ਸੂਰਤ-ਸੀਰਤ, ਸੁਰ-ਸੰਗੀਤ ਦਾ ਸੁਮੇਲ : ਸੁਰੱਈਆ.......... ਸ਼ਰਧਾਂਜਲੀ / ਰਣਜੀਤ ਸਿੰਘ ਪ੍ਰੀਤ

31 ਜਨਵਰੀ ਬਰਸੀ ‘ਤੇ  
ਸਿਨੇ-ਜਗਤ ਨੂੰ ਆਪਣੀ ਕਲਾ, ਸੀਰਤ-ਸੂਰਤ ਅਤੇ ਸੁਰੀਲੇ ਸੁਰ-ਸੰਗੀਤ ਨਾਲ ਮੰਤਰ-ਮੁਗਧ ਕਰਨ ਵਾਲੀ, ਦਰਸ਼ਕਾਂ ਦੇ ਦਿਲਾਂ ‘ਤੇ ਬਾਦਸ਼ਾਹਤ ਦੇ ਝੰਡੇ ਗੱਡਣ ਵਾਲੀ, ਕਲਾਸਿਕ ਬਦਾਮੀ ਅੱਖਾਂ, ਗੁਲਾਬੀ ਰੰਗ ਨਾਲ ਸਿਲਵਰ ਸਕਰੀਨ ਦੀ ਬੇ-ਤਾਜ ਸ਼ਹਿਜ਼ਾਦੀ ਅਖਵਾਉਣ ਵਾਲੀ ਸੀ ਸੁਰੱਈਆ । ਜਿਸ ਨੇ ਖ਼ਾਸ ਕਰ  1940 ਤੋਂ 1950 ਤੱਕ ਦਰਸ਼ਕਾਂ ਦੇ ਸੁਪਨਿਆਂ ਦਾ ਸਿਰਹਾਣਾ ਮੱਲੀ ਰੱਖਿਆ । ਇਸ ਸੁਪਨਪਰੀ ਦਾ ਮੁੱਢਲਾ ਅਤੇ ਪੂਰਾ ਨਾਂਅ ਸੁਰੱਈਆ ਜਮਾਲ ਸ਼ੇਖ ਸੀ । ਇਸ ਤੋਂ ਬਿਨਾਂ ਉਸ ਨੂੰ ਸੁਰੱਈਆ ਮੁਬਿਨ ਵੀ ਕਿਹਾ ਕਰਦੇ ਸਨ । ਜਦ ਉਹ ਮੁੰਬਈ ਦੀਆਂ ਸੜਕਾਂ ਤੋਂ ਲੰਘਦੀ ਤਾਂ ਉਸ ਦੀ ਇੱਕ ਝਲਕ ਪਾਉਣ ਲਈ ਸੜਕਾਂ ਤੇ ਵੱਡੇ ਵੱਡੇ ਜਾਮ ਲੱਗ ਜਾਂਦੇ । ਹਰ ਕੋਈ ਉਹਦੀ ਆਕਰਸ਼ਕ ਦਿੱਖ ਨੂੰ ਅੱਖਾਂ ਹੀ ਅੱਖਾਂ ਰਾਹੀਂ ਮਾਨਣ ਲਈ ਉਤਾਵਲਾ ਰਹਿੰਦਾ । ਉਂਝ ਵੀ ਕਿਹੜਾ ਉਹ ਬਸਰੇ ਦੀ ਹੂਰ ਤੋਂ ਘੱਟ ਸੀ । ਸੁਰੱਈਆ ਬਾਰੇ ਵਿਸ਼ੇਸ਼ ਗੱਲ ਇਹ ਵੀ ਹੈ ਕਿ ਉਸ ਨੇ ਸੰਗੀਤ ਜਾਂ ਐਕਟਿੰਗ ਦੀ ਬਕਾਇਦਾ ਕੋਈ ਸਿਖਿਆ ਨਹੀਂ ਸੀ ਲਈ । ਅਜਿਹੀ ਕਿਸੇ ਜਮਾਤ ਵਿੱਚ ਦਾਖ਼ਲਾ ਵੀ ਨਹੀਂ ਸੀ ਲਿਆ ।

ਧੁੱਪ ਸੇਕਣ ਆਏ ਮਹਿਮਾਨ……… ਜਨਮੇਜਾ ਸਿੰਘ ਜੌਹਲ

ਜੇ ਦਿਨ ਨਿੱਖਰੇ ਹੋਣ ਤਾਂ ਪੰਜਾਬ ਜਿਹੀ ਸਰਦੀਆਂ ਦੀ ਧੁੱਪ, ਦੁਨੀਆ ਦੇ ਕਿਸੇ ਕੋਨੇ ਵਿਚ ਨਹੀਂ ਮਿਲਦੀ। ਵਿਦੇਸ਼ਾਂ ਵਿਚ ਵਸਦੇ ਪੰਜਾਬੀ ਇਸੇ ਲਈ ਸਰਦੀਆਂ ਵਿਚ ਹੁੰਮ ਹੁਮਾ ਕਿ ਪੰਜਾਬ ਵੱਲ ਵਹੀਰ ਘੱਤਦੇ ਹਨ। ਇਸ ਸੁਹਾਵਣੇ ਮੌਸਮ ਨੂੰ ਭਲਾ ਪਰਦੇਸੀ ਪੰਛੀ ਕਿਵੇਂ ਛੱਡ ਸਕਦੇ ਹਨ। ਸਰਦੀਆਂ ਵਿਚ ਪੰਜਾਬ ਦੇ ਪਾਣੀਆਂ ਦੇ ਸਮੂਹਾਂ ਦੁਆਲੇ ਇਹ ਆਪਣੀਆਂ ਠਾਹਰਾਂ ਬਣਾਉਂਦੇ ਹਨ। ਇਹ ਖੂਬਸੂਰਤ ਪੰਛੀ, ਪੰਜਾਬ ਦੇ ਪਿੰਡਾਂ ਨੂੰ ਸ਼ਹਿਰਾਂ ਨਾਲੋਂ ਵੱਧ ਪਸੰਦ ਕਰਦੇ ਹਨ। ਜੇਕਰ ਕਿਸੇ ਝਿੜੀ ਦੇ ਵਿਚ ਜਾਂ ਕਿਸੇ ਨਾਲੇ ਦੇ ਨਾਲ ਨਾਲ ਤੁਰ ਕੇ ਕੁਝ ਸਮਾਂ ਲਾ ਸਕੋ ਤਾਂ, ਕੁਦਰਤ ਦੀਆਂ ਇਹਨਾਂ ਕਿਰਤਾਂ ਦਾ ਅਨੰਦ ਮਾਣ ਸਕਦੇ ਹੋ। ਮੈਂ ਭਾਵੇਂ ਇਹਨਾਂ ਸਭ ਦੇ ਨਾਮ ਨਹੀਂ ਜਾਣਦਾ ਹਾਂ, ਪਰ ਪੰਜਾਬ ਵਿਚ ਪਾਏ ਜਾਣ ਵਾਲੇ ਲਗਭਗ 54 ਪੰਛੀਆਂ ਦੇ ਪੰਜਾਬੀ ਨਾਮ ਇਹ ਹਨ, ਮੋਰ, ਬਗਲਾ, ਡੋਈ, ਟੀਲ, ਢੀਂਗ, ਮੁਰਗਾਬੀ, ਚੂਹਾਮਾਰ, ਤੋਤਾ, ਘੁੱਗੀ, ਪਪੀਹਾ, ਕੋਇਲ, ਉੱਲੂ, ਚੰਡੋਲ, ਲਟੋਰਾ, ਕਾਂ, ਚਿੜੀ, ਬਿਜੜਾ, ਤੂਤੀ, ਬੋਲੀ, ਡੁਬਕਣੀ, ਨੜੀ, ਸੁਰਖਾਬ, ਚਿੱਟਾ ਬੁੱਜਾ, ਦਰਜਣ ਚਿੜੀ, ਦੱਈਆ, ਇੱਲ, ਗਿਰਝ, ਲਗੜ, ਬਾਜ਼, ਤਿੱਤਰ, ਬਟੇਰਾ,  ਜੰਗਲੀ ਮੁਰਗਾ, ਟਟੀਰੀ, ਮਰਵਾ, ਚਹਾ, ਡਮਰਾ, ਤਹੇਰੀ, ਕਬੂਤਰ ਗੋਲਾ, ਨੇਰਨੀ, ਕਿਲਕਿਰ, ਕਠਫੋੜਾ, ਅਬਾਬੀਲ, ਤਿਲੀਅਰ, ਗੁਟਾਰ, ਸੇਰ੍ਹੜੀ, ਬੁਲਬੁਲ, ਗਾਲ੍ਹੜੀ, ਚਰਚਰੀ, ਕਸਤੂਰੀ, ਮਮੋਲਾ, ਧਿਆਲ, ਮੁਨੀਆ ਤੇ ਨਾਚਾ।

ਸੰਘਰਸ਼ ਜਾਰੀ ਹੈ……… ਹੱਡਬੀਤੀ / ਦਰਸ਼ਨ ਸਿੰਘ ਪ੍ਰੀਤੀਮਾਨ

ਸੱਚ ਕਹਿਣ ਤੋਂ ਮੈਂ ਕਦੇ ਵੀ ਨਹੀਂ ਝਿਜਕਿਆ, ਭਾਵੇਂ ਕਿਹੋ ਜਿਹੀ ਵੀ ਗੱਲ ਕਿਉਂ ਨਾ ਹੋਵੇ ਪਰ ਇਸ ਵਾਰ ਆਪ ਬੀਤੀ ਜੱਗ ਬੀਤੀ ਲਿਖਣ ਤੋਂ ਝਿਜਕਦਾ ਆ ਰਿਹਾ ਸੀ। ਇਹ ਆਪ ਬੀਤੀ ਮੇਰੀ ਸਮੱਸਿਆਵਾਂ ਨਾਲ ਹੀ ਸਬੰਧਤ ਹੈ, ਜਿਹੜੀ ਮੈਂ ਆਪਣੇ ਪਿਆਰੇ ਪਾਠਕਾਂ ਦੇ ਸਾਹਮਣੇ ਨਹੀਂ ਕਰਨਾ ਚਾਹੁੰਦਾ ਸਾਂ। ਹਕੀਕਤ ਨੰਗੀ ਕਰਨ ਤੋਂ ਸ਼ਰਮ ਜਿਹੀ ਮਹਿਸੂਸ ਕਰਦਾ ਸਾਂ, ਪਰ ਮੈਂ ਤਾਂ ਆਪ ਹੀ ਮੁੱਢ ਤੋਂ ਕਹਿੰਦਾ ਆ ਰਿਹਾ ਹਾਂ ਕਿ ਲੇਖਕ ਹੁੰਦਾ ਹੀ ਉਹ ਹੈ ਜੋ ਸੱਚ ਕਹਿ ਸਕਦਾ ਹੋਵੇ? ਫੇਰ ਸੋਚਦੈਂ, ਮੈਨੂੰ ਹਕੀਕਤ ਲਿਖਣੀ ਚਾਹੀਦੀ ਹੈ? ਮੈਂ ਕੋਈ ਚੋਰੀ ਤਾਂ ਨਹੀਂ ਕਰਦਾ? ਠੱਗੀ ਤਾਂ ਨਹੀਂ ਮਾਰਦਾ? ਮੈਂ ਤਾਂ ਮਿਹਨਤ ਕਰਦਾ ਹਾਂ। ਮਿਹਨਤ ਦਾ ਤਾਂ ਕੋਈ ਡਰ ਨਹੀਂ ਹੁੰਦਾ।
ਪਿਛਲੇ ਮਹੀਨਿਆਂ 'ਚ ਮੇਰੀ ਦੁੱਖਾਂ ਭਰੀ ਜ਼ਿੰਦਗੀ ਦੀ ਹਕੀਕਤ 'ਪ੍ਰੈਸ' ਨੇ ਚੁੱਕ ਲਈ, ਜਦ ਮੈਂ ਆਤਮ ਹੱਤਿਆ ਕਰਨ ਦੇ ਕਿਨਾਰੇ ਪਹੁੰਚ ਚੁੱਕਿਆ ਸਾਂ। ਪੱਤਰਕਾਰ ਲਵਲੀ ਗੋਇਲ ਨੇ ਕਿਹਾ, "ਅੰਦਰ ਵੜ ਕੇ ਮਰ ਜਾਣ ਨਾਲੋਂ ਕੋਠੇ 'ਤੇ ਚੜ੍ਹ ਕੇ ਰੋਣਾ-ਪਿੱਟਣਾ ਸੌ ਗੁਣਾ ਚੰਗਾ ਹੈ। ਤੂੰ ਸ਼ਰਮ ਨਾ ਮੰਨ, ਹਕੀਕਤ ਨੰਗੀ ਹੋਣ ਤੋਂ। ਸਰਕਾਰਾਂ ਕਦੇ ਆਪਣੇ ਸਰਮਾਏ ਨੂੰ ਰੁਲਣ ਨਹੀਂ ਦਿੰਦੀਆਂ, ਕੋਈ ਨਾ ਕੋਈ ਹੱਲ ਜ਼ਰੂਰ ਨਿਕਲ ਆਵੇਗਾ। 'ਮੈਂ ਹਾਂ 'ਚ ਹਾਂ ਮਿਲਾ ਦਿੱਤੀ। ਲਵਲੀ ਗੋਇਲ, ਰਜੀਵ ਗੋਇਲ, ਤਰਸ਼ੇਮ ਸ਼ਰਮਾ ਤੇ ਦਰਸ਼ਨ ਜਿੰਦਲ ਪੱਤਰਕਾਰਾਂ ਨੇ ਮੇਰੇ ਆਰਟੀਕਲ ਪੇਪਰਾਂ 'ਚ ਲਾ ਦਿੱਤੇ। 'ਮਾਲਵਾ ਪੰਜਾਬੀ ਸਾਹਿਤ ਸਭਾ ਇਲਾਕਾ ਰਾਮਪੁਰਾ ਫੂਲ ਬਠਿੰਡਾ' ਨੇ ਖ਼ਬਰਾਂ ਲਾ ਦਿੱਤੀਆਂ। ਆਰਟੀਕਲ ਤੇ ਖ਼ਬਰਾਂ ਪੜ੍ਹ ਕੇ ਪੰਜਾਬ ਦੇ ਕੋਨੇ-ਕੋਨੇ 'ਚੋਂ ਸਾਹਿਤ ਸਭਾਵਾਂ, ਕਲੱਬਾਂ ਤੇ ਜਥੇਬੰਦੀਆਂ ਵੱਲੋਂ ਖ਼ਬਰਾਂ ਪੇਪਰਾਂ 'ਚ ਲੱਗਣ ਲੱਗ ਪਈਆਂ। ਸੁੱਤੀ ਸਰਕਾਰ ਨੂੰ ਜਗਾਉਣ ਲਈ ਆਵਾਜ਼ ਬੁਲੰਦ ਹੋ ਗਈ। ਖ਼ਬਰਾਂ ਪੜ੍ਹ ਕੇ ਨਾਲ ਦੀ ਨਾਲ ਅਲਫਾ ਜ਼ੀ ਨਿਊਜ ਤੇ ਪੰਜਾਬ ਟੂਡੇ ਚੈਨਲਾਂ ਨੇ ਮੂਵੀਆਂ ਬਣਾ ਕੇ ਦਿਖਾ ਦਿੱਤੀਆਂ ਅਤੇ ਦੂਰਦਰਸ਼ਨ 'ਤੇ ਪੰਜਾਬ ਪਲੱਸ ਨੇ ਵੀ ਫਿਲਮ ਬਣਾ ਕੇ ਦੂਰਦਰਸ਼ਨ 'ਤੇ ਦਿਖਾ ਦਿੱਤੀ, ਪਰ ਸਰਕਾਰ ਨੇ ਸਭ ਕੁਝ ਨੂੰ ਅੱਖੋਂ ਪਰੋਖੇ ਕਰ ਦਿੱਤਾ।

ਹਰਿਆਣਾ ਸੂਬੇ ਵਿਚ ਪੰਜਾਬੀ ਜੁਬਾਨ ਦਾ ਸਰਤਾਜ ਸੀ, ਡਾ: ਅਮਰਜੀਤ ਸਿੰਘ ਕਾਂਗ.......... ਸ਼ਰਧਾਂਜਲੀ / ਹਰਪ੍ਰੀਤ ਸਿੰਘ

ਸੂਬੇ ਵਿਚ ਜੇਕਰ ਪੰਜਾਬੀ ਜੁਬਾਨ ਦੇ ਪ੍ਰਸਾਰ/ਪ੍ਰਚਾਰ ਦੀ ਗੱਲ ਕਰੀਏ, ਤਾਂ ਸਭ ਤੋਂ ਵੱਧ ਹਰਮਨ ਪਿਆਰਾ ਨਾਂਅ ਆਉਂਦਾ ਹੈ, ਪੰਜਾਬੀ ਭਾਸ਼ਾ ਦੇ ਹਰਿਆਣਾ ਪ੍ਰਾਂਤ ਦੇ ਬਾਬਾ ਬੋਹੜ ਮਹਿਰੂਮ ਡਾ: ਅਮਰਜੀਤ ਸਿੰਘ ਕਾਂਗ ਦਾ, ਜਿਹੜੇ ਕਿ ਸਾਨੂੰ ਬੀਤੇ ਸਾਲ ਭਾਵੇਂ ਸਰੀਰਕ ਰੂਪ ਵਿਚ ਵਿਛੋੜਾ ਦੇ ਗਏ ਹਨ, ਪਰ ਉਨ੍ਹਾਂ ਤੋਂ ਸਿੱਖਿਆ ਲੈ ਚੁਕੇ ਵਿਦਿਆਰਥੀ ਸੱਜਣ, ਮਿੱਤਰ, ਸਾਹਿਤਕ ਪ੍ਰੇਮੀ ਅਤੇ ਪਾਠਕਾਂ ਦੇ ਜਿਹਨ ਵਿਚ ਅੱਜ ਵੀ ਉਹ ਹਸਮੁੱਖ ਚਿਹਰਾ ਰਹਿੰਦਾ ਹੈ। ਪੰਜਾਬੀ ਸਾਹਿਤਕ ਦੇ ਖੇਤਰ ਵਿਚ ਡਾ: ਕਾਂਗ ਨੂੰ ਇਕ ਚੰਗੇ ਆਲੋਚਕ ਵੱਜੋਂ ਜਾਣਿਆ ਜਾਂਦਾ ਸੀ, ਪਰ ਅਸਲ ਵਿਚ ਉਹ ਇਕ ਬਹੁਪੱਖੀ ਸ਼ਖਸ਼ੀਅਤ ਦੇ ਮਾਲਕ ਸਨ। ਪੰਜਾਬੀ ਜੁਬਾਨ ਲਈ ਹਰ ਵਕਤ ਤਿਆਰ ਬਰ ਤਿਆਰ ਡਾ: ਅਮਰਜੀਤ ਸਿੰਘ ਕਾਂਗ ਦਾ ਜਨਮ ਸੰਨ 1952 ਵਿਚ ਗਿ: ਗੁਰਚਰਨ ਸਿੰਘ ਜੀ ਦੇ ਘਰ ਸ੍ਰੀ ਅੰਮ੍ਰਿਤਸਰ ਵਿਖੇ ਹੋਇਆ। ਮੁਢਲੀ ਪੜ੍ਹਾਈ ਤੋਂ ਬਾਅਦ ਡਾ: ਕਾਂਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਐਮ।ਏ। ਪੰਜਾਬੀ ਵਿਸ਼ੇ ਦੇ ਪਹਿਲੇ ਬੈਚ ਦੇ ਵਿਦਿਆਰਥੀ ਰਹੇ ਅਤੇ ਗੋਲਡ ਮੈਡਲ ਹਾਸਿਲ ਕੀਤਾ। ਸੰਨ 1979 ਵਿਚ ਡਾ: ਅਮਰਜੀਤ ਸਿੰਘ ਕਾਂਗ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ ਵਿਚ ਬਤੌਰ ਪੰਜਾਬੀ ਅਧਿਆਪਕ ਦੀ ਸੇਵਾਵਾਂ ਨਿਭਾਈਆਂ ਅਤੇ ਆਪਣੇ ਹੱਥੀਂ ਪੰਜਾਬੀ ਵਿਭਾਗ ਦੀ ਸਥਾਪਨਾ ਕੀਤੀ ਅਤੇ ਬਾਅਦ ਵਿਚ ਪੰਜਾਬੀ ਵਿਭਾਗ ਦੇ ਮੁਖੀ ਰਹਿਣ ਦਾ ਮਾਣ ਹਾਸਿਲ ਹੋਇਆ।

ਸੰਸਾਰ ਪ੍ਰਸਿੱਧ ਹਾਕੀ ਖਿਡਾਰੀ ਸੁਰਜੀਤ ਸਿੰਘ ਨੂੰ ਚੇਤੇ ਕਰਦਿਆਂ……… ਸ਼ਰਧਾਂਜਲੀ / ਰਣਜੀਤ ਸਿੰਘ ਪ੍ਰੀਤ

7 ਜਨਵਰੀ ਨੂੰ ਬਰਸੀ ‘ਤੇ ਵਿਸ਼ੇਸ਼
 
ਭਾਰਤੀ ਹਾਕੀ ਦਾ ਥੰਮ੍ਹ ਅਖਵਾਉਣ ਵਾਲੇ ਸੁਰਜੀਤ ਸਿੰਘ ਦਾ ਜਨਮ 10 ਅਕਤੂਬਰ 1951 ਨੂੰ ਪਿੰਡ ਦਾਖ਼ਲਾ (ਗੁਰਦਾਸਪੁਰ) ਵਿਚ ਸ। ਮੱਘਰ ਸਿੰਘ ਦੇ ਘਰ ਹੋਇਆ। ਖ਼ਾਲਸਾ ਸਕੂਲ ਬਟਾਲਾ ਤੋਂ ਮੁੱਢਲੀ ਵਿੱਦਿਆ ਹਾਸਲ ਕਰਨ ਮਗਰੋਂ ਸਪੋਰਟਸ ਕਾਲਜ ਜਲੰਧਰ ‘ਚ ਦਾਖ਼ਲਾ ਲਿਆ।

ਉਸ ਨੇ ਹਾਕੀ ਦੇ ਖ਼ੇਤਰ ਵਿੱਚ 1967 ਨੂੰ ਸਕੂਲੀ ਖੇਡਾਂ ਤੋਂ ਪ੍ਰਵੇਸ਼ ਕੀਤਾ । ਇਸ ਤੋਂ ਕਰੀਬ ਇੱਕ ਸਾਲ ਬਾਅਦ 1968 ਵਿੱਚ ਪੰਜਾਬ ਯੂਨੀਵਰਸਿਟੀ ਦੀ ਟੀਮ ਵਿੱਚ ਸ਼ਾਮਲ ਹੋ ਕੇ ਉਹਨਾਂ ਨੇ ਕਈ ਅਹਿਮ ਮੈਚ ਖੇਡੇ। ਇਹਨਾਂ ਮੈਚਾਂ ਦੀ ਕਾਰਗੁਜ਼ਾਰੀ ਸਦਕਾ ਹੀ ਯੂਨੀਵਰਸਿਟੀ ਦੀ ਸਾਂਝੀ ਟੀਮ ਦੇ ਮੈਂਬਰ ਬਣੇ, ਆਸਟ੍ਰੇਲੀਆ ਦਾ ਦੌਰਾ ਵੀ ਕੀਤਾ। ਖਿਡਾਰੀ ਹੋਣ ਦੇ ਨਾਤੇ ਹੀ ਰੇਲਵੇ ਵਿਚ ਕਮਰਸ਼ੀਅਲ ਇੰਸਪੈਕਟਰ ਦੀ ਨੌਕਰੀ ਮਿਲੀ।

ਸੁਹਣੀ-ਸੁਰੀਲੀ-ਸੁਰ ਸੰਗੀਤ ਦਾ ਸੁਮੇਲ; ਮਲਕਾ-ਇ-ਤਰੰਨਮ ਨੂਰਜਹਾਂ......... ਸ਼ਰਧਾਂਜਲੀ / ਰਣਜੀਤ ਸਿੰਘ ਪ੍ਰੀਤ

ਗਾਇਕੀ ਅਤੇ ਐਕਟਿੰਗ ਖ਼ੇਤਰ ਵਿੱਚ ਦੁਨੀਆਂ ਤੋਂ ਲੋਹਾ ਮੰਨਵਾਉਣ ਵਾਲੀ, ਸੁਹਣੀ-ਸੁਰੀਲੀ, ਸੁਰ ਸੰਗੀਤ ਦਾ ਸੁਮੇਲ, ਦੱਖਣੀ ਏਸ਼ੀਆ ਦੀ ਨਾਮਵਰ ਸਖ਼ਸ਼ੀਅਤ ਨੂਰਜਹਾਂ ਦਾ ਮੁੱਢਲਾ ਨਾਂਅ ਅੱਲਾ ਵਸਾਈ ਸੀ । ਅੱਲਾ ਵਸਾਈ ਦਾ ਜਨਮ ਕਸੂਰ ਸ਼ਹਿਰ ਦੇ ਇੱਕ ਭੀੜ ਭੜੱਕੇ ਵਾਲੇ, ਅਤੇ ਲੋਕਾਂ ਦੀਆਂ ਨਜ਼ਰਾਂ ਵਿੱਚ ਨਾ ਚੰਗੀ ਦਿਖ ਵਾਲੇ, ਭੀੜੇ ਜਿਹੇ ਮੁਹੱਲੇ ਵਿੱਚ 21 ਸਤੰਬਰ 1926 ਨੂੰ ਇੱਕ ਪੰਜਾਬੀ ਸੰਗੀਤਕ ਘਰਾਣੇ ਵਿੱਚ ਫ਼ਤਿਹ ਬੀਬੀ ਅਤੇ ਮਦਦ ਅਲੀ ਦੇ ਘਰ ਹੋਇਆ। ਅੱਲਾ ਵਸਾਈ ਦੇ ਇਸ ਤੋਂ ਬਿਨਾਂ 10 ਹੋਰ ਭੈਣ-ਭਰਾ ਵੀ ਸਨ।