ਬੀਤੇ
ਦਿਨੀਂ ਪੰਜਾਬੀ ਦੀ ਇੱਕ ਫਿਲਮ 'ਸਿਰਫਿਰੇ' ਦੇਖਣ ਦਾ ਸੁਭਾਗ ਪ੍ਰਾਪਤ ਹੋਇਆ। ਪੰਜਾਬ ਦੀ
ਧਰਤੀ ਤੋਂ ਪੰਜਾਬੀ, ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਦੇ ਨਾਂ 'ਤੇ ਬਣਾਈ ਇਸ 'ਪਰਿਵਾਰਕ'
ਦੱਸੀ ਜਾਂਦੀ ਫਿਲਮ ਦੀ ਟੀਮ ਦੀ ਪਤਾ ਨਹੀਂ ਕੀ ਮਜ਼ਬੂਰੀ ਹੋਵੇਗੀ ਕਿ ਪੂਰੀ ਫਿਲਮ ਵਿੱਚ
ਕਿਸੇ ਡਾਇਰੈਕਟਰ, ਪ੍ਰੋਡਿਊਸਰ ਜਾਂ ਕਲਾਕਾਰ ਆਦਿ ਦਾ ਨਾਂ ਵੀ ਪੰਜਾਬੀ ਵਿੱਚ ਨਹੀਂ ਦਿਖਾਈ
ਦਿੱਤਾ। ਸ਼ੁਰੂਆਤ ਦੇਖ ਕੇ ਇਉਂ ਲਗਦੈ ਜਿਵੇਂ ਇਹ ਪੰਜਾਬੀ ਫਿਲਮ ਸ਼ੁੱਧ ਗੋਰਿਆਂ ਨੂੰ ਹੀ
ਦਿਖਾਉਣ ਲਈ ਬਣਾਈ ਹੋਵੇ ਜਿਹਨਾਂ ਨੂੰ ਪੰਜਾਬੀ ਨਹੀਂ ਆਉਂਦੀ। ਪਰਿਵਾਰਕ ਫਿਲਮ ਹੋਣ ਦਾ
ਭਰਮ ਪਹਿਲੇ ਚਾਰ ਕੁ ਮਿੰਟ ਦੀ ਫਿਲਮ ਲੰਘਣ 'ਤੇ ਹੀ ਟੁੱਟ ਜਾਂਦੈ ਜਦੋਂ ਇੱਕ ਅੱਧਢਕੀ
ਜਿਹੀ ਬੀਬੀ ਦੇ ਪੱਟਾਂ 'ਤੇ ਕੈਮਰਾ ਘੁਮਾਇਆ ਜਾਂਦੈ ਤੇ ਤਿੰਨ ਮੁਸ਼ਟੰਡੇ ਉਹਨੂੰ ਪੁਰਜਾ,
ਮੋਟਰ, ਬੰਬ ਅਤੇ 'ਚੈੱਕ ਤਾਂ ਕਰੀਏ ਮੋਟਰ ਕਿੰਨੇ ਹਾਰਸ ਪਾਵਰ ਦੀ ਆ' ਆਦਿ ਨਾਵਾਂ ਨਾਲ
ਪੁਕਾਰਦੇ ਹਨ ਤੇ ਬੀਬੀ ਵੀ ਮੁੰਡਿਆਂ ਨੂੰ 'ਸਾਲਿਆਂ' ਸ਼ਬਦ ਨਾਲ ਸੰਬੋਧਨ ਕਰਦੀ ਹੋਈ ਚਕਮਾ
ਸਿੱਧੀ ਫਿਲਮ ਦੇ ਇੱਕ ਹੀਰੋ ਪ੍ਰੀਤ ਦੇ ਦਰਵਾਜੇ ਮੂਹਰੇ ਮੋਟਰਸਾਈਕਲ ਦੀ 'ਟੀ-ਟੀ' ਮਾਰਦੀ
ਐ ਤੇ ਹੀਰੋ ਸਾਬ੍ਹ ਮੋਟਰਸਾਈਕਲ 'ਤੇ ਬਹਿੰਦਿਆਂ ਹੀ ਬੀਬੀ ਦੇ ਪਿੰਡੇ 'ਤੇ ਐਨਾ ਕੁ ਰਗੜ
ਕੇ ਹੱਥ ਫੇਰਦੇ ਹਨ ਜਿੰਨਾ ਸ਼ਾਇਦ ਕੋਈ ਕਾਮਾ ਲੋਹੇ ਤੋਂ ਜੰਗਾਲ ਲਾਹੁਣ ਲੱਗਾ ਰੇਗਮਾਰ ਵੀ
ਨਾ ਮਾਰੇ। ਫਿਰ ਕਾਲਜ ਪਹੁੰਚ ਕੇ ਹੀਰੋ ਸਾਬ੍ਹ 'ਤੇ ਉਹਨਾਂ ਦੀ ਜੁੰਡਲੀ ਜਿਆਦਾਤਰ
ਪੰਜਾਬੀ ਫਿਲਮਾਂ ਦੀ ਰੀਸੇ ਅਧਿਆਪਕ ਨੂੰ ਬੁੱਧੂ ਬਣਾਉਂਦੀ ਹੈ। 'ਕੁੜੀ 'ਚ ਕਰੰਟ ਤਾਂ
ਪੂਰਾ' 'ਮਿਰਚੀ ਵੀ ਕੁਛ ਜਿਆਦਾ ਈ ਲਗਦੀ ਆ' ਫਿਕਰਿਆਂ ਦੇ ਨਾਲ ਨਾਲ ਸ਼ੁਰੂ ਹੁੰਦੀ ਐ
ਕਾਲਜੀਏਟ ਮੁੰਡਿਆਂ ਵੱਲੋਂ ਫਲੈਟ ਵਿੱਚ ਬੀਅਰਾਂ ਪੀਣ, 'ਦੂਜਾ ਸਮਾਨ' ਤੇ ਰਾਤ ਨੂੰ
ਮੁੰਡਿਆਂ ਕੋਲ ਬਿਸਤਰ ਗਰਮ ਕਰਾਉਣ ਆਈ ਬੀਬੀ ਬਾਰੇ ਬੇਲੋੜੀ ਚਰਚਾ।