ਮਾਂ ਬੋਲੀ ਪੰਜਾਬੀ ਵਿੱਚ ਲਿਖਣ ਵਾਲੇ ਇੱਕ ਲੇਖਕ ਵੱਲੋਂ ਪੀਲੇ ਕਾਗਜ਼ਾਂ ਉੱਤੇ ਕਾਲੇ ਅੱਖਰਾਂ ਤੇ ਵਿਲਕਦੇ ਸ਼ਬਦਾਂ ਵਿੱਚ ਲਿਪਟੀ ਚਿੱਠੀ ਪੜ੍ਹ ਕੇ ਦਿਲ ਉਦਾਸ ਹੋਇਆ ਹੈ। ਇਹ ਚਿੱਠੀ ਰਾਮਪੁਰਾ ਫੂਲ ਤੋਂ ਪੰਜਾਬੀ ਲੇਖਕ ਦਰਸ਼ਨ ਸਿੰਘ ‘ਪ੍ਰੀਤੀਮਾਨ’ ਨੇ ਲਿਖੀ ਹੈ। ਦਿਲ ਪਸੀਜ ਗਿਆ ਹੈ, ਜਦ ਪੜ੍ਹਿਆ ਕਿ ਇਹ ਚਿੱਠੀ ਉਸਨੇ ਆਪਣੇ ਜਾਨੋ ਵੱਧ ਪਿਆਰੇ ਤੇ ਨਿੱਕੇ ਜਿਹੇ, ਇਕਲੌਤੇ ਅੱਠ ਸਾਲਾ ਪੁੱਤਰ ਚੀਨੂੰ ਦੀ ਕਸਮ ਖਾ ਕੇ ਲਿਖੀ ਹੈ। ਪ੍ਰੀਤੀਮਾਨ ਦੇ ਲਿਖੇ ਗੀਤ ਕੁਲਦੀਪ ਮਾਣਕ ਸਮੇਤ ਲੱਗਭਗ ਇਕ ਦਰਜਨ ਕਲਾਕਾਰ ਗਾ ਚੁੱਕੇ ਹਨ। ਪ੍ਰੀਤੀਮਾਨ ਨੇ ਹੁਣ ਤੀਕ ਕਹਾਣੀਆਂ ਦੀਆਂ ਕਿਤਾਬਾਂ ਲਿਖੀਆਂ, ਨਾਵਲ ਵੀ ਲਿਖੇ, ਕੁਝ ਕਿਤਾਬਾਂ ਦੇ ਨਾਂ ਇਹ ਹਨ, “ਫਸਟ ਅਪ੍ਰੈਲ”, “ਇਹ ਅੱਗ ਕਦੋਂ ਬੁਝੇਗੀ”, “ਝਬੂਲੀਆਂ ਵਾਲੇ ਕਾਂਟੇ”, “ਸਾਕਾ ਗੁਰਦੁਵਾਰਾ ਸਹਿਬ ਦੀ ਲਹਿਰ”, “ਹੱਕ ਮੰਗਦਿਆਂ ਨੂੰ ਗੋਲੀ”(ਗੀਤ ਸੰਗ੍ਰਹਿ), “ਜਾਗੋ ਭੈਣੋ-ਜਾਗੋ ਵੀਰੋ” ਹੁਣ ਤੀਕ ਉਹ 45 ਗੁਰੂਆਂ, ਪੀਰਾਂ, ਸਾਹਿਤਕਾਰਾਂ, ਵਿਗਿਆਨੀਆਂ ਤੇ ਸੂਰਮਿਆਂ ਦੇ ਕਾਵਿ-ਰੇਖਾ ਚਿਤਰ ਲਿਖ ਚੁੱਕਾ ਹੈ। ਇੱਕ ਹਜ਼ਾਰ ਦੇ ਲਗਭਗ ਉਸਦੇ ਲੇਖ ਤੇ ਕਹਾਣੀਆਂ ਪੇਪਰਾਂ ਵਿੱਚ ਛਪ ਚੁੱਕੇ ਹਨ। ਕਈ ਖਰੜੇ ਛਪਣ ਖੁਣੋਂ ਪਏ ਹੋਏ ਹਨ। ਪ੍ਰੀਤੀਮਾਨ ਇਕੱਲਾ ਕਲਮਕਾਰ ਹੀ ਨਹੀਂ, ਸਗੋਂ ਉਹ ਇੱਕ ਸਮਾਜ ਸੇਵਕ ਵੀ ਹੈ। ਉਸਨੇ ਦੋ ਬੰਦੇ ਸੜਕ ਹਾਦਸੇ ਵਿੱਚੋਂ ਬਚਾਏ। ਇੱਕ ਹੋਟਲ ਨੂੰ ਲੱਗੀ ਅੱਗ ਬੁਝਾਈ ਤੇ ਅਣਗਿਣਤ ਜਾਨਾਂ ਬਚਾਈਆਂ। ਇੱਕ ਲੱਖ ਰੁਪਏ ਦੇ ਗਰੀਬਾਂ ਦੇ ਸੂਰ ਮਰਨੋਂ ਬਚਾਏ। ਸਮਾਜ ਸੇਵਾ ਦਾਨ, ਵਿੱਦਿਆ ਦਾਨ, ਸਾਹਿਤ ਦਾਨ, ਖੂਨਦਾਨ ਦੇਣ ਤੋਂ ਇਲਾਵਾ ਨੇਤਰਦਾਨ ਕਰਨ ਤੇ ਮਰਨ ਉਪਰੰਤ ਆਪਣਾ ਸਰੀਰ ਦਾਨ ਵੀ ਉਹ ਲਿਖ ਕੇ ਦੇ ਚੁੱਕਾ ਹੋਇਆ ਹੈ। ਦੋ ਵਾਰ ਨੈਸ਼ਨਲ ਤੀਕ ਕਬੱਡੀ ਵੀ ਖੇਡ੍ਹਿਆ ਸੀ। ਪਰ ਜਿ਼ੰਦਗੀ ਦੇ ਧੱਕੇ ਤੇ ਭੁੱਖ-ਦੁੱਖ ਤੇ ਗਰੀਬੀ ਉਸਨੂੰ ਔਝੜ ਰਾਹਾਂ ‘ਤੇ ਲੈ ਗਈ।
ਪ੍ਰੀਤੀਮਾਨ ਦੀ ਚਿੱਠੀ ਪੜ੍ਹ ਕੇ ਦਿਲ ਉਦਾਸ ਇਸ ਲਈ ਹੋਇਆ ਹੈ ਕਿ ਕੀ ਕਲਮਾਂ ਦੇ ਵਣਜਾਰੇ ਸਾਰੀ ਉਮਰ ਇੰਝ ਹੀ ਭੁੱਖ-ਦੁੱਖ ਤੇ ਗਰੀਬੀ ਨਾਲ ਜੂਝਦੇ ਮਰੀ ਜਾਣਗੇ? ਕੀ ਕਦੇ ਉਹ ਆਪਣੇ ਪਰਿਵਾਰ ਦੀ ਕੋਈ ਇੱਛਾ ਦੀ ਪੂਰਤੀ ਕਰ ਸਕਣਗੇ? ਕੀ ਕਦੇ ਸਾਡੀ ਸਰਕਾਰ ਜਾਂ ਸਮਾਜ ਇਹਨਾਂ ਬਾਰੇ ਗੰਭੀਰ ਹੋ ਕੇ ਸੋਚੇਗਾ, ਜਿੰਨ੍ਹਾਂ ਬਾਰੇ ਬਾਬੇ ਨਾਨਕ ਨੇ ਕਿਹਾ ਸੀ, “ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ।” ਕਦੇ ਕਿਸੇ ਸਰਕਾਰ ਨੇ ਉਸਦੇ ਹੱਥ ‘ਤੇ ਆਪਣੇ ਸਿਰ ਦੀ ਜੂੰ ਵੀ ਨਹੀਂ ਧਰੀ। ਉਹ ਜਦ ਕਿਸੇ ਨੂੰ ਕਹਿੰਦਾ ਹੈ ਤਾਂ ਕਿਹਾ ਜਾਂਦਾ ਹੈ ਕਿ ਖਜ਼ਾਨਾ ਖਾਲੀ ਹੈ ਪਰ ਉਹ ਕੂਕ ਕੇ ਕਹਿੰਦਾ ਹੈ ਕਿ ਲਿਖਾਰੀ ਵਾਸਤੇ ਖ਼ਜ਼ਾਨਾ ਖਾਲੀ ਹੈ ਤੇ ਖਿਡਾਰੀ ਵਾਸਤੇ ਕਿਥੋਂ ਭਰ ਜਾਂਦਾ ਹੈ? ਪਰ ਉਸਦਾ ਹਉਕਾ ਤੇ ਕੂਕ ਸਿਆਸਤਦਾਨਾਂ ਦੀਆਂ ਤੇ ਅਫ਼ਸਰਾਂ ਦੀਆਂ ਗੱਡੀਆਂ ਦੇ ਹੂ-ਹੂ ਕਰਦੇ ਹੂਟਰਾਂ ਵਿੱਚ ਗੁਆਚ ਕੇ ਰਹਿ ਜਾਂਦੀ ਹੈ।
ਪ੍ਰੀਤੀਮਾਨ ਰਾਮਪੁਰੇ ਫੂਲ ਅੱਡੇ ਵਿੱਚ ਰਾਤ ਨੂੰ ਪਹਿਰੇਦਾਰੀ ਕਰਦਾ ਸੀ। ਮਹੀਨੇ ਦਾ ਸਾਰਾ ਤਿੰਨ ਹਜ਼ਾਰ ਰੁਪਈਆ ਮਿਲਦਾ ਸੀ, ਜੋ ਉਹ ਹੱਟੀ-ਹੱਟੀ ਜਾ ਕੇ ਉਗਰਾਹੁੰਦਾ ਸੀ। ਦੁਕਾਨਦਾਰਾਂ ਦੀ ਆਪਸੀ ਫੁੱਟ ਕਾਰਨ ਉਹਨੂੰ ਇਹ ਕੰਮ ਵੀ ਛੱਡਣਾ ਪੈ ਗਿਆ ਹੈ। ਕੋਈ ਜ਼ਮੀਨ ਨਹੀਂ ਹੈ। ਆਮਦਨ ਨਹੀਂ ਹੈ। ਉਸਦਾ ਬੱਚਾ ਪੜ੍ਹਨ ਵਿੱਚ ਏਨਾ ਹੁਸਿ਼ਆਰ ਹੈ ਕਿ ਉਹ ਇਸ ਵਾਰ 97% ਨੰਬਰ ਲੈ ਗਿਆ ਹੈ ਪਰ ਮਹਿੰਗੇ ਸਕੂਲ ਵਿੱਚ ਉਹ ਬੱਚੇ ਨੂੰ ਕਿਵੇਂ ਪੜ੍ਹਾਵੇ? ਦੋ ਵੇਲੇ ਦੀ ਰੋਟੀ ਦੀ ਚਿੰਤਾ। ਉਸਨੇ ਮੈਨੂੰ ਚਿੱਠੀ ਵਿੱਚ ਇੰਝ ਲਿਖਿਆ ਹੈ, “ਚਾਰ ਵਿਸਵੇ ਦੇ ਘਰ ਵਿੱਚ ਨਾ ਅਜੇ ਖਿੜਕੀਆਂ ਹਨ, ਨਾ ਬਾਰ ਤੇ ਨਾ ਬਾਰੀਆਂ ਲਵਾ ਸਕਿਆ ਹਾਂ। ਨਾ ਪੱਕੀ ਬਿਜਲੀ ਫਿੱਟ ਕਰਵਾ ਸਕਿਆ ਹਾਂ। ਨਾ ਟੂਟੀ ਹੈ, ਨਾ ਰੇਡੀਓ (ਟੈਲੀਵੀਯਨ ਬਾਰੇ ਤਾਂ ਸੋਚਿਆ ਹੀ ਕਦੇ ਨਹੀਂ) ਨਾ ਮੇਜ਼ ਹੈ, ਨਾ ਕੁਰਸੀ ਹੈ, ਘਰ ਪੱਕਾ ਹੈ ਤੇ ਵਿਹੜਾ ਕੱਚਾ ਹੈ। ਦੋ ਕਮਰੇ ਹਨ। ਇੱਕ ਕਮਰਾ ਇੱਕ ਲੱਖ ‘ਚ ਗਹਿਣੇ ਕੀਤਾ ਹੋਇਆ ਹੈ। ਸਵਾ ਲੱਖ ਦਾ ਕਰਜ਼ਾ ਸਿਰ ਹੈ। ਕਦੋ ਬੱਚਾ ਵੱਡਾ ਹੋਵੇਗਾ, ਤੇ ਕਦੋਂ ਉਹ ਰੋਟੀ ਸਿਰੇ ਹੋਵੇਗਾ? ਉਸਨੂੰ ਇਹੋ ਫਿ਼ਕਰ ਹੈ। ਉਸ ਮੁਤਾਬਕ ਕਿ ਜੇਕਰ ਇਹੋ ਹਾਲ ਰਿਹਾ ਤਾਂ ਉਸਦਾ ਘਰ ਵੀ ਵਿਕ ਜਾਵੇਗਾ…।
ਪ੍ਰੀਤੀਮਾਨ ਦਾ ਹੌਸਲਾ ਢਹਿ ਰਿਹਾ ਹੈ। ਪਰ ਉਸਨੇ ਮਾਂ ਬੋਲੀ ਦੀ ਸੇਵਾ ਕਰਨੀ ਨਹੀਂ ਛੱਡੀ, ਉਹ ਲਿਖ ਰਿਹਾ ਹੈ। ਉਸਦਾ ਚੰਗੀਆਂ ਕਿਤਾਬਾਂ ਪੜ੍ਹਨ ਨੂੰ ਦਿਲ ਕਰਦਾ ਹੈ ਪਰ ਮਹਿੰਗੀ ਤੇ ਚੰਗੀ ਕਿਤਾਬ ਖਰੀਦਣ ਲਈ ਪੈਸੇ ਨਹੀਂ। ਸੌ-ਸੌ ਫਿ਼ਕਰ ਹਨ ਸਿਰ ‘ਤੇ।
ਪ੍ਰੀਤੀਮਾਨ ਦੀ ਚਿੱਠੀ ਨੇ ਮੈਨੂੰ ਡਾਹਢਾ ਉਦਾਸ ਕੀਤਾ ਹੈ ਤੇ ਇਸ ਵਾਰ ਦੇ ਕਾਲਮ ਵਿੱਚ ਲਿਖਣ ਲਈ ਮਜਬੂਰ ਹੋ ਗਿਆ ਹਾਂ। ਹੋ ਸਕਦੈ ਕਿਸੇ ਪੰਜਾਬੀ ਪਿਆਰੇ ਦੇ ਦਿਲ ਵਿਚ ਮਿਹਰ ਪੈ ਜਾਵੇ, ਅਸੀਂ ਹੋਰ ਬਹੁਤ ਪਾਸੇ ਵੀ ਦਾਨ ਕਰਦੇ ਹਾਂ, ਪਰ ਕੁਦਰਤ ਦੇ ਵਰੋਸਾਏ ਇੱਕ ਲਿਖਾਰੀ ਦੀ ਮੱਦਦ ਕਰਨਾ ਵੀ ਇੱਕ ਸੱਚੀ ਸੇਵਾ ਤੇ ਪੁੰਨ ਵਾਲਾ ਕਾਰਜ ਹੈ। ਇਹ ਇੱਕ ਲੇਖਕ ਦੀ ਮਾਂ ਬੋਲੀ ਪੰਜਾਬੀ ਦੇ ਪਾਠਕ ਤਰਫੋਂ ਸੱਚੇ ਦਿਲੋ ਹੌਸਲਾ ਅਫਜ਼ਾਈ ਹੀ ਹੋਵੇਗੀ। ਜੇਕਰ ਉਸਦੀ ਜਿ਼ੰਦਗੀ ਦੀ ਤੋਰ ਰਵਾਂ ਹੋ ਜਾਵੇ ਤਾਂ ਉਹ ਹੋਰ ਵੀ ਕੁਝ ਚੰਗਾ ਲਿਖ ਸਕੇ। ਪਾਠਕਾਂ ਵਾਸਤੇ ਪ੍ਰੀਤੀਮਾਨ ਨਾਲ ਸੰਪਰਕ ਕਰਨ ਲਈ ਉਸਦਾ ਫੋਨ ਨੰਬਰ ਦਿੱਤਾ ਗਿਆ ਹੈ-97792-97682
****