
ਇਸ
ਦੇਸ਼ ਵਿੱਚ ਧਰਮੀ ਹੋਣ ਦਾ ਵਿਖਾਵਾ ਤਾਂ ਬਹੁਤ ਕੀਤਾ ਜਾਂਦਾ ਹੈ ਪਰ ਧਰਮ ਕਮਾਇਆ ਨਹੀਂ
ਜਾਂਦਾ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ
ਦੀ ਚੱਲ ਰਹੀ ਲੜੀਵਾਰ ਕਥਾ ਦੌਰਾਨ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰੋ:
ਹਰਜਿੰਦਰ ਸਿੰਘ ਸਭਰਾ ਨੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ
ਹੋ ਰਿਹਾ ਸੀ। ਉਨ੍ਹਾਂ ਕਿਹਾ ਲੋਕਾਂ ਦਾ ਧਰਮ ਵੱਲੋਂ ਸੱਖਣਾ ਹੋਣਾ ਹੀ ਮੁੱਖ ਕਾਰਣ ਹੈ ਕਿ
ਇੱਥੋਂ ਦੇ ਲੋਕਾਂ ਨੂੰ ਧਰਮ ਸਿਖਾਉਣ ਲਈ ਇਸ ਦੇਸ਼ ਵਿੱਚ ਸਭ ਤੋਂ ਵੱਧ ਰਿਸ਼ੀਮੁਨੀ ਤੇ ਪੀਰ
ਫ਼ਕੀਰ ਪੈਦਾ ਹੋਏ ਜਿਨ੍ਹਾਂ ਨੇ ਆਪਣੇ ਆਪਣੇ ਨਵੇਂ ਧਰਮ ਚਲਾਏ ਪਰ ਬਦਕਿਸਮਤੀ ਹੈ ਕਿ
ਲੋਕਾਂ ਵਿੱਚ ਧਾਰਮਿਕਤਾ ਫਿਰ ਵੀ ਸਭ ਤੋਂ ਘੱਟ ਹੈ। ਸਿਰਫ ਖਾਸ ਕਿਸਮ ਦਾ ਲਿਬਾਸ ਪਹਿਨ ਕੇ
ਅਤੇ ਧਰਮ ਦੇ ਨਾ ’ਤੇ ਮਿਥੇ ਗਏ ਕਰਮਕਾਂਡ ਕਰਕੇ ਜਾਂ ਮਿਥੇ ਗਏ ਮੰਤਰ ਪੜ੍ਹ ਕੇ ਹੀ ਬੰਦਾ
ਧਰਮੀ ਨਹੀਂ ਬਣ ਜਾਂਦਾ ਬਲਕਿ ਉਹ ਬੰਦਾ ਹੀ ਧਰਮੀ ਹੋ ਸਕਦਾ ਹੈ ਜੋ ਧਾਰਮਿਕ ਤੰਗਦਿਲੀ
ਤੋਂ ਉਪਰ ਉੱਠ ਕੇ ਦੂਸਰੇ ਧਰਮ ਦੇ ਮੰਨਣ ਵਾਲੇ ਵਿਆਕਤੀਆਂ ਵਿੱਚ ਵੀ ਇੱਕ ਹੀ ਰੱਬ ਦੀ ਜੋਤ
ਮਹਿਸੂਸ ਕਰਦਾ ਹੋਇਆ ਸਭ ਧਰਮਾਂ ਵਾਲਿਆਂ ਦਾ ਸਤਿਕਾਰ ਕਰੇ, ਹਰ ਇਕ ਨੂੰ ਆਪਣੇ ਧਾਰਮਿਕ
ਅਕੀਦੇ ਨਿਭਾਉਣ ਦੀ ਅਜਾਦੀ ਦਾ ਹਾਮੀ ਹੋਵੇ, ਹਰ ਮਜ਼ਲੂਮ ਦਾ ਸਮਰੱਥਨ ਤੇ ਜਰਵਾਣੇ ਦਾ
ਵਿਰੋਧ ਕਰੇ, ਜਾਤਪਾਤ ਤੇ ਊਚਨੀਚ ਦੇ ਭਿੰਨਭੇਵ ਤੋਂ ਉਪਰ ਉਠ ਕੇ ਸਭ ਨੂੰ ਬਰਾਬਰ ਦੇ ਹੱਕ
ਮਾਨਣ ਦੀ ਅਜਾਦੀ ਦਿੰਦਿਆਂ ਨਾ ਕਿਸੇ ਦਾ ਹੱਕ ਮਾਰੇ ਤੇ ਨਾਂਹ ਹੀ ਆਪਣਾ ਹੱਕ ਕਿਸੇ ਨੂੰ
ਖੋਹਣ ਦੀ ਇਜ਼ਾਜਤ ਦੇਵੇ, ਨਾਂਹ ਕਿਸੇ ਤੇ ਜ਼ੁਲਮ ਕਰੇ ਤੇ ਨਾਂਹ ਕਿਸੇ ਦਾ ਜ਼ੁਲਮ ਸਹਿਣ ਲਈ
ਤਿਆਰ ਹੋਵੇ, ਨਾਂਹ ਕਿਸੇ ਨੂੰ ਡਰਾਵੇ ਤੇ ਨਾਂਹ ਡਰਾਉਣ ਦਾ ਯਤਨ ਕਰੇ, ਨਾਂਹ ਕਿਸੇ ਨੂੰ
ਗੁਲਾਮ ਬਣਾਉਣ ਦਾ ਯਤਨ ਕਰੇ ਤੇ ਨਾਂਹ ਕਿਸੇ ਦੀ ਗੁਲਾਮੀ ਕਬੂਲ ਕਰਨ ਲਈ ਤਿਆਰ ਹੋਵੇ।
ਨਾਂਹ ਕਿਸੇ ਦੇ ਧਾਰਮਕ ਅਕੀਦੇ ਤੇ ਜੀਵਨ ਢੰਗ ਵਿੱਚ ਦਖ਼ਲ ਅੰਦਾਜ਼ੀ ਕਰੇ ਤੇ ਨਾਂਹ ਹੀ
ਦੂਸਰੇ ਦੀ ਦਖ਼ਲ ਅੰਦਾਜ਼ੀ ਪ੍ਰਵਾਨ ਕਰੇ। ਪਰ ਆਪਣੇ ਆਪ ਨੂੰ ਧਾਰਮਿਕ ਕਹਾਉਣ ਵਾਲਾ ਬੇਸ਼ੱਕ
ਬਾਦਸ਼ਹ ਹੋਵੇ ਜਾਂ ਧਾਰਮਿਕ ਆਗੂ ਹੋਣ ਉਹ ਧਰਮੀ ਹੋਣ ਦਾ ਦਾਅਵਾ ਕਰਨ ਦੇ ਬਾਵਯੂਦ ਤੰਗਦਿਲੀ
ਦੇ ਮਾਲਕ ਹੀ ਹਨ ਤੇ ਇਸੇ ਤੰਗਦਿਲੀ ਦੇ ਕਾਰਣ ਉਹ ਦੂਸਰੇ ਧਰਮ ਨੂੰ ਸਹਿਨ ਨਹੀਂ ਕਰਦੇ।
ਇਹ ਔਰੰਗਜ਼ੇਬ ਦੀ ਤੰਗਦਿਲੀ ਹੀ ਸੀ ਕਿ ਉਸ ਨੂੰ ਹਿੰਦੂਆਂ ਦੇ ਮੱਥੇ ’ਤੇ ਲੱਗਿਆ ਟਿੱਕਾ ਤੇ
ਗਲ਼ ਵਿੱਚ ਜਨੇਊ ਪਹਿਨਣਾ ਪ੍ਰਵਾਨ ਨਹੀਂ ਸੀ। ਜਿਹੜੇ ਹਿੰਦੂ ਆਪਣੇ ਧਾਰਮਿਕ ਅਕੀਦਿਆਂ
ਅਨੁਸਾਰ ਜੀਵਣ ਜਿਊਣਾ ਚਾਹੁੰਦੇ ਸਨ ਉਨ੍ਹਾਂ ਲਈ ਤਿਲਕ ਜੰਝੂ ਉਤਾਰ ਕੇ ਮੁਸਲਮਾਨ ਬਣ ਜਾਣ
ਜਾਂ ਮੌਤ ਵਿੱਚੋਂ ਇਕ ਪ੍ਰਵਾਨ ਕਰਨ ਦਾ ਸ਼ਾਹੀ ਹੁਕਮ ਚਾੜ੍ਹਿਆ ਜਾਂਦਾ ਸੀ। ਗੁਰੂ ਤੇਗ
ਬਹਾਦਰ ਸਾਹਿਬ ਜੀ ਦਾ ਆਪਣਾ ਬੇਸ਼ੱਕ ਤਿਲਕ ਜੰਝੂ ਵਿੱਚ ਕੋਈ ਵਿਸ਼ਵਾਸ਼ ਨਹੀਂ ਸੀ ਤੇ ਉਹ
ਇਨ੍ਹਾਂ ਨੂੰ ਫੋਕਟ ਕਰਮ ਹੀ ਸਮਝਦੇ ਸਨ ਪਰ ਫਿਰ ਵੀ ਦੂਸਰੇ ਦੀ ਧਾਰਮਿਕ ਅਜਾਦੀ ਬਹਾਲ
ਕਰਵਾਉਣ ਲਈ ਉਨ੍ਹਾਂ ਚਾਂਦਨੀ ਚੌਕ ਵਿੱਚ ਤਿਲਕ ਜੰਝੂ ਦੀ ਰਾਖੀ ਲਈ ਆਪਣੀ ਸ਼ਹਾਦਤ ਦਿੱਤੀ।