ਫਕੀਰੀਆ………. ਅਭੁੱਲ ਯਾਦਾਂ / ਹਰਪਾਲ ਸਿੰਘ ਪੰਨੂ

1960 ਦੀ ਗੱਲ ਹੈ, ਖੇਤ ਵਿਚ ਖੂਹ ਖੋਦਣਾ ਸੀ ਇਸ ਵਾਸਤੇ ਉੱਚ ਕੋਟੀ ਦਾ ਉਸਤਾਦ ਲੱਭਣ ਲਈ ਸਾਰੇ ਚਾਚੇ ਬਾਬੇ ਪੁੱਛ-ਗਿੱਛ ਕਰਨ ਲੱਗੇ। ਪਤਾ ਲੱਗਾ ਫਕੀਰੀਆ ਨਾਮ ਦਾ ਮਾਹਿਰ ਇਨ੍ਹੀ ਦਿਨੀ ਕਕਰਾਲੇ ਪਿੰਡ ਵਿਚ ਕਿਸੇ ਖੇਤ, ਖੂਹ ਦੀ ਚਿਣਾਈ ਕਰਵਾ ਰਿਹਾ ਹੈ। ਕਕਰਾਲੇ ਗਏ, ਲੱਭ ਲਿਆ, ਕਹਿੰਦਾ ਮਹੀਨਾ ਇੱਥੇ ਲੱਗੇਗਾ ਫਿਰ ਆਕੇ ਲੈ ਜਾਇਓ। ਸਾਈ ਫੜਾਈ, ਪ੍ਰਸੰਨ-ਚਿੱਤ ਬਾਬੇ ਪਰਤ ਆਏ। ਮਹੀਨੇ ਦਾ ਕੀ ਹੈ, ਆਇਆ ਕਿ ਆਇਆ। ਪਤਾ ਲੱਗਾ ਬਾਬਾ ਜੀ ਦੇ ਘਰ ਫਕੀਰੀਆ ਆਇਆ ਬੈਠਾ ਹੈ। ਅਸੀਂ ਬੱਚੇ ਉਸਨੂੰ ਦੇਖਣ ਵਾਸਤੇ ਦੌੜੇ। ਮਾਲਵੇ ਦੇ ਲੋਕ ਚੰਗੇ ਭਲੇ ਸ਼ਬਦ ਨੂੰ ਆਰਾਮ ਨਾਲ ਵਿਗਾੜ ਕੇ ਸੱਤਿਆਨਾਸ ਕਰ ਦਿੰਦੇ ਹਨ। ਸਾਰੇ ਉਸਨੂੰ ਪਖੀਰੀਆ ਕਹਿਕੇ ਬੁਲਾਉਂਦੇ, ਸਾਨੂੰ ਬੱਚਿਆਂ ਨੂੰ ਹੁਕਮ ਹੋਇਆ ਕਿ ਪਖੀਰੀਏ ਨੂੰ ਤਾਇਆ ਕਹਿਣਾ ਹੈ। 

ਪਿੰਡ ਦਰਜੀ ਹੁੰਦਾ ਸੀ, ਉਸਦਾ ਨਾਮ ਸੀ ਸੇਰਲੀ ਪਖੀਰ। ਮੈਨੂੰ ਸਮਝ ਨਾ ਆਏ ਇਹ ਕੀ ਨਾਮ ਹੋਇਆ- ਸੇਰਲੀ ਪਖੀਰ! ਇਸ ਦਾ ਕੀ ਮਤਲਬ? ਇਕ ਦਿਨ ਉਸੇ ਨੂੰ ਪੁੱਛ ਲਿਆ- ਚਾਚਾ ਤੇਰਾ ਨਾਮ ਅਜੀਬ ਹੈ, ਇਸ ਦਾ ਮਤਲਬ ਕੀ ਹੋਇਆ ਭਲਾ? ਉਹ ਹੱਸ ਪਿਆ, ਕਹਿੰਦਾ- ਨਾਮ ਤਾਂ ਮੇਰਾ ਬਹੁਤ ਵਧੀਆ ਹੈ, ਤੇਰੀ ਮਾਂ ਨੇ ਵਿਗਾੜ ਦਿੱਤਾ। ਪੁਛਿਆ- ਕੀ ਨਾਮ ਹੈ? ਕਹਿੰਦਾ- ਫਕੀਰ ਸ਼ੇਰ ਅਲੀ। ਫਕੀਰ ਦੀ ਥਾਂ ਪਖੀਰ ਕਹਿੰਦੇ ਨੇ ਸ਼ੇਰ ਅਲੀ ਦੀ ਥਾਂ ਸੇਰਲੀ, ਫਕੀਰ ਸ਼ੇਰ ਅਲੀ ਨੂੰ ਸੇਰਲੀ ਪਖੀਰ ਬਣਾ ਦਿੱਤਾ, ਸ਼ੇਰ ਨੂੰ ਗਿੱਦੜ। ਕੋਈ ਇਨਸਾਫ ਹੋਇਆ ਇਹ?

ਪਰ ਆਪਾਂ ਇਥੇ ਸੇਰਲੀ ਦਰਜੀ ਦੀ ਨਹੀਂ, ਖੂਹ ਚਿਣਨ ਦੇ ਉਸਤਾਦ ਫਕੀਰੀਏ ਝਿਉਰ ਦੀ ਗੱਲ ਕਰਨ ਲੱਗੇ ਹਾਂ। ਪੱਕਾ ਰੰਗ, ਫਕੀਰੀਆ ਦਰਮਿਆਨੇ ਕੱਦ ਦਾ, ਕੁਝ ਕੁ ਕੁੱਬਾ, ਲੰਗ ਮਾਰ ਕੇ ਤੁਰਦਾ ਸੀ। ਹੱਥ ਵਿਚ ਡੇਢ ਕੁ ਫੁੱਟ ਦੀ ਨਿੱਕੀ ਜਿਹੀ ਹੁੱਕੀ ਹਰ ਵਕਤ ਰਖਦਾ। ਜਦੋਂ ਤੁਰਦਾ, ਖੱਬਾ ਮੋਢਾ ਹੇਠਾਂ ਝੁਕਣ ਵੇਲੇ ਹੁੱਕੀ ਸੱਜੇ ਪਾਸੇ ਉਪਰ ਨੂੰ ਉਠਦੀ। ਸਾਨੂੰ ਤਾਂ ਉਸਦੀ ਚਾਲ ਹੀ ਨਿਹਾਲ ਕਰ ਦਿੰਦੀ, ਸਾਰੇ ਬੱਚੇ ਖੂਬ ਹਸਦੇ। ਮੈ ਸੋਚਦਾ, ਹੀਰ ਦਾ ਚਾਚਾ ਕੈਦੋ ਹੂਬਹੂ ਇਹੋ ਜਿਹਾ ਹੋਣਾ।

ਆਵਾਜ਼ ਭਾਰੀ ਅਤੇ ਰੇਡੀਓ ਵਿਚ ਖਬਰਾਂ ਪੜ੍ਹਨ ਵਾਲੇ ਵਾਂਗ ਦਾਣੇਦਾਰ। ਬੋਲੀ ਤੋਂ ਅਸੀਂ ਸਮਝ ਗਏ ਪਾਕਿਸਤਾਨੋ ਆਇਆ ਰਫੂਜੀ ਹੈ। ਅਗਲੇ ਦਿਨ ਖੇਤ ਦਾ ਦੌਰਾ ਕਰਕੇ ਪਤਾ ਕਰਨਾ ਸੀ ਕਿੱਥੇ ਖੂਹ ਖੋਦਣਾ ਹੈ। ਐਤਵਾਰ ਹੋਣ ਕਰਕੇ ਅਸੀਂ ਵੀ ਖੇਤ ਵੱਲ ਭੱਜੇ। ਇੱਧਰ ਉੱਧਰ ਗੇੜੇ ਲਾਕੇ, ਸਰਵੇਖਣ ਕਰਕੇ ਫਕੀਰੀਏ ਨੇ ਇਕ ਥਾਂ ਸੋਟੀ ਗਡਦਿਆਂ ਕਿਹਾ- ਇੱਥੇ, ਇੱਥੇ ਟੱਕ ਲਾਓ। ਮੇਰਾ ਚਾਚਾ ਕਹਿਣ ਲੱਗਾ- ਤਿੰਨ ਘਰਾਂ ਦੀ ਜਮੀਨ ਹੈ ਇਹ, ਏਸ ਸਾਰੇ ਟੱਕ ਦੇ ਐਨ ਵਿਚਕਾਰ ਖੂਹ ਖੋਦਣਾ ਠੀਕ ਰਹੇਗਾ। ਖੰਘੂਰਾ ਮਾਰ ਕੇ ਫਕੀਰੀਆ ਬੋਲਿਆ- ਮੈਨੂੰ ਕਾਸ ਲਈ ਲੈਕੇ ਆਇਆ ਸੈਂ ਤੂੰ ਜੇ ਤੈਨੂੰ ਈ ਪਤਾ ਸੀ ਖੂਹ ਕਿਥੇ ਖੋਦਣਾ ਹੈ? ਜਿੱਥੇ ਪਾਣੀ ਹੈ ਈ ਨੀ, ਮੈਂ ਪਾਗਲ ਇਆਂ ਉਥੇ ਨਿਸ਼ਾਨੀ ਲਾ ਦਿਆਂ?

ਅਰਦਾਸ ਕਰਕੇ ਖੁਦਾਈ ਸ਼ੁਰੂ ਹੋ ਗਈ। ਉਹ ਸਿੱਖ ਅਰਦਾਸ ਨਹੀਂ ਸੀ, ਮਾਲਵੇ ਦੀ ਲੋਕ-ਅਰਦਾਸ ਸੀ ਜਿਹੜੀ ਮੇਰੇ ਬਾਪੂ ਜੀ ਬਿਜਾਈ ਸ਼ੁਰੂ ਕਰਨ ਤੋਂ ਪਹਿਲਾਂ ਜੁਤੇ ਹਲ ਪਿੱਛੇ ਖਲੋ ਕੇ ਕਰਦੇ- ਸੱਚੇ ਪਾਤਸ਼ਾਹ, ਜਿਹੜੀ ਬਿਜਾਈ ਕਰਨ ਲੱਗਾਂ, ਫਸਲ ਪੱਕੇਗੀ ਤਾਂ ਅੰਨ ਦਾਣਾ  ਮੁਸਾਫਰ, ਫਕੀਰ, ਮੰਗਤੇ, ਦਾਤੇ, ਮਹਿਮਾਨ, ਮੇਜ਼ਬਾਨ, ਚਿੜੀ ਜਨੌਰ ਸਭ ਵੰਡਾਉਣਗੇ। ਮੇਰੇ ਕਰਮਾਂ ਕਰਕੇ ਨਹੀਂ ਇਨ੍ਹਾ ਸਾਰਿਆਂ ਦੇ ਕਰਮਾ ਕਰਕੇ ਫਸਲ ਨੇਪਰੇ ਚਾੜ੍ਹੀਂ ਮਹਾਰਾਜ। ਮਿੱਟੀ ਮੱਥੇ ਲਾਕੇ ਬਿਜਾਈ ਸ਼ੁਰੂ ਕਰਦੇ। ਇਸੇ ਤਰਾਂ ਟੱਕ ਲਾਉਣ ਤੋਂ ਪਹਿਲਾਂ ਪਾਣੀ ਦੇ ਹਿਸੇਦਾਰਾਂ ਦੇ ਨਾਮ ਲਏ ਗਏ। ਖਾਤਾ ਮੁਸ਼ਤਰਕਾ।

ਫਕੀਰੀਏ ਵਾਸਤੇ ਬਾਂਸਾਂ ਉਪਰ ਘਾਹ ਫੂਸ ਦੀ ਝੋਂਪੜੀ ਬਣਾ ਦਿੱਤੀ, ਅੰਦਰ ਮੰਜੀ, ਪਾਣੀ ਦਾ ਘੜਾ, ਘੜੇ ਉਪਰ ਟੂਟੀ ਵਾਲਾ ਕਸੋਰਾ, ਕਸੋਰੇ ਉਪਰ ਚੱਪਣ। ਰੋਟੀ ਪਿੰਡੋਂ ਆਉਂਦੀ, ਦਿਨ ਰਾਤ ਫਕੀਰੀਆ ਝੋਂਪੜੀ ਵਿਚ ਰਹਿੰਦਾ। ਇਕ ਉਹ, ਦੂਜੀ ਉਸਦੀ ਸਾਥਣ ਹੁੱਕੀ। ਹੁੱਕੀ ਨਾਲ ਪਤਲੀ ਜਿਹੀ ਸੰਗਲੀ, ਕਿਤੇ ਜਾਂਦਾ ਹੁੱਕੀ ਹੱਥ ਵਿਚ ਫੜਦਾ ਜਾਂ ਮੋਢੇ ਪਿਛੇ ਇਸ ਤਰਾਂ ਲਟਕਾਉਂਦਾ ਜਿਵੇਂ ਬੰਦੂਕ ਲਟਕਾਈਦੀ ਹੈ।

ਗਰਮੀਆਂ ਦੀ ਰੁੱਤ, ਅਸੀਂ ਬੱਚੇ ਦਰਖਤਾਂ ਹੇਠ ਖੇਢ ਰਹੇ ਸਾਂ, ਦੇਖਿਆ ਫਕੀਰੀਆ ਸਿਖਰ ਦੁਪਹਿਰ ਰੋਟੀ ਖਾਕੇ ਘੂਕ ਸੁੱਤਾ ਪਿਆ ਘੁਰਾੜੇ ਮਾਰ ਰਿਹਾ ਹੈ। ਇਕ ਬੱਚਾ ਕਹਿੰਦਾ- ਉਏ ਉਸਤਾਦ ਸੁੱਤਾ ਪਿਐ, ਹੁੱਕੀ ਪੀਈਏ? ਸਾਰੇ ਤਿਆਰ। ਜੀ ਮੇਰਾ ਵੀ ਕੀਤਾ ਪਰ ਬਾਪੂ ਦੀਆਂ ਚਪੇੜਾਂ ਤੋਂ ਡਰ ਗਿਆ। ਮਾਂ ਨੇ ਦੱਸਿਆ ਸੀ- ਹੁੱਕੇ ਨੂੰ ਹੱਥ ਲੱਗ ਜਾਵੇ ਤਾਂ ਬੰਦਾ ਭਿੱਟਿਆ ਜਾਂਦੈ। ਗੰਗਾਜਲ ਦੇ ਛਿੱਟੇ ਮਾਰੋ ਤਾਂ ਮਸਾਂ ਭਿੱਟ ਲਹਿੰਦੀ ਐ। 

ਮੈਂ ਥਾਂਈਂ ਬੈਠਾ ਰਿਹਾ, ਸੰਗੀ ਸਾਥੀ ਝੋਂਪੜੀ ਵਿਚ ਜਾਕੇ ਸੂਟੇ ਲਾਉਣ ਲੱਗੇ। ਕੁੱਝ ਦੇਰ ਬਾਦ ਹੱਥੋਪਾਈ ਖੋਹ ਖਿੰਜ ਵੀ ਹੋਣ ਲੱਗੀ, ਉਏ ਤੂੰ ਇੰਨੇ ਸੂਟੇ ਲਾ ਲਏ ਹੁਣ ਮੈਨੂ ਵੀ ਦੇਹ। ਹੁੱਕੀ ਵਿਚ ਅੱਗ ਵੀ ਹੈ ਸੀ ਕਿ ਨਹੀਂ, ਪਤਾ ਨਹੀਂ, ਬਸ ਗੁੜ-ਗੁੜ, ਗੁੜ-ਗੁੜ ਦੀ ਆਵਾਜ਼ ਉਨ੍ਹਾ ਨੂੰ ਅਨੰਦ ਦੇਈ ਗਈ। ਇਸ ਖਿੱਚ ਧੂਹ ਦੌਰਾਨ ਫਕੀਰੀਏ ਦੀ ਅੱਖ ਖੁਲ ਗਈ। ਝਟਕਾ ਮਾਰ ਕੇ ਉਠਿਆ, ਗਾਲਾਂ ਦੇਣ ਲੱਗਾ- ਹਰਾਮਜ਼ਾਦੇ। ਪਤਾ ਨੀਂ ਕਿਸ ਜਾਤ ਕੁਜਾਤ ਦੇ ਨੇ। ਮੇਰੀ ਹੁੱਕੀ ਭਿੱਟ ਗਏ। ਥੋੜੀ ਦੂਰ ਉਨ੍ਹਾ ਦਾ ਪਿੱਛਾ ਵੀ ਕੀਤਾ ਪਰ ਲੰਗੜੇ ਨੂੰ ਕੀ ਸਮਝਦੇ ਸਨ ਉਹ। ਤਿੱਤਰ ਹੋ ਗਏ। ਉਸਦਾ ਵਾਕ- ਹੁੱਕੀ ਭਿੱਟ ਗਏ, ਸੁਣਕੇ ਮੈਂ ਦੰਗ ਰਹਿ ਗਿਆ। ਕੋਈ ਜਾਤ ਇਸ ਤਰਾਂ ਦੀ ਮਾੜੀ ਵੀ ਹੁੰਦੀ ਹੈ ਜਿਸ ਦੀ ਛੁਹ ਨਾਲ ਹੁੱਕੀ ਵੀ ਭਿੱਟੀ ਜਾ ਸਕਦੀ ਹੈ?

ਮੈਨੂੰ ਫਕੀਰੀਆ ਕਹਿੰਦਾ- ਜੁਆਨਾ ਪਾਣੀ ਦਾ ਡੋਲੂ ਭਰਕੇ ਲਿਆ ਗਵਾਂਢੀਆਂ ਦੇ ਖੂਹ ਤੋਂ, ਘੜੇ ਵਿਚੋਂ ਮੁੱਕ ਗਿਐ। ਮੈਂ ਪੁਛਿਆ- ਤਾਇਆ ਮੈਨੂੰ ਤੂੰ ਕੁਸ਼ ਨੀ ਕਿਹਾ। ਮੈ ਵੀ ਤਾਂ ਸ਼ਰਾਰਤੀ ਬੱਚਿਆਂ ਵਿਚ ਹੋ ਸਕਦਾ ਸੀ? ਉਹ ਹੱਸਿਆ- ਮੈਂ ਬੇਵਕੂਫ ਇਆਂ ਕੋਈ? ਸੱਠਾਂ ਵਰ੍ਹਿਆਂ ਦਾ ਤਜਰਬਾ ਇਆ ਮੇਰਾ। ਤੂੰ ਉਨ੍ਹਾਂ ਵਿਚ ਹੁੰਦਾ ਫੇਰ ਤੂੰ ਆਰਾਮ ਨਾਲ ਇੱਥੇ ਬੈਠਣਾ ਸੀ? ਉਏ ਪੱਲੇ ਗੱਲ ਬੰਨ੍ਹ ਲੈ ਜੁਆਨਾ ਮੇਰੀ, ਚੋਰ ਭੱਜੇਗਾ, ਸਾਧ ਬੈਠੇਗਾ ਆਰਾਮ ਨਾਲ। ਸਮਝਿਆ ਕਿ ਨਹੀਂ?

ਮੋਬਾਇਲ: +91 94642 51454 

***