
ਸਿਆਣੇ
ਸੱਚ ਹੀ ਕਹਿੰਦੇ ਹਨ ਕਿ ਵਾਹ ਪਏ ਜਾਣੀਏ ਜਾਂ ਰਾਹ ਪਏ ਜਾਣੀਏ । ਆਸਟ੍ਰੇਲੀਆ ‘ਚ ਮੈਡੀਕਲ
ਸੇਵਾਵਾਂ ਨਾਲ ਵਾਹ ਵੀ ਪੈ ਗਿਆ ਤੇ ਇਸ ਰਾਹ ‘ਤੇ ਵੀ ਤੁਰਨਾ ਪਿਆ । ਸਰੀਰਕ ਦੁੱਖ ਤਾਂ
ਆਉਣੇ ਜਾਣੇ ਹਨ ਤੇ ਇਨ੍ਹਾਂ ਉਪਰ ਕਿਸੇ ਦਾ ਵੱਸ ਵੀ ਨਹੀਂ, ਪਰ ਭਾਰਤੀ ਤੇ ਆਸਟ੍ਰੇਲੀਅਨ
ਮੈਡੀਕਲ ਸੇਵਾਵਾਂ ‘ਚ ਬਹੁਤ ਵੱਡਾ ਫਰਕ ਨਜ਼ਰ ਆਇਆ । ਜਿਸ ਸਮੱਸਿਆ ਕਰਕੇ ਸਵਾ ਛੱਬੀ
ਘੰਟੇ ਹਸਪਤਾਲ ‘ਚ ਗੁਜ਼ਾਰੇ, ਉਸੇ ਸਮੱਸਿਆ ਕਾਰਨ ਕਰੀਬ ਪੰਜ ਸਾਲ ਪਹਿਲਾਂ ਲੁਧਿਆਣੇ ਦੇ
ਡੀ. ਐਮ. ਸੀ. ‘ਚ ਵੀ ਕਰੀਬ ਪੰਜਾਹ ਘੰਟੇ ਗੁਜ਼ਾਰ ਚੁੱਕਾ ਹਾਂ । ਆਸਟ੍ਰੇਲੀਆ ‘ਚ ਮੈਡੀਕਲ
ਸੇਵਾਵਾਂ ਦੀ ਜੋ ਸਭ ਤੋਂ ਵੱਡੀ ਕਮੀ ਨਜ਼ਰੀਂ ਆਈ, ਉਹ ਇਹ ਸੀ ਕਿ ਛੇਤੀ ਕੀਤੇ ਡਾਕਟਰ
ਦੁਆਰਾ ਮਿਲਣ ਦਾ ਸਮਾਂ ਨਹੀਂ ਦਿੱਤਾ ਜਾਂਦਾ, ਖਾਸ ਤੌਰ ‘ਤੇ ਜਦੋਂ ਕਿਸੇ ਸਪੈਸ਼ਲਿਸਟ ਨੂੰ
ਮਿਲਣਾ ਹੋਵੇ । ਹਾਂ ! ਜੇਕਰ ਤਕਲੀਫ਼ ਇਤਨੀ ਹੈ ਕਿ ਐਂਬੂਲੈਂਸ ਦੁਆਰਾ ਹਸਪਤਾਲ ਜਾਣਾ
ਪਵੇ ਤਾਂ ਕਿਆ ਬਾਤਾਂ ਬਈ ਵਾਲੀ ਗੱਲ ਹੁੰਦੀ ਹੈ ਤੇ ਘਰ ਬੈਠਿਆਂ ਬਹੁਤ ਹੀ ਉਮਦਾ ਸੇਵਾਵਾਂ
ਬਹੁਤ ਜਲਦੀ ਮਿਲਦੀਆਂ ਹਨ । ਉਂਝ ਡਾਕਟਰ ਕੋਈ ਵੀ ਹੋਵੇ, ਜਨਰਲ ਪ੍ਰੈਕਟੀਸ਼ੀਨਰ ਜਾਂ
ਸਪੈਸ਼ਲਿਸਟ, ਉਸਨੂੰ ਮਿਲਣ ਲਈ ਪਹਿਲਾਂ ਸਮਾਂ ਲੈਣਾ ਪੈਂਦਾ ਹੈ ।
ਸਾਡੇ ਵਤਨਾਂ ਵਾਲੇ
ਪਾਸਿਓਂ ਜਦੋਂ ਕੋਈ ਵੀ ਪ੍ਰਦੇਸੀਂ ਆਉਂਦਾ ਹੈ ਤਾਂ ਉਸਨੂੰ ਬੀਚ ‘ਤੇ ਭਾਵ ਸਮੁੰਦਰ ਦੇ
ਕਿਨਾਰੇ ਜਾਣ ਦੀ ਬੜੀ ਤਾਂਘ ਹੁੰਦੀ ਹੈ । ਹੋਵੇ ਵੀ ਕਿਉਂ ਨਾ, ਵਤਨੀਂ ਤਾਂ ਬੀਚ ਦੱਖਣ
ਵਾਲੇ ਪਾਸੇ ਹੀ ਹੈ ਤੇ ਜੀਹਨੇ ਕਦੇ ਬਠਿੰਡਾ ਨਹੀਂ ਟੱਪਿਆ ਹੁੰਦਾ, ਆਸਟ੍ਰੇਲੀਆ ਵਰਗੇ
ਮੁਲਕ ‘ਚ ਆ ਪੁੱਜੇ ਤਾਂ ਸੁਭਾਵਿਕ ਹੀ ਬੀਚ ਆਪਣੇ ਵੱਲ ਨੂੰ ਖਿੱਚਦਾ ਹੈ । ਬੀਚ, ਜੋ
ਸਿਰਫ਼ ਫਿਲਮਾਂ ‘ਚ ਹੀ ਦੇਖਿਆ ਹੁੰਦਾ ਹੈ । ਬੀਚ, ਜੋ ਕਦੇ ਸੁਪਨੇ ‘ਚ ਵੀ ਨਹੀਂ ਆਇਆ
ਹੁੰਦਾ । ਬੀਚ, ਜਿਸਦਾ ਧਿਆਨ ਆਉਂਦਿਆਂ ਹੀ ਰੌਣਕਾਂ ਸ਼ੌਣਕਾਂ ਦੇ ਨਾਲ਼ ਨਾਲ਼ ਫੀਮੇਲ
ਆਵਾਜ਼ ‘ਚ ਲਾ ਲਾ ਲਾਲਾ ਤੇ ਮੁੜਕੇ ਆਹਾ ਵਰਗਾ ਮਧੁਰ ਸੰਗੀਤ ਵੀ ਜਿ਼ਹਨ ‘ਚ ਸਹਿਜੇ ਹੀ ਆ,
ਮਨ ਨੂੰ ਆਨੰਦਿਤ ਕਰ ਦਿੰਦਾ ਹੈ । ਅਜਿਹੇ ਹਾਲਤਾਂ ‘ਚ ਜੇਕਰ ਕੋਈ ਹਮਵਤਨੀਂ ਜਾਂ ਹਮਾਤੜ
ਬੀਚ ‘ਤੇ ਖਿੱਚੀਆਂ ਫੋਟੋਆਂ ਨੂੰ ਫੇਸਬੁੱਕ ‘ਤੇ ਖਰੀਆਂ ਕਰਦਾ ਹੈ ਤਾਂ ਹੈਰਾਨੀ ਨਹੀਂ
ਹੋਣੀ ਚਾਹੀਦੀ । ਇਹ ਗੱਲ ਵੱਖਰੀ ਹੈ ਕਿ ਪਹਿਲਾਂ ਪਹਿਲ ਜਦੋਂ ਵੀ ਕੋਈ ਹਮਾਤੜ ਬੀਚ ‘ਤੇ
ਜਾਂਦਾ ਹੈ ਤਾਂ ਚੰਗੀ ਜੀਨ ਸ਼ੀਨ, ਅੱਧੀਆਂ ਬਾਂਹਾਂ ਵਾਲੀ ਡੱਬੀਆਂ ਵਾਲੀ ਸ਼ਰਟ ਨਾਲ਼ ਪਾਈ
ਹੁੰਦੀ ਹੈ ਤੇ ਸ਼ਰਟ, ਪੈਂਟ ‘ਚ ਤੁੰਨ ਕੇ ਉਤੋਂ ਬੈਲਟ ਲੱਗੀ ਹੁੰਦੀ ਹੈ ਤੇ ਪੈਰਾਂ ‘ਚ,
ਜੀ ਪੈਰਾਂ ‘ਚ ਓਰੀਜਨਲ ਲੈਦਰ ਦੇ ਬੂਟ ਵੀ ਸਣੇ ਜੁਰਾਬਾਂ ਪਾਏ ਹੁੰਦੇ ਹਨ । ਬੀਚ ‘ਤੇ
ਪੁੱਜਣ ਦੇ ਅੱਧੇ ਕੁ ਘੰਟੇ ਦੇ ਬਾਅਦ ਚਿੱਤ ਕਰਦਾ ਹੈ ਕਿ ਰੇਤ ‘ਤੇ ਚਹਿਲ ਕਦਮੀ ਕੀਤੀ
ਜਾਵੇ । ਮੁੜ ਬੀਚ ‘ਤੇ ਬੂਟ ਹੱਥਾਂ ‘ਚ ਲਮਕਾ, ਥੱਲੋਂ ਪਹੁੰਚੇ ਮੋੜ ਕੇ ਜੀਨਾਂ ਸ਼ੀਨਾਂ
‘ਚ ਕੱਸੇ ਅਸੀਂ ਹੀ ਨਜ਼ਰੀਂ ਪੈਂਦੇ ਹਾਂ ਤੇ ਲੋਕਲ ਜਨਤਾ ਭਾਵ ਗੋਰੇ ਗੋਰੀਆਂ ‘ਦੇ ਤਨ ਦੇ
ਕੱਪੜੇ ਤਾਂ ਕੱਕੇ ਨੂੰ ਅੱਧਕ, ਪੱਪਾ ਤੱਕ ਹੀ ਸੀਮਤ ਹੁੰਦੇ ਹਨ, ਰਾੜੇ ਨੂੰ ਲਾਮ ਲਾਉਣ ਦੀ
ਲੋੜ ਤਾਂ ਪੈਂਦੀ ਹੀ ਨਹੀਂ ।