"ਸਪਨੇ ਮੇਂ ਮਿਲਤੀ ਹੈ, ਓ ਕੁੜੀ ਮੇਰੀ ਸਪਨੇ ਮੇਂ ਮਿਲਤੀ ਹੈ" ਅੱਜ ਤੋਂ 12 -13 ਵਰ੍ਹੇ ਪਹਿਲਾਂ ਜਦੋਂ ਇਹ ਗੀਤ ਸੁਣਿਆ ਸੀ ਤਾਂ ਬਾਲੀਵੁੱਡ ਦੇ ਗੀਤਕਾਰਾਂ ਦੀ ਅਕਲ ਤੇ ਹਾਸਾ ਵੀ ਆਇਆ ਸੀ ਤੇ ਪੰਜਾਬੀ ਬੋਲੀ ਦੀ ਹਾਲਤ ਤੇ ਤਰਸ ਵੀ । ਭਾਵੇਂ ਇਹ ਗੀਤ ਇੱਕ ਪੰਜਾਬੀ ਭਾਵ ਗੁਲਜ਼ਾਰ ਸਾਹਿਬ ਨੇ ਲਿਖਿਆ ਸੀ ਪਰ ਉਹ ਕਿਉਂਕਿ ਬਹੁਤ ਸਮੇਂ ਤੋਂ ਪੰਜਾਬ ਤੋਂ ਦੂਰ ਰਹਿ ਰਹੇ ਹਨ ਅਤੇ ਜ਼ਿਆਦਾਤਰ ਹਿੰਦੀ ਜਾਂ ਉਰਦੂ ਵਿੱਚ ਲਿਖਦੇ/ਵਿਚਰਦੇ ਹਨ ਇਸ ਕਰਕੇ ਉਹਨਾਂ ਦੀ ਇਹ ਗਲਤੀ ਬਹੁਤੀ ਰੜਕੀ ਨਹੀਂ ਸੀ; ਪਰ ਬਹੁਤ ਸਾਰੇ ਪੰਜਾਬੀ ਪ੍ਰੇਮੀਆਂ ਨੂੰ ਇਸ ਗੱਲ ਦਾ ਗਿਲਾ ਜ਼ਰੂਰ ਸੀ । ਅਸਲ ਵਿੱਚ ਹਰੇਕ ਬੋਲੀ ਦਾ ਆਪਣਾ ਮੁਹਾਵਰਾ ਹੁੰਦਾ ਹੈ ਤੇ ਤਰਜਮਾ ਜਾਂ ਅਨੁਵਾਦ ਕਰਦੇ ਸਮੇਂ ਸ਼ਬਦ ਤੋਂ ਸ਼ਬਦ ਉਲੱਥਾ ਨਹੀਂ ਕੀਤਾ ਜਾਂਦਾ ਬਲਕਿ ਪੂਰੇ ਵਾਕ ਦਾ ਅਰਥ ਸਮਝ ਕੇ ਦੂਜੀ ਬੋਲੀ ਦੇ ਮੁਹਾਵਰੇ ਵਿੱਚ ਢਾਲ ਕੇ ਤਰਜਮਾ ਕੀਤਾ ਜਾਂਦਾ ਹੈ । ਉਕਤ ਗੀਤ ਦੇ ਬੋਲਾਂ ਦੀ ਜੇ ਗੱਲ ਕਰੀਏ ਤਾਂ ਇੱਥੇ ਕੁੜੀ ਸ਼ਬਦ ਦੀ ਵਰਤੋਂ ਪ੍ਰੇਮਿਕਾ ਜਾਂ ਮਾਸ਼ੂਕਾ ਲਈ ਕੀਤੀ ਗਈ ਹੈ, ਪ੍ਰੰਤੂ ਅਸੀਂ ਜਾਣਦੇ ਹਾਂ ਕਿ ਪੰਜਾਬੀ ਵਿੱਚ ਮੇਰੀ ਕੁੜੀ ਦਾ ਅਰਥ ਮੇਰੀ ਪ੍ਰੇਮਿਕਾ ਨਹੀਂ ਹੁੰਦਾ ਬਲਕਿ ਮੇਰੀ ਧੀ ਹੁੰਦਾ ਹੈ, ਜਦੋਂ ਕਿ ਅੰਗ੍ਰੇਜ਼ੀ ਵਿੱਚ ਮੇਰੀ ਬੇਟੀ ਲਿਖਣਾ ਹੋਵੇ ਤਾਂ 'My daughter' ਜਾਂ 'My kid' ਲਿਖਿਆ ਜਾਵੇਗਾ ਅਤੇ 'My girl' ਮੇਰੀ ਪ੍ਰੇਮਿਕਾ ਦੇ ਲਈ ਵਰਤਿਆ ਜਾਂਦਾ ਹੈ ।