18 ਅਕਤੂਬਰ ਬਰਸੀ ’ਤੇ
ਇਸ ਦੁਨੀਆਂ ਉਤੇ ਬਹੁ-ਗਿਣਤੀ ਲੋਕ ਅਜਿਹੇ ਹਨ, ਜੋ ਖਾ-ਪੀ ਕੇ ਸੌਂ ਜਾਂਦੇ ਹਨ, ਸੁਪਨੇ ਵੇਖ ਲੈਂਦੇ ਹਨ । ਇਹ ਲੋਕ ਇਸ ਧਰਤੀ ਲਈ ਬੋਝ ਹਨ । ਪਰ ਇਹਨਾਂ ਤੋਂ ਉਲਟ ਕੁਝ ਅਜਿਹੇ ਵਿਅਕਤੀ ਵੀ ਹਨ, ਜੋ ਦੀਨ-ਦੁਖੀਆਂ ਦੀ ਸੇਵਾ ਸੰਭਾਲ ਕਰਦੇ ਅਤੇ ਆਪ ਭੁੱਖੇ-ਪਿਆਸੇ ਰਹਿ ਕੇ, ਨਿੱਜ ਤੋਂ ਸਮੂਹਕ ਵੱਲ ਤੱਕਣ ਵਾਲੇ ਹਨ, ਇਹੀ ਬਾਬਾ, ਸੰਤ ਜਾਂ ਮਹਾਂਪੁਰਸ਼ ਅਖਵਾਉਦੇ ਹਨ ਅਤੇ ਇਹੋ-ਜਿਹੀ ਸ਼ਖ਼ਸ਼ੀਅਤ ਦੇ ਮਾਲਿਕ ਹੀ ਸਨ ਬੇ ਸਹਾਰਿਆਂ ਦੇ ਸਹਾਰਾ ਬਾਬਾ ਮੋਹਨ ਸਿੰਘ ਜੀ ।
ਜਿਹਨਾਂ ਨੇ ਭਗਤ ਪੂਰਨ ਸਿੰਘ ਜੀ ਵਾਂਗ ਹੀ ਦੇਸ਼ ਦੀ ਵੰਡ ਅਤੇ ਖ਼ੂਨ-ਖ਼ਰਾਬੇ ਨੂੰ ਅੱਖ਼ੀ ਵੇਖਿਆ ਅਤੇ ਪਿੰਡੇ ‘ਤੇ ਹੰਢਾਇਆ ਸੀ । ਮਾਤਾ ਕਰਮ ਕੌਰ ਅਤੇ ਪਿਤਾ ਕੱਥਾ ਸਿੰਘ ਦੇ ਘਰ 1891 ਨੂੰ ਪਾਕਿਸਤਾਨ ਵਿੱਚ ਜਨਮੇ ਸੰਤ ਬਾਬਾ ਮੋਹਣ ਸਿੰਘ ਜੀ ਨੇ ਮਾਪਿਆਂ ਦੇ ਵਿਛੋੜੇ ਵਾਲੇ ਦਰਦ ਦੀ ਕਸਕ ਨੂੰ ਦਿਲ-ਦਿਮਾਗ ਵਿੱਚ ਸਾਂਭਦਿਆਂ ਭਗਤ ਪੂਰਨ ਸਿੰਘ ਵਾਂਗ ਹੀ ਦੀਨ-ਦੁਖੀਆਂ, ਬਿਮਾਰ - ਅਪਾਹਜ ਸ਼ਰਨਾਰਥੀਆਂ ਦੀ ਕੈਪਾਂ ਵਿੱਚ ਸੇਵਾ ਸੰਭਾਲ ਕੀਤੀ । ਫਿਰ ਕੁਝ ਸਮਾਂ ਜਿਲ੍ਹਾ ਕਪੂਰਥਲਾ ਦੇ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਵੀ ਸੇਵਾ ਕਾਰਜਾਂ ਵਿੱਚ ਜੁਟੇ ਰਹੇ । ਭਗਤ ਪੂਰਨ ਸਿੰਘ ਜੀ ਨਾਲ ਹੋਈ ਮੁਲਾਕਾਤ ਨੇ ਉਹਨਾਂ ਦੀ ਜ਼ਿੰਦਗੀ ਦੇ ਅਰਥ ਹੀ ਬਦਲ ਦਿੱਤੇ ਅਤੇ ਉਹ ਪਟਿਆਲਾ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਰਹਿਣ ਸਮੇਂ, ਜਦੋਂ ਕਿਸੇ ਲਾ-ਵਾਰਸ ਨੂੰ ਜਾਂ ਦਿਮਾਗੀ ਮਰੀਜ਼ ਨੂੰ ਅੰਮ੍ਰਿਤਸਰ ਸਾਹਿਬ ਵਿਖੇ ਭਗਤ ਜੀ ਕੋਲ ਲਿਜਾਂਦੇ ਅਤੇ ਉਥੇ ਜਗ੍ਹਾ ਦੀ ਘਾਟ ਹੋਣ ਸਦਕਾ, ਵਾਪਸ ਲਿਆਉਂਣਾ ਪੈਂਦਾ ਤਾਂ ਬੜੀ ਮੁਸ਼ਕਲ ਹੁੰਦੀ । ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਵੀ ਅਪਾਹਜ, ਲਾ-ਵਾਰਸ ਆਉਂਦੇ, ਬਾਬਾ ਜੀ ਉਹਨਾਂ ਨੂੰ ਸੰਭਾਲਦੇ ਅਤੇ ਆਪ ਲੰਗਰ ਛਕਾਉਂਦੇ । ਇਹ ਵੇਖ, ਗੁਰਦੁਆਰਾ ਸਾਹਿਬ ਦੇ ਤਤਕਲੀਨ ਮੈਨੇਜਰ ਨੇ ਸੁਝਾਅ ਦਿੱਤਾ ਕਿ ਉਹ ਏਥੇ ਪਟਿਆਲਾ ਵਿਖੇ ਹੀ ਅਜਿਹੇ ਲੋਕਾਂ ਨੂੰ ਸੰਭਾਲਣਾ ਸ਼ੁਰੂ ਕਰ ਲੈਣ ।