Showing posts with label ਦਰਸ਼ਨ ਸਿੰਘ ਪ੍ਰੀਤੀਮਾਨ. Show all posts
Showing posts with label ਦਰਸ਼ਨ ਸਿੰਘ ਪ੍ਰੀਤੀਮਾਨ. Show all posts

ਕਿਵੇਂ ਕਰਾਂ ਧੰਨਵਾਦ, ਮੈਂ ਵਿਦੇਸ਼ੀ ਵੀਰਾਂ ਦਾ……… ਹੱਡਬੀਤੀ / ਦਰਸ਼ਨ ਸਿੰਘ ਪ੍ਰੀਤੀਮਾਨ

ਮਨੁੱਖ ਦੀ ਜ਼ਿੰਦਗੀ 'ਚ ਬਹੁਤ ਉਤਰਾਅ-ਚੜਾਅ ਆਉਂਦੇ ਹਨ। ਕਦੇ ਮੁੱਠੀ 'ਚ-ਕਦੇ ਥੱਬੇ 'ਚ, ਕਦੇ ਖੁਸ਼ੀਆਂ 'ਚ, ਕਦੇ ਗਮੀਆਂ 'ਚ। ਇਹ ਕੁਦਰਤ ਦਾ ਗੇੜ ਹੈ, ਇਸ ਗੇੜ ਨੂੰ ਸਮਝਣਾ ਔਖਾ ਹੈ। ਕਦੇ ਮਨੁੱਖ ਹੱਸਦਾ ਹੈ, ਕਦੇ ਰੋਂਦਾ ਹੈ। ਇਹ ਕੁਦਰਤ ਦੇ ਰੰਗ ਨਿਆਰੇ ਹਨ। ਇਹੀ ਕੁਦਰਤ ਹੈ ਕਦੇ ਗੁੱਡੀ ਅਕਾਸ਼ 'ਤੇ ਚੜਾ ਦਿੰਦੀ ਹੈ ਅਤੇ ਕਦੇ ਡੋਰ ਕੱਟ ਫਰਸ਼ ਤੇ ਮੂਧੇ ਮੂੰਹ ਸੁੱਟ ਦਿੰਦੀ ਹੈ। ਜਿੱਥੋਂ ਉਠਣਾ ਵੀ ਬਹੁਤ ਔਖਾ ਹੋ ਜਾਂਦਾ ਹੈ ਪਰ ਜੇ ਕੁਦਰਤ ਮੇਹਰਬਾਨ ਹੋ ਜਾਵੇ ਤਾਂ ਬਹੁਤ ਡੂੰਘੀ ਖਾਈ 'ਚ ਡਿੱਗੇ ਨੂੰ ਵੀ ਸੁਖਾਲਿਆ ਹੀ ਬਾਹਰ ਕੱਢ ਲੈਂਦੀ ਹੈ।

ਅੱਜ ਦੇ ਲੇਖ ਵਿੱਚ ਮੈਂ ਵੀ ਆਪਣੇ ਹਰਮਨ ਪਿਆਰੇ ਪਾਠਕਾਂ, ਹਮਦਰਦੀਆਂ ਅਤੇ ਮੁਦੱਈਆਂ ਲਈ ਦੋ ਸ਼ਬਦ ਲਿਖਣ ਦਾ ਉਪਰਾਲਾ ਕਰ ਰਿਹਾ ਹਾਂ ਪਰ ਅਜਿਹੇ ਸ਼ਬਦ ਅੱਜ ਮੈਨੂੰ ਨਹੀਂ ਲੱਭ ਰਹੇ, ਜਿੰਨ੍ਹਾਂ ਨਾਲ ਮੈਂ, ਉਨ੍ਹਾਂ ਦਾ ਕੋਟਿ-ਕੋਟਿ ਧੰਨਵਾਦ ਕਰਾਂ ਪਰ ਫੇਰ ਵੀ ਕੁਝ ਲਿਖਣ ਦੀ ਕੋਸ਼ਿਸ਼ ਜਰੂਰ ਕਰ ਰਿਹਾ ਹਾਂ।

ਅੱਜ ਮੈਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਹੈ ਕਿ ਸੱਚੇ ਤਨ ਮਨ ਅਤੇ ਧੰਨ ਨਾਲ ਕੀਤੀ ਸਮਾਜ ਦੀ ਸੇਵਾ ਦਾ ਜਰੂਰ ਕਦੇ ਫਲ ਮਿਲਦਾ ਹੈ। ਭਾਵੇਂ ਮੈਂ ਨੇਤਰਦਾਨ, ਖੂਨਦਾਨ, ਸਰੀਰਦਾਨ, ਵਿਦਿਆਦਾਨ ਅਤੇ ਮਨੁੱਖਤਾ ਦੀ ਸੇਵਾ ਕਰਕੇ ਤਿੰਨ ਵਿਅਕਤੀ ਮਰਨ ਕਿਨਾਰਿਓਂ ਬਚਾਏ ਹਨ ਜੋ ਅੱਜ ਆਪਣੇ ਬੱਚੇ ਪਾਲ ਰਹੇ ਹਨ। ਇਹ ਸੇਵਾ ਨਾ ਤਾਂ ਮੈਂ ਆਪਣਾ ਨਾਂ ਕਰਨ ਲਈ ਕੀਤੀ ਹੈ, ਨਾ ਕੁਝ ਲੈਣ ਲਈ ਅਤੇ ਨਾ ਹੀ ਇਹ ਸੇਵਾ ਕਰਕੇ, ਮੈਂ ਕਿਸੇ ਜੁੰਮੇ ਕੋਈ ਅਹਿਸਾਨ ਕੀਤਾ ਹੈ। ਮੈਂ ਤਾਂ ਇਨਸਾਨੀਅਤ ਦੇ ਤੌਰ ਆਪਣਾ ਫਰਜ਼ ਨਿਭਾਇਆ ਹੈ।

ਮਾੜੇ ਦੇ ਮਾੜੇ ਕਰਮ……… ਹੱਡਬੀਤੀ / ਦਰਸ਼ਨ ਸਿੰਘ ਪ੍ਰੀਤੀਮਾਨ

ਮੇਰੀ ਆਰਥਿਕਤਾ ਦੀ ਗੱਲ ਜਦੋਂ ਸੱਤ ਸਮੁੰਦਰੋਂ ਪਾਰ ਵੱਸਦੇ ਪੰਜਾਬੀ ਪਿਆਰਿਆਂ ਤੱਕ ਪਹੁੰਚ ਗਈ ਤਾਂ ਮੇਰੀ ਸਮੱਸਿਆ ਦਾ ਬੋਝ ਪੰਜਾਬੀ ਪਿਆਰਿਆਂ ਤੇ ਜਾ ਪਿਆ। ਮੈਨੂੰ ਹੌਸਲੇ ਭਰੇ ਫੋਨ ਆਉਣ ਲੱਗ ਪਏ ਅਤੇ ਵਿਦੇਸ਼ੀ ਪਿਆਰਿਆਂ ਨੇ ਮੇਰੀ ਆਰਥਿਕਤਾ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ। ਆਪਣੇ ਵਿਤ ਮੁਤਾਬਕ ਆਪਣੀ ਦਸਾਂ ਨੌਹਾਂ ਦੀ ਕਮਾਈ ਵਿੱਚੋਂ ਮੈਨੂੰ ਸਹਾਇਤਾ ਭੇਜੀ। ਮੈਂ ਕਿੱਥੇ ਦੇਣ ਦੇਵਾਂਗਾ, ਉਹਨਾਂ ਪਿਆਰਿਆਂ ਦਾ? ਜਿੰਨ੍ਹਾਂ ਨੇ ਇੱਕ ਪੰਜਾਬੀ ਲੇਖਕ ਬਾਰੇ ਐਨਾ ਸੋਚਿਆ। ਵਾਕਿਆ ਹੀ ਸੱਚ ਹੈ ਕਿ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਹਨ। ਮੈਂ ਅਗਲੇ ਲੇਖ ਵਿੱਚ 'ਕਿਵੇਂ ਕਰਾਂ ਧੰਨਵਾਦ, ਮੈਂ ਵਿਦੇਸ਼ੀ ਵੀਰਾਂ ਦਾ'? ਭੇਜਾਂਗਾ। ਜਿੰਨ੍ਹਾਂ ਵੀਰਾਂ-ਭੈਣਾਂ ਨੇ ਮੇਰੀ ਮਾਲੀ ਮਦਦ ਕਰਕੇ ਮੈਨੂੰ ਬਹੁਤ ਡੂੰਘੀ ਖਾਈ 'ਚੋਂ ਡਿੱਗੇ ਨੂੰ ਬਾਹੋਂ ਫੜ੍ਹ ਬਾਹਰ ਕੱਢ ਲਿਆ ਹੈ। ਅੱਜ ਇਹ ਰਚਨਾ ਲਿਖ ਰਿਹਾ ਹਾਂ।

ਮੇਰੇ ਘਰ ਦਾ ਇੱਕ ਕਮਰਾ ਗਹਿਣੇ ਜੋ ਇੱਕ ਲੱਖ ਵਿੱਚ ਸੀ, ਇੱਕ ਭਈਏ ਕੋਲ, ਸਰਦਾਰ ਕ੍ਰਿਪਾਲ ਸਿੰਘ ਜੋ ਅਮਰੀਕਾ ਰਹਿ ਰਹੇ ਹਨ, ਉਨ੍ਹਾਂ ਨੇ ਛੱਡਵਾ ਦਿੱਤਾ ਹੈ। ਨਿਊਯਾਰਕ ਤੋਂ ਅਮਰੀਕ ਸਿੰਘ, ਸੁਖਦਰਸ਼ਨ ਸਿੰਘ, ਜਗਦੇਵ ਸਿੰਘ ਅਤੇ ਬਹਾਦਰ ਸਿੰਘ, ਕੈਲੇਫੋਰਨੀਆਂ ਤੋਂ ਕੁਲਦੀਪ ਸਿੰਘ ਨਿੱਝਰ, ਕੇਵਲ ਕ੍ਰਿਸ਼ਨ ਬਲੇਨਾ ਤੇ ਪਰਮਜੀਤ ਭੁੱਟਾ, ਅਮਰੀਕਾ ਤੋਂ ਰਣਜੀਤ ਸਿੰਘ ਹਾਸਰਾ ਨੇ ਮੈਨੂੰ ਕਿਹਾ ਕਿ ਮੱਝਾਂ ਖਰੀਦ ਲੈ, ਦੁੱਧ ਪਾਉਣ ਨਾਲ ਤੇਰਾ ਚੰਗਾ ਟਾਇਮ ਲੰਘਣ ਲੱਗ ਜਾਵੇਗਾ। ਉਨ੍ਹਾਂ ਨੇ ਮੱਦਦ ਕਰ ਦਿੱਤੀ। ਮੈਨੂੰ ਵੀ ਹੌਸਲਾ ਹੋ ਗਿਆ।

ਪਾਰਖੂ ਅੱਖ……… ਅਭੁੱਲ ਯਾਦਾਂ / ਦਰਸ਼ਨ ਸਿੰਘ ਪ੍ਰੀਤੀਮਾਨ

ਅੱਜ ਤੜਕੇ 4 ਵਜੇ ਦਾ ਬਲਦਾਂ ਨਾਲ ਨਰਮਾਂ ਸੀਲ ਰਿਹਾ ਸੀ। ਮੈਨੂੰ ਪੂਰੀ ਉਮੀਦ ਸੀ ਕਿ ਆਥਣ ਨੂੰ ਚਾਰੇ ਕਿਲਿਆਂ 'ਤੇ ਤਰਪਾਈ ਮਾਰ ਦੇਵਾਂਗਾਂ। ਬੈੜਕੇ ਨਾਲ ਬੁੱਢੇ ਬਲਦ ਦੀ ਤੋਰ ਵੀ ਤੇਜ਼ ਸੀ ਕਿਉਂਕਿ ਖੁਰਾਕ ਦੇ ਕਾਰਨ ਅਜੇ ਤਕੜਾ ਪਿਆ ਸੀ। ਮੈਂ ਵੀ ਜਵਾਨੀ 'ਚ ਸਾਂ। ਜਵਾਨੀ ਦਾ ਨਸ਼ਾ ਹੀ ਅਜਿਹਾ ਹੁੰਦਾ ਹੈ, ਜਿਸ ਪਾਸੇ ਵੱਲ ਦਿਲਚਸਪੀ ਹੋ ਜਾਵੇ, ਜਵਾਨ ਖੂਨ ਧੂੰਮਾਂ ਪਾ ਦਿੰਦਾ ਹੈ। ਮੇਰਾ ਧਿਆਨ ਹੁਣ ਖੇਤੀ 'ਚ ਲੱਗ ਚੁੱਕਿਆ ਸੀ। ਕੰਮ ਨੂੰ ਇਕੱਲਾ ਹੀ ਦੋ ਵਰਗਾ ਸੀ। ਨਰਮੇ ਦੀ ਡੁੱਸ ਵੇਖ ਕੇ ਹੋਰ ਵੀ ਨਸ਼ਾ ਚੜ੍ਹ ਜਾਂਦਾ  ਕਿ ਐਤਕੀ ਤਾਂ ਸੁਰਖਰੂ ਹੋ ਜਵਾਂਗੇ।

ਗਿਆਰਾਂ ਕੁ ਵਜੇ ਘਰੋਂ ਸੁਨੇਹਾ ਪਹੁੰਚ ਗਿਆ ਕਿ ਮਾਂ ਨੂੰ ਤੇਜ਼ ਬੁਖਾਰ ਹੋ ਗਿਆ ਹੈ। ਸ਼ਹਿਰ ਦੇ ਹਸਪਤਾਲ 'ਚ ਲੈ ਕੇ ਜਾਣੀ ਪਵੇਗੀ। ਮੈਂ ਗੁਆਂਢੀਆਂ ਦੇ ਮੁੰਡੇ ਦੇ ਮੂੰਹੋਂ ਐਨੀ ਗੱਲ ਸੁਣ ਕੇ ਜਾਣੀ ਪਵੇਗੀ। ਮੈਂ ਗੁਆਂਢੀਆਂ ਦੇ ਮੁੰਡੇ ਦੇ ਮੂੰਹੋਂ ਐਨੀ ਗੱਲ ਸੁਣ ਕੇ ਝੱਟ ਬਲਦਾਂ ਦੇ ਗਲੋਂ ਪੰਜਾਲੀ ਲਾਹ ਦਿੱਤੀ ਤੇ ਲਿਆ ਕੇ ਦੋਵੇਂ ਬਲਦ ਟਿਊਬਵੈੱਲ ਦੇ ਕੋਲ ਟਾਹਲੀ ਨਾਲ ਬੰਨ੍ਹ ਦਿੱਤੇ। ਗੱਡੀ 'ਚੋ ਚੁੱਕੇ ਕੱਖਾਂ ਵਾਲੀ ਪੱਲੀ ਬਲਦਾਂ ਦੇ ਅੱਗੇ ਖੋਲ੍ਹ ਦਿੱਤੇ। ਬਿਨ੍ਹਾਂ ਪੈਰ ਹੱਥ ਧੋਤੇ ਤੋਂ ਹੀ ਚਾਦਰਾ ਬੰਨਿਆ, ਜੋੜੇ ਪਾਏ ਅਤੇ ਮੁੱਕਾ (ਪਰਨਾ) ਸਿਰ ਤੇ ਲਪੇਟ ਕੇ ਨਾਲ ਦੇ ਗੁਆਂਢੀ ਨੂੰ ਕਿਹਾ ਕਿ ਸ਼ਾਮ ਨੂੰ ਹਰਾ ਵੱਢ ਗੱਡੀ ਜੋੜ ਲ਼ਿਆਵੀ, ਮੈਂ ਪਿੰਡ ਨੂੰ ਤੁਰ ਪਿਆ।

ਨਹੀਓਂ ਭੁੱਲਣਾ ਵਿਛੋੜਾ ਮੈਨੂੰ ਤੇਰਾ - ਡਾ. ਦਰਸ਼ਨ ਸਿੰਘ ਬੈਂਸ ………… ਸ਼ਰਧਾਂਜਲੀ / ਦਰਸ਼ਨ ਸਿੰਘ ਪ੍ਰੀਤੀਮਾਨ


20 ਮਈ 2012 ਦਾ ਦਿਨ ਸੀ। ਹਰ ਰੋਜ਼ ਦੀ ਤਰ੍ਹਾਂ ਸਵੇਰੇ ਸਾਈਕਲ ਚੁੱਕਿਆ ਤੇ ਬੱਸ ਸਟੈਂਡ ਤੇ ਪਹੁੰਚ ਗਿਆ। ਸਾਈਕਲ ਦਾ ਸਟੈਂਡ ਲਾਇਆ ਤੇ ਅਖਬਾਰਾਂ ਵਾਲੇ ਤੋਂ ਐਤਵਾਰ ਹੋਣ ਕਰਕੇ ਪੰਜਾਬੀ ਦੇ ਸਾਰੇ ਹੀ ਅਖਬਾਰ ਖਰੀਦ ਲਏ। ਐਤਵਾਰ ਨੂੰ ਮੈਗਜ਼ੀਨ ਹੋਣ ਕਰਕੇ ਮੈਂ ਪੰਜਾਬੀ ਦੇ ਸਾਰੇ ਹੀ ਅਖਬਾਰ ਪੜ੍ਹਦਾ ਹਾਂ। ਮੈਂ ਅਖਬਾਰਾਂ ਵਾਲੇ ਨੂੰ ਪੈਸੇ ਦਿੱਤੇ ਤੇ ਅਖਬਾਰ ਸਾਈਕਲ ਦੀ ਟੋਕਰੀ 'ਚ ਰੱਖ ਪਿੰਡ ਨੂੰ ਸਾਈਕਲ ਤੇ ਚੜ੍ਹ ਗਿਆ।

ਘਰ ਆ ਕੇ ਵਾਰੋ ਵਾਰੀ ਅਖਬਾਰ ਵੇਖ ਰਿਹਾ ਸੀ। ਜਦ ਇੱਕ ਪੰਨੇ ਤੇ 'ਅਜੀਤ ਵੀਕਲੀ ਦੇ ਸੰਪਾਦਕ ਦਰਸ਼ਨ ਸਿੰਘ ਬੈਂਸ ਨਹੀਂ ਰਹੇ, ਪੜ੍ਹਿਆ ਤਾਂ ਮਨ ਇੱਕ ਦਮ ਉਦਾਸ ਹੋ ਗਿਆ। ਜੁੱਸੇ ਨੂੰ ਕੰਬਨੀ ਜਿਹੀ ਚੜ੍ਹ ਗਈ। ਅੱਖੀਆਂ 'ਚੋਂ ਹੰਝੂਆਂ ਦਾ ਦਰਿਆ ਹੀ ਚੱਲ ਪਿਆ। ਕਿਉਂਕਿ ਫਰਵਰੀ 2012 ਦੇ ਅਖੀਰ 'ਚ ਹੀ ਉਨ੍ਹਾਂ ਨੇ ਤਾਂ ਮੇਰੀ ਜ਼ਿੰਦਗੀ ਨੂੰ ਬਦਲਣ ਦਾ ਮੈਨੂੰ ਐਡਾ ਵੱਡਾ ਹੌਸ਼ਲਾ ਦਿੱਤਾ ਸੀ ਜੋ ਮੈਂ ਕਦੇ ਸੋਚਿਆ ਵੀ ਨਹੀਂ ਸੀ। ਮੇਰੇ ਮੁਤਾਬਿਕ ਤਾਂ ਜਿਵੇਂ ਖੁਦਾ ਹੀ ਧਰਤੀ ਤੇ ਉਤਰ ਆਇਆ ਹੋਵੇ ਜਿਸ ਦਾ ਮੈਂ ਅੱਗੇ ਜਾ ਕੇ ਵਰਨਣ ਕੀਤਾ ਹੈ।

ਸੰਘਰਸ਼ ਜਾਰੀ ਹੈ……… ਹੱਡਬੀਤੀ / ਦਰਸ਼ਨ ਸਿੰਘ ਪ੍ਰੀਤੀਮਾਨ

ਸੱਚ ਕਹਿਣ ਤੋਂ ਮੈਂ ਕਦੇ ਵੀ ਨਹੀਂ ਝਿਜਕਿਆ, ਭਾਵੇਂ ਕਿਹੋ ਜਿਹੀ ਵੀ ਗੱਲ ਕਿਉਂ ਨਾ ਹੋਵੇ ਪਰ ਇਸ ਵਾਰ ਆਪ ਬੀਤੀ ਜੱਗ ਬੀਤੀ ਲਿਖਣ ਤੋਂ ਝਿਜਕਦਾ ਆ ਰਿਹਾ ਸੀ। ਇਹ ਆਪ ਬੀਤੀ ਮੇਰੀ ਸਮੱਸਿਆਵਾਂ ਨਾਲ ਹੀ ਸਬੰਧਤ ਹੈ, ਜਿਹੜੀ ਮੈਂ ਆਪਣੇ ਪਿਆਰੇ ਪਾਠਕਾਂ ਦੇ ਸਾਹਮਣੇ ਨਹੀਂ ਕਰਨਾ ਚਾਹੁੰਦਾ ਸਾਂ। ਹਕੀਕਤ ਨੰਗੀ ਕਰਨ ਤੋਂ ਸ਼ਰਮ ਜਿਹੀ ਮਹਿਸੂਸ ਕਰਦਾ ਸਾਂ, ਪਰ ਮੈਂ ਤਾਂ ਆਪ ਹੀ ਮੁੱਢ ਤੋਂ ਕਹਿੰਦਾ ਆ ਰਿਹਾ ਹਾਂ ਕਿ ਲੇਖਕ ਹੁੰਦਾ ਹੀ ਉਹ ਹੈ ਜੋ ਸੱਚ ਕਹਿ ਸਕਦਾ ਹੋਵੇ? ਫੇਰ ਸੋਚਦੈਂ, ਮੈਨੂੰ ਹਕੀਕਤ ਲਿਖਣੀ ਚਾਹੀਦੀ ਹੈ? ਮੈਂ ਕੋਈ ਚੋਰੀ ਤਾਂ ਨਹੀਂ ਕਰਦਾ? ਠੱਗੀ ਤਾਂ ਨਹੀਂ ਮਾਰਦਾ? ਮੈਂ ਤਾਂ ਮਿਹਨਤ ਕਰਦਾ ਹਾਂ। ਮਿਹਨਤ ਦਾ ਤਾਂ ਕੋਈ ਡਰ ਨਹੀਂ ਹੁੰਦਾ।
ਪਿਛਲੇ ਮਹੀਨਿਆਂ 'ਚ ਮੇਰੀ ਦੁੱਖਾਂ ਭਰੀ ਜ਼ਿੰਦਗੀ ਦੀ ਹਕੀਕਤ 'ਪ੍ਰੈਸ' ਨੇ ਚੁੱਕ ਲਈ, ਜਦ ਮੈਂ ਆਤਮ ਹੱਤਿਆ ਕਰਨ ਦੇ ਕਿਨਾਰੇ ਪਹੁੰਚ ਚੁੱਕਿਆ ਸਾਂ। ਪੱਤਰਕਾਰ ਲਵਲੀ ਗੋਇਲ ਨੇ ਕਿਹਾ, "ਅੰਦਰ ਵੜ ਕੇ ਮਰ ਜਾਣ ਨਾਲੋਂ ਕੋਠੇ 'ਤੇ ਚੜ੍ਹ ਕੇ ਰੋਣਾ-ਪਿੱਟਣਾ ਸੌ ਗੁਣਾ ਚੰਗਾ ਹੈ। ਤੂੰ ਸ਼ਰਮ ਨਾ ਮੰਨ, ਹਕੀਕਤ ਨੰਗੀ ਹੋਣ ਤੋਂ। ਸਰਕਾਰਾਂ ਕਦੇ ਆਪਣੇ ਸਰਮਾਏ ਨੂੰ ਰੁਲਣ ਨਹੀਂ ਦਿੰਦੀਆਂ, ਕੋਈ ਨਾ ਕੋਈ ਹੱਲ ਜ਼ਰੂਰ ਨਿਕਲ ਆਵੇਗਾ। 'ਮੈਂ ਹਾਂ 'ਚ ਹਾਂ ਮਿਲਾ ਦਿੱਤੀ। ਲਵਲੀ ਗੋਇਲ, ਰਜੀਵ ਗੋਇਲ, ਤਰਸ਼ੇਮ ਸ਼ਰਮਾ ਤੇ ਦਰਸ਼ਨ ਜਿੰਦਲ ਪੱਤਰਕਾਰਾਂ ਨੇ ਮੇਰੇ ਆਰਟੀਕਲ ਪੇਪਰਾਂ 'ਚ ਲਾ ਦਿੱਤੇ। 'ਮਾਲਵਾ ਪੰਜਾਬੀ ਸਾਹਿਤ ਸਭਾ ਇਲਾਕਾ ਰਾਮਪੁਰਾ ਫੂਲ ਬਠਿੰਡਾ' ਨੇ ਖ਼ਬਰਾਂ ਲਾ ਦਿੱਤੀਆਂ। ਆਰਟੀਕਲ ਤੇ ਖ਼ਬਰਾਂ ਪੜ੍ਹ ਕੇ ਪੰਜਾਬ ਦੇ ਕੋਨੇ-ਕੋਨੇ 'ਚੋਂ ਸਾਹਿਤ ਸਭਾਵਾਂ, ਕਲੱਬਾਂ ਤੇ ਜਥੇਬੰਦੀਆਂ ਵੱਲੋਂ ਖ਼ਬਰਾਂ ਪੇਪਰਾਂ 'ਚ ਲੱਗਣ ਲੱਗ ਪਈਆਂ। ਸੁੱਤੀ ਸਰਕਾਰ ਨੂੰ ਜਗਾਉਣ ਲਈ ਆਵਾਜ਼ ਬੁਲੰਦ ਹੋ ਗਈ। ਖ਼ਬਰਾਂ ਪੜ੍ਹ ਕੇ ਨਾਲ ਦੀ ਨਾਲ ਅਲਫਾ ਜ਼ੀ ਨਿਊਜ ਤੇ ਪੰਜਾਬ ਟੂਡੇ ਚੈਨਲਾਂ ਨੇ ਮੂਵੀਆਂ ਬਣਾ ਕੇ ਦਿਖਾ ਦਿੱਤੀਆਂ ਅਤੇ ਦੂਰਦਰਸ਼ਨ 'ਤੇ ਪੰਜਾਬ ਪਲੱਸ ਨੇ ਵੀ ਫਿਲਮ ਬਣਾ ਕੇ ਦੂਰਦਰਸ਼ਨ 'ਤੇ ਦਿਖਾ ਦਿੱਤੀ, ਪਰ ਸਰਕਾਰ ਨੇ ਸਭ ਕੁਝ ਨੂੰ ਅੱਖੋਂ ਪਰੋਖੇ ਕਰ ਦਿੱਤਾ।

ਇਹ ਦਿਨ ਵੀ ਆਉਣਾ ਸੀ……… ਹੱਡਬੀਤੀ / ਦਰਸ਼ਨ ਸਿੰਘ ਪ੍ਰੀਤੀਮਾਨ

ਹਰ ਸਾਲ ਦੀ ਤਰ੍ਹਾਂ ਐਤਕੀ ਵੀ ਨਗਰ ਕੀਰਤਨ ਕੱਢਿਆ ਗਿਆ। ਥਾਂ-ਥਾਂ ਠੰਡੇ-ਮਿੱਠੇ ਪਾਣੀ ਦੀਆਂ ਛਬੀਲਾਂ ਲਾਈ ਗਈਆਂ। ਲੋਕਾਂ ਨੇ ਆਪਣੇ-ਆਪਣੇ ਬਾਰਾਂ ਅੱਗੇ ਸਫਾਈ ਕੀਤੇ ਤੇ ਪਾਣੀ ਛਿੜਕਿਆ। ਨਗਰ ਕੀਰਤਨ ਹਰ ਪੜਾਅ 'ਤੇ ਖੜ੍ਹਦਾ ਅੱਗੇ ਵੱਧਦਾ। ਢਾਡੀ ਜੱਥੇ ਆਪਣੀਆਂ-ਆਪਣੀਆਂ ਵਾਰਾਂ ਪੇਸ਼ ਕਰਦੇ। ਲੋਕੀਂ ਢਾਡੀ ਜੱਥਿਆਂ ਨੂੰ ਰੁਪਈਏ ਦਿੰਦੇ। ਗੁਰੂ ਘਰ ਦੇ ਫੰਡ ਵਿੱਚ ਸ਼ਰਧਾ ਮੁਤਾਬਕ ਰੁਪਏ ਦਿੰਦੇ। 'ਸ਼੍ਰੀ ਗੁਰੂ ਗ੍ਰੰਥ ਸਾਹਿਬ' ਨੂੰ ਮੱਥਾ ਟੇਕਦੇ। ਮਾਈਆਂ ਪ੍ਰਾਂਤਾਂ, ਬਾਲਟੀਆਂ ਕਣਕ ਦੀਆਂ ਪਾਉਂਦੀਆਂ।

ਹਰ ਸਾਲ ਢਾਡੀ ਜੱਥੇ ਪਿਛਲੇ ਪੜਾਅ 'ਤੇ ਆਪਣੀਆਂ-ਆਪਣੀਆਂ ਕਵਿਤਾਵਾਂ ਪੇਸ਼ ਕਰਕੇ ਮੇਰੇ ਘਰ, ਮੇਰੀ ਬੈਠਕ ਵਿੱਚ ਆ ਕੇ ਬਹਿੰਦੇ। ਮੇਰੇ ਘਰ ਚਾਹ-ਪਾਣੀ ਪੀਂਦੇ ਤੇ ਸਾਹਿਤ ਦੀਆਂ ਗੱਲਾਂ ਕਰਦੇ। ਨਗਰ ਕੀਰਤਨ ਪਿਛਲੇ ਪੜਾਅ ਤੋਂ ਰਵਾਨਾ ਹੁੰਦਾ ਅਗਲੇ ਪੜਾਅ 'ਤੇ ਜਾ ਕੇ ਖੜ੍ਹਦਾ ਤੇ ਢਾਡੀ ਜੱਥੇ ਮੇਰੇ ਘਰੋਂ ਉੱਠ ਕੇ ਅਗਲੇ ਪੜਾਅ 'ਤੇ ਰੌਣਕਾਂ ਲਾਉਂਦੇ।