
ਇਸ ਅਦਾਕਾਰ ਨੇ ਸ਼ੋਅਲੇ ਤੋਂ ਪਹਿਲਾਂ ਫਿਲਮ “ਮਾਇਆ” ਵਿੱਚ ਬਾਲ ਕਲਾਕਾਰ ਵਜੋਂ ਦੇਵਾ ਆਨੰਦ ਅਤੇ ਮਾਲਾ ਸਿਨ੍ਹਾ ਨਾਲ ਰੋਲ ਨਿਭਾਇਆ ਸੀ । ਇਸ ਤੋਂ ਇਲਾਵਾ ਰਾਮਾਨੰਦ ਦੀ ਫਿਲਮ “ਚਰਸ” ਵਿੱਚ ਵੀ ਰੋਲ ਕੀਤਾ ਅਤੇ 21 ਅਕਤੂਬਰ 1949 ਨੂੰ ਜਨਮੇ ਅਮਜਦ ਨੇ ਕੇ. ਆਸਿਫ ਦੀ ਫਿਲਮ “ਲਵ ਐਂਡ ਗਾਡ” ਵਿੱਚ ਗੁਲਾਮ ਹਬਸ਼ੀ ਦੀ ਭੂਮਿਕਾ ਵੀ ਨਿਭਾਈ । ਅਮਜਦ ਖਾਨ ਨੇ ਕੁੱਲ ਮਿਲਾਕੇ 300 ਫਿਲਮਾਂ ਵਿੱਚ ਕੰਮ ਕੀਤਾ ।
ਉਹਦੇ ਅੱਬਾ ਜਾਨ ਜੋ ਇੱਕ ਸੜਕ ਹਾਦਸੇ ਵਿੱਚ ਚੱਲ ਵਸੇ ਸਨ, ਦੀਆਂ ਆਖੀਆਂ ਗੱਲਾਂ ਨੂੰ ਯਾਦ ਕਰਦਿਆਂ ਅਤੇ ਉਹਦੀਆਂ ਖਵਾਹਿਸ਼ਾਂ ਅਨੁਸਾਰ ਅਮਜਦ ਨੇ ਪਹਿਲਾਂ ਸਟੇਜ ਰਾਹੀਂ ਐਕਟਿੰਗ ਸਿੱਖੀ । ਫਿਰ ਸਹਾਇਕ ਨਿਰਦੇਸ਼ਕ ਵਜੋਂ “ਹਿੰਦੁਸਤਾਨ ਕੀ ਕਸਮ” ਅਤੇ “ਲਵ ਐਂਡ ਗਾਡ” ਲਈ ਵੀ ਕੰਮ ਕਰਿਆ । ਜਦ ਫਿਲਮ ਸ਼ੋਅਲੇ ਦੀ ਗੱਲ ਤੁਰੀ ਅਤੇ ਕਲਾਕਾਰਾਂ ਦੀ ਚੋਣ ਕੀਤੀ ਗਈ ਤਾਂ ਗੱਬਰ ਦੇ ਰੋਲ ਵਿੱਚ ਡੈਨੀ ਨੂੰ ਲੈਣ ਦਾ ਫੈਸਲਾ ਹੋਇਆ । ਪਰ ਉਹ ਫਿਰੋਜ ਖਾਨ ਦੀ ਫਿਲਮ “ਧਰਮਾਤਮਾ” ਲਈ ਸੂਟਿੰਗ ਤਾਰੀਖਾਂ ਨਿਰਧਾਰਤ ਕਰ ਚੁੱਕਿਆ ਸੀ । ਬਦਲ ਵਜੋਂ ਜਦ ਅਮਜਦ ਨੇ ਇਹ ਰੋਲ ਕਰਿਆ ਤਾਂ ਸਭ ਨੂੰ ਲੱਗਿਆ ਕਿ ਸਾਇਦ ਇਹ ਠੀਕ ਹੀ ਹੋਇਆ ਹੈ ।
ਅਮਜਦ “ਗ੍ਰੇਟ ਗੈਂਬਲਰ” ਦੀ ਸੂਟਿੰਗ ਲਈ 1977 ਵਿੱਚ ਜਦ ਗੋਆ ਜਾ ਰਿਹਾ ਸੀ ਤਾਂ ਉਹਦਾ ਐਕਸੀਡੈਂਟ ਹੋ ਗਿਆ । ਭਾਵੇਂ ਜਾਨ ਤਾਂ ਬਚ ਗਈ ਪਰ ਸਰੀਰ ਵਿੱਚ ਆਈ ਕਿਸੇ ਖਰਾਬੀ ਦੀ ਵਜ੍ਹਾ ਕਰਕੇ ਉਹਦਾ ਵਜ਼ਨ ਵਧਣਾ ਸੁਰੂ ਹੋ ਗਿਆ । ਇਸੇ ਹੀ ਮੋਟਾਪੇ ਦੀ ਹਾਲਤ ਵਿੱਚ ਉਸ ਨੇ ਸਤਿਆਜੀਤ ਰੇਅ ਦੀ ਫਿਲਮ “ਸ਼ਤਰੰਜ ਕੇ ਖਿਲਾੜੀ” ਵਿੱਚ ਭੂਮਿਕਾ ਨਿਭਾਈ । ਇਸ ਫਿਲਮ ਵਿੱਚ ਉਹ ਨਵਾਬ ਵਾਜਿਦ ਅਲੀ ਬਣਿਆ । ਉਸਨੇ “ਚੋਰ ਪੁਲੀਸ” ਅਤੇ “ਅਮੀਰ ਆਦਮੀ ਗਰੀਬ ਆਦਮੀ” ਫਿਲਮਾਂ ਦਾ ਨਿਰਮਾਣ ਵੀ ਕਰਿਆ ।
ਬਲੱਡ ਪ੍ਰੈਸ਼ਰ, ਮੋਟਾਪਾ ਅਤੇ ਦਿਲ ਦਾ ਦੌਰਾ ਤਿੰਨੇ ਇਕੱਠੇ ਹੀ ਕਰਿੰਘੜੀ ਪਾ ਕੇ ਚਲਦੇ ਹਨ । ਇਸ ਅਨੁਸਾਰ ਅਮਜਦ ਖਾਨ ਨੂੰ ਮੋਟਾਪੇ ਸਦਕਾ ਬਲੱਡ ਪ੍ਰੈਸਰ ਨੇ ਲਪੇਟੇ ਵਿੱਚ ਲੈ ਲਿਆ ਅਤੇ ਇਹੀ ਲਪੇਟਾ 49 ਵਰ੍ਹਿਆਂ ਦੇ ਗੱਬਰ ਨੂੰ 27 ਜੁਲਾਈ 1992 ਨੂੰ ਇਸ ਦੁਨੀਆਂ ਤੋਂ ਅਦਿੱਖ ਦੁਨੀਆਂ ਵਿੱਚ ਲੈ ਗਿਆ । ਪਰ ਅਮਜਦ ਕਿਸੇ ਵੀ ਹੋਰ ਰੋਲ ਰਾਹੀਂ ਗੱਬਰ ਨੂੰ ਜਿੰਦਗੀ ਭਰ ਮਾਰ ਨਹੀਂ ਸਕਿਆ । ਅੱਜ ਵੀ ਜਦ ਉਹਦੇ ਇਹ ਬੋਲ “ਤੇਰਾ ਕੀ ਹੋਗਾ ਕਾਲੀਆ” “ਸਾਲੇ ਤੀਨੋਂ ਬਚ ਗਏ” ਉਸ ਨੂੰ ਜਿੰਦਾ ਰੱਖ ਰਹੇ ਹਨ । ਜਿਤਨੀ ਦੇਰ ਤੱਕ ਇਹ ਬੋਲ ਗੂੰਜਦੇ ਰਹਿਣਗੇ, ਉਤਨੀ ਦੇਰ ਤੱਕ ਗੱਬਰ ਜਿਉਂਦਾ ਰਹੇਗਾ ਅਤੇ ਅਮਜਦ ਖਾਨ ਵੀ ਉਹਦੀ ਉਂਗਲ ਫੜ੍ਹ ਉਤਨੀ ਦੇਰ ਤੱਕ ਪੁਲਾਂਘਾ ਪੁੱਟਦਾ ਰਹੇਗਾ ।
****