱਲ ਹੈ, ਜਦੋਂ ਸਾਡੇ ਪਿੰਡ ਦੀਆਂ ਗਲੀਆਂ ਕੱਚੀਆਂ ਤੇ ਜ਼ੁਬਾਨਾਂ ਪੱਕੀਆਂ ਹੁੰਦੀਆਂ ਸਨ ।

ਹਾਂ ਇਹ ਉਦੋਂ ਕੁ ਦੀ ਗੱਲ ਹੈ ਜਦੋਂ ਅਸੀਂ ਰਾਤਾਂ ਨੂੰ ਵਿਹੜੇ ਵਿਚ ਮੰਜੇ ਡਾਹ, ਖੱਡੀ ਦੀਆਂ ਦਰੀਆਂ ਵਿਛਾ ਕੇ ਆਸਮਾਨ ਵਿਚ ਤਾਰੇ ਵੇਖ ਵੇਖ ਹੈਰਾਨ ਹੁੰਦੇ ਸਾਂ।

ਫਿਰ ਇਕ ਦਿਨ ਇਹ ਹੋਇਆ ਕਿ ਅਸੀਂ ਸ਼ਹਿਰ ਆ ਗਏ ਤੇ ਮੰਜਾ ਪਿੰਡ ਰਹਿ ਗਿਆ । ਭਾਰਾ ਸੀ, ਵੱਡਾ ਵੀ ਤੇ ਸ਼ਹਿਰ ਉਸ ਦੀ ਲੋੜ ਨਹੀਂ ਸੀ। ਸ਼ਹਿਰ ਥਾਂ ਜੋ ਘੱਟ ਸੀ। ਸ਼ਹਿਰ ਹਮੇਸ਼ਾ ਛੋਟਾ ਛੋਟਾ ਜਿਹਾ ਹੁੰਦਾ ਹੈ ਜਿੰਨਾ ਮਰਜ਼ੀ ਵੱਡਾ ਹੋ ਜਾਵੇ। ਪਿੰਡ ਛੋਟਾ ਜਿਹਾ ਵੀ ਖੁੱਲ੍ਹਾ ਖੁੱਲ੍ਹਾ ਹੁੰਦਾ ਹੈ।

ਮੈਨੂੰ ਪੂਰੀ ਸੰਭਾਲ ਸੀ, ਜਦੋਂ ਅਸੀਂ ਉਹ ਮੰਜਾ ਉਣਿਆ। ਜਿਵੇਂ ਮੱਝਾਂ ਦੇ ਨਾਂ ਸਨ; ਬੂਰੀ, ਬੋਲੀ, ਢੇਹਲੀ ,ਮੰਜੇ ਦਾ ਵੀ ਨਾਂ ਸੀ। ਵੱਡਾ ਮੰਜਾ ।ਬਾਕੀ ਸਾਰੀਆਂ ਤਾਂ ਮੰਜੀਆਂ ਸਨ । ਇਹ ਮੰਜਾ ਸੀ ।ਸਾਡੀ ਦੋਹਾਂ ਦੀ ਉਮਰ ਵਿਚ 8-10 ਸਾਲ ਦਾ ਫ਼ਰਕ ਹੋਣਾ। ਮੇਰਾ ਨਾਂ ਵੀ ਵੱਡਾ ਸੀ। ਬਾਕੀ ਦੋਵੇਂ ਮੇਰੇ ਤੋਂ ਛੋਟੇ ਸਨ।

ਕੁਝ ਖੱਟੀਆਂ-ਕੁਝ ਮਿੱਠੀਆਂ ਵਲੈਤ ਦੀਆਂ... ... ... . ਅਭੁੱਲ ਯਾਦਾਂ / ਨਿੰਦਰ ਘੁਗਿਆਣਵੀ

ਦੇਸ ਤੋਂ ਦੂਰ ਆਏ ਯਾਤਰੀ ਦੀ ਸਥਿਤੀ ਵੀ ਅਜੀਬ ਤਰ੍ਹਾਂ ਦੀ ਹੁੰਦੀ ਐ... ਕਈ ਯਾਤਰੀਆਂ ਨੂੰ ਤਾਂ ਆਪਣੀ ਯਾਤਰਾ ਉੱਤੇ ਨਿਕਲਿਦਆਂ, ਕੁਝ ਘੰਟਿਆਂ ਵਿੱਚ ਹੀ ਆਪਣੇ ਮਨ ਦੀ ਦਿਸ਼ਾ ਬਦਲਦੀ ਹੋਈ ਪ੍ਰਤੀਤ ਹੁੰਦੀ ਹੈ। ਮੈਂ ਜਦ ਵੀ ਬਦੇਸ਼ ਨੂੰ ਨਿਕਲਦਾ ਹਾਂ ਤਾਂ ਮਨ ਦੀ ਇਕਾਗਰਤਾ ਖਿੰਡ-ਪੁੰਡ ਜਾਂਦੀ ਹੈ... ਬਿਗਾਨੇ ਵੱਸ ਪੈ ਜਾਣ ਕਾਰਨ ਨਿੱਤ-ਨੇਮ ਵੀ ਬਦਲ ਜਾਂਦਾ ਹੈ... ਲਿਖਣ-ਪੜ੍ਹਨ ਨੂੰ ਮਨ ਨਹੀਂ ਮੰਨਦਾ... ਇਸੇ ਦੌਰਾਨ ‘ਆਪਣੀਆਂ’ ਸੁਣਾਉਣ ਵਾਲੇ ਵੀ ਬਹੁਤ ਮਿਲ ਜਾਂਦੇ ਹਨ... ‘ਬਹੁਤ ਗੱਲਾਂ’ ਸੁਣਾਉਣ ਵਾਲੇ ਲੋਕਾਂ ਨੂੰ ਮਿਲ ਕੇ ਮਹਿਸੂਸ ਕਰਦਾ ਹਾਂ ਕਿ ਇਹ ਵਿਚਾਰੇ ਜਿਵੇਂ ਚਿਰਾਂ ਤੋਂ ਗੱਲਾਂ ਨਾਲ ਗਲ-ਗਲ ਤੀਕ ਭਰੇ ਪਏ ਹਨ... ਜਿਵੇਂ ਇਹਨਾਂ ਨੂੰ ਕਦੇ ਕੋਈ ਸਰੋਤਾ ਮਿਲਿਆ ਹੀ ਨਹੀਂ... ? ਸੱਚੀ ਗੱਲ ਐ... ਕਿਸੇ ਕੋਲ ਵਕਤ ਨਹੀਂ ਹੈ ਏਥੇ! ਗੱਲਾਂ ਨਾਲ ਅਜਿਹੇ ਗਲ-ਗਲ ਤੀਕ ਭਰੇ ਬੰਦਿਆਂ ਦੇ ਅੜਿੱਕੇ ਆ ਜਾਂਦਾ ਹੈ ਮੇਰੇ ਜਿਹਾ ਕਮਲਾ-ਰਮ੍ਹਲਾ ਯਾਤਰੀ ਤਾਂ ਉਹ ਖੁੱਲ੍ਹ-ਖੁੱਲ੍ਹ... ਡੁੱਲ੍ਹ-ਡੁੱਲ੍ਹ ਜਾਂਦੇ ਨੇ... ਗੱਲਾਂ ਦੇ ਗਲੋਟੇ ਉਧੜਦੇ ਤੁਰੇ ਆਉਂਦੇ ਨੇ... ਮੈਂ ਅਜਿਹੇ ਬੰਦਿਆਂ ਦੀ ਮਾਨਸਿਕ ਅਵਸਥਾ ਸਮਝਦਾ ਹੋਇਆ ਉਹਨਾਂ ਦਾ ਹਮਦਰਦ ਬਣ ਬਹਿੰਦਾ ਹਾਂ। ਸੁਣਦਾ ਰਹਿੰਦਾ ਹਾਂ। ਅਜਿਹੇ ਬੰਦਿਆ ਵਿੱਚ ਕਾਫੀ ਸਾਰੇ ‘ਕਵੀ’ ਵੀ ਮਿਲ ਜਾਂਦੇ ਹਨ। ਮੈਂ ਕਵੀਆਂ ਦੀਆਂ ਕਵਿਤਾਵਾਂ ਸੁਣ-ਸੁਣ ਕੇ ਬਹੁਤ ਰੱਜ ਗਿਆ ਇੰਗਲੈਂਡ ਕਰਦਿਆਂ! ਹਰ ਘਰ ਵਿੱਚ ਕਵੀ ਹੈ। ਹਰ ਗਲੀ, ਹਰ ਮੁਹੱਲੇ ਤੇ ਹਰ ਮੋੜ ‘ਤੇ ਕਵੀ ਹੈ। ਇਕ ਕਵਿਤਰੀ ਨੇ ਘਰ ਬੁਲਾਇਆ। ਅੰਤਾਂ ਦੇ ਚਾਅ ਤੇ ਉਤਸ਼ਾਹ ਨਾਲ ਖੀਵੀ ਹੋਈ ਬੀਬੀ ਨੇ ਇਕ ਨਹੀਂ... ਦੋ ਨਹੀਂ... .ਤਿੰਨ ਨਹੀਂ... ਸਗੋਂ ਆਪਣੀਆਂ ਦਰਜਨ ਕਵਿਤਾਵਾਂ ਤੇ ਗ਼ਜ਼ਲਾਂ ਨਾਲ ਨਿਹਾਲੋ-ਨਿਹਾਲ ਕਰ ਛਡਿਆ... ਮੇਰਾ ਦਿਲ ਕਰੇ ਕਿ ਉਥੋਂ ਭੱਜ ਤੁਰਾਂ! ਜਦੋਂ ਉਹਦੇ ਘਰੋਂ ਤੁਰਨ ਲੱਗਿਆ ਤਾਂ ਆਖਣ ਲੱਗੀ, ‘ਠਹਿਰੋ... ਜ਼ਰਾ ਠਹਿਰੋ... ਮੇਰਾ ਡੌਗੀ ਤਾਂ ਦੇਖਦੇ ਜਾਓ।’ ਸ਼ੇਰ ਵਰਗਾ... ਵੱਡਾ ਮੂੰਹ... ਲਮਕੇ ਕੰਨ ਤੇ ਚੌੜੀਆਂ ਨਾਸਾਂ ਵਾਲਾ ਬੁੱਢਾ ਕੁੱਤਾ... ਮੈਨੂੰ ਲੱਗਿਆ ਕਿ ਬਸ ਹੁਣੇ ਖਾ ਹੀ ਜਾਵੇਗਾ... ਕੁੱਤੇ ਨੇ ਮੇਰ ਪੈਰ ‘ਤੇ ਜੀਭ ਫੇਰੀ। ਮੈਂ ਕਵਿਤਰੀ ਬੀਬੀ ਨੂੰ ਆਖਿਆ, ‘ਬਸ... ਬਸ... ਹੁਣ ਮੇਰਾ ਮੂੰਹ ਨਾ ਚਟਾ ਦੇਵੀਂ... ਬੀਬੀ... ਮੇਰੀ ਇੰਗਲੈਂਡ ਯਾਤਰਾ ਸਫ਼ਲ ਹੋ ਗਈ ਐ... ਤੁਹਾਡੇ ਘਰ ਆਣ ਕੇ... ।’ ਪ੍ਰਕਾਂਡ ਖੋਜੀ ਤੇ ਵਿਦਵਾਨ ਲੇਖਕ ਬਲਬੀਰ ਸਿੰਘ ਕੰਵਲ ਕੋਲ ਰੁਕਣ ਦਾ ਮੌਕਾ ਵੀ ਮਿਲਿਆ। ਇਸ ਵਿਦਵਾਨ ਸਾਹਿਤਕਾਰ ਦੀ ਸੰਗਤ ਸੁਖ ਦੇਣ ਵਾਲੀ ਲੱਗੀ। ਅਗਲੇ ਵਾਲੇ ਕਾਲਮਾਂ ਵਿੱਚ ਜਿ਼ਕਰ ਕਰਾਂਗਾ।

ਪਾਰਖੂ ਅੱਖ……… ਅਭੁੱਲ ਯਾਦਾਂ / ਦਰਸ਼ਨ ਸਿੰਘ ਪ੍ਰੀਤੀਮਾਨ

ਅੱਜ ਤੜਕੇ 4 ਵਜੇ ਦਾ ਬਲਦਾਂ ਨਾਲ ਨਰਮਾਂ ਸੀਲ ਰਿਹਾ ਸੀ। ਮੈਨੂੰ ਪੂਰੀ ਉਮੀਦ ਸੀ ਕਿ ਆਥਣ ਨੂੰ ਚਾਰੇ ਕਿਲਿਆਂ 'ਤੇ ਤਰਪਾਈ ਮਾਰ ਦੇਵਾਂਗਾਂ। ਬੈੜਕੇ ਨਾਲ ਬੁੱਢੇ ਬਲਦ ਦੀ ਤੋਰ ਵੀ ਤੇਜ਼ ਸੀ ਕਿਉਂਕਿ ਖੁਰਾਕ ਦੇ ਕਾਰਨ ਅਜੇ ਤਕੜਾ ਪਿਆ ਸੀ। ਮੈਂ ਵੀ ਜਵਾਨੀ 'ਚ ਸਾਂ। ਜਵਾਨੀ ਦਾ ਨਸ਼ਾ ਹੀ ਅਜਿਹਾ ਹੁੰਦਾ ਹੈ, ਜਿਸ ਪਾਸੇ ਵੱਲ ਦਿਲਚਸਪੀ ਹੋ ਜਾਵੇ, ਜਵਾਨ ਖੂਨ ਧੂੰਮਾਂ ਪਾ ਦਿੰਦਾ ਹੈ। ਮੇਰਾ ਧਿਆਨ ਹੁਣ ਖੇਤੀ 'ਚ ਲੱਗ ਚੁੱਕਿਆ ਸੀ। ਕੰਮ ਨੂੰ ਇਕੱਲਾ ਹੀ ਦੋ ਵਰਗਾ ਸੀ। ਨਰਮੇ ਦੀ ਡੁੱਸ ਵੇਖ ਕੇ ਹੋਰ ਵੀ ਨਸ਼ਾ ਚੜ੍ਹ ਜਾਂਦਾ  ਕਿ ਐਤਕੀ ਤਾਂ ਸੁਰਖਰੂ ਹੋ ਜਵਾਂਗੇ।

ਗਿਆਰਾਂ ਕੁ ਵਜੇ ਘਰੋਂ ਸੁਨੇਹਾ ਪਹੁੰਚ ਗਿਆ ਕਿ ਮਾਂ ਨੂੰ ਤੇਜ਼ ਬੁਖਾਰ ਹੋ ਗਿਆ ਹੈ। ਸ਼ਹਿਰ ਦੇ ਹਸਪਤਾਲ 'ਚ ਲੈ ਕੇ ਜਾਣੀ ਪਵੇਗੀ। ਮੈਂ ਗੁਆਂਢੀਆਂ ਦੇ ਮੁੰਡੇ ਦੇ ਮੂੰਹੋਂ ਐਨੀ ਗੱਲ ਸੁਣ ਕੇ ਜਾਣੀ ਪਵੇਗੀ। ਮੈਂ ਗੁਆਂਢੀਆਂ ਦੇ ਮੁੰਡੇ ਦੇ ਮੂੰਹੋਂ ਐਨੀ ਗੱਲ ਸੁਣ ਕੇ ਝੱਟ ਬਲਦਾਂ ਦੇ ਗਲੋਂ ਪੰਜਾਲੀ ਲਾਹ ਦਿੱਤੀ ਤੇ ਲਿਆ ਕੇ ਦੋਵੇਂ ਬਲਦ ਟਿਊਬਵੈੱਲ ਦੇ ਕੋਲ ਟਾਹਲੀ ਨਾਲ ਬੰਨ੍ਹ ਦਿੱਤੇ। ਗੱਡੀ 'ਚੋ ਚੁੱਕੇ ਕੱਖਾਂ ਵਾਲੀ ਪੱਲੀ ਬਲਦਾਂ ਦੇ ਅੱਗੇ ਖੋਲ੍ਹ ਦਿੱਤੇ। ਬਿਨ੍ਹਾਂ ਪੈਰ ਹੱਥ ਧੋਤੇ ਤੋਂ ਹੀ ਚਾਦਰਾ ਬੰਨਿਆ, ਜੋੜੇ ਪਾਏ ਅਤੇ ਮੁੱਕਾ (ਪਰਨਾ) ਸਿਰ ਤੇ ਲਪੇਟ ਕੇ ਨਾਲ ਦੇ ਗੁਆਂਢੀ ਨੂੰ ਕਿਹਾ ਕਿ ਸ਼ਾਮ ਨੂੰ ਹਰਾ ਵੱਢ ਗੱਡੀ ਜੋੜ ਲ਼ਿਆਵੀ, ਮੈਂ ਪਿੰਡ ਨੂੰ ਤੁਰ ਪਿਆ।

ਮਹਾਂਮੂਰਖ .......... ਅਭੁੱਲ ਯਾਦਾਂ / ਤਰਸੇਮ ਬਸ਼ਰ

ਬਾਬਾ ਜੋਰਾ ਦਾਸ - ਇੱਕ ਅਜਿਹੀ ਸ਼ਖਸ਼ੀਅਤ ਜਿਸਦਾ ਪ੍ਰਭਾਵ ਉਹਨਾਂ ਦੀ ਗੈਰਹਾਜ਼ਰੀ ਵਿੱਚ ਵੀ ਪਿੰਡ ਦੇ ਮਾਹੌਲ ਵਿੱਚ ਕਬੂਲਿਆ ਜਾਂਦਾ । ਮੈਂ ਆਪਣੇ ਬਚਪਨ ਦੇ ਦਿਨਾਂ ਦੀ ਗੱਲ ਕਰ ਰਿਹਾ ਹਾਂ । ਪਿੰਡ ਦਾ ਮੰਦਰ ਇੱਕ ਤਰ੍ਹਾਂ ਦਾ ਕਮਿਊਨਟੀ ਸੈਂਟਰ ਹੁੰਦਾ ਸੀ, ਜਿੱਥੇ ਪੂਰਾ ਦਿਨ ਪਿੰਡ ਦੇ ਬਜੁਰਗ, ਨੌਜੁਆਨ ਬੈਠਦੇ, ਗੱਲਾਂ ਕਰਦੇ ਤੇ ਚਾਹ ਪਾਣੀ ਵੀ ਚਲਦਾ ਰਹਿੰਦਾ । ਸਾਡੇ ਵਰਗੇ ਸ਼ਰਾਰਤਾਂ ਕਰਦੇ ਰਹਿੰਦੇ । ਇਸੇ ਮੰਦਰ ਤੇ ਹੀ ਬਾਬਾ ਜੋਰਾ ਦਾਸ ਸਾਲ ਛਿਮਾਹੀ ਆਉਂਦੇ । ਹਰ ਵਰ੍ਹੇ ਮੰਦਰ ‘ਤੇ ਲੱਗਣ ਵਾਲੇ ਮੇਲੇ ‘ਤੇ ਤਾਂ ਉਹ ਮੁੱਖ ਮਹਿਮਾਨ ਹੀ ਹੁੰਦੇ । ਜਦੋਂ ਬਾਬਾ ਜੋਰਾ ਦਾਸ ਪਿੰਡ ਦੇ ਮੰਦਰ ਤੇ ਆਉਂਦੇ ਤੇ ਕੁਛ ਦਿਨ ਰਹਿੰਦੇ ਤਾਂ ਰੌਣਕਾਂ ਲੱਗ ਜਾਂਦੀਆਂ । ਜੋ ਦੇਰ ਰਾਤ ਤੱਕ ਚੱਲਦੀਆਂ । ਅਸੀਂ ਤਾਂ ਲਗਭੱਗ ਬੱਚੇ ਹੀ ਸਾਂ ਪਰ ਪਿੰਡ ਦੇ ਸਿਰ ਕੱਢ ਨੌਜੁਆਨ ਬਾਬਾ ਜੋਰਾ ਦਾਸ ਦੇ ਰੰਗ ਵਿੱਚ ਰੰਗੇ ਹੋਏ ਸਨ । ਨੇੜੇ ਤੇੜੇ ਦੇ ਪਿੰਡਾਂ ਦੇ ਨੌਜੁਆਨ ਵੀ ਸ਼ਾਮ ਨੂੰ ਆ ਜਾਂਦੇ ਤੇ ਫਿਰ ਵਾਜੇ ਢੋਲਕੀਆਂ ਨਾਲ ਸੰਗਤ ਸੱਜਦੀ ਤੇ ਬਾਬਾ ਜੋਰਾਦਾਸ ਦੇ ਲਿਖੇ ਭਜਨਾਂ ਦਾ ਦੌਰ ਚਲਦਾ । ਇਸਨੂੰ ਮੇਰੇ ਦਾਦਾ ਜੀ ਉਹਨਾਂ ਦਿਨਾਂ ਵਿੱਚ ਕੰਨ ਰਸ ਕਹਿ ਕੇ ਭੰਡਦੇ । ਮੇਰੇ ਤੇ ਵੀ ਉਹਨਾਂ ਦਾ ਅਸਰ ਸੀ । ਸ਼ਾਇਦ ਇਸੇ ਕਰਕੇ ਹੀ ਮੈਂ ਬਾਬਾ ਜੋਰਾ ਦਾਸ ਦੇ ਅਧਿਆਤਮਿਕ ਪ੍ਰਭਾਵ ਨੂੰ  ਨਾ ਕਬੂਲ ਸਕਿਆ ਪਰ ਪਿੰਡ ਦੇ ਮਾਹੌਲ ਵਿੱਚ ਵਸੀ ਉਹਨਾਂ ਦੀ ਸ਼ਖਸ਼ੀਅਤ ਦੀ ਖੁਸ਼ਬੋ ਤੋਂ ਕਿਵੇਂ ਅਲੱਗ ਹੋ ਸਕਦਾ ਸੀ । ਉਹਨਾਂ ਦਾ ਮੁੱਖ ਡੇਰਾ ਜਗਰਾਓ ਦੇ ਨੇੜੇ ਕਿਸੇ ਪਿੰਡ ਵਿਚ ਸੀ । ਜੇਕਰ ਉਹ ਸਾਡੇ ਪਿੰਡ ਨਾ ਆਉਂਦੇ ਤਾਂ ਸਾਡੇ ਪਿੰਡ ਦੇ ਮੁੰਡੇ ਉਥੇ ਚਲੇ ਜਾਂਦੇ । ਪਿੰਡ ਵਾਸੀਆਂ ਲਈ ਉਹ ਪਿੰਡ ਦੇ ‘ਮਹਾਤਮਾ‘ ਸਨ ।

ਖੂਨੀ ਹਿਜਰਤ (ਸੰਨ '47) - ਜਦੋਂ 'ਬਾਰ 'ਚ (ਬੇਲੇ) ਲਾਸ਼ਾਂ ਬਿਛੀਆਂ........ ਅਭੁੱਲ ਯਾਦਾਂ / ਹਰਦੀਪ ਕੌਰ ਸੰਧੂ (ਡਾ.) (ਬਰਨਾਲ਼ਾ), ਸਿਡਨੀ-ਆਸਟ੍ਰੇਲੀਆ

ਅੱਜ ਵੀ ਕਦੇ ਨਾ ਕਦੇ ਮੇਰੇ ਚੇਤਿਆਂ 'ਚ ਵਸਦੀ ਮੇਰੀ ਪੜਨਾਨੀ (ਜਿਸਨੂੰ ਮੈਂ ਨਾਨੀ ਕਹਿ ਕੇ ਬੁਲਾਉਂਦੀ ਸੀ ) ਮੇਰੇ ਨਾਲ ਗੱਲਾਂ ਕਰਨ ਲੱਗਦੀ ਹੈ । ਛੋਟੇ ਹੁੰਦਿਆਂ ਨੂੰ ਓਹ ਸਾਨੂੰ 'ਬਾਰ' ਦੀਆਂ ਗੱਲਾਂ ਸੁਣਾਉਂਦੀ ਤੇ  ਉਥੇ ਇੱਕ ਵਾਰ ਜਾ ਕੇ ਆਪਣਾ ਪੁਰਾਣਾ ਪਿੰਡ ਵੇਖਣ ਦੀ ਇੱਛਾ ਜਾਹਰ ਕਰਦੀ ।ਇਹ ਸਾਂਦਲ ਬਾਰ ਦਾ ਇਲਾਕਾ ਸੀ ਜੋ ਅੱਜਕੱਲ ਪਾਕਿਸਤਾਨ ਦਾ ਮਾਨਚੈਸਟਰ (City of Textile) ਅਖਵਾਉਂਦਾ ਹੈ । ਮੇਰਾ ਨਾਨਕਾ ਪਰਿਵਾਰ ਭਾਰਤ -ਪਾਕਿ ਦੀ ਵੰਡ ਤੋਂ ਪਹਿਲਾਂ ਓਥੇ ਚੱਕ ਨੰਬਰ 52, ਤਹਿਸੀਲ ਸਮੁੰਦਰੀ , ਜ਼ਿਲ੍ਹਾ ਲਾਇਲਪੁਰ ਵਿਖੇ ਰਹਿੰਦਾ ਸੀ ਤੇ ਮੇਰੀ ਪੜਨਾਨੀ ਦਾ ਪਿੰਡ ਸੀਤਲਾ ਸੀ।

ਸਾਡੇ ਕੋਲ਼ ਮਿਲਣ ਆਈ ਪੜਨਾਨੀ ਕਈ-ਕਈ ਮਹੀਨੇ ਲਾ ਜਾਂਦੀ। ਮੇਰੇ ਡੈਡੀ ਨੇ ਕਹਿਣਾ, "ਜੁਆਕੋ... ਇਹ ਮੇਰੀ ਬੇਬੇ ਆ। ਇਹ ਥੋਡੀ ਮਾਂ ਦੀ ਮਾਂ ਦੀ ਮਾਂ ਹੈ। ਬੇਬੇ ਤੋਂ ਕੁਝ ਸਿੱਖੋ... ਬੇਬੇ ਦੀਆਂ ਗੱਲਾਂ ਧਿਆਨ ਨਾਲ਼ ਸੁਣਿਆ ਕਰੋ। ਬੇਬੇ ਦੀ ਸੇਵਾ ਕਰਿਆ ਕਰੋ।"