ਕਿਵੇਂ ਕਰਾਂ ਧੰਨਵਾਦ, ਮੈਂ ਵਿਦੇਸ਼ੀ ਵੀਰਾਂ ਦਾ……… ਹੱਡਬੀਤੀ / ਦਰਸ਼ਨ ਸਿੰਘ ਪ੍ਰੀਤੀਮਾਨ

ਮਨੁੱਖ ਦੀ ਜ਼ਿੰਦਗੀ 'ਚ ਬਹੁਤ ਉਤਰਾਅ-ਚੜਾਅ ਆਉਂਦੇ ਹਨ। ਕਦੇ ਮੁੱਠੀ 'ਚ-ਕਦੇ ਥੱਬੇ 'ਚ, ਕਦੇ ਖੁਸ਼ੀਆਂ 'ਚ, ਕਦੇ ਗਮੀਆਂ 'ਚ। ਇਹ ਕੁਦਰਤ ਦਾ ਗੇੜ ਹੈ, ਇਸ ਗੇੜ ਨੂੰ ਸਮਝਣਾ ਔਖਾ ਹੈ। ਕਦੇ ਮਨੁੱਖ ਹੱਸਦਾ ਹੈ, ਕਦੇ ਰੋਂਦਾ ਹੈ। ਇਹ ਕੁਦਰਤ ਦੇ ਰੰਗ ਨਿਆਰੇ ਹਨ। ਇਹੀ ਕੁਦਰਤ ਹੈ ਕਦੇ ਗੁੱਡੀ ਅਕਾਸ਼ 'ਤੇ ਚੜਾ ਦਿੰਦੀ ਹੈ ਅਤੇ ਕਦੇ ਡੋਰ ਕੱਟ ਫਰਸ਼ ਤੇ ਮੂਧੇ ਮੂੰਹ ਸੁੱਟ ਦਿੰਦੀ ਹੈ। ਜਿੱਥੋਂ ਉਠਣਾ ਵੀ ਬਹੁਤ ਔਖਾ ਹੋ ਜਾਂਦਾ ਹੈ ਪਰ ਜੇ ਕੁਦਰਤ ਮੇਹਰਬਾਨ ਹੋ ਜਾਵੇ ਤਾਂ ਬਹੁਤ ਡੂੰਘੀ ਖਾਈ 'ਚ ਡਿੱਗੇ ਨੂੰ ਵੀ ਸੁਖਾਲਿਆ ਹੀ ਬਾਹਰ ਕੱਢ ਲੈਂਦੀ ਹੈ।

ਅੱਜ ਦੇ ਲੇਖ ਵਿੱਚ ਮੈਂ ਵੀ ਆਪਣੇ ਹਰਮਨ ਪਿਆਰੇ ਪਾਠਕਾਂ, ਹਮਦਰਦੀਆਂ ਅਤੇ ਮੁਦੱਈਆਂ ਲਈ ਦੋ ਸ਼ਬਦ ਲਿਖਣ ਦਾ ਉਪਰਾਲਾ ਕਰ ਰਿਹਾ ਹਾਂ ਪਰ ਅਜਿਹੇ ਸ਼ਬਦ ਅੱਜ ਮੈਨੂੰ ਨਹੀਂ ਲੱਭ ਰਹੇ, ਜਿੰਨ੍ਹਾਂ ਨਾਲ ਮੈਂ, ਉਨ੍ਹਾਂ ਦਾ ਕੋਟਿ-ਕੋਟਿ ਧੰਨਵਾਦ ਕਰਾਂ ਪਰ ਫੇਰ ਵੀ ਕੁਝ ਲਿਖਣ ਦੀ ਕੋਸ਼ਿਸ਼ ਜਰੂਰ ਕਰ ਰਿਹਾ ਹਾਂ।

ਅੱਜ ਮੈਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਹੈ ਕਿ ਸੱਚੇ ਤਨ ਮਨ ਅਤੇ ਧੰਨ ਨਾਲ ਕੀਤੀ ਸਮਾਜ ਦੀ ਸੇਵਾ ਦਾ ਜਰੂਰ ਕਦੇ ਫਲ ਮਿਲਦਾ ਹੈ। ਭਾਵੇਂ ਮੈਂ ਨੇਤਰਦਾਨ, ਖੂਨਦਾਨ, ਸਰੀਰਦਾਨ, ਵਿਦਿਆਦਾਨ ਅਤੇ ਮਨੁੱਖਤਾ ਦੀ ਸੇਵਾ ਕਰਕੇ ਤਿੰਨ ਵਿਅਕਤੀ ਮਰਨ ਕਿਨਾਰਿਓਂ ਬਚਾਏ ਹਨ ਜੋ ਅੱਜ ਆਪਣੇ ਬੱਚੇ ਪਾਲ ਰਹੇ ਹਨ। ਇਹ ਸੇਵਾ ਨਾ ਤਾਂ ਮੈਂ ਆਪਣਾ ਨਾਂ ਕਰਨ ਲਈ ਕੀਤੀ ਹੈ, ਨਾ ਕੁਝ ਲੈਣ ਲਈ ਅਤੇ ਨਾ ਹੀ ਇਹ ਸੇਵਾ ਕਰਕੇ, ਮੈਂ ਕਿਸੇ ਜੁੰਮੇ ਕੋਈ ਅਹਿਸਾਨ ਕੀਤਾ ਹੈ। ਮੈਂ ਤਾਂ ਇਨਸਾਨੀਅਤ ਦੇ ਤੌਰ ਆਪਣਾ ਫਰਜ਼ ਨਿਭਾਇਆ ਹੈ।

1992 ਤੋਂ ਮੇਰੇ ਆਰਥਿਕ ਹਾਲਤ ਮਾੜੇ ਹੀ ਹੁੰਦੇ ਗਏ, ਅਖੀਰ 2001 'ਚ ਆਟਾ ਚੱਕੀ ਬੰਦ ਹੋਣ ਕਰਕੇ  ਸ਼ਿਕੰਜਾ ਹੋਰ ਵੀ ਕਸਿਆ ਗਿਆ। ਇੰਨ੍ਹਾਂ ਸਾਲਾਂ 'ਚ ਅਨੇਕਾਂ ਕੰਮ ਕੀਤੇ ਪਰ ਸਫਲਤਾ ਨਾ ਮਿਲੀ। ਕਈ ਸਾਲ ਲਗਾਤਾਰ ਸ਼ਹਿਰ 'ਚ ਦੁਕਾਨਾਂ ਦੀ ਰਾਤ ਨੂੰ ਪਹਿਰੇਦਾਰੀ ਕੀਤੀ। ਜਦ ਪਹਿਰੇਦਾਰੀ ਤੋਂ ਹਟ ਗਿਆ ਤਾਂ ਬਹੁਤ ਵੱਡੀ ਮੁਸੀਬਤ ਵਿੱਚ ਉਲਝ ਗਿਆ। ਘਰ ਦਾ ਚੁੱਲ੍ਹੇ ਦਾ ਖਰਚਾ ਤੋਰਨਾ ਵੀ ਔਖਾ ਹੋ ਗਿਆ। ਸਿਰ ਡੇਢ ਲੱਖ ਦਾ ਕਰਜ਼ਾ। ਇੱਕ ਘਰ ਦਾ ਦੋ ਕਮਰਿਆਂ 'ਚੋਂ ਇੱਕ ਕਮਰਾ ਲੱਖ 'ਚ ਗਹਿਣੇ, ਕੋਈ ਰਾਹ ਨਾ ਲੱਭਦਾ। ਮਣਾਂ ਮੂੰਹੀ ਫਿਕਰ ਆ ਪਏ। ਉਸ ਸਮੇਂ ਜੋ ਮੇਰੇ ਦਿਲ 'ਚ ਬੀਤਦੀ ਸੀ ਜਾਂ ਮੈਂ ਜਾਣਦਾ ਸਾਂ ਜਾਂ ਰੱਬ। ਅਖੀਰ ਮਨ 'ਚ ਬੁਜਦਿਲਾਂ ਵਾਲੇ ਖਿਆਲ ਵੀ ਆਉਣ ਲੱਗ ਪਏ, ਮਰਨ ਬਾਰੇ। ਫਿਰ ਮੈਂ ਆਪਣੀ ਧਰਮ ਪਤਨੀ ਛਿੰਦਰਪਾਲ 'ਛਿੰਦੋ' ਬਾਰੇ ਅਤੇ ਸਾਨੂੰ ਅਨੇਕਾਂ ਸਾਲਾਂ ਤੋਂ ਤਰਸਾ-ਤਰਸਾ ਕਿ ਰੱਬ ਨੇ ਦਿੱਤੇ ਬੇਟੇ ਚਾਣਨਦੀਪ ਸਿੰਘ ਚੀਨੂੰ ਬਾਰੇ ਸੋਚਦਾ ਕਿ ਇੰਨ੍ਹਾਂ ਦਾ ਕੀ ਬਣੂ?

ਸਾਰਾ ਕੰਮ ਠੱਪ ਹੋ ਗਿਆ। ਆਮਦਨ ਦਾ ਕੋਈ ਸਾਧਨ ਨਾ ਰਿਹਾ, ਕੁਝ ਨਾ ਸੁਝਦਾ, ਕੁਝ ਨਾ ਔੜਦਾ ਹਰ ਸਮੇਂ ਫਿਕਰਾਂ 'ਚ ਗੋਤੇ ਖਾਈ ਜਾਂਦਾ ਕਿ ਕੀ ਕਰਾਂ। ਅਚਾਨਕ ਮੇਰੇ ਦੋਸਤ ਲਛਮਣ ਸਿੰਘ ਭੁੱਲਰ ਦਾ ਟਰਾਂਟੋ (ਕੈਨੇਡਾ) ਤੋਂ ਫੋਨ ਆ ਗਿਆ ਕਿ ਪ੍ਰੀਤੀਮਾਨ ਤੇਰੀ ਕਹਾਣੀ 'ਅੱਖੀ ਦੇਖੀ ਸਿਆਸਤ' ਕੈਨੇਡਾ ਦੇ ਇੱਕ ਅਖਬਾਰ 'ਚ ਲੱਗੀ ਹੈ, ਪਾਠਕਾਂ ਨੇ ਇਹ ਕਹਾਣੀ ਖੂਬ ਸੁਲਾਹੀ ਹੈ। ਹੋਰ ਵੀ ਭੇਜਿਆ ਕਰ।

ਦੂਜੇ ਦਿਨ ਮੈਂ ਆਪ ਬੀਤੀ-ਜੱਗ ਬੀਤੀ 'ਸੰਘਰਸ਼ ਜਾਰੀ ਹੈ' ਭੇਜ ਦਿੱਤੀ ਉਹ ਵੀ ਛਪ ਗਈ। ਇੱਕ ਭੈਣ ਸੁਰਿੰਦਰ ਕੌਰ ਦਾ ਵਿਦੇਸ਼ੋਂ ਫੋਨ ਆਇਆ ਕਿ ਇੱਕ ਲੇਖਕ ਨਾਲ ਐਨਾ ਕੁਝ ਵਾਪਰ ਗਿਆ ਫੇਰ ਵੀ ਸਰਕਾਰ ਨੇ ਸਾਰ ਨਹੀਂ ਲਈ! ਉਨ੍ਹਾਂ ਨੇ ਕਿਹਾ ਕਿ ਵੀਰ ਪ੍ਰੀਤੀਮਾਨ ਜੀ, ਇੰਝ ਤਾਂ ਪਾਠਕ ਸਮਝਣਗੇ ਕਿ ਲੇਖਕ ਆਪਣੇ ਕੋਲੋਂ ਹੀ ਨਾ ਇਹ ਗੱਲਾਂ ਲਿਖ ਰਿਹਾ ਹੋਵੇ, ਭਾਵੇਂ ਤੁਹਾਡੇ ਨਾਲ ਵਾਪਰੀਆਂ ਘਟਨਾਵਾਂ ਹਨ ਪਰ ਜਦ ਪਾਠਕਾਂ ਨੂੰ ਪੂਰਾ ਯਕੀਨ ਹੋ ਗਿਆ ਕਿ ਵਾਕਿਆ ਹੀ ਇਹ ਸੱਚ ਹੈ ਤਾਂ ਪਾਠਕ, ਆਪ ਜੀ ਨੂੰ ਇੰਝ ਰੁਲਣ ਨਹੀਂ ਦੇਣਗੇ। ਆਪ ਦੀ ਆਰਥਿਕਤਾ ਨੂੰ ਠੀਕ ਕਰ ਦੇਣਗੇ, ਇਹ ਮੈਨੂੰ ਪੱਕਾ ਯਕੀਨ ਹੈ। ਪਰ ਤੁਹਾਨੂੰ ਉਪਰਾਲਾ ਕਰਨਾ ਪਵੇਗਾ! ਇੱਕੇ ਸਾਹੇ ਹੀ ਭੈਣ ਸੁਰਿੰਦਰ ਕੌਰ, ਮੈਨੂੰ ਆਖ ਗਈ।

'ਭੈਣ ਜੀ, ਕੀ ਕਰਨਾ ਪਊ?' ਮੈਂ ਅੱਗੋਂ ਪੁੱਛਿਆ।

'ਤੁਹਾਡੀ ਹਾਲਤ ਅਤੇ ਤੁਹਾਡੇ ਸਾਹਿਤ ਬਾਰੇ ਕੋਈ ਚੰਗਾ ਲੇਖਕ ਆਰਟੀਕਲ ਲਿਖੇ ਤਾਂ ਪਾਠਕ ਨੂੰ ਸੱਚ ਆ ਜਾਵੇਗਾ।

ਫੇਰ ਤੁਹਾਡੀਆਂ ਆਪ ਬੀਤੀਆਂ ਪਾਠਕ ਸੱਚ ਮੰਨ ਕੇ ਤੁਹਾਡੀ ਜਰੂਰ ਮੱਦਦ ਕਰਨਗੇ'। ਭੈਣ ਸੁਰਿੰਦਰ ਕੌਰ ਨੇ ਸੁਝਾਓ ਦਿੱਤਾ।

'ਠੀਕ ਹੈ ਭੈਣ ਜੀ', ਮੈਂ ਹੁੰਗਾਰਾ ਭਰ ਦਿੱਤਾ।

ਇੱਕ ਦਿਨ ਲੇਖਕ ਗੋਰਾ ਖਾਨ ਸੰਧੂ ਆ ਗਿਆ। ਉਸਨੇ ਮੇਰੀ ਮੱਦਦ ਲਈ ਕੁਝ ਪੈਸੇ ਦਿੱਤੇ ਅਤੇ ਕੁਝ ਪੈਸੇ ਲੇਖਕ ਰਣਜੀਤ ਸਿੰਘ ਸਿੱਧੂ ਦੇ ਗਿਆ। ਜਿਸ ਨਾਲ ਕੁਝ ਦਿਨ ਦਾ ਘਰ ਦਾ ਸੌਦਾ ਪੱਤਾ ਆ ਗਿਆ। ਪਰ ਮੈਂ ਸੋਚਾਂ ਦੇ ਸਮੁੰਦਰਾਂ ਵਿੱਚ ਗੋਤੇ ਖਾ ਰਿਹਾ ਸੀ ਕਿ ਕਿਹੜੇ ਲੇਖਕ ਨੂੰ ਕਹਾਂ ਕਿ ਮੇਰੀ ਹਾਲਤ ਬਾਰੇ ਪਾਠਕਾਂ ਨੂੰ ਚਾਨਣਾ ਪਾਵੇ। ਲੇਖਕ ਗੋਰਾ ਖਾਨ ਸੰਧੂ ਬਠਿੰਡੇ ਇੱਕ ਹੋਟਲ ਵਿੱਚ ਪੰਜਾਬੀ ਦੇ ਪ੍ਰਸਿੱਧ ਲੇਖਕ ਨਿੰਦਰ ਘੁਗਿਆਣਵੀ ਨੂੰ ਮਿਲੇ। ਤਾਂ ਨਿੰਦਰ ਨੇ ਗੋਰੇ ਨੂੰ ਪੁੱਛਿਆ, “ਪ੍ਰੀਤੀਮਾਨ ਦਾ ਕੀ ਹਾਲ ਐ?”

“ਵੀਰ ਜੀ, ਕੋਈ ਜ਼ਮੀਨ ਨਹੀਂ, ਬਿਜ਼ਨਸ ਨਹੀਂ । ਰਾਤ ਦੀ ਪਹਿਰੇਦਾਰੀ ਕਰਦਾ ਸੀ, ਉੱਥੋਂ ਵੀ ਹਟ ਗਿਆ । ਹੁਣ ਤਾਂ ਬਹੁਤ ਮੁਸ਼ਕਿਲ ਹੋਇਆ ਪਿਆ ਹੈ, ਵਿਚਾਰੇ ਦਾ। ਉਸਨੇ ਅਨੇਕਾਂ ਲੇਖਕਾਂ ਦੇ ਆਰਟੀਕਲ ਲਿਖੇ ਹਨ। ਉਸ ਬਾਰੇ ਪੰਜਾਬ ਦੇ ਕਿਸੇ ਵੀ ਲੇਖਕ ਨੇ ਨਹੀਂ ਲਿਖਿਆ। ਪਰ ਉਸ ਦੇ ਮਰਨ ਤੋਂ ਬਾਅਦ ਤਾਂ ਲੇਖਕਾਂ ਦੇ, ਉਸ ਦੀਆਂ ਤਰੀਫਾਂ ਦੇ ਅਖਬਾਰ ਭਰੇ ਆਉਣਗੇ”, ਗੋਰਾ ਖਾਨ ਸੰਧੂ ਨੇ, ਨਿੰਦਰ ਕੋਲ ਅੱਖਾਂ ਪੂੰਝਦੇ ਨੇ ਕਿਹਾ।

ਗੋਰੇ ਮੂੰਹੋਂ ਐਨੀ ਗੱਲ ਸੁਣ ਕੇ, ਨਿੰਦਰ ਇੱਕ ਦਮ ਉਦਾਸ ਹੋ ਗਿਆ ਤੇ ਬੋਲਿਆ, “ਗੋਰੇ, ਪ੍ਰੀਤੀਮਾਨ ਨੂੰ ਮਰਨ ਨਹੀਂ ਦਿੰਦੇ। ਉਸ ਨੂੰ ਕਹੀ ਮੈਨੂੰ ਆਪਣਾ ਬਾਇਓਡਾਟਾ ਭੇਜੇ । ਨਾਲੇ ਮੈਂ ਹੁਣ ਆਸਟ੍ਰੇਲੀਆ ਜਾਣਾ ਹੈ। ਉੱਥੇ ਵੀ ਦੋਸਤਾਂ 'ਚ ਪ੍ਰੀਤੀਮਾਨ ਦੀ ਹਾਲਤ ਬਾਰੇ ਚਾਨਣਾ ਪਾਵਾਂਗਾ। ਉਸਨੂੰ ਮੇਰੇ ਵੱਲੋਂ ਕਹਿਣਾ ਹੌਸਲਾ ਰੱਖੇ। ਮੈਨੂੰ ਉਮੀਦ ਹੈ, ਪੰਜਾਬੀ ਪਿਆਰੇ, ਉਸਦਾ ਦੁੱਖ ਨਹੀਂ ਸਹਿਣਗੇ”।

ਗੋਰਾ ਖਾਨ ਸੰਧੂ ਨੇ ਮੇਰੇ ਕੋਲ ਨਿੰਦਰ ਘੁਗਿਆਣਵੀ ਨਾਲ ਹੋਈ ਗੱਲ ਬਾਤ ਮੈਨੂੰ ਦੱਸੀ। ਨਿੰਦਰ ਨੂੰ ਮੈਂ ਆਪਣਾ ਛੋਟਾ ਵੀਰ ਹੀ ਸਮਝਦਾ ਹਾਂ ਅਤੇ ਮੇਰਾ ਮਨ ਪਸੰਦ ਲੇਖਕ ਵੀ ਹੈ। ਮੈਨੂੰ, ਗੋਰੇ ਦੀ ਗੱਲ ਸੁਣ ਕੇ ਹੌਸਲਾ ਮਿਲਿਆ ਕਿ ਨਿੰਦਰ ਦੀ ਗੱਲ ਸਾਰੀ ਦੁਨੀਆਂ ਦੇ ਪੰਜਾਬੀਆਂ ਤੱਕ ਪਹੁੰਚਦੀ ਹੈ। ਜਰੂਰ ਨਿੰਦਰ ਦੀ ਗੱਲ ਨੂੰ ਪੰਜਾਬੀ ਪਿਆਰੇ ਸੋਚਣ ਲਈ ਮਜ਼ਬੂਰ ਹੋਣਗੇ।

ਦੂਜੇ ਦਿਨ ਮੈਂ ਇੱਕ ਆਪਣੀ ਫੋਟੋ ਤੇ ਆਪਣਾ ਬਾਇਓਡਾਟਾ ਨਿੰਦਰ ਨੂੰ ਭੇਜ ਦਿੱਤਾ। ਨਿੰਦਰ ਨੇ ਆਰਟੀਕਲ ਲਿਖ ਭੇਜ ਦਿੱਤਾ। ਆਰਟੀਕਲ ਛਪਣ ਤੇ ਹੀ ਮੈਨੂੰ ਫੋਨ ਵਿਦੇਸ਼ੀ ਵੀਰਾਂ ਤੇ ਭੈਣਾਂ ਦੇ ਆਉਣੇ ਸ਼ੁਰੂ ਹੋ ਗਏ ਕਿ ਵੀਰ ਹੌਸਲਾ ਰੱਖ ਅਸੀਂ ਸਹਾਇਤਾ ਭੇਜਦੇ ਹਾਂ। ਮੱਦਦ ਹੋਣੀ ਸ਼ੁਰੂ ਹੋ ਗਈ। ਮੇਰਾ ਹੌਸਲਾ ਵਧਣਾ ਸ਼ੁਰੂ ਹੋ ਗਿਆ। ਫੇਰ ਭੈਣ ਕਿਰਨ ਚੋਪੜਾ ਦਾ ਆਰਟੀਕਲ ਮੇਰੇ ਬਾਰੇ ਛਪ ਗਿਆ ਜੋ ਪਾਠਕਾਂ ਦੇ ਮਨਾਂ ਤੇ ਡੂੰਘੀ ਛਾਪ ਛੱਡ ਗਿਆ।

ਫਿਰ ਰਣਜੀਤ ਸਿੱਧੂ ਦਾ ਮੇਰੇ ਬਾਰੇ ਆਰਟੀਕਲ ਛਪ ਗਿਆ। ਪਾਠਕਾਂ ਨੂੰ ਯਕੀਨ ਹੁੰਦਾ ਗਿਆ। ਫੇਰ ਮੇਰੀ ਆਪ ਬੀਤੀ 'ਇਹ ਵੀ ਦਿਨ ਆਉਣਗੇ' ਛਪ ਗਈ। ਪਾਠਕ ਵੀਰਾਂ ਅਤੇ ਭੈਣਾਂ ਨੂੰ ਪੱਕਾ ਯਕੀਨ ਹੋ ਗਿਆ। ਉਸ ਤੋਂ ਬਾਅਦ ਮੇਰੀ ਆਪ ਬੀਤੀ-ਜਗ ਬੀਤੀ 'ਮੈਂ ਨਹੀਂ ਰੋਂਦਾ, ਮੇਰੀ ਕਲਮ ਰੋਂਦੀ ਹੈ' ਛਪ ਗਈ। ਜਿਸ ਦੇ ਉੱਪਰ ਹੀ ਡਾ. ਦਰਸ਼ਨ ਸਿੰਘ ਬੈਂਸ ਜੀ ਵੱਲੋਂ ਪਾਠਕਾਂ ਨੂੰ ਮੇਰੀ ਮੱਦਦ ਕਰਨ ਲਈ ਪੁਰਜ਼ੋਰ ਅਪੀਲ ਕੀਤੀ ਸੀ ਤਾਂ ਪਾਠਕਾਂ ਨੇ ਮੇਰੀ ਮੱਦਦ ਕਰਨ ਲਈ ਪੱਕਾ ਪ੍ਰਣ ਕਰ ਲਿਆ, ਮੈਨੂੰ ਫੋਨ ਤੇ ਫੋਨ ਮੱਦਦ ਕਰਨ ਵਾਲਿਆਂ ਦੇ ਆਉਂਦੇ ਤੇ ਮੱਦਦ ਦੇ ਨਾਲ ਹੌਸਲਾ ਵੀ ਦਿੰਦੇ। ਕਈ ਏਧਰ ਪੰਜਾਬ ਆਏ ਵੀਰ ਅਤੇ ਭੈਣਾਂ ਸਾਡੇ ਘਰ ਸਾਨੂੰ ਮਿਲਕੇ ਵੀ ਗਏ ਅਤੇ ਭਵਿੱਖ ਵਿੱਚ ਸਾਥ ਦੇਣ ਲਈ ਵੀ ਹੌਸਲਾ ਦਿੱਤਾ। ਕਈ ਵੀਰ-ਭੈਣਾਂ ਤਾਂ ਮੇਰੇ ਬਹੁਤ ਨਜ਼ਦੀਕ ਬਣ ਗਏ। ਜਿਵੇਂ ਅਸੀਂ ਸਕੇ ਭੈਣ-ਭਾਈ ਹੁੰਦੇ ਹਾਂ। ਜਦ ਮੇਰੀ ਕੋਈ ਰਚਨਾ ਛਪਦੀ ਹੈ ਤਾਂ ਝੱਟ ਉਨ੍ਹਾਂ ਦੇ ਫੋਨ ਆਉਂਦੇ ਹਨ ਤੇ ਘਰ ਦਾ ਹਾਲ-ਚਾਲ ਪੁੱਛਦੇ ਹਨ।

ਭੈਣ ਮਨਦੀਪ ਕੌਰ ਦਾ (ਕੈਨੇਡਾ) ਤੋਂ ਫੋਨ ਆਇਆ, ਵੀਰ ਪ੍ਰੀਤੀਮਾਨ ਹੌਸਲਾ ਨਾ ਹਾਰੀ ਸਾਨੂੰ ਪ੍ਰਮਾਤਮਾ ਨੇ ਬਹੁਤ ਦਿੱਤਾ ਹੈ। ਫੇਰ ਕੀ ਹੋ ਜਾਵੇਗਾ ਜੇ ਆਪਾਂ ਵੰਡਕੇ ਖਾ ਲਵਾਂਗੇ। ਮੈਂ ਪੈਸੇ ਭੇਜਦੀ ਹਾਂ। ਭੈਣ ਪ੍ਰਕਾਸ਼ ਕੌਰ (ਕੈਨੇਡਾ) ਦਾ ਫੋਨ ਆਇਆ, ਵੀਰ ਫਿਕਰ ਨਾ ਕਰ ਤੇਰੇ ਬੇਟੇ ਦੀ ਪੜ੍ਹਾਈ ਕਰਵਾ ਦਿਆਂਗੇ। ਭੈਣ ਫੁਲਵੰਤ ਕੌਰ (ਕੈਨੇਡਾ) ਨੇ ਕਿਹਾ, ਵੀਰ ਦਿਲ ਨਾ ਛੱਡੀ, ਤੂੰ ਤਾਂ ਪੰਜਾਬੀ ਬੋਲੀ ਦਾ ਹੀਰਾ ਹੈ। ਪੰਜਾਬੀਆਂ ਕੋਲੋ ਤੇਰੀ ਗੱਲ ਪਹੁੰਚ ਗਈ ਹੈ। ਛੇਤੀ ਹੀ ਤੇਰੇ ਦਿਨ ਮੋੜਾ ਖਾਣਗੇ। ਭੈਣ ਬਲਜੀਤ ਕੌਰ ਦਾ (ਇੰਗਲੈਂਡ) ਤੋਂ ਫੋਨ ਆਇਆ, ਵੀਰ ਫਿਕਰ ਨਾ ਕਰ, ਅਸੀਂ ਤੇਰੇ ਕਾਕੇ ਨੂੰ ਪੜ੍ਹਾਈ ਤੋਂ ਵਾਂਝਾ ਨਹੀਂ ਰਹਿਣ ਦਿੰਦੇ, ਮੈਂ 2-3 ਮਹੀਨਿਆਂ ਤੋਂ ਕੁਝ ਨਾ ਕੁਝ ਭੇਜਦੀ ਰਹਾਂਗੀ। ਤੇਰੀ ਹੋਰ ਵੀ ਮੱਦਦ ਕਰਾਂਗੇ। ਭੈਣ ਹਰਬੰਸ ਕੌਰ (ਅਮਰੀਕਾ) ਦਾ ਫੋਨ ਆਇਆ, ਵੀਰ ਪ੍ਰੀਤੀਮਾਨ ਤੇਰੀ ਕਹਾਣੀ ਬਹੁਤ ਦਰਦਾਂ ਭਰੀ ਹੈ, ਜਰੂਰ ਅਸੀਂ ਤੇਰੀ ਮੱਦਦ ਕਰਦੇ ਰਹਾਂਗੇ। ਬਰਜਿੰਦਰ ਸਿੰਘ ਗਰੇਵਾਲ ਦਾ (ਕੈਨੇਡਾ) ਤੋਂ ਫੋਨ ਆਇਆ, ਪ੍ਰੀਤੀਮਾਨ, ਬੇਟੇ ਦੀ ਪੜ੍ਹਾਈ ਵੱਲ ਖਾਸ ਧਿਆਨ ਦਿਓ, ਅਸੀਂ ਮੱਦਦ ਕਰਦੇ ਰਹਾਂਗੇ। ਤੇਰਾ ਘਰ ਵੀ ਛਡਾਉਣ ਬਾਰੇ ਸੋਚਦੇ ਹਾਂ। ਕੈਲੇਫੋਰਨੀਆਂ ਤੋਂ ਫੋਨ ਆਇਆ ਕਿ ਮੈਂ, ਆਪਣੀ ਕਮਾਈ 'ਚੋਂ ਦਸਵਾਂ ਦਸੌਂਧ ਭੇਜਿਆ ਕਰਾਂਗਾ। ਲਿਖਣਾ ਨਾ ਛੱਡੀ। ਦਰਸ਼ਨ ਸਿੰਘ ਕੰਗ ਐਮ. ਐਲ. ਏ. (ਕੈਨੇਡਾ) ਤੋਂ ਫੋਨ ਆਇਆ ਕਿ ਆਪਣੀਆਂ ਕਿਤਾਬਾਂ ਦੇ ਖਰੜੇ ਤਿਆਰ ਰੱਖੀ ਅਸੀਂ ਛਪਵਾ ਦਿਆਂਗੇ।ਸ੍ਰ. ਕ੍ਰਿਪਾਲ ਸਿੰਘ ਧਾਲੀਵਾਲ ਦਾ ਫੋਨ (ਅਮਰੀਕਾ) ਤੋਂ ਆਇਆ, ਸਰਕਾਰਾਂ ਕੁਝ ਨਹੀਂ ਦਿੰਦੀਆਂ, ਇੱਧਰ ਕਲੱਬ ਵਾਲੇ ਮੁੰਡੇ ਆਏ ਹਨ, ਉਨ੍ਹਾਂ ਦੇ ਹੱਥੀ ਮੈਂ ਪੈਸੇ ਤੇਰੇ ਗਹਿਣੇ ਹੋਇਆ ਘਰ ਦਾ ਕਮਰਾ ਛਡਾਉਣ ਲਈ ਭੇਜ ਰਿਹਾ ਹਾਂ, ਪ੍ਰੀਤੀਮਾਨ ਹੌਸਲਾ ਰੱਖ। ਸ਼੍ਰੀ ਪਰਮਜੀਤ ਭੁੱਟਾ ਦਾ (ਕੈਲੇਫੋਰਨੀਆਂ) ਤੋਂ ਫੋਨ ਆਇਆ, ਅਸੀਂ ਮੱਦਦ ਭੇਜਦੇ ਹਾਂ ਅਤੇ ਭਵਿੱਖ ਵਿੱਚ ਵੀ ਸਾਥ ਦੇਵਾਂਗੇ, ਪ੍ਰੀਤੀਮਾਨ ਹੌਂਸਲਾ ਨਾ ਹਾਰੀ। ਬਹਾਦਰ ਸਿੰਘ ਦਾ (ਨਿਊਯਾਰਕ) ਤੋਂ ਫੋਨ ਆਇਆ, ਅਸੀਂ ਪੈਸੇ ਭੇਜ ਰਹੇ ਹਾਂ, ਪ੍ਰੀਤੀਮਾਨ ਡੋਲਣਾ ਨਹੀਂ। ਸ੍ਰ. ਲਛਮਣ ਸਿੰਘ ਭੁੱਲਰ ਤੇ ਸ੍ਰ. ਕੁਲਵੰਤ ਸਿੰਘ ਭੁੱਲਰ ਦਾ (ਕੈਨੇਡਾ) ਤੋਂ ਫੋਨ ਆਏ, ਪ੍ਰੀਤੀਮਾਨ ਤੇਰੀਆਂ ਆਪ ਬੀਤੀਆਂ-ਜਗ ਬੀਤੀਆਂ ਦੀ ਕਿਤਾਬ ਛਪਵਾਉਣ ਲਈ ਪੈਸੇ ਭੇਜ ਰਹੇ ਹਾਂ, ਲਿਖਣਾ ਨਾ ਛੱਡੀ, ਸ੍ਰ. ਗੁਰਮੇਲ ਸਿੰਘ ਕੌੜਾ ਦਾ (ਕੈਨੇਡਾ) ਤੋਂ ਫੋਨ ਆਇਆ, ਪ੍ਰੀਤੀਮਾਨ ਲਿਖਣਾ ਨਾ ਛੱਡੀ, ਤੇਰਾ ਦਾਇਰਾ ਵਧ ਗਿਆ ਹੈ, ਮੈਂ ਮੱਦਦ ਭੇਜ ਰਿਹਾ ਹਾਂ। ਸ੍ਰ. ਬਰਜਿੰਦਰ ਸਿੰਘ ਸਿੱਧੂ ਦਾ (ਅਮਰੀਕਾ) ਤੋਂ ਫੋਨ ਆਇਆ, ਬੱਚੇ ਦੀ ਪੜ੍ਹਾਈ ਵੱਲ ਖਾਸ ਧਿਆਨ ਦਿਓ ਅਸੀਂ ਮੱਦਦ ਭੇਜਦੇ ਹਾਂ। ਸ੍ਰ: ਪ੍ਰਗਟ ਸਿੰਘ ਜੋਧਪੁਰੀ ਦਾ (ਬੈਲਜੀਅਮ) ਤੋ ਫੋਨ ਆਇਆਂ ਵੀਰ ਜੀ ਤੁਹਾਡੀ ਕਹਾਣੀ ਪੜ੍ਹੀ ਤਾਂ ਬਹੁਤ ਦੁੱਖ ਹੋਇਆ ਕਿ ਇੱਕ ਲੇਖਕ ਨਾਲ ਐਨਾ ਕੁਝ ਵਾਪਰ ਗਿਆ ਪਰ ਸਰਕਾਰ ਨੇ ਕੁਝ ਵੀ ਨਹੀਂ ਕੀਤਾ । ਵੀਰ ਪ੍ਰੀਤੀਮਾਨ ਜਲਦੀ ਹੀ ਅਸੀਂ ਕੁਝ ਨਾ ਕੁਝ ਮੱਦਦ ਜਰੂਰ ਕਰਾਂਗੇ ।ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਫੋਨ ਆਏ।

ਜਿੰਨ੍ਹਾਂ ਵੀਰਾਂ ਅਤੇ ਭੈਣਾਂ ਨੇ ਆਪਣੇ ਵਿੱਤ ਮੁਤਾਬਿਕ ਸਹਾਇਤਾ ਭੇਜੀ ਹੈ, ਉਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ। ਅਮਰੀਕਾ ਤੋਂ ਕ੍ਰਿਪਾਲ ਸਿੰਘ, ਸ੍ਰ. ਸੰਦੇਸ਼ ਸਿੰਘ ਅਟਵਾਲ, ਸ੍ਰ. ਬਰਜਿੰਦਰ ਸਿੰਘ ਸਿੱਧੂ, ਮਾ. ਸਰਦੂਲ ਸਿੰਘ, ਸ੍ਰ. ਰਣਜੀਤ ਸਿੰਘ ਹੰਸਰਾ ਨਿਊਯਾਰਕ ਤੋਂ, ਸ੍ਰ ਅਮਰੀਕ ਸਿੰਘ ਸਿੰਘ, ਸ੍ਰ. ਸੁਖਦਰਸ਼ਨ ਸਿੰਘ, ਸ੍ਰ. ਜਗਦੇਵ ਸਿੰਘ, ਸ੍ਰ. ਬਹਾਦਰ ਸਿੰਘ ਕੈਲੋਫੋਰਨੀਆਂ ਤੋਂ ਸ਼੍ਰੀ ਪਰਮਜੀਤ ਭੁੱਟਾ, ਸ੍ਰ. ਕੁਲਦੀਪ ਸਿੰਘ ਨਿੱਝਰ, ਸ਼੍ਰੀ ਕੇਵਲ ਕ੍ਰਿਸ਼ਨ ਬਲੇਨਾ ਕੈਨੇਡਾ ਤੋਂ ਸ਼੍ਰੀਮਤੀ ਸਤਵਿੰਦਰ ਕੌਰ, ਸ਼੍ਰੀਮਤੀ ਪ੍ਰਕਾਸ਼ ਕੌਰ, ਸ਼੍ਰੀਮਤੀ ਹਰਜਿੰਦਰ ਕੌਰ ਕੰਗ, ਸ਼੍ਰੀਮਤੀ ਹਰਜਿੰਦਰ ਕੌਰ, ਸ਼੍ਰੀਮਤੀ ਫੁਲਵੰਤ ਕੌਰ, ਸ਼੍ਰੀਮਤੀ ਮਨਦੀਪ ਕੌਰ, ਸ਼੍ਰੀਮਤੀ ਕੁਲਵੰਤ ਕੌਰ, ਸ੍ਰ. ਬਲਵਿੰਦਰ ਸਿੰਘ, ਸ੍ਰ. ਉਤਮ ਸਿੰਘ, ਸ੍ਰ. ਨਗਿੰਦਰ ਸਿੰਘ, ਸ੍ਰ. ਹਰਸਿਮਰਨ ਸਿੰਘ ਫਰਮਨ, ਸ੍ਰ. ਭੁਪਿੰਦਰ ਸਿੰਘ, ਸ੍ਰ. ਬਰਜਿੰਦਰ ਸਿੰਘ ਗਰੇਵਾਲ, ਸ੍ਰ. ਗੁਰਮੀਤ ਸਿੰਘ, ਸ੍ਰ. ਇੰਦਰਜੀਤ ਸਿੰਘ ਧਾਲੀਵਾਲ, ਸ੍ਰ. ਜਸਵੀਰ ਸਿੰਘ ਗਿੱਲ, ਸ੍ਰ. ਧਿਆਨ ਸਿੰਘ ਧਾਮੀ, ਡਾ. ਪਰਮ ਕੈਲੇ, ਡਾ. ਰਹਿਮਤ ਉਲਾ, ਸ੍ਰ. ਜਗਦੇਵ ਸਿੰਘ ਢਿੱਲੋਂ, ਸ੍ਰ. ਸਿਕੰਦਰ ਸਿੰਘ, ਸ੍ਰ. ਮੁਛਿੰਦਰ ਸਿੰਘ, ਸ੍ਰ. ਗੁਰਮੇਲ ਸਿੰਘ ਕੋੜਾ,ਸ੍ਰ. ਕੁਲਵੰਤ ਸਿੰਘ ਭੁੱਲਰ, ਸ੍ਰ. ਲਛਮਣ ਸਿੰਘ ਭੁੱਲਰ, ਇੰਗਲੈਂਡ ਤੋਂ ਸ਼੍ਰੀਮਤੀ ਹਰਜੀਤ ਕੌਰ, ਸ਼੍ਰੀਮਤੀ ਬਲਜੀਤ ਕੌਰ, ਬੈਲਜੀਅਮ ਤੋਂ ਸ੍ਰ. ਪ੍ਰਗਟ ਸਿੰਘ ਜੋਧਪੁਰੀ, ਪੰਜਾਬ ਤੋਂ ਸ੍ਰ. ਇੰਦਰਜੀਤ ਸਿੰਘ ਚਹਿਲ, ਸ੍ਰ. ਸੁਖਦੇਵ ਸਿੰਘ ਢਿੱਲੋਂ, ਸ੍ਰ. ਮਨਜੀਤ ਸਿੰਘ ਮਾਂਗਟ ਆਦਿ। ਭੈਣ ਮਨਦੀਪ ਕੌਰ (ਕੈਨੇਡਾ) ਤੇ ਸ੍ਰ. ਜਸਵੀਰ ਸਿੰਘ ਗਿੱਲ (ਕੈਨੇਡਾ) ਵੱਲੋਂ ਤਾਂ ਦੋ ਵਾਰ ਮੱਦਦ ਭੇਜੀ ਜਾ ਚੁੱਕੀ ਹੈ।

ਜਿੰਨ੍ਹਾਂ ਵੀਰਾਂ-ਭੈਣਾਂ ਨੇ ਮੇਰੀ ਮੱਦਦ ਕੀਤੀ ਹੈ ਮੈਂ, ਉਨ੍ਹਾਂ ਦੀ ਕਮਾਈ ਵਿੱਚੋਂ ਕੁਝ ਪੈਸੇ ਕੱਢ ਲੈਂਦਾ ਸਾਂ ਤੇ ਸਾਰਿਆਂ ਦੀ ਮੱਦਦ 'ਚੋਂ ਕੁਝ ਪੈਸੇ ਇਕੱਠੇ ਕਰਕੇ ਆਪਣੇ ਘਰ ਸਹਿਜ ਪਾਠ ਪ੍ਰਕਾਸ਼ ਕਰਵਾਇਆ 'ਤੇ ਅਰਦਾਸ ਕਰਵਾਈ ਕਿ ਮੱਦਦ ਕਰਨ ਵਾਲੇ ਵੀਰਾਂ ਅਤੇ ਭੈਣਾਂ ਦੀ ਕਮਾਈ 'ਚ ਪ੍ਰਮਾਤਮਾ ਬਰਕਤ ਪਾਵੇ ਤੇ ਸੇਹਤ ਪੱਖੋਂ ਤੰਦਰੁਸਤ ਰਹਿਣ। ਪਿੰਡ ਤੇ ਇਲਾਕੇ ਦੇ ਲੋਕ ਆਖ ਰਹੇ ਹਨ ਕਿ ਪ੍ਰੀਤੀਮਾਨ ਦੀਆਂ ਲਿਖਤਾਂ ਦਾ ਮੁੱਲ ਵਿਦੇਸ਼ੀ ਵੀਰਾਂ ਅਤੇ ਭੈਣਾਂ ਨੇ ਹੀ ਪਾਇਆ ਹੈ। ਵਿਚਾਰੇ ਦੀ ਸਾਰੀ ਉਮਰ ਹੀ ਮਾਂ ਬੋਲੀ ਦੀ ਸੇਵਾ ਕਰਦੇ ਦੀ ਲੰਘ ਗਈ ਪਰ ਸਰਕਾਰ ਨੇ ਮੁੱਲ ਕੁਝ ਵੀ ਨਹੀਂ ਪਾਇਆ।

ਮੈਂ ਤੇ ਮੇਰਾ ਪਰਿਵਾਰ ਤਾਂ ਹਮੇਸ਼ਾ ਵਿਦੇਸ਼ੀ ਵੀਰਾਂ ਅਤੇ ਭੈਣਾਂ ਦੀ ਸੁੱਖ ਮੰਗਦੇ ਹਾਂ ਕਿ ਸਾਡੇ ਲਈ ਤਾਂ ਉਨ੍ਹਾਂ ਇਨਸਾਨਾਂ ਵਿੱਚ ਹੀ ਰੱਬ ਵੱਸਿਆ ਹੈ। ਪ੍ਰਮਾਤਮਾ ਹਮੇਸ਼ਾ ਵਿਦੇਸ਼ੀ ਵੀਰਾਂ ਅਤੇ ਭੈਣਾਂ ਦੀ ਕਮਾਈ ਵਿੱਚ ਬਰਕਤ ਪਾਵੇ। ਉਹ ਦਿਨ ਦੁੱਗਣੀ-ਰਾਤ ਚੌਗਣੀ ਤਰੱਕੀ ਕਰਨ।
****