ਪ੍ਰਗਤੀਵਾਦੀ ਲੇਖਣੀ ਹੀ ਸਮਾਜ ਅੰਦਰ ਲਿਤਾੜੇ ਤੇ ਤਿ੍ਸਕਾਰੇ ਲੋਕਾਂ ਦੀ ਬਾਂਹ ਫੜਦੀ ਹੈ.......... ਲਾਲ ਸਿੰਘ ਦਸੂਹਾ


ਡਾ ਭੁਪਿੰਦਰ ਕੌਰ ਕਪਰੂਥਲਾ ਨਾਲ ਕਹਾਣੀਕਾਰ ਲਾਲ ਸਿੰਘ ਦੀ ਕਹਾਣੀ ਕਲਾ ਅਤੇ ਸ਼ੈਲੀ ਬਾਰੇ ਹੋਈ ਬਹਿਸ

ਡਾ਼ ਭੁਪਿੰਦਰ ਕੌਰ : ਤੁਸੀ ਕਹਾਣੀ ਲਿਖਣ ਦਾ ਆਰੰਭ ਕਿਨਾਂ ਮੰਤਵਾਂ ਨਾਲ ਕੀਤਾ ?

ਲਾਲ ਸਿੰਘ     : ਸਾਹਿਤ ਚੂੰ ਕਿ ਇੱਕ ਸਮਾਜਿਕ ਵਸਤੂ ਹੈ ਤੇ ਸਮਾਜ ਦਾ ਇਤਿਹਾਸਿਕ ਬਦਲਾਅ ਰਾਜਨੀਤਰ ਪ੍ਰਤੀਪੇਖ ਨਾਲ ਪਿੱਠ ਜੁੜਦਾਂ ਹੈ । ਇਸ ਲਈ ਸਾਹਿਤ ਦੀ ਭੂਮਿਕਾ ਬਦਲਦੇ ਪਰਿਪੇਖ ਨਾਲ ਬਦਲਦੀ ਹੈ । ਰਜਵਾੜਾ ਸ਼ਾਹੀ ਯੁੱਗ ਤੱਕ ਸਾਹਿਤ ਕੇਵਲ ਮਨੋਰੰਜਨ ਦਾ ਹੀ ਇੱਕ ਵਸੀਲਾ ਰਿਹਾ । ਸਾਮੰਤਵਾਦੀ ਵਰਤਾਰੇ ਦੇ ਦੋਹਰੇ-ਤੀਹਰੇ ਦਬਾਅ ਨੇ ਸਾਹਿਤ ਤੋਂ ਹੋਰ ਵਡੇਰੀ ਭੂਮਿਕਾ ਦੀ ਮੰਗ ਕੀਤੀ । ਇਸ ਮੰਗ ਦੀ ਪੂਰਤੀ ਵਜੋਂ ਸਾਹਿਤ ਨੇ ਮਨੋਰੰਜਨ ਦੇ ਨਾਲ ਨਾਲ ਪਾਠਕ ਦਾ ਮਨੋਵਿਵੇਚਨ ਵੀ ਕਰਨਾ ਸੀ ਅਤੇ ਕੀਤਾ ਵੀ । ਸਮਾਜਿਕ ਵਿਕਾਸ ਦੇ
ਤੀਸਰੇ ਪੜਾਅ ਭਾਵ ਸਰਮਾਏ ਦੀ ਪ੍ਰਧਾਨਤਾ ਵਾਲੇ ਸਮੇਂ ਅੰਦਰ ,ਸਾਹਿਤ ਨੇ ਮਨੋਰੰਜਨ,ਮਨੋਵਿਵੇਚਨ ਦੇ ਉਦੇਸ਼ਾਂ ਦੀ ਸਫ਼ਲ ਪੂਰਤੀ ਕਰਨ ਦੇ ਨਾਲ ਨਾਲ  ਸਾਮਜਿਕ ਤਬਦੀਲੀ ਲਈ ਇਕ ਹਥਿਆਰ ਵਜੋਂ ਵਰਤੇ ਜਾਣ ਦੇ ਅਹਿਮ ਰੋਲ ਨੂੰ ਵੀ ਨਿਭਾਇਆ ।
ਮੇਰਾ ਕਹਾਣੀ ਲਿਖਣ ਦਾ ਆਰੰਭ ਸਾਹਿਤ ਦੇ ਸਮਾਜਿਕ ਤਬਦੀਲੀ ਵਜੋਂ ਵਰਤੇ ਜਾਣ ਦੇ ਉਦੇਸ਼ ਨਾਲ ਸੰਬੰਧਤ ਹੈ । ਅੱਗੇ ਚੱਲ ਕੇ ਇਹ ਉਦੇਸ਼ ਸਮਾਜਿਕ ਸਭਿਆਚਾਰਕ ਵਿਸੰਗਤੀਆਂ ਪ੍ਰਤੀ ਚੇਤਨਾ ਪ੍ਰਦਾਨ ਕਰਨ ਵੱਲ ਰੁਚਿਤ ਹੋ ਗਿਆ ।

ਡਾ਼ ਭੁਪਿੰਦਰ ਕੌਰ : ਕਹਾਣੀ ਦੇ ਸਫ਼ਰ ਵਿਚ ਤੁਸੀ ਕਿਹੜੇ ਕਿਹੜੇ ਸਾਹਿਤਕਾਰਾਂ ਤੋਂ ਪ੍ਰਭਾਵਿਤ ਹੋਏ ?

ਲਾਲ ਸਿੰਘ      : ਕਹਾਣੀ ਲੇਖਣ ਦਾ ਸਫ਼ਰ ਕਰਦਿਆਂ ਹੋਰਨਾਂ ਸਾਹਿਤਕਾਰਾਂ ਦੇ ਪ੍ਰਭਾਵ ਤੋਂ ਜੇ ਤਾਂ ਇਹ ਅਰਥ ਹੋਵੇ ਕਿ ਮੈਂ ਉਨਾਂ ਵਰਗਾ ਲਿਖਣ ਦਾ ਯਤਨ ਕੀਤਾ ਤਾਂ ਮੇਰਾ ਉਤਰ ਨਾਂ ਵਿਚ ਹੈ । ਮੇਰਾ ਆਪਣੀ ਲਿਖਤ ਤੇ ਆਪਣਾ ਹੀ ਪ੍ਰਭਾਵ ਹੈ ਕਿਸੇ ਓਪਰੀ ਸ਼ਖ਼ਸੀਅਤ ਦਾ ਨਹੀਂ । ਪਰ ਜੇ ਪਿਤਾਮਾ ਲੇਖਕਾਂ ਦੀਆਂ ਲਿਖਤਾਂ ਨੂੰ ਸਵੀਕਾਰਨ ਨੂੰ ਪ੍ਰਭਾਵ ਗਿਣਿਆ ਜਾਣਾ ਹੈ ਤਾਂ ਉਸ ਸੂਚੀ ਵਿੱਚ ਰੂਸੀ ਨਾਵਲ ਲੇਖਕਾਂ ਟਾਲਸਤਾਏ ,ਆਸਤਰੋਵਸਕੀ,ਗੋਰਕੀ,ਸ਼ੋਲੋਖੋਵ । ਭਾਰਤੀ ਭਾਸ਼ਾਵਾਂ ਦੇ ਸਮਾਜਵਾਦੀ ਲੇਖਕਾਂ ਵਿਚੋਂ ਮੁਨਸ਼ੀ ਪ੍ਰੇਮ ਚੰਦ,ਕਿ੍ਸ਼ਨ ਚੰਦਰ,ਰਾਜਿੰਦਰ ਸਿੰਘ ਬੇਦੀ,ਅਨਿਲ ਬਰਵੇ । ਪੰਜਾਬੀ ਕਹਾਣੀਕਾਰ ਲੇਖਕਾਂ ਦੀ ਲੰਮੀ ਸੂਚੀ ਵਿਚੋਂ ਕੇਵਲ ਇੱਕੋ ਇੱਕ ਸਖਸ਼ੀਅਤ ਦਾ ਪ੍ਰਭਾਵ ਕਬੂਲਿਆ ਹੈ । ਉਹ ਹਨ  ਪਿ੍ਸੀਪਲ ਸੁਜਾਨ ਸਿੰਘ ।ਇਸ ਦਾ ਕਾਰਨ ਸ਼ਾਇਦ ਇਹ ਹੈ ਕਿ ਸਾਡੇ ਪੰਜਾਬੀ ਭਾਸ਼ਾ ਦੇ ਲੇਖਕ ਵਧਿਆ ਸ਼ਾਇਰ ਵੀ ਹਨ,ਵਧੀਆ ਨਾਵਲਕਾਰ ਵੀ ਹਨ ,ਪਰ ਇਹਨਾਂ ਵਿੱਚ ਇੱਕ ਵੀ ਪਿ੍ਸੀਪਲ ਸੁਜਾਨ ਸਿੰਘ ਵਰਗਾ ਵਧੀਆ ਸਾਹਿਤਕਾਰ ਭਾਵ ਸਿਰਜਨਾ ਤੇ ਜੀਵਨ ਨੂੰ ਇਕਮਿੱਕ ਕਰਕੇ ਜਿੰਦਗੀ ਕੱਟਣ ਵਾਲਾ ਇਨਸਾਨ ਨਹੀ ਹੈ ।

ਡਾ਼ ਭੁਪਿੰਦਰ ਕੌਰ : ਤੁਸੀ ਆਪਣੀਆਂ ਕਹਾਣੀਆਂ ਦੀ ਕਿਸੇ ਪੁਸਤਕ ਦੀ ਭੂਮਿਕਾ ਕਿਸੇ ਨਾਮਵਰ ਆਲੋਚਕ ਜਾਂ ਉਘੀ ਸਾਹਿਤਕ ਸ਼ਖ਼ਸ਼ੀਅਤ ਤੋਂ ਨਹੀ ਲਿਖਵਾਈ । ਇਸ ਪਿੱਛੇ ਕੀ ਸਾਇਕੀ ਕੰਮ ਕਰਦੀ ਹੈ ?

ਲਾਲ ਸਿੰਘ       : ਇਹ ਸੱਚ ਹੈ ਕਿ ਭੂਮਿਕਾ,ਸੰਬੰਧਤ ਪੁਸਤਕ ਅੰਦਰਲੀ ਸਮੱਗਰੀ ਦੀ ਅਗਾਊ ਜਾਣਕਾਰੀ ਦੇਣ ਦੇ ਨਾਲ ਨਾਲ ਕਦਾਈ ਪਾਠਕ ਅੰਦਰ ਇਸ ਨੂੰ ਪੜਨ ਲਈ ਪ੍ਰੇਰਿਤ ਕਰਦੀ ਹੈ , ਪਰ ਕਦੇ ਕਦਾਈ ਪਾਠਕ ਕੇਵਲ ਭੂਮਿਕਾ ਪੜ੍ਹ ਕੇ ਹੀ ਪੁਸਤਕ ਅੰਦਰਲੇ ਸਾਰ ਨੂੰ ਹੀ ਆਪਣੀ ਰੁਚੀ ਦੇ ਅਨੁਪਾਤ ਅਨੁਸਾਰ ਢਲਦਾ ਨਾਂਹ ਜਾਂਚ ਕੇ , ਇਸ ਨੂੰ ਬਿਨਾਂ ਪੜ੍ਹੇ ਠੱਪ ਵੀ ਕਰ ਦਿੰਦਾ ਹੈ , ਇਨਾਂ ਦੋਹਾਂ ਤੱਥਾਂ ਵਿਚਕਾਰ ਘਿਰੇ ਨੇ ਮੈਂ ਆਪਣੀਆਂ ਕਹਾਣੀ ਪੁਸਤਕਾਂ ਦੀ ਭੂਮਿਕਾ ਲਿਖਵਾਉਣ ਲਈ ਕੋਈ ਤਰੱਰਤ ਨਹੀ ਕੀਤਾ । ਹਾਂ , ਪਹਿਲੀ ਪੁਸਤਰ ਮਾਰਖੋਰੇ ਅੰਦਰ ਸ਼ਾਮਿਲ ਕਹਾਣੀਆਂ ਨੂੰ ਪੁਸਤਕ ਦੇ ਰੂਪ ਵਿਚ ਵਿਚਰਨ ਤੋਂ ਪਹਿਲਾਂ ਲੁਧਿਆਣੇ ਪੰਜਾਬੀ ਭਵਨ ਅੰਦਰ ਕਿਸੇ ਸੈਮੀਨਾਰ ਸਮੇਂ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਨੇ ਮੇਰੀ ਕਹਾਣੀ ਲਿਖਤ ਨੂੰ ਹੱਲਾਸ਼ੇਰੀ ਦੇਦਿਆਂ ਕਿਹਾ ਸੀ ~ਤੇਰੀ ਪੁਸਤਕ ਦੀ ਭੂਮਿਕਾ ਮੈਂ ਲਿਖੂ !!~ ਪਿਛੋਂ ਵਿਰਕ ਹੁਰਾਂ ਕਾਫੀ ਢਿੱਲ ਮੱਠ ਦਿਖਾਈ ਤੇ ਮੈਂ ਭੂਮਿਕਾ ਲਿਖਵਾਉਣ ਦੇ ਇਰਾਦੇ ਨੂੰ ਉਂਝ ਹੀ ਤਿਲਾਂਜਲੀ ਦੇ ਦਿੱਤੀ । ਇਹ ਸ਼ਾਇਦ ਇਸ ਲਈ ਹੋਇਆ ਕਿ ਮੇਰੀਆਂ ਪੰਜਾਂ ਪੁਸਤਕਾਂ ਅੰਦਰ ਸ਼ਾਮਿਲ ਕਹਾਣੀਆਂ ਵਿਚੋਂ ਬਹੁਗਿਣਤੀਆਂ ਦਾ ਸਿਰਜਨਾ ਅੰਦਰ ਛਪਣਾ ਜਾਣਾ ਆਪਣੇ ਆਪ ਵਿਚ ਹੀ ਇਕ ਬਹੁਤ ਵੱਡੀ ਭੂਮਿਕਾ ਬਣਦਾ ਹੈ ।

ਡਾ਼ ਭੁਪਿੰਦਰ ਕੌਰ : ਅਜਿਹਾ ਅਕਸਰ ਸੁਨਣ ਨੂੰ ਮਿਲਦਾ ਹੈ ਕਿ ਹੁਣ ਮਾਰਕਸਵਾਦ ਨਿਘਾਰ ਵੱਲ ਚਲੇ ਗਿਆ ਹੈ ,ਜਿਸ ਕਾਰਨ ਸਾਹਿਤ ਦੇ ਪ੍ਰਗਤੀਵਾਦੀ ਦੌਰ ਦਾ ਅੰਤ ਹੋ ਗਿਆ ਹੈ । ਤੁਸੀ ਫਿਰ ਵੀ ਪ੍ਰਗਤੀਵਾਦੀ ਧਾਰਨਾ ਵਾਲੀਆਂ ਲਿਖਤਾਂ ਨਾਲ ਮੋਹ ਪਾਲ ਰਹੇ ਹੋ ? ਅਜਿਹਾ ਕਿਉਂ ਹੈ ?

ਲਾਲ ਸਿੰਘ       ਜਿਥੋ ਤੱਕ ਮਾਰਕਸਵਾਦ ਦੇ ਨਿਘਾਰ ਵੱਲ ਜਾਣ ਦਾ ਸੰਬੰਧ ਹੈ ,ਇਸ ਨਾਲ ਮੇਰਾ ਸਹਿਮਤ ਹੋਣਾ ਔਖਾ ਹੀ ਨਹੀ ਨਾ ਮੁਮਕਿਨ ਵੀ ਹੈ , ਮਾਰਕਸਵਾਦ ਇਕ ਵਿਗਿਆਨ ਹੈ ,ਕਿਸੇ ਵੀ ਯੁੱਗ ਦੀ ਸਮਾਜਿਕ ਬਣਤਰ ਦੇ ਇਤਿਹਾਸ,ਰਾਜਨੀਤੀ,ਆਰਥਿਕਤਾ,ਸਭਿਆਚਰਕ ਆਦਿ ਨੂੰ ਪਰਖਣ ਘੋਖਣ ਲਈ ਡਾਇਲੈਕਟਿਸ ਹੈ ਤੇ ਡਾਇਲੈਕਟਿਸ ਵੀ ਦਵੰਦ ਆਤਮਿਕ । ਭਾਰਤੀ ਅਤੇ ਪੰਜਾਬੀ ਸਮਾਜ ਇਕੋ ਵੇਲੇ ਕਬੀਲਾਦਾਰੀ,ਸਾਮੰਤੀ,ਪੂੰਜੀਕਾਰੀ ਅਤੇ ਸਮਾਜਵਾਦੀ ਪ੍ਰਬੰਧ ਦਾ ਮਿਲਗੋਭਾ ਜਿਹਾ ਹੋਇਆ ਮਿਲਦਾ ਹੈ । ਪਿਛਲੀ ਸਦੀ ਅੰਦਰ ਸਮੰਤਸ਼ਾਹੀ ਇੱਕ ਹੱਦ ਤੱਕ ਹੋਏ ਵਿਸਰਜਨ ਅਤੇ ਪੂੰਜੀਵਾਦ ਦੀ ਚੜਤ ਅੰਦਰ ਮਾਨਵੀ ਕਦਰਾਂ ਕੀਮਤਾਂ ਦੀ ਰਾਖੀ ਜੇ ਕਿਸੇ ਸਿਧਾਂਤ ਨੇ ਕੀਤੀ ਹੈ ਤਾਂ ਮਾਰਕਸਵਾਦ ਨੂੰ ਪ੍ਰਣਾਏ ਸਮਾਜਵਾਦੀ ਪ੍ਰਬੰਧ ਅਤੇ ਇਸ ਤੇ ਸਾਹਿਤਕ ਬਿੰਬ ਪ੍ਰਗਤੀਵਾਦ ਨੇ ਹੀ ਕੀਤੀ । ਪਰ 20ਵੀਂ ਸਦੀ ਦੇ ਦਸਵੇਂ ਦਹਾਕੇ ਦੇ ਸ਼ੁਰੂ ਵਿਚ ਮਾਰਕਸਵਾਦੀ ਪ੍ਰਣਾਲੀ ਦੇ ਰਾਜਨੀਤਰ ਸੰਗਠਨ ਦੇ ਵਿਸਰ ਜਾਣ ਨੂੰ ਮਾਰਕਸਵਾਦ ਦੇ ਨਿਘਾਰ ਦੀ ਸੰਘਿਆ ਬਿਲਕੁਲ ਨਹੀਂ ਦਿਤੀ ਜਾਣੀ ਚਾਹਿਦੀ ।
ਵਿਗਿਆਨ ਵਜੋਂ ਮਾਰਕਸੀ ਫਲਸਫਾ ਅਜੇ ਵੀ ਕਾਈਮ ਹੈ ,ਅਜੇ ਵੀ ਉਨਾਂ ਹੀ ਕਾਰਗਰ ਹੈ । ਸਿੱਟੇ ਵਜੋਂ ਮੇਰੀ ਪ੍ਰਤੀਬੱਧਤਾ ਪ੍ਰਗਤੀਵਾਦੀ ਲੇਖਣੀ ਨਾਲ ਉਵੇਂ ਦੀ ਉਵੇਂ ਬਰਕਰਾਰ ਹੈ । ਪ੍ਰਗਤੀਵਾਦੀ ਲੇਖਣੀ ਹੀ ਸਮਾਜ ਅੰਦਰ ਲਿਤਾੜੇ ਤੇ ਤਿ੍ਸਕਾਰੇ ਲੋਕਾਂ ਦੀ ਬਾਂਹ ਫੜਦੀ ਹੈ

ਡਾ਼ ਭੁਪਿੰਦਰ ਕੌਰ : ਸਿਧਾਂਤਕ ਪ੍ਰਤੀਬੱਧਤਾ ਤੁਹਾਡੀ ਕਹਾਣੀ ਦੀ ਸਿਰਜਨਾ ਵਿਚ ਰੁਕਾਵਟ ਤਾਂ ਨਹੀ ਬਣਦੀ ? ਕੀ ਇਹ ਕਹਾਣੀ ਸਿਰਜਣ ਵਿਚ ਸਹਾਈ ਹੁੰਦੀ ਹੈ ? ਜੇ ਹਾਂ ਤਾਂ ਕਿਉ ? ਭਾਵ ਵਿਸ਼ੇ ਤੀ ਚੋਣ,ਉਸਦੇ ਵਿਸ਼ਲੇਸ਼ਣ ਪਾਤਰਾਂ ਦੀ ਸਿਰਜਣਾ ਅਤੇ ਕਲਾਤਮਿਕਤਾ ਦੀ ਉਸਾਰੀ ਵਿਚ ਇਸਦਾ ਕੀ ਰੋਲ ਹੈ ?

ਲਾਲ ਸਿੰਘ    ਸਿਧਾਂਤਕ ਪ੍ਰਤੀਬੱਧਤਾ ਮੇਰੀ ਕਹਾਣੀ ਦੀ ਸਿਰਜਨਾ ਵਿਚ ਰੁਕਾਵਟ ਬਣਦੀ ਵੀ ਹੈ ਤੇ ਨਹੀ ਵੀ । ਬਣਦੀ ਉਦੋਂ ਹੈ ਜਦੋਂ ਸਥਿਤੀ ਘਟਨਾ ਜਾਂ ਪਾਤਰ ਕਹਿਣ-ਗੋਚਰੀ ਗੱਲ ਦਾ ਹਾਣ ਦੀ ਨਾ ਹੋਵੇ । ਪਰ ਜੇ ਸਥਿਤੀ ਘਟਨਾ ਜਾਂ ਪਾਤਰ ਕਹਿਣ-ਗੋਚਰੀ ਗੱਲ ਦਾ ਹਾਣ ਹੋਵੇ ਜਾਂ ਇਸ ਤੋਂ ਵੀ ਪ੍ਰਭਾਵੀ ਤਾਂ ਸਿਧਾਂਤ,ਪ੍ਰਤੀਬੱਧ, ਕਹਾਣੀ ਸਿਰਜਨਾ ਵਿਚ ਸਹਾਈ ਹੀ ਨਹੀ ਬਹੁਤ ਸਹਾਈ ਹੁੰਦੀ ਹੈ । ਮੇਰੀਆਂ ਜਿਹੜੀਆਂ ਕਹਾਣੀਆਂ ਸਿਧਾਂਤਕ ਟੀਚੇ ਨੂੰ ਪੂਰਵ ਨਿਰਧਾਰਿਤ ਕਰਕੇ ਹੋਂਦ ਵਿੱਚ ਆਈਆਂ ਹਨ ,ਉਹ ਕਹਾਣੀਆਂ ਕਹਾਣੀ ਕਲਾਤਮਿਕਤਾ ਪੱਖੋਂ ਕਮਜ਼ੋਰ ਰਹਿ ਗਈਆਂ ਹਨ । ਪਰ ਜਿਹੜੀਆਂ ਕਹਾਣੀਆਂ ਜੀਵਨ ਵਰਤਾਰੇ ਦੀ ਜਟਿਲਤਾ ਨੂੰ ਬੇਹੱਦ ਸਹਿਜ ਢੰਗ ਨਾਲ ਬਿਆਨ ਕਰਦੀਆਂ ,ਮੇਰੀ ਪ੍ਰਤੀਬੱਧਤਾ ਨੂੰ ਅਛੋਪਲੇ ਜਿਹੇ ਹੀ ਆਪਣੇ ਅੰਦਰ ਸਮੋਂ ਗਈਆਂ ਹਨ,ਸ਼ਾਇਦ ਉਨ੍ਹਾਂ ਕਰਕੇ ਹੀ ਤੁਸੀ ਮੈਨੂੰ ਪ੍ਰਤੀਬੱਧ ਕਹਾਣੀ ਲੇਖਕਾਂ ਦੀ ਸੂਚੀ ਵਿਚ ਸ਼ਾਮਿਲ ਕਰਦੇ ਹੋ ।
ਉਝ ਮੇਰਾ ਵਿਸ਼ਵਾਸ ਹੈ ਕਿ ਨਿਰੋਲ ਕਲਾਤਮਿਕਤਾ ਉਨੀ ਦੇਰ ਕੋਈ ਅਰਥ ਨਹੀਂ ਰੱਖਦੀ ਜਿੰਨੀ ਦੇਰ ਲੇਖਕ ਦੀ ਸਮਾਜਿਕ ਸਿਧਾਂਤਕ ਪ੍ਰਤੀਬੱਧਤਾ ਉਸ ਦੀਆਂ ਲਿਖਤਾਂ ਵਿਚ ਉੱਭਰਵੀ ਨਹੀ ਰੜਕਦੀ । ਇਸ ਸਿਧਾਂਤਕ ਪ੍ਰਤੀਬੱਧਤਾ ਦਾ ਕਲਾਤਮਿਕ ਉਸਾਰੂ ਹੀ ਲੇਖਕ ਅੰਦਰਲੀ ਪ੍ਰਤਿਭਾ ਦੀ ਪਛਾਣ ਬਣਦਾ ਹੈ ।

ਡਾ਼ ਭੁਪਿੰਦਰ ਕੌਰ : ਪੰਜਾਬੀ ਸਾਹਿਤ ਕਹਾਣੀ ਵਿਚ ਉੱਤਰ ਪ੍ਰਗਤੀਵਾਦੀ ਦੌਰ ਦੇ ਕਈਆਂ ਹੋਰਨਾਂ ਸਾਹਿਤਕ ਧਾਰਾਵਾਂ ਲਈ ਮੋਕਲੀ ਸਪੇਸ ਛੱਡ ਦਿੱਤੀ,ਜਿਨਾਂ ਵਿਚ ਪ੍ਰਮੁੱਖ ਦਲਿਤਵਾਦੀ ਸਾਹਿਤ,ਨਾਰੀਵਾਦੀ ਸਾਹਿਤ,ਉੱਤਰ ਆਧੁਨਿਕਦਾਵਾਦੀ ਆਦਿ , ਤੁਹਾਡੀਆਂ ਲਿਖਤਾਂ ਨੇ ਇਹਨਾਂ ਧਾਰਾਵਾਂ ਤੋਂ ਕਿੰਨਾ ਕੁ ਪ੍ਰਭਾਵ ਕਬੂਲਿਆ ਹੈ ?

ਲਾਲ ਸਿੰਘ  : ਇਹ ਠੀਕ ਹੈ ਕਿ ਪ੍ਰਗਤੀਵਾਦੀ ਦੌਰ ਤੋਂ ਪਿਛੋਂ ਅਜੋਕੇ ਸਾਹਿਤਕ ਖੇਤਰ ਵਿਚ ਨਾਰੀਵਾਦ,ਉਤਰ ਆਧੁਨਿਕਤਾ ਵਰਗੀਆਂ ਧਾਰਨਾਵਾਂ ਦੀ ਅਨੁਭੂਤੀ ਨੇ ਆਪਣੇ ਪੈਰ ਸਾਰੇ ਹਨ । ਪਰ ਮੇਰੀ ਸਮਾਜਵਾਦੀ ਯਥਾਰਥਵਾਦੀ ਦ੍ਰਿਸ਼ਟੀ ਤੋਂ ਉਪਰੋਤਕ ਧਾਰਨਾਵਾਂ ਦਾ ਪ੍ਰਭਾਵ ਨਾਂਹ ਤੇ ਬਰਾਬਰ ਹੈ । ਨਾਰੀਵਾਦ ਨੇ ਅੱਧੀ ਕੁ ਸਦੀ ਪਹਿਲਾਂ ਪੱਛਮ ਦੇ ਉੱਤਰ ਉਦਯੋਗ ਪੜਾਅ ਤੇ ਇਸਤਰੀ ਨੂੰ ਆਜ਼ਾਦ ਹੋਂਦ ਅਤੇ ਦੇਹ ਪ੍ਰਦਰਸ਼ਨ ਵਰਗੇ ਸੰਕਲਪਾਂ ਵਿੱਚ ਉਲਝਾ ਕੇ ਨਾਰੀ ਮੁਕਤੀ ਸੰਘਰਸ਼ ਨੂੰ ਬੇਹੱਦ ਨੁਕਸਾਨ ਪਹੁੰਚਾਇਆ । ਪੱਛਮੀ ਸਾਹਿਤ ਅੰਦਰ ਵੇਲਾ ਵਿਹਾ ਚੁੱਕੀ ਇਹ ਲਹਿਰ ਭਾਰਤੀ ਪੰਜਾਬੀ ਸੰਦਰਭ ਵਿੱਚ ਕਿਸੇ ਤਰਾਂ ਵੀ ਸਵੀਕਾਰਨ ਯੋਗ  ਨਹੀ ਬਣੀ ਤੇ ਰਹੀ ਗੱਲ ਉੱਤਰ ਆਧੁਨਿਕਤਾ ਦੀ ਇਸ ਵਾਦ ਨੇ ਜਿਥੇ  ਪੱਛਮੀ ਤਰਕਵਾਦ,ਅਮਰੀਕੀ ਵਿਹਾਰਵਾਦ ਸਮੇਤ ਮਾਰਕਸਵਾਦੀ ਦਵੰਦਵਾਦ ਨੂੰ ਵੀ ਨੈਗਲੈਕਟ ਕੀਤਾ ,ਉਥੇ ਹੁਣ ਤੱਕ ਦੇ ਕੁੱਲ ਇਤਿਹਾਸ ਤੇ ਵੀ ਕਾਟਾ ਮਾਰ ਦਿੱਤਾ ਹੈ ।
ਮਾਰਕਸਵਾਦ ਅਨੁਸਾਰ ਯਥਾਰਥ ਮਨੁੱਖੀ ਮਨ ਤੋਂ ਆਜ਼ਾਦ ਹੋਂਦ ਰੱਖਦਾ ਹੈ ਅਤੇ ਮਨੁੱਖ ਇਸ ਨੂੰ ਆਪਣੀਆਂ ਗਿਆਨ ਇਦਰੀਆਂ ਰਾਹੀਂ ਗ੍ਰਹਿਣ ਕਰਕੇ ਅਮਲੀ ਸਰਗਰਮੀ ਵਿਚ ਪਰਖਦਾ ਹੈ । ਉੱਤਰ ਆਧੁਨਿਕਤਾ ਯਥਾਰਥ ਨੂੰ ਸਿਰਫ਼ ਤੇ ਸਿਰਫ਼ ਮਨ ਦੀ ਸਿਰਜਨਾ ਗਰਦਾਨਦੇ ਹਨ । ਇਵੇਂ ਹੀ ਉੱਤਰ ਆਧੁਨਿਕਤਾਵਾਦੀ,ਆਧੁਨਿਕ ਚਿੰਤਨ ਦਾ ਬੇਲੋੜਾ ਵਿਰੋਧ ਕਰਦੇ ਹਨ । ਹੋਰ ਵੀ ਕਈ ਸਾਰੇ ਨੁੱਕਤੇ ਹਨ ਜਿਨ੍ਹਾਂ ਕਾਰਨ ਭਾਰਤੀ ਪੰਜਾਬੀ ਸਮਾਜ ਆਪਣੀ ਮੌਜੂਦਾ ਸੰਰਚਨਾ ਕਾਰਨ ਅਜੇ ਤਕ ਉੱਤਰ ਆਧੁਨਿਕਤਾ ਦੇ ਗਿਆਨ ਸ਼ਾਸ਼ਤਰ ਨੂੰ ਪ੍ਰਵਾਹ ਕਰਨ ਦੇ ਯੋਗ ਨਹੀ ਹੋਇਆ , ਪਿੰਡਾਂ ਦੇ ਧਰਾਤਲ ਨਾਲ ਜੁੜੀਆਂ ਮੇਰੀਆਂ ਕਹਾਣੀਆਂ ਤਾਂ ਅਜਿਹੇ ਬੇਲੋੜੇ ਤੇ ਬੋਝਲ ਜਿਹੋ ਸੰਕਲਪਾਂ ਤੋਂ ਕੋਹਾਂ ਦੂਰ ਹਨ ।

ਡਾ਼ ਭੁਪਿੰਦਰ ਕੌਰ : ਪੰਜਾਬ ਤ੍ਰਾਸਦੀ ਨਾਲ ਸੰਬੰਧਿਤ ਕਹਾਣੀਆਂ ਦਾ ਵਿਸ਼ਲੇਸ਼ਣ ਆਮ ਤੌਰ ਤੇ ਉਪਭਾਵੁਕ ਰਿਹਾ ਹੈ ਅਤੇ ਕਲਾਤਮਿਕਤਾ ਸਤੱਹੀ ਕਿਸਮ ਦੀ । ਕੀ ਤੁਸੀ ਸਮਝਦੇ ਹੋ ਕਿ ਤੁਹਾਡੀਆਂ ਕਹਾਣੀਆਂ ਵਿਚ ਸਮੱਸਿਆ ਨੂੰ ਡੂੰਘਾਈ ਤੱਕ ਕਲਾਤਮਿਕ ਢੰਗ ਨਾਲ ਫੜਨ ਦੀ ਕਾਮਯਾਬ ਕੋਸ਼ਿਸ਼ ਹੋਈ ਹੈ ? ਦੂਜੇ ਕਹਾਣੀਕਾਰਾਂ ਨਾਲੋਂ ਤੁਹਾਡੇ ਵਿਸ਼ਲੇਸ਼ਣ ਵਿਚ ਕੀ ਅੰਤਰ ਹੈ ?

ਲਾਲ ਸਿੰਘ  ਪੰਜਾਬ ਤ੍ਰਸਦੀ ਨਾਲ ਸੰਬੰਧਤ ਕਹਾਣੀਆਂ ਦਾ ਵਿਸ਼ਲੇਸ਼ਣ ਆਮ ਤੌਰ ਤੇ ਉਪਭਾਵੁਕ ਰਿਹਾ ਤੇ ਕਲਾਤਮਿਕਤਾ ਸਤੱਹੀ ਪੱਧਰ ਦੀ । ਇਹ ਦੋਸ਼ ਕਹਾਣੀ ਤੇ ਸ਼ਾਇਦ ਇਸ ਲਈ ਲੱਗਾ ਕਿ ਸਾਡੇ ਸਿਰਮੌਰ ਕਹਾਣੀ ਲੇਖਕ ਮਾਨਵਵਾਦੀ ਹੋਣ ਦਾ ਭਰਮ ਪਾਲਦੇ,ਆਮ ਸਧਾਰਨ ਵਾਂਗ ਹੀ ਹਿੰਦੂ ਲੇਖਕ ਜਾਂ ਸਿੱਖ ਲੇਖਕ ਹੋਣ ਦੀ ਅਭਿਵਿਅਕਤੀ ਤੋਂ ਉੱਪਰ ਉਠਣ ਦੀ ਚੇਸ਼ਟਾ ਨਹੀ ਕਰ ਸਕੇ । ਕੁਝ ਇੱਕ ਕਹਾਣੀਆਂ ਬਾਰੇ ਤਾਂ ਇਥੋਂ ਤੱਕ ਕਿਹਾ ਜਾਂਦਾ ਹੈ ਕਿ ਹੁਣ ਦੀ ਸੁਧਰੀ ਵੰਗਣੀ ਨਾਲੋਂ ਖਰੜਾ ਫਾਰਮ ਵਿਚ ਲਿਖਿਆ ਇਹ ਕਹਾਣੀਆਂ ਪੰਜਾਬੀ ਭਾਈਚਾਰਕ ਏਕਤਾ ਨੂੰ ਜਨੂੰਨਵਾਦੀਆਂ ਵਲੋਂ ਵੱਧ ਢਾਅ ਲਾ ਸਕਦੀਆਂ ਸਨ । ਅਜਿਹਾ ਦੋਸ਼ ਕੇਵਲ ਉਨ੍ਹਾਂ ਸਾਹਿੱਤਕਾਰਾਂ ਦੀਆਂ ਕਿਰਤਾਂ ਉੱਪਰ ਹੀ ਲੱਗਦਾ ਜਿਹੜੇ ਸਮਾਜਿਕ,ਸਿਧਾਂਤਕ ਪ੍ਰਤੀਬੱਧਤਾ ਨਾਲੋਂ ਸਾਹਿਤਕ ਪ੍ਰਸਿੱਧੀ ਵੱਲ ਵਧੇਰੇ ਰੁਚਿਤ ਰਹੇ ਹਨ ।
ਮੇਰੀਆਂ ਕਹਾਣੀਆਂ ਚੂੰ ਕਿ ਅਜਿਹੀ ਕਾਹਲ ਵਿਚ ਨਹੀ ਹਨ । ਇਹ ਸਮੱਸਿਆ ਦੀ ਡੂੰਘਾਈ ਵਿਚ ਜਾਣ ਦਾ ਨਿਗੂਣਾ ਜਿਹਾ ਯਤਨ ਕਰਦੀਆਂ ਹਨ,ਹੁਣ ਦੀ ਬਦਲੀ ਸਮਾਜਿਕ ਹਾਲਤ ( ਉੱਤਰ-ਤ੍ਰਸਦੀ) ਅੰਦਰ ਵੀ ਆਪਣਾ ਬਹੁਤਾ ਨਹੀ ਤਾਂ ਥੋੜਾ ਕੁ ਜਿੰਨਾ ਮੁੱਲ ਬਣਾਈ ਰੱਖਣ ਦੀ ਯੋਗਤਾ ਰੱਖਦੀਆਂ ਹਨ । ਸ਼ਰਤ ਇਹ ਹੈ ਕਿ ਇਨਾਂ ਦੇ ਪਾਠਕਾਂ ਦੀ ਰੁਚੀ ਨਿਰੋਲ ਸੌਂਦਰਯਾਵਾਦੀ ਨਾ ਹੋਵੇ ।

ਡਾ਼ ਭੁਪਿੰਦਰ ਕੌਰ : ਤੁਹਾਡੀਆਂ ਕਹਾਣੀਆਂ ਵਿੱਚ ਢੇਰ ਸਾਰੇ ਪਾਂਤਰ ਆਉਦੇ ਹਨ । ਉਨਾਂ ਵਿਚੋਂ ਪਛਾਨਯੋਗ ਕੁਝ ਇਕ ਹੀ ਹਨ । ਦੂਸਰੇ ਛੋਟੇ ਛੋਟੇ ਪਾਤਰਾਂ ਨੂੰ ਲਿਆਉਣ ਦਾ ਤੁਹਾਡਾ ਮੰਤਵ ਕੀ ਹੁੰਦਾ ਹੈ ਤੇ ਇਨ੍ਹਾਂ ਦੇ ਕਹਾਣੀਆਂ ਸੰਦਰਭ ਵਿਚ ਕੀ ਸਾਰਥਕਤਾ ਹੈ ? ਇਨ੍ਹਾਂ ਦੀ ਵਿਅਕਤੀਗਤ ਹੋਂਦ ਸਪਸ਼ਟ ਕਿਉ ਨਹੀਂ ਹੈ ? ਇਹ ਪਾਤਰ ਇਕ ਦੂਸਰੇ ਵਰਗੇ ਹੀ ਕਿਉਂ ਹੰਦੇ ਹਨ ?

ਲਾਲ ਸਿੰਘ    : ਮੇਰੀਆਂ ਕਹਾਣੀਆਂ ਵਿਚ ਪਾਤਰਾਂ ਦੇ ਬਹੁਤਾਤ ਵਿਚ ਆਉਣਾ ਪਿੱਛੇ ਕੋਈ ਉਚੇਚਾ ਜਾਂ ਖ਼ਾਸ ਕਾਰਨ ਨਹੀ । ਹਾਂ , ਕਹਾਣੀ ਦਾ ਮੁੱਖ ਸਰੋਕਾਰ ਇਸ ਸਥਿਤੀ ਨੂੰ ਰੂ-ਬ-ਰੂ ਹੁੰਦਾ ਹੈ । ਇਸ ਸਰੋਕਾਰ ਨਾਲ ਸੰਬੰਧਤ ਜਿਹੜਾ ਵੀ ਪਾਤਰ ਰਾਹ ਵਿਚ ਟਕਰਦਾ ਹੈ ਉਹ ਜਾਂ ਸਥਿਤੀ ਨੂੰ ਸੰਘਣਾ ਕਰਨ ਵਿਚ ਸਹਾਈ ਹੁੰਦਾ ਹੈ ਜਾਂ ਮੁੱਖ ਪਾਤਰ ਦੇ ਸਰੋਕਾਰ ਦਾ ਭਾਈਵਾਲ ਹੁੰਦਾ ਹੈ । ਕੋਈ  ਵੀ ਪਾਤਰ ਬੇਲੋੜਾ ਤੇ ਬੋਝਲ ਨਹੀ ਹੁੰਦਾ । ਉਸ ਦਾ ਆਪਣਾ ਇਕ ਅਸਤਿਤਵ ਹੋਵੇਗਾ । ਉਹ ਆਪਣਾ ਕਾਰਜ ਆਪਣੀ ਸੀਮਾ ਤੱਕ ਨਿਭਾ ਕੇ ਆਪਣੀ ਥਾਂ ਅਟਕਿਆ ਰਹਿੰਦਾ ਹੈ । ਮੁੱਖ ਪਾਤਰ ਵਾਂਗ ਉਸ ਦੀ ਕਹਾਣੀ ਦੇ ਮੁੱਖ ਸਰੋਕਾਰ ਨਾਲ ਬਹੁਤੀ ਚਿੰਤਾ ਨਹੀ ਹੁੰਦੀ । ਇਸ ਨਹੀ ਉਸ ਦੀ ਹੋਂਦ ਉਸਦੇ ਵਿਅਕਤੀਤਵ ਜਿੰਨੀ ਹੀ ਉਭਰਦੀ ਹੈ ,ਇਸ ਤੋਂ ਵੱਧ ਨਹੀਂ । ਮੁੱਖ ਪਾਤਰ ਦੇ ਰਾਹ ਵਿਚ ਆਉਣ ਵਾਲੇ ਸਾਰੇ ਪਾਤਰ ਇਕ ਦੂਜੇ ਵਰਗੇ ਨਹੀ ਹੁੰਦੇ । ਕੋਈ ਵੀ ਇਕ ਦੂਜੇ ਵਰਗਾ ਨਹੀ ਹੋ ਸਕਦਾ । ਉਂਝ ਉਹ ਜਮਾਤੀ ਵੰਡ ਦੀ ਸੀਮਾ ਤੋਂ ਬਾਹਰ ਰਹਿ ਕੇ ਵੀ ਦੋ ਤਰ੍ਹਾਂ ਹੋਣਗੇ  ਇਕ ਕਹਾਣੀ ਦੇ ਮੁੱਖ ਸਰੋਕਾਰ ਨਾਲ ਗੁੱਥਮ ਹੋਏ ਮੁੱਖ ਪਾਤਰ ਦੇ ਹਿਤ-ਹਿਤੇਸ਼ੀ ਅਤੇ ਦੂਜੇ ਉਸਦੇ ਵਿਰੋਧੀ । ਪ੍ਰਤੀਬੱਧਤਾ ਅਜਿਹੇ ਪਾਤਰਾਂ ਦੀ ਹੋਂਦ ਤੋਂ ਬਿਨਾਂ ਪ੍ਰਗਟਾਈ ਹੀ ਨਹੀ ਜਾ ਸਕਦੀ ।

ਡਾ਼ ਭੁਪਿੰਦਰ ਕੌਰ : ਕਹਾਣੀ ਨੂੰ ਸਿਰਜਨਾ ਲਈ ਤੁਸੀਂ ਸਚੇਤ ਤੌਰ ਤੇ ਕਿਹੜੀਆਂ ਕਲਾਤਮਕ ਵਿਧੀਆਂ ਦੀ ਵਰਤੋਂ ਕੀਤੀ ਹੈ ਜਿਵੇਂ ਕੁਝ ਇਕ ਤਾਂ ਪਛਾਣੀਆਂ ਜਾਂਦੀਆਂ ਜਿਵੇਂ ਪਿੱਛਲ ਝਾਤ,ਚੇਤਨਾ ਪ੍ਰਵਾਹ,ਵਿਅੰਗ ਆਦਿ । ਇਸ ਤੋਂ ਇਲਾਵਾ ਹੋਰ ?

ਲਾਲ ਸਿੰਘ   :  ਪਿੱਛਲ ਝਾਤ,ਚੇਤਨਾ ਪ੍ਰਵਾਹ,ਵਿਅੰਗ ਦੀ ਵਿਧੀ ਤੋਂ ਉਪਰੰਤ ਕੁਝ ਇਕ ਕਹਾਣੀਆਂ ਵਿਚ ਵਰਣਾਤਮਿਕ ਵਿਧੀ,ਆਤਮ ਕਥਾਤਮਿਕ ਵਿਧੀ ( ਧੁੰਦ ) , ਪ੍ਰਤੀਕਤਮਕ ਵਿਧੀ ( ਪਹਿਲੀ ਤੋਂ ਅਗਲੀ ਝਾਕੀ ),ਨਾਟਕੀ ਵਿਧੀ (ਜੜ੍ਹ) ਆਦਿ ਦੀ ਵਰਤੋਂ ਵੀ ਹੋਈ ਹੈ ।ਲਿਖਤ-ਸਥਿਤੀ ਕਿਸੇ ਵੀ ਇੱਕ ਵਿਧੀ ਰਾਹੀ ਨੇਪੜੇ ਨਹੀ  ਚਾੜ੍ਹੀ ਜਾ ਸਕਦੀ । ਕਹਾਣੀ ਦਾ ਉਸਾਰ ਥਾਂ ਲੋੜ ਅਨੁਸਾਰ ਵਿਧੀ ਨੂੰ ਬਦਲਦਾ ਪਰਤਦਾ ਰਹਿੰਦਾ ਹੈ ।

ਡਾ਼ ਭੁਪਿੰਦਰ ਕੌਰ : ਤੁਹਾਡੀ ਕਹਾਣੀ ਲੇਖਕ ਵਜੋਂ ਬਣੀ ਪ੍ਰਗਤੀਵਾਦੀ ਪ੍ਰਤੀਬੱਧ ਕਹਾਣੀਕਾਰ ਦੀ ਪਛਾਣ ਅੱਧੇ ਅਧੂਰੇ ਕਹਾਣੀ ਸੰਗ੍ਰਹਿ ਨਾਲ ਦਲਿਤ ਸਾਹਿਤ ਲੇਖਣੀ ਵੱਲ ਵਧੇਰੇ ਝੁਕਾਅ ਰੱਖਦੀ ਜਾਪਦੀ ਹੈ , ਇਸਦਾ ਕੀ ਕਾਰਨ ਸਮਝਿਆ ਜਾਵੇ ?

ਲਾਲ ਸਿੰਘ :  ਅੱਧੇ ਅਧੂਰੇ ਕਹਾਣੀ ਸੰਗ੍ਰਹਿ ਦੀਆਂ ਕਹਾਣੀਆਂ ਦਲਿਤ ਸਾਹਿਤ ਲੇਖਣੀ ਦੇ ਵੱਧ ਨੇੜੇ ਹਨ । ਇਸ ਵਿਚ ਕੋਈ ਸ਼ੱਕ ਦੀ ਗੁਜਾਇਸ਼ ਨਹੀਂ , ਪਰ ਇਨ੍ਹਾਂ ਕਹਾਣੀਆਂ ਨੂੰ ਦਲਿਤ ਕਹਾਣੀਆਂ ਬਿਲਕੁਲ ਨਹੀ ਕਿਹਾ ਜਾ ਸਕਦਾ । ਇਸ ਤੱਥ ਨੂੰ ਸਪਸ਼ਟ ਕਰਨ ਲਈ ਮੈਂ ਇਹ ਕਹਿਣ ਦੀ ਖੁੱਲ ਲਵਾਂਗਾ ਕਿ ਦਲਿਤ ਸਾਹਿਤ ਦੇ ਸੰਕਲਪ ਕਰਨ ਲਈ ਇਸ ਦੇ ਵਿਚਾਰਵਾਨਾਂ  ਨੇ ਸੌੜੀ ਪਰਿਭਾਸ਼ਾ ਅੰਦਰ ਜਗੜ ਦਿੱਤਾ , ਭਾਵ ਕਿ ਸਿਰਫ਼ ਜਾਤਾਂ-ਬਰਾਦਰੀਆਂ ਦੀ ਵਲਗਣ ਤੱਕ ਸੀਮਤ ਸਮਾਜ ਦੇ ਹੋਰਨਾਂ ਨਾਮ-ਨਿਹਾਦ ਉੱਚ ਵਰਗਾਂ ਵਿਚ ਵੀ ਦੇਖੀ ਜਾ ਸਕਦੀ ਹੈ । ਅਸਲ ਵਿੱਚ ਭਾਰਤੀ ਸਮਾਜ ਜਮਾਤੀ ਵੰਡ ਤੇ ਜਮਾਤੀ ਲੁੱਟ ਦੇ ਨਾਲ ਨਾਲ ਸਦੀਆਂ ਤੋਂ ਚੱਲੀ ਆ ਰਹੀ ਜਾਤ-ਅਧਾਰਤ ਸਮਾਜਿਕ ਉਤਪੀੜਨ ਦਾ ਵੀ ਸ਼ਿਕਾਰ ਰਿਹਾ ਹੈ ,ਜਿਸ ਵੱਲ ਪ੍ਰਗਤੀਵਾਦੀ ਸਾਹਿਤ ਨੇ ਮੁਕਾਬਲਤਨ ਘੱਟ ਧਿਆਨ ਦਿੱਤਾ ।ਪ੍ਰਗਤੀਵਾਦੀ ਸਾਹਿਤ ਜੋ ਜਮਾਤੀ ਸੰਘਰਸ਼ ਨੂੰ ਪਹਿਲ ਤੇ ਰੱਖਦਾ ਰਿਹਾ ਤਾਂ ਹੁਣ ਦਲਿਤ ਸਾਹਿਤ ਵੀ ਉਹੋ ਉਲਾਰ ਦਿ੍ਸ਼ਟੀ ਅਪਨਾ ਕੇ ਕੇਵਲ ਜਾਤੀ ਸੰਘਰਸ਼ ਨੂੰ ਪਹਿਲ ਦੇ ਆਧਾਰ ਤੇ ਚਿਤਰ ਰਿਹਾ ਹੈ ।
ਮੇਰੀਆਂ ਅੱਧੇ ਅਧੂਰੇ ਸੰਗ੍ਰਹਿ ਵਿਚਲੀਆਂ ਕਹਾਣੀਆਂ ਇਨ੍ਹਾਂ ਦੋਨਾਂ ਕੁਰਾਹਿਆਂ ਤੋਂ ਬਚ-ਬਚਾ ਕੇ ਚਲਣ ਦੇ ਯਤਨ ਵਿਚ ਹਨ ।ਸ਼ਾਇਦ ਇਸ ਲਈ ਇਹ ਤੁਹਾਨੂੰ ਦਲਿਤ-ਸਾਹਿੱਤ ਤੇ ਵਧੇਰੇ ਨੇੜੇ ਜਾਪਦੀਆਂ ਹਨ । ਇਸ ਤੱਥ ਨੂੰ ਇਉਂ ਵੀ ਪੇਸ਼ ਕੀਤਾ ਜਾ ਸਕਦਾ ਹੈ ਕਿ ਅਜੋਕੇ ਗੰਧਲੇ ਜਿਹੇ ਸਾਹਿਤਕ ਮਾਹੌਲ ਜਿਸ ਵਿਚ ਅਯੋਗ ਲਿੰਗਿਕ ਰਿਸ਼ਤੇ ,ਨੰਗੇਗਵਾਦ, ਨਾਰੀਵਾਦ ਵਰਗੇ ਪ੍ਰਭਾਵ ਦੇਖਣ ਨੂੰ ਮਿਲਦੇ ਹਨ ,ਮੇਰੀ ਅਨੁਭੂਤੀ ਭਾਰਤੀ ਪੰਜਾਬੀ ਸਮਾਜ ਦੇ ਦਲਿਤ ਵਰਗ ਨਾਲ ਵਧੇਰੇ ਜੁੜਦੀ ਹੈ ਇਹ ਪ੍ਰਭਾਵ ਕਹਾਣੀਆਂ ਵਿਚ ਪ੍ਰਗਟ ਹੋਣਾ ਸੁਭਾਵਕ ਵੀ ਹੈ ।

ਡਾ਼ ਭੁਪਿੰਦਰ ਕੌਰ : ਤੁਹਾਡੀ ਕਹਾਣੀ ਦੇ ਦੁਆਬੀ ਮੁਹਾਬਰੇ ਉਪਰ ਕਾਫੀ ਚਰਚਾ ਹੋਈ ਹੈ ? ਕੀ ਤੁਸੀ ਇਸ ਨੂੰ ਆਪਣੀ ਪ੍ਰਾਪਤੀ ਮੰਨਦੇ ਹੋ ਜਾਂ ਇਸ ਬਾਰੇ ਹੋਰ ਕਹਿਣਾ ਚਾਹੋਗੇ ?

ਲਾਲ ਸਿੰਘ :  ਮੇਰੀ ਕਹਾਣੀ ਦੇ ਦੁਆਬੀ ਮੁਹਾਬਰੇ ਉਪਰ ਕਾਫੀ ਚਰਚਾ ਹੋਈ ਤਾਂ ਹੈ ਇਕ ਤਰ੍ਹਾਂ ਨਾਲ ਇਸਨੂੰ ਪ੍ਰਾਪਤੀ ਹੀ ਗਿਣਾਂਗਾ ਕਿਉਕਿਂ ਮਾਲਵਾ ਖੇਤਰ ਦੇ ਕੁਝ ਇਕ ਆਲੋਚਕਾ ਅਤੇ ਲੇਖਕਾਂ ਦਾ ਕਦੀ ਕਦਾਈ ਐਨਾਨਨਾਮਾ ਸੁਣਨ ਨੂੰ ਮਿਲਦਾ ਸੀ ਕਿ ਦੁਆਬੀ ਭਾਸ਼ਾ ਪਾਸ ਤਾਂ ਕਹਾਣੀ ਡਿਕਸ਼ਨ ਹੀ ਕੋਈ ਨਹੀ , ਕਹਾਣੀ-ਮੁਹਾਵਰਾ ਹੀ ਕੋਈ ਨਹੀ । ਮੇਰੀਆਂ ਕਹਾਣੀਆਂ ਉਹਨਾਂ ਆਲੋਚਕਾਂ ਅਤੇ ਲੇਖਕਾਂ ਦੀ ਹਉਮੈ ਦਾ ਉਤਰ ਸਮਝੋ ਜਾਂ ਮੇਰੀ ਭਾਸ਼ਾਈ ਸੀਮਾ ਕਿ ਮੈਂ ਸੁਚੇਤ ਹੋ ਕੇ ਦੁਆਬੀ-ਮੁਹਾਵਰੇ ਦੀ ਵਰਤੋਂ ਕੀਤੀ ਹੈ । ਉਪ ਬੋਲੀਆਂ ਦੇ ਕਹਾਣੀ ਮੁਹਾਵਰੇ ਦੀਆਂ ਪੂਰਬਲੀਆਂ ਉਦਹਰਨਾਂ ਵਾਂਗ । ਭਾਵੇਂ ਮੈਂ ਨਿੱਜੀ ਤੌਰ ਤੇ ਅਜਿਹੀਆਂ ਭਾਸ਼ਾਈ ਵੰਡੀਆਂ ਦੇ ਹੱਕ ਵਿਚ ਨਹੀ ਪਰ ਵਿਸ਼ਵੀਕਰਨ ਦੇ ਦੌਰ ਵਿਚ ਇਲਾਕਈ ਸਭਿਆਚਾਰਾਂ ਦਦੀ ਪਛਾਣ ਨੂੰ ਪ੍ਰਫੁੱਲਤ ਕਰਨਾ ਸ਼ਾਇਦ ਮਨੁੱਖ ਦੀ ਮਾਨਸਿਕ ਤਿ੍ਪਤੀ ਲਈ ਜ਼ਰੂਰੀ ਵੀ ਬਣਦਾ ਹੋਵੇ ।

ਡਾ਼ ਭੁਪਿੰਦਰ ਕੌਰ : ਕੀ ਤੁਸੀ ਆਪਣੇ ਹੁਣ ਤੱਕ ਲਿਖੇ ਤੇ ਸੰਤਸ਼ਟ ਹੋ ?

ਲਾਲ ਸਿੰਘ : ਨੈਪੋਲੀਅਨ ਬੋਨਾਪਾਰਟ ਨੇ ਕਿਧਰੇ ਕਿਹਾ ਸੀ ਕਿ ਅਸੰਭਵ ਸ਼ਬਦ ਕੇਵਲ ਮੂਰਖਾਂ ਦੇ ਸ਼ਬਦ ਕੋਸ਼ ਵਿਚ ਹੀ ਮਿਲਦਾ ਹੈ । ਪਰ ਨਹੀ ਇਹ ਸ਼ਬਦ ਸਾਹਿਤਕ ਕਾਮਿਆਂ ਦੇ ਸ਼ਬਦ ਭੰਡਾਰ ਵਿਚੋਂ ਵੀ ਢੂੰਡਿਆਂ ਜਾ ਸਕਦਾ ਹੈ ਕਿੳਕਿਂ ਲੇਖਕ ਅਤੇ ਸੰਤੁਸ਼ਟੀ ਦਾ ਆਪਸ ਵਿਚ ਕੋਈ ਰਿਸ਼ਤਾ ਨਹੀ ,ਕੋਈ ਸੁਮੇਲ ਨਹੀ । ਲੇਖਕ ਇਕ ਕਿਰਤ ਘੜ ਕੇ ਦੂਜੀ ਲਈ ਤਰਲੋਮੱਛੀ ਹੋ ਤੁਰਦਾ ਹੈ । ਸੰਤੁਸ਼ਟੀ ਦੀ ਪ੍ਰਾਪਤੀ ਉਸ ਲਈ ਅਸੰਭਵ ਸ਼ਬਦ ਦੀ ਹੋਂਦ ਵਰਗੀ ਹੈ । ਜੇ ਕੋਈ ਇਹ ਆਖੇ ਕਿ ਮੈਂ ਆਪਣੇ ਲਿਖੇ ਤੋਂ ਸੰਤੁਸ਼ਟ ਹੋ ਗਿਆ ਹਾਂ ਤਾਂ ਸਮਝੋ ਉਸ ਅੰਦਰਲਾ ਸਾਹਿਤਕਕਾਰ ਜਾਂ ਖੜੌਦ ਵਿਚ ਹੈ ਜਾਂ ਸਮਾਪਤ ਹੈ । ਜਦੋਂ ਤੱਕ ਲੇਖਕ ਦੀ ਸਾਹਿਤਕ ਸੰਵੇਦਨਾ ਸੁਪਨਸਾਜ਼ਾਂ ਵਿਚੋਂ ਹੀ ਹਾਂ ਜਿਨ੍ਹਾਂ ਦੀਆਂ ਅਜੇ ਤੱਕ ਕਹਾਣੀ ਲਿਖਤਾਂ ਨਾਲ ਸੰਤੁਸ਼ਟੀ ਨਹੀਂ ਹੋਈ । ਤਾਂ ਵੀ ਤੁਹਾਡੇ ਇਸ ਪ੍ਰਸ਼ਨ ਦਾ ਚਿਤ ਕਰਨ ਲਈ ਏਨਾ ਕੁ ਤਾਂ ਕਿਹਾ  ਜਾ ਸਕਦਾ ਹੈ ਕਿ ਮੈਨੂੰ ਇਕ ਤੋਂ ਬਾਅਦ ਇਕ ਕਹਾਣੀ ਲਿਖ ਕੇ ਥੋੜੀ ਕੁ ਤਸੱਲੀ ਜ਼ਰੂਰ ਮਿਲਦੀ ਹੈ ।

ਡਾ਼ ਭੁਪਿੰਦਰ ਕੌਰ : ਤੁਹਾਡੀਆਂ ਕਹਾਣੀਆਂ ਨੂੰ ਕਿਸ ਪੱਧਰ ਦੀ ਮਾਨਤਾ ਮਿਲੀ ?

ਲਾਲ ਸਿੰਘ   : ਇਹ ਦੱਸਣਾ ਬੜੀ ਅਜੀਬ ਉਲਝਣ ਹੈ । ਜੇ ਤੁਸੀ ਸਰਕਾਰੇ ਦਰਬਾਰੇ ਵਾਲੀ ਮਾਨਤਾ ਬਾਰੇ ਪੁਛਿਆ ਹੈ ਤਾਂ ਮੇਰਾ ਉੱਤਰ ਇਹ ਹੈ ਕਿ ਇਹ ਸਰਕਾਰਾਂ-ਦਰਬਾਰਾਂ ਨੂੰ ਪ੍ਰਸੰਨ ਕਰਨ ਲਈ ਲਿਖੀਆ ਹੀ ਨਹੀਂ ਗਈਆਂ , ਇਹ ਤਾਂ ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਹਨ ਜਿਹਨਾਂ ਦੀ ਇਸ ਪ੍ਰਬੰਧ ਵਿਚ ਕੋਈ ਰਸਾਈ ਨਹੀਂ । ਜਿਹੜੇ ਲੋਕ ਸਰਕਾਰਾਂ ਦੀਆਂ ਅੱਖਾਂ ਵਿਚ ਰੋੜਾਂ ਵਾਂਗ ਰੜਕਦੇ ਹਨ , ਫਿਰ ਉਸ ਘਰੋਂ ਮਾਨਤਾ ਕਿਵੇਂ ਮਿਲ ਸਕਦੀ ਹੈ । ਹਾਂ ਪਲਕ ਪੰਜਾਬ ਜ਼ਿਲਾ ਗੁਰਦਾਸਪੁਰ ਦੀਆ ਸਭਾਵਾਂ ਵੱਲੋਂ ਦਿੱਤਾ ਸੁਜਾਨ ਸਿੰਘ ਅਵਾਰਡ,ਸੌ੍ਮਣੀ ਪੰਜਾਬੀ ਕਹਾਣੀਕਾਰ ਅਵਾਰਡ ਪੰਜਾਬ ਅਤੇ ਹੋਰ ਕੋਈ 20 ਕੁ ਸਾਹਿਤ ਸਭਾਵਾਂ ਵੱਲੋਂ ਮਿਲੀ ਮਾਨਤਾ ਹੀ ਮੇਰੇ ਲਈ ਵੱਡੀ ਪ੍ਰਾਪਤੀ ਹੈ । 6 ਖੋਜਾਰਥੀਆਂ ਵੱਲੋਂ ਐਮ ਫਿਲ ਅਤੇ ਡਾਕਟਰੀ ਦੀਆਂ ਡਿਗਰੀਆਂ ਵੀ ਮਾਨਤਾ ਵਿੱਚ ਸ਼ਾਮਿਲ ਹੋ ਸਕਦੀਆਂ ਹਨ ।

ਡਾ਼ ਭੁਪਿੰਦਰ ਕੌਰ : ਕੀ ਕਹਾਣੀ ਤੋਂ ਇਲਾਵਾ ਕਿਸੇ ਹੋਰ ਰੂਪ ਵੱਲ ਮੁੜਨ ਦੀ ਇੱਛਾ ?

ਲਾਲ ਸਿੰਘ   ਨਾ ਜੀ ਨਾ , ਕਹਾਣੀ ਰੂਪ ਹੀ ਸਾਭਿਆਂ ਜਾਏ ਤਾਂ ਏਨਾ ਹੀ ਬਹੁਤ ਹੈ । ਬਹੁਰੂਪੀਏ ਹੋਣਾ ਮੇਰੀ ਸਮਰੱਥਾ ਤੋਂ ਬਾਹਰ ਦੀ ਗੱਲ ਹੈ ।