ਗਰੀਨ ਪੰਜਾਬ ਪਰੋਜੈਕਟ……… ਵਿਚਾਰਾਂ / ਵਿਵੇਕ, ਕੋਟ ਈਸੇ ਖਾਂ (ਮੋਗਾ)

ਪੰਜਾਬ ਸਰਕਾਰ ਹਰਾ ਭਰਾ ਪੰਜਾਬ ਯਾਨੀ “ਗਰੀਨ ਪੰਜਾਬ ਪਰੋਜੈਕਟ” ਨਾਮ ਦੀ ਇੱਕ ਮੁਹਿੰਮ ਸ਼ੁਰੂ ਕਰ ਰਹੀ ਹੈ. ਜਿਸ ਦੇ ਤਹਿਤ ਅੱਠ ਸਾਲ ਵਿੱਚ ਚਾਲੀ ਕਰੋੜ ਪੂਰੇ ਪੰਜਾਬ ਵਿੱਚ ਲਾਏ ਜਾਣਗੇ। ਇਹ ਇੱਕ ਸ਼ਲਾਘਾਯੋਗ ਕਾਰਜ ਹੈ। ਇਸ ਵੇਲੇ ਪੰਜਾਬ ਪੂਰੀ ਤਰਾਂ ਨਾਲ ਪ੍ਰਦੂਸ਼ਨ ਦੀ ਮਾਰ ਹੇਠ ਹੈ । ਇਸ ਪੌਣ ਪਾਣੀ ਗੰਧਲਾ ਹੋ ਚੁੱਕਾ ਹੈ। ਇਹ ਤਾਂ ਦੇਰ ਆਏ ਦੁਰਸਤ ਆਏ ਵਾਲੀ ਗੱਲ ਹੈ ਪਰ ਦੁਰਸਤ ਕੰਮ ਤਾਂ ਇਹੀ ਹੋਵੇਗਾ ਜੇ ਕੁਝ ਵਿਚਾਰਨ ਯੋਗ ਤੱਥਾਂ ਵੱਲ ਵੀ ਧਿਆਨ ਦਿੱਤਾ ਜਾਵੇ। ਮਸਲਨ ਪਹਿਲਾ ਤੱਥ ਇਹੀ ਹੈ ਕਿ ਸਰਕਾਰ ਆਪਣੀ ਪੀੜ੍ਹੀ ਹੇਠ ਵੀ ਸੋਟਾ ਫੇਰੇ ਤੇ ਹਰ ਸਰਕਾਰੀ ਵਿਭਾਗ ਨੂੰ ਹਦਾਇਤ ਜਾਰੀ ਕਰੇ ਕਿ ਜਿਨ੍ਹਾਂ ਸਰਕਾਰੀ ਦਫਤਰਾਂ ਵਿੱਚ ਵਾਧੂ ਥਾਂ ‘ਤੇ ਕੂੜਾ ਕਰਕਟ ਤੇ ਕਬਾੜ ਪਤਾ ਨਹੀਂ ਕਦੋਂ ਦਾ ਪਿਆ ਹੈ, ਨੂੰ ਸਾਫ ਕਰਕੇ ਉਥੇ ਫੁੱਲ ਬੂਟੇ ਤੇ ਰੁੱਖ ਲਾਏ ਜਾਣ । ਇਸ ਨਾਲ ਇੱਕ ਤਾਂ ਹਰਿਆਵਲ ਵਧੇਗੀ, ਆਸਾ ਪਾਸਾ ਸੋਹਣਾ ਲੱਗੇਗਾ ਤੇ ਦਫਤਰੀ ਕੰਮ ਲਈ ਆਈ ਆਮ ਜਨਤਾ ਲਈ ਵਿਹਲੇ ਸਮੇਂ ਬੈਠਣ ਦੀ ਜਗ੍ਹਾ ਵੀ ਬਣੇਗੀ।

ਇੰਝ ਸਾਰੇ ਹੀ ਬੱਸ ਸਟੈਂਡ ਹਰਿਆਵਲ ਤੋਂ ਸੱਖਣੇ ਹਨ। ਬੱਸਾਂ ਦੇ ਕਾਲੇ ਧੂੰਏਂ ਕਾਰਨ ਪ੍ਰਦੂਸ਼ਣ ਵੀ ਇੱਥੇ ਸਭ ਤੋਂ ਜ਼ਿਆਦਾ ਹੁੰਦਾ ਹੈ। ਹਰ ਬੱਸ ਸਟੈਂਡ ਦੀ ਚਾਰਦੀਵਾਰੀ ਦੇ ਨਾਲ ਰੁੱਖ ਲਾਉਣੇ ਯਕੀਨੀ ਕੀਤੇ ਜਾਣ । ਇਸ ਨਾਲ ਦਿੱਖ ਵੀ ਖੂਬਸੂਰਤ ਬਣੇਗੀ ਤੇ ਗਰਮੀ ਵਿੱਚ ਸਵਾਰੀਆਂ ਨੂੰ ਵੀ ਰਾਹਤ ਮਿਲੇਗੀ।

ਸਭ ਤੋਂ ਵੱਡੀ ਗੱਲ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਜੀ ਚਾਹੇ ਪੰਜਾਬ ਭਰ ਦਾ ਸਰਵੇ ਕਰਵਾ ਲੈਣ, ਸਾਰੀ ਲਿੰਕ ਸੜਕਾਂ ਅਤੇ ਨਹਿਰਾਂ ਦੀਆਂ ਪਟੜੀਆਂ ਪੂਰੀ ਤਰ੍ਹਾਂ ਰੁੰਡ ਮਰੁੰਡ ਹਨ। ਪਿਛਲੇ ਦਿਨਾਂ ਵਿੱਚ ਦਰੱਖਤਾਂ ਦਾ ਸਭ ਤੋਂ ਜ਼ਿਆਦਾ ਨੁਕਸਾਨ ਇੱਥੇ ਹੀ ਹੋਇਆ ਹੈ।ਹੁਣ ਜੇ ਮੁਹਿੰਮ ਚਲਾਈ ਹੀ ਹੈ ਤਾਂ ਸਭ ਤੋਂ ਜ਼ਿਆਦਾ ਧਿਆਨ ਦੇਣ ਦੀ ਜਰੂਰਤ ਵੀ ਇਸ ਖੇਤਰ ਵੱਲ ਹੈ ।

ਪੰਜਾਬ ਭਰ ਵਿੱਚ ਮੁੱਕ ਰਹੇ ਰੁੱਖ, ਜੀਵ ਜੰਤੂ ਆਦਿ ਬਾਰੇ ਕਈ ਸਮਾਜ ਸੇਵੀ ਸੰਸਥਾਵਾਂ ਤੇ ਜਾਗਰੂਕ ਲੋਕਾਂ ਨੇ ਕਾਰਜ ਆਰੰਭ ਕੀਤੇ । ਚਰਚਾ ਵੀ ਹੋਈ ਪਰ ਸਮੱਸਿਆ ਸਦਾ ਜਿਉਂ ਦੀ ਤਿਉਂ ਹੀ ਰਹੀ । ਕਾਰਨ ਇਹੋ ਸੀ ਕਿ ਲਾਏ ਗਏ ਪੌਦਿਆਂ ਦੀ ਸਾਂਭ ਸੰਭਾਲ ਨਹੀਂ ਸੀ ਹੋਈ। ਹੁਣ ਇਸ ਮੁਹਿੰਮ ਦੇ ਨਾਲ ਨਾਲ ਇਸ ਪਾਸੇ ਵੀ ਧਿਆਨ ਦਿੱਤਾ ਜਾਵੇ। ਜੇ ਪੰਜਾਬ ਵਿੱਚ ਮੁੜ ਹਰਿਆਲੀ ਆ ਜਾਵੇ ਤਾਂ ਇਸ ਤੋਂ ਵੱਡਾ ਹੋਰ ਕੋਈ ਉਪਕਾਰ ਨਹੀਂ ਹੋਵੇਗਾ।

****