ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਨੇ ਸਿੱਖ ਹੈਰੀਟੇਜ ਸਕੂਲ ਲਈ 6.5 ਲੱਖ ਡਾਲਰ ਦੀ ਜ਼ਮੀਨ ਖਰੀਦੀ..........ਹਰਜਿੰਦਰ ਸਿੰਘ ਬਸਿਆਲਾ

ਆਕਲੈਂਡ : ਨਿਊਜ਼ੀਲੈਂਡ ਦੇ ਵਿਚ ਸਾਢੇ ਅੱਠ ਏਕੜਾਂ ਦੇ ਵਿਚ ਫੈਲੇ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ ‘ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ’ ਜਿਸ ਦੀ ਲਾਗਤ ਅੱਜ ਤੋਂ ਸਾਢੇ ਸੱਤ ਸਾਲ ਪਹਿਲਾਂ 80 ਲੱਖ ਡਾਲਰ (35 ਕਰੋੜ ਰੁਪਏ) ਆਈ ਸੀ ਅਤੇ ਇਸ ਦਾ ਉਦਘਾਟਨ 13 ਮਾਰਚ, 2005 ਨੂੰ ਦੇਸ਼ ਦੀ ਪ੍ਰਧਾਨ ਮੰਤਰੀ ਨੇ ਕੀਤਾ ਸੀ, ਵਿਖੇ ਸਥਾਪਿਤ ‘ਸਿੱਖ ਹੈਰੀਟੇਜ਼ ਸਕੂਲ’ ਦੇ ਲਈ ਹੁਣ ਵੱਖਰੀ ਗੁਰਦੁਆਰਾ ਸਾਹਿਬ ਦੀ ਚਾਰਦਿਵਾਰੀ ਦੇ ਨਾਲ ਲਗਦੀ 2500 ਵਰਗ ਮੀਟਰ ਜ਼ਮੀਨ ਖਰੀਦੀ ਗਈ ਹੈ। ਅੱਜ ਇਸ ਸਬੰਧੀ ਐਲਾਨ ਕਰਦਿਆਂ ਸੁਸਾਇਟੀ ਦੇ ਬੁਲਾਰੇ ਸ. ਦਲਜੀਤ ਸਿੰਘ ਨੇ ਸੰਗਤ ਨੂੰ ਸੰਬੋਧਨ ਹੁੰਦਿਆ ਦੱਸਿਆ ਕਿ ਇਹ ਜ਼ਮੀਨ ਗੁਰੂ ਘਰ ਦੇ ਸ਼ਰਧਾਲੂ ਸ. ਬਲਦੇਵ ਸਿੰਘ ਮਾਨ ਤੇ ਉਨ੍ਹਾਂ ਦੀ ਸੁਪਤਨੀ ਬੀਬੀ ਮਨਜੀਤ ਕੌਰ ਪਿੰਡ ਟੂਟੂ ਮਜਾਰਾ ਹੁਸ਼ਿਆਰਪੁਰ ਵਾਲਿਆਂ ਨੇ ਖਰੀਦ ਕੀਮਤ ਤੋਂ ਘੱਟ ਕੀਮਤ ’ਤੇ ਗੁਰੂ ਘਰ ਵਾਸਤੇ ਦਿੱਤੀ ਹੈ। ਉਨ੍ਹਾਂ ਇਹ ਜ਼ਮੀਨ ਕੁਝ ਸਾਲ ਪਹਿਲਾਂ 6.50 ਲੱਖ ਡਾਲਰ ਦੀ ਕੰਪਨੀ ਦੇ ਨਾਂਅ ’ਤੇ ਖਰੀਦੀ ਸੀ ’ਤੇ ਇਸ ਨੂੰ ਹੁਣ 6.15 ਲੱਖ (ਪੌਣੇ ਤਿੰਨ ਕਰੋੜ) ਦੇ ਵਿਚ ਗੁਰੂ ਘਰ ਨੂੰ ਦੇਣ ਦਾ ਫੈਸਲਾ ਕੀਤਾ ਹੈ। ਇਸਦੇ ਨਾਲ ਹੀ ਉਨ੍ਹਾਂ ਇਸ ਜ਼ਮੀਨ ਉਤੇ ਤਿੰਨ ਮੰਜ਼ਿਲੀ ਸਿੱਖ ਹੈਰੀਟੇਜ ਸਕੂਲ ਦੇ ਕਾਰਜਾਂ ਨੂੰ ਸ਼ੁਰੂ ਕਰਨ ਦੇ ਲਈ ਇਕ ਲੱਖ ਡਾਲਰ (45 ਲੱਖ) ਦਾ ਨਿੱਜੀ ਯੋਗਦਾਨ ਪਾਉਣ ਦੀ ਵੀ ਗੁਰੂ ਘਰ ਤੋਂ ਖੁਸ਼ੀ ਲਈ ਹੈ। 
ਸਿੱਖ ਹੈਰੀਟੇਜ਼ ਸਕੂਲ ਦੀ ਇਮਾਰਤ ਉਸਾਰੀ ਦਾ ਰਸਮੀ ਉਦਘਾਟਨ 13 ਨਵੰਬਰ ਨੂੰ ਬੰਦੀ ਛੋੜ ਦਿਵਸ (ਦੀਵਾਲੀ) ਵਾਲੇ ਦਿਨ ਸ਼ਾਮ 6 ਵਜੇ ਦਮਮਦੀ ਟਕਸਾਲ ਤੋਂ ਪਹੁੰਚ ਰਹੇ ਸਿੱਖ ਪ੍ਰਚਾਰਕਾਂ ਅਤੇ ਪੰਜ ਪਿਆਰਿਆਂ ਵੱਲੋਂ ਟੱਕ ਲਾ ਕੇ ਕੀਤਾ ਜਾਵੇਗਾ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ. ਬਲਦੇਵ ਸਿੰਘ ਮਾਨ ਤੇ ਬੀਬੀ ਮਨਜੀਤ ਕੌਰ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਸੁਸਾਇਟੀ ਵੱਲੋਂ ਸੰਗਤ ਨੂੰ ਅਪੀਲ ਕੀਤੀ ਗਈ ਕਿ ਇਸ ਵੱਡੇ ਪ੍ਰਾਜੈਕਟ ਦੇ ਵਿਚ 75 ਉਨ੍ਹਾਂ ਪਰਿਵਾਰਾਂ ਦੀ ਲੋੜ ਹੈ ਜੋ ਤਿੰਨ ਸਾਲ ਦੇ ਵਾਸਤੇ 20000 ਡਾਲਰ ਬਿਨਾਂ ਵਿਆਜ ਤੋਂ ਸੁਸਾਇਟੀ ਨੂੰ ਦੇ ਸਕਣ। ਇਨ੍ਹਾਂ ਪਰਿਵਾਰਾਂ ਨੂੰ ਇਹ ਰਕਮ ਤਿੰਨ ਸਾਲ ਬਾਅਦ ਵਾਪਿਸ ਦਿੱਤੀ ਜਾਵੇਗੀ। ਇਸ ਨਵੇਂ ਪ੍ਰਾਜੈਕਟ ਦੇ ਵਾਸਤੇ ਸ. ਦਲਜੀਤ ਸਿੰਘ ਨੇ ਤੁਰੰਤ 15000 ਡਾਲਰ ਦਾ ਯੋਗਦਾਨ ਪਾਉਣ ਦਾ ਐਲਾਨ ਕੀਤਾ। ਇਸ ਤੋਂ ਬਾਅਦ ਸੰਗਤ ਨੇ ਵੀ 20000 ਡਾਲਰ ਬਿਨਾਂ ਵਿਆਜ ਤਿੰਨ ਸਾਲਾਂ ਲਈ ਦੇਣ ਲਈ ਆਪਣੇ ਨਾਮ ਲਿਖਵਾਉਣੇ ਸ਼ੁਰੂ ਕਰ ਦਿੱਤੇ ਹਨ। ਹੁਣ ਤੱਕ ਸੁਸਾਇਟੀ ਕੋਲ ਪਹੁੰਚੇ ਨਾਵਾਂ ਦਾ ਵੇਰਵਾ ਇਸ ਤਰ੍ਹਾਂ ਹੈ:
 1. ਸ. ਸਮਸ਼ੇਰ ਸਿੰਘ ਪੁੱਕੀਕੁਈ
2. ਸ. ਦਲਬੀਰ ਸਿੰਘ ਲਸਾੜਾ
3. ਸ. ਖੜਗ ਸਿੰਘ
4. ਸ. ਰਣਵੀਰ ਸਿੰਘ ਲਾਲੀ
5. ਤੀਰਥ ਸਿੰਘ ਅਟਵਾਲ
6. ਤਾਰਾ ਸਿੰਘ ਬੈਂਸ

****