
ਕੁਝ
ਲੋਕ ਤੁਹਾਡੀ ਜਿੰਦਗੀ ਵਿੱਚ ਹਾੜ ਦੀ ਹਨੇਰੀ ਵਾਂਗ ਆਉਂਦੇ ਹਨ ਤੇ ਬਿਨਾਂ ਖੜਾਕ ਕੀਤਿਆਂ
ਤੁਰ ਜਾਂਦੇ ਹਨ। ਤੁਹਾਨੂੰ ਪਤਾ ਵੀ ਨਹੀਂ ਲੱਗਦਾ ਤੁਸੀਂ ਹੁਣ ਕੀ ਕਰੋ ? ਉਹਨਾਂ ਨੂੰ ਯਾਦ
ਕਰੋ, ਰੋਵੋ ਜਾਂ ਭੁੱਲ ਜਾਵੋ ? ਇਸੇ ਤਰਾਂ ਦਾ ਸੀ ਸਾਡਾ ਆੜੀ ਹਰਦੀਪ ਦੂਹੜਾ। ਹਰਦੀਪ
ਨੂੰ ਮੈਂ ਪਹਿਲੀ ਵਾਰ ਸੰਨ 2001 ਵਿੱਚ ਸਾਡੇ ਜਰਮਨ ਤੋਂ ਗਏ ਦੋਸਤ ਰਘਬੀਰ ਸੰਧਾਂਵਾਲੀਆ
ਦੇ ਘਰ ਵੇਖਿਆ ਸੀ। ਅਸੀਂ ਸਾਰਾ ਪਰਵਾਰ ਉਸ ਸਮਂੇ ਪੰਜਾਬੀ ਲੇਖਕ ਕੇ. ਸੀ. ਮੋਹਨ ਦੇ ਘਰ
ਠਹਿਰੇ ਹੋਏ ਸਾਂ। ਸੰਧਾਂਵਾਲੀਆ ਪਰਿਵਾਰ ਰਘਬੀਰ ਅਤੇ ਪਰਮਜੀਤ ਨੇ ਸਾਨੂੰ ਸ਼ਾਮ ਦੀ ਰੋਟੀ
‘ਤੇ ਬੁਲਾਇਆ ਸੀ। ਅਸੀਂ ਸਾਰੇ ਅਪਣੇ ਰਵਾਇਤੀ ਮੂੜ ਵਿੱਚ ਬੀਅਰ ਦੇ ਡੱਬੇ ਖੋਹਲੀ ਚੁਟਕਲੇ
ਤੇ ਚੁਟਕਲਾ ਸੁੱਟੀ ਆਉਂਦੇ ਸਾਂ। ਰਘਬੀਰ ਦੇ ਘਰ ਦੀ ਫਿਜ਼ਾ ਵਿੱਚ ਰਿੱਝਦੇ ਪਕਵਾਨਾਂ ਦੀ
ਮਹਿਕ ਨਾਲ ਹਾਸਿਆਂ ਦਾ ਰਿਦਮ ਇੱਕ ਮਿੱਕ ਹੋਇਆ ਪਿਆ ਸੀ। ਅਚਾਨਕ ਘੰਟੀ ਵੱਜੀ ਰਘਬੀਰ ਨੇ
ਦਰਵਾਜ਼ਾ ਖੋਹਲਿਆ, ਉਸ ਦੇ ਨਾਲ ਇੱਕ ਪਤਲਾ ਛੀਂਟਕਾ ਤੇ ਪਹਿਰਾਵੇ ਵਲੋਂ ਚੁਸਤ ਧੁੱਪ ਨਾਲ
ਪੱਕੇ ਰੰਗ ਵਾਲਾ ਬੰਦਾ ਇੱਕ ਛੋਟਾ ਜਿਹਾ ਬੈਗ ਫੜੀ ਦਾਖਲ ਹੋਇਆ। ਸਾਰਿਆ ਦੇ ਹਾਸੇ ਨੂੰ
ਬਰੇਕ ਲੱਗ ਗਈ। ਕੇ. ਸੀ. ਮੋਹਨ ਨੇ ਆਏ ਬੰਦੇ ਦੀ ਮੇਰੇ ਨਾਲ ਜਾਣ ਪਹਿਚਾਣ ਕਰਵਾਈ। ਇਹ
ਕਾਮਰੇਡ ਹਰਦੀਪ ਦੂਹੜਾ ਸੀ। ਅਸੀਂ ਬੜੇ ਚਾਅ ਨਾਲ ਹੱਥ ਮਿਲਾਏ ਤੇ ਇੱਕ ਡੱਬਾ ਬੀਅਰ ਦਾ
ਦੂਹੜਾ ਸਾਹਿਬ ਲਈ ਵੀ ਆ ਗਿਆ। ਮਹਿਫਲ ਹੁਣ ਥੋੜੀ ਜਿਹੀ ਗੰਭੀਰ ਹੋ ਗਈ ਸੀ ਤੇ ਹੁਣ ਇੱਕ
ਸ਼ਬਦ ਕਾਮਰੇਡ ਵੀ ਸਾਡੀ ਗੱਲਬਾਤ ਵਿੱਚ ਆ ਰਲਿਆ ਸੀ। ਹਰਦੀਪ ਜਦ ਵੀ ਕਿਸੇ ਨੂੰ ਸੰਬੋਧਿਤ
ਹੁੰਦਾ ਹਮੇਸ਼ਾ ਉਸ ਨੂੰ ਕਾਮਰੇਡ ਕਹਿ ਕੇ ਬੁਲਾਉਂਦਾ। ਇੰਨੇ ਨੂੰ ਰਘਬੀਰ ਦੇ ਘਰ ਦੇ
ਸਾਹਮਣੇ ਰਹਿੰਦੀ ਮਸ਼ਹੂਰ ਵਿਅੰਗ ਲੇਖਕ ਸ਼ੇਰ ਜੰਗ ਜਾਂਗਲੀ ਦੀ ਜੀਵਨ ਸਾਥਣ ਰਾਣੋ ਵੀ ਕੁਝ
ਖਾਣਾ ਆਪਣੇ ਘਰੋਂ ਬਣਾ ਕੇ ਲਿਆਂਦੀ ਪੋਟਲੀ ਨੂੰ ਕਿਚਨ ਦੀ ਸੈਂਕ ਤੇ ਰੱਖ, ਸਾਡੀ ਇਸ
ਪਰਿਵਾਰਕ ਮਹਿਫਲ ਵਿੱਚ ਆ ਰਲੀ ਸੀ।