ਜੇਕਰ ਉਦੇਸ਼ ਸਪੱਸ਼ਟ, ਭਰੋਸਾ ਮਜ਼ਬੂਤ ਅਤੇ ਹੌਸਲਾ ਬੁਲੰਦ ਹੋਵੇ ਤਾਂ ਵੱਡੀ
ਤੋਂ ਵੱਡੀ ਮੁਸ਼ਕਿਲ ਵੀ ਮੰਜ਼ਿਲ ਨੂੰ ਪਾਉਣ ਤੋਂ ਨਹੀਂ ਰੋਕ ਸਕਦੀ। ਇਹੋ ਜਿਹੇ ਦ੍ਰਿੜ ਇਰਾਦਿਆਂ ਨੂੰ
ਆਪਣੇ ਅੰਦਰ ਸਮੋਈ ਬੈਠੀ ਹੈ, ਮਾਲਵੇ ਦੀ ਹੁੰਦੜਹੇਲ ਮੁਟਿਆਰ ਸੁਖਵੀਰ ਕੌਰ ‘ਸੁੱਖ’, ਜਿਸਨੇ ‘ਮਾਊਂਟ ਐਵਰੈਸਟ’
ਦੀ ਚੋਟੀ (ਸਮੁੰਦਰ ਤਲ ਤੋਂ ਉਚਾਈ 8848 ਮੀਟਰ) ਨੂੰ ਫ਼ਤਹਿ ਕਰਨ ਦਾ ਸੁਪਨਾ ਸਿਰਜਿਆ ਹੋਇਆ
ਹੈ।
ਰਿਆਸਤੀ ਸ਼ਹਿਰ ਫ਼ਰੀਦਕੋਟ ਦੇ ਇੱਕ ਛੋਟੇ ਜਿਹੇ ਗਰਾਂ ‘ਹਰੀਨੌਂ’ ’ਚ ਪਿਤਾ ਸ. ਸੁਰਿੰਦਰ
ਸਿੰਘ ਬਰਾੜ ਅਤੇ ਮਾਤਾ ਸ੍ਰੀਮਤੀ ਨਵਜੀਤ ਕੌਰ ਦੇ ਘਰ 25 ਦਸੰਬਰ 1985 ਨੂੰ ਪੈਦਾ ਹੋਈ ‘ਸੁੱਖ’ ਨੇ ਇਬਤਿਦਾਈ ਤਾਲੀਮ ਪਿੰਡ
ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਉਚ-ਤਾਲੀਮ ਪਟਿਆਲੇ ਤੋਂ ਹਾਸਿਲ ਕੀਤੀ। ਚਾਰ ਭੈਣਾਂ ਅਤੇ
ਇੱਕ ਭਰਾ ਦੀ ਲਾਡਲੀ ਭੈਣ ‘ਸੁੱਖ’ ਨੇ ਵਿਦਿਆਰਥੀ ਜੀਵਨ ਦੌਰਾਨ ਹੀ ਖੇਡਾਂ ਨਾਲ ਮੋਹ ਪਾਲ ਲਿਆ ਸੀ। ਉਹ ਹਾਕੀ
ਦੀ ਨੈਸ਼ਨਲ ਪੱਧਰ ਦੀ ਖਿਡਾਰਨ ਹੋਣ ਦਾ ਨਾਲ-ਨਾਲ ਕੌਮੀ ਸੇਵਾ ਯੋਜਨਾ ਵਰਗੀਆਂ ਅਨੇਕਾਂ ਗਤੀਵਿਧੀਆਂ ’ਚ ਵੀ ਵੱਧ-ਚੜ੍ਹ ਕੇ ਹਿੱਸਾ
ਲੈਂਦੀ ਰਹੀ ਹੈ। ਯੂਨੀਵਰਸਿਟੀ ਪੜ੍ਹਦਿਆਂ ਹੀ ‘ਸੁੱਖ’ ਨੂੰ ਪੰਜਾਬੀ ਸਾਹਿਤ ਪੜ੍ਹਨ
ਤੇ ਲਿਖਣ ਦਾ ਸ਼ੌਕ ਪੈਦਾ ਹੋ ਗਿਆ ਤੇ ਹੁਣ ਤੱਕ ਉਸਨੇ ਕਈ ਕਹਾਣੀਆਂ ਲਿਖੀਆਂ ਜੋ ਪੰਜਾਬੀ ਦੇ ਨਾਮਵਰ
ਅਖ਼ਬਾਰਾਂ ਤੇ ਮੈਗ਼ਜ਼ੀਨਾਂ ’ਚ ਛਪੀਆਂ, ਜਿਨ੍ਹਾਂ ’ਚ ਸੀਮਾ, ਕਲਯੁੱਗ ਦੀ ਸੀਤਾ, ਸੋਚਾਂ ਨੂੰ ਫ਼ਾਂਸੀ, ਔਰਤ ਦਾ ਵਜੂਦ,
ਪੂਰਨ ਮਨੁੱਖ, ਜ਼ਿੰਦਗ਼ੀ ਦੇ ਅਸੂਲਾਂ ਨੂੰ ਪਛਾਣੋ ਅਤੇ ਗ਼ਜ਼ਲ ਸੰਗ੍ਰਹਿ ’ਚ ਮੰਜ਼ਿਲ, ਰਿਸ਼ਤੇ, ਆਸ਼ਿਕ, ਮਾਹੀ, ਪਰਵਾਜ਼, ਪਰਛਾਵੇਂ, ਇਸ਼ਕ ਇਬਾਦਤ,
ਇੰਤਜ਼ਾਰ ਨਾਮੀ ਗ਼ਜ਼ਲਾਂ ਲਿਖੀਆਂ ਜਿਨ੍ਹਾਂ ਦੀ ਕਿਤਾਬ ਛਪਾਈ ਅਧੀਨ ਹੈ । ਕਹਾਣੀਆਂ ’ਚ ਗੁਰਬਖ਼ਸ਼ ਸਿੰਘ ਪ੍ਰੀਤਲੜੀ,
ਨਾਨਕ ਸਿੰਘ ਅਤੇ ਗਜ਼ਲਾਂ ’ਚ ਅੰਮ੍ਰਿਤਾ ਪ੍ਰੀਤਮ ਨੂੰ ਆਪਣਾ ਆਦਰਸ਼ ਮੰਨਣ ਵਾਲੀ ‘ਸੁੱਖ’ ਨੂੰ ਪੰਜਾਬੀ ਸਾਹਿਤ ਤੋਂ
ਇਲਾਵਾ ਤਸਵੀਰ ਨਿਗ਼ਾਰੀ ਕਰਨ ਦਾ ਵੀ ਸ਼ੌਕ ਹੈ।