ਵਤਨੀਂ ਫੇਰੀ ਦੌਰਾਨ ਕਈ ਦਿਨਾਂ ਬਾਅਦ ਉਹ ਦਿਨ ਆ ਹੀ ਗਿਆ, ਜਦੋਂ ਕਿ ਰਿਸ਼ਤੇਦਾਰੀਆਂ ‘ਚ ਜਾਣਾ ਸੀ । ਰਿਸ਼ਤੇਦਾਰੀਆਂ ਦੂਰ ਨੇੜੇ ਹੁੰਦੀਆਂ ਹੀ ਹਨ, ਇਸ ਲਈ ਆਸਟ੍ਰੇਲੀਆ ਰਹਿੰਦਿਆਂ ਹੀ ਗੂਗਲ ‘ਤੇ ਸਰਚਾਂ ਮਾਰ ਮਰ ਕੇ ਕੋਸਿ਼ਸ਼ ਕੀਤੀ ਸੀ ਕਿ ਕੋਈ ਅਜਿਹੀ ਟਰੈਵਲ ਏਜੰਸੀ ਮਿਲ ਜਾਏ ਜੋ ਕਿ ਸੈਲਫ਼ ਡਰਾਈਵਿੰਗ ਲਈ ਗੱਡੀ ਦੇ ਦਏ ਤੇ ਆਪਣੇ ਹਿਸਾਬ ਨਾਲ਼ ਹੀ ਦੂਰੀਆਂ ਤੈਅ ਕੀਤੀਆਂ ਜਾ ਸਕਣ । ਸੈਲਫ਼ ਡਰਾਈਵਿੰਗ ਲਈ ਗੱਡੀ ਲੱਭਣ ਦਾ ਵੀ ਕਾਰਣ ਖ਼ਾਸ ਸੀ । ਜਦੋਂ ਕਿਰਾਏ ਦੀਆਂ ਗੱਡੀਆਂ ਬਾਰੇ ਪਤਾ ਕੀਤਾ ਸੀ ਤਾਂ ਰਾਤ ਰੁਕਣ ਦੀ ਸਮੱਸਿਆ ਦਰ-ਪੇਸ਼ ਆ ਗਈ । ਪਿੰਡਾਂ ‘ਚ ਤਾਂ ਖੁੱਲੇ ਘਰ ਹੁੰਦੇ ਨੇ, ਓਪਰੇ ਬੰਦਿਆਂ ਦੀ ਰਿਹਾਇਸ਼ ਲਈ ਅੱਡ ਬੈਠਕਾਂ ਵੀ ਬਣਾਈਆਂ ਗਈਆਂ ਹੁੰਦੀਆਂ ਨੇ । ਹਮਾਤੜਾਂ ਦੇ ਸਾਬਣਦਾਨੀ ਜਿੱਡੇ ਤਾਂ ਘਰ ਹੁੰਦੇ ਨੇ ਤੇ ਕਿਰਾਏ ਦੀ ਗੱਡੀ ਵਾਲਿਆਂ ਮੁਤਾਬਿਕ ਉਨ੍ਹਾਂ ਦੇ ਡਰਾਈਵਰ ਨੂੰ ਰਾਤ ਰਹਿਣ ਲਈ ਅਲੱਗ ਕਮਰਾ ਚਾਹੀਦਾ ਸੀ । ਰਿਸ਼ਤੇਦਾਰੀਆਂ ‘ਚ ਡਰਾਈਵਰ ਲਈ ਕਮਰੇ ਦਾ ਇੰਤਜ਼ਾਮ ਕਰਨਾ ਔਖਾ ਲੱਗਾ ਤਾਂ ਸੈਲਫ਼ ਡਰਾਈਵਿੰਗ ਲਈ ਗੱਡੀ ਲੈਣਾ ਆਸਾਨ ਲੱਗਾ । ਪਹਿਲਾਂ ਤਾਂ ਅਣਜਾਣ ਨੂੰ ਕਿਸੇ ਨੇ ਆਪਣੀ ਗੱਡੀ ਦੇਣ ਦੀ ਹਾਂ ਹੀ ਨਾ ਕੀਤੀ । ਉਨ੍ਹਾਂ ਨੂੰ ਹੁਣ ਤੱਕ ਆਪਣੇ ਇੱਥੋਂ ਦੀ ਮਿੱਟੀ ਫੱਕਣ ਤੇ ਪਰਿਵਾਰ ਪੰਜਾਬ ‘ਚ ਹੋਣ ਦੀ ਬਾਰੇ ਦੁਹਾਈ ਪਾਈ ਤਾਂ ਉਨ੍ਹਾਂ ਸਿੱਧਾ ਜਿਹਾ ਕੰਮ ਨਬੇੜ ਦਿੱਤਾ ਕਿ ਜੇ ਗੱਡੀ ਲੱਗ ਗਈ ਤਾਂ ਸਾਰਾ ਖਰਚਾ ਝੱਲਣਾ ਪੈਣਾ, ਬੇਸ਼ੱਕ ਗੱਡੀ ਦਾ ਫੁੱਲ ਬੀਮਾ ਹੋਇਆ ਵੀ ਕਿਉਂ ਨਾ ਹੋਵੇ । ਨਾਲ਼ ਹੀ ਉਨ੍ਹਾਂ ਇੱਕ ਦੋ ਕਹਾਣੀਆਂ ਅਜਿਹੀਆਂ ਦੁਰਘਟਨਾਵਾਂ ਦੀਆਂ ਵੀ ਸੁਣਾ ਦਿੱਤੀਆਂ ਜਿਨ੍ਹਾਂ ‘ਚ ਬਾਹਰਲਿਆਂ ਨੇ ਗੱਡੀਆਂ ਠੋਕ ਦਿੱਤੀਆਂ ਸੀ ਤੇ ਗੱਡੀਆਂ ਲੱਗਭਗ ਖਤਮ ਹੀ ਹੋ ਗਈਆਂ । ਗੱਡੀ ਠੋਕਣ ਦਾ