17 ਨਵੰਬਰ ਬਰਸੀ ’ਤੇ ਵਿਸ਼ੇਸ਼

ਜੇ ਪਿਛਲੇ ਡੇਢ ਕੁ ਦਹਾਕੇ ਵੱਲ ਮੋੜਾ ਕੱਟੀਏ ਤਾਂ ਕਰਮਜੀਤ ਧੂਰੀ ਤੋਂ ਮਗਰੋਂ ਕੰਨ ਉੱਤੇ ਹੱਥ ਰੱਖ ਕੇ 42 ਸਕਿੰਟਾਂ ਦੀ ਲੰਬੀ ਹੇਕ ਦਾ ਰਿਕਾਰਡ ਬਨਾਉਣ ਵਾਲਾ ਸੁਟਜੀਤ ਬਿੰਦਰੱਖੀਆ ਦੂਜਿਆਂ ਤੋਂ ਮੋਹਰੀ ਬਣਿਆ ਰਿਹਾ। ਸ਼ਾਇਦ ਇਹ ਗੱਲ ਅੱਜ ਵੀ ਕਈਆਂ ਨੂੰ ਪਤਾ ਨਾ ਹੋਵੇ ਕਿ ਉਹ ਯੂਨੀਵਰਸਿਟੀ ਤੱਕ ਕੁਸ਼ਤੀਆਂ ਵੀ ਲੜਦਾ ਰਿਹਾ ਅਤੇ ਕਬੱਡੀ ਖੇਡਣਾ ਵੀ ਉਹਦਾ ਸ਼ੌਕ ਰਿਹਾ। ਆਨੰਦਪੁਰ ਸਾਹਿਬ ਅਤੇ ਰੋਪੜ ਦੇ ਕਾਲਜਾਂ ਵਿੱਚੋਂ ਬੀ. ਏ. ਕਰਨ ਸਮੇਂ ਕਾਲਜ ਦੀ ਭੰਗੜਾ ਟੀਮ ਲਈ, ਦਮਦਾਰ, ਉਚੀ ਅਤੇ ਸੁਰੀਲੀ ਆਵਾਜ਼ ਵਿੱਚ ਬੋਲੀਆਂ ਪਾਉਣਾ ਵੀ ਉਹਦਾ ਹਾਸਲ ਸੀ।
ਇਸ ਆਵਾਜ਼ ਦੇ ਭਲਵਾਨ ਸੁਰਜੀਤ ਦਾ ਜਨਮ ਪਿੰਡ ਬਿੰਦਰੱਖ (ਰੂਪਨਗਰ) ਵਿੱਚ 15 ਅਪ੍ਰੈਲ 1962 ਨੂੰ ਪਿਤਾ ਸੁੱਚਾ ਸਿੰਘ ਅਤੇ ਮਾਤਾ ਗੁਰਚਰਨ ਕੌਰ ਦੇ ਘਰ ਹੋਇਆ। ਸੁੱਚਾ ਸਿੰਘ ਖ਼ੁਦ ਭਲਵਾਨ ਸੀ ਅਤੇ ਇਲਾਕੇ ਵਿੱਚ ਉਹਦੀ ਝੰਡੀ ਸੀ। ਉਹ ਸੁਰਜੀਤ ਨੂੰ ਵੀ ਭਲਵਾਨ ਜਾਂ ਉਹਦੀਆਂ ਬੋਲੀਆਂ ਆਦਿ ਤੋਂ ਪ੍ਰਭਾਵਿਤ ਹੋ ਉਸ ਨੂੰ ਗਾਇਕ ਬਨਾਉਣ ਦਾ ਚਾਹਵਾਨ ਸੀ। ਸੁਰਜੀਤ ਨੇ ਸੰਗੀਤ ਸਿੱਖਿਆ ਅਤੁਲ ਸ਼ਰਮਾ ਤੋਂ ਹਾਸਲ ਕੀਤੀ। ਸਭ ਤੋਂ ਪਹਿਲਾਂ 1991 ਵਿੱਚ ਜੱਟ ਜਿਓਣਾ ਮੌੜ ਅਤੇ ਮੁੰਡੇ ਆਖਦੇ ਪਟਾਖਾ ਨਾਲ ਉਸ ਨੇ ਹਾਜ਼ਰੀ ਲਵਾਈ। ਫਿਰ ਦੁਪੱਟਾ ਤੇਰਾ ਸੱਤ ਰੰਗ ਦਾ, ਤੇਰੇ ‘ਚ ਤੇਰਾ ਯਾਰ ਬੋਲਦਾ, ਬੱਸ ਕਰ ਬੱਸ ਕਰ, ਜੱਟ ਦੀ ਪਸੰਦ ਵਰਗੇ ਗੀਤਾਂ ਨੇ ਉਸ ਨੂੰ ਫਰਸ਼ ਤੋਂ ਅਰਸ਼ ‘ਤੇ ਪੁਚਾ ਦਿੱਤਾ। ਪਹਿਲਾਂ ਉਹ ਆਪਣੇ ਨਾਂ ਨਾਲ ਬੈਂਸ, ਸਾਗਰ ਵੀ ਲਿਖਦਾ ਰਿਹਾ। ਪਰ ਫਿਰ ਉਸ ਨੇ ਪਿੰਡ ਦਾ ਨਾਂ ਹੀ ਆਪਣੇ ਨਾਂ ਨਾਲ ਜੋੜ ਲਿਆ। ਪ੍ਰੀਤ ਕਮਲ ਨਾਲ 27 ਅਪ੍ਰੈਲ 1990 ਨੂੰ ਸ਼ਾਦੀ ਹੋਈ ਅਤੇ ਬੇਟੇ ਗੀਤਾਜ਼ ਬਿੰਦਰੱਖੀਆ (ਗਾਇਕ) ਅਤੇ ਬੇਟੀ ਮੀਨਾਜ਼ ਬਿੰਦਰੱਖੀਆ ਦਾ ਪਿਤਾ ਬਣਿਆ ।