ਪਹਿਲਾਂ ਲੋਕ ਪਾਲ ਤੇ ਹੁਣ ਕਾਲੇ ਧਨ ਬਾਰੇ ਦੇਸ਼
ਵਿੱਚ ਲਹਿਰ ਚੱਲ ਰਹੀ ਹੈ। ਇਹ ਮਹੀਨਾ ਦੇਸ਼ ਦੀ ਅਜ਼ਾਦੀ ਦਾ ਮਹੀਨਾ ਵੀ ਹੈ । ਹਜ਼ਾਰਾਂ
ਬਲਿਦਾਨ ਦੇਣ ਤੋਂ ਬਾਦ ਅਸੀਂ ਲਾਲ ਕਿਲੇ ‘ਤੇ ਤਿਰੰਗਾ ਲਹਿਰਾਉਣ ਵਿੱਚ ਕਾਮਯਾਬ ਹੋਏ।
ਇਹਦੇ ਨਾਲ ਨਾਲ ਦੇਸ਼ ਦੀ ਵੰਡ ਮੌਕੇ ਲੱਖਾਂ ਲੋਕ ਜਨੂੰਨੀ ਦੰਗਿਆਂ ਦੇ ਸ਼ਿਕਾਰ ਵੀ ਹੋਏ ।
ਜੇ ਉਹਨੂੰ ਦੋ ਮਿੰਟ ਯਾਦ ਕਰ ਲਿਆ ਜਾਵੇ ਤਾਂ ਇਹ ਉਹਨਾਂ ਪ੍ਰਤੀ ਛੋਟੀ ਜਿਹੀ ਸ਼ਰਧਾਂਜਲੀ
ਹੀ ਹੋਵੇਗੀ। ਮੀਡੀਆ ਕ੍ਰਾਂਤੀ ਨੇ ਹੀ ਦਰਅਸਲ ਅਜ਼ਾਦੀ ਦੇ ਸਹੀ ਅਰਥ ਦੱਸੇ ਹਨ ਕਿ ਇਸ ਦੇਸ਼
ਨੂੰ ਸਿਰਫ ਅੰਗਰੇਜ਼ਾਂ ਤੋਂ ਹੀ ਛੁਟਕਾਰਾ ਨਹੀਂ ਚਾਹੀਦਾ ਸੀ । ਅਸਲ ਵਿੱਚ ਸ਼ਹੀਦਾਂ ਦੇ
ਸੁਪਨੇ ਵੀ ਤਾਂ ਸੱਚ ਹੋਣੇ ਚਾਹੀਦੇ ਨੇ, ਜੋ ਉਹਨਾਂ ਨੇ ਵੇਖੇ ਸਨ । ਇਸ ਦੇਸ਼ ਦਾ ਆਮ
ਨਾਗਰਿਕ ਭੁੱਖਾ ਸੌਂਦਾ ਹੈ, ਉਸ ਦੇ ਤਨ ‘ਤੇ ਕੱਪੜਾ ਨਹੀਂ, ਉਸਨੂੰ ਸਿਰ ਢੱਕਣ ਲਈ ਛੱਤ ਵੀ
ਨਸੀਬ ਨਹੀਂ । ਰੋਟੀ ਤਾਂ ਉਸ ਵਕਤ ਵੀ ਖਾਂਦੇ ਸੀ, ਸਿਰਫ ਅਮੀਰ ਹਿੰਦੁਸਤਾਨੀ ਜਾਂ ਫਿਰ
ਸਰਕਾਰ ਦੇ ਝੋਲੀ ਚੁੱਕ ਅਤੇ ਹੁਣ ਵੀ ਅਜ਼ਾਦੀ ਤੋਂ ਬਾਦ ਇਹ ਹਾਲ ਹੈ ਕਿ ਦੇਸ਼ ਵਿੱਚ ਦੋ
ਧਿਰਾਂ ਬਣ ਗਈਆਂ ਨੇ, ਇੱਕ ਖਾਂਦੀ ਪੀਂਦੀ ਪੈਸੇ ਨਾਲ ਮਾਲੋ ਮਾਲ ਧਿਰ, ਜਿਸਦਾ ਦੇਸ਼ ਦੇ
ਸਾਰੇ ਸਾਧਨਾਂ ਤੇ ਕਬਜ਼ਾ ਹੈ ਤੇ ਦੂਜੀ ਉਹੀ ਜੋ ਰੋਟੀ ਕੱਪੜਾ ਮਕਾਨ ਤੋਂ ਵਾਂਝੀ ਧਿਰ, ਜਿਸ
ਦੇ ਹੱਕ ਭ੍ਰਿਸ਼ਟਾਚਾਰ ਤੇ ਕਾਲੇ ਧਨ ਦੀਆਂ ਚਟਾਨਾਂ ਥੱਲੇ ਨੱਪੇ ਹੋਏ ਹਨ। ਹੁਣ ਲੋਕ ਇਸ
ਲਈ ਜਲਦ ਲਾਮਬੰਦ ਹੋ ਰਹੇ ਹਨ ਕਿ ਪਾਣੀ ਸਿਰ ਤੋਂ ਦੀ ਲੰਘ ਰਿਹਾ ਹੈ ਤੇ ਮੀਡੀਆ ਰਾਹੀਂ ਵੀ
ਲੋਕ ਸੁਚੇਤ ਹੋ ਰਹੇ ਹਨ ਕਿ ਕਾਮਨਵੈੱਲਥ ਘੋਟਾਲਾ, ਟੈਲੀਕਾਮ, ਮਨਰੇਗਾ ਹੇਰਾਫੇਰੀ,
ਸੁਰੱਖਿਆ ਯੰਤਰਾਂ ਦੀ ਖਰੀਦ ‘ਚ ਦਲਾਲੀ, ਆਦਰਸ਼ ਸੋਸਾਇਟੀ ਕਾਂਡ । ਸਭ ਇਹਨਾਂ ਲੋਕਾਂ ਦੀ
ਲੁੱਟ ਦਾ ਨਤੀਜਾ ਹੈ, ਜੋ ਵੋਟਾਂ ਦੇ ਨਾਮ ‘ਤੇ ਗੱਦੀ ਸੰਭਾਲ ਕੇ ਜਨਤਾ ਦਾ ਪੈਸਾ ਹਜ਼ਮ ਕਰ
ਰਹੇ ਹਨ ਜਾਂ ਫਿਰ ਉਸਨੂੰ ਬਾਹਰਲੇ ਦੇਸ਼ਾਂ ਵਿੱਚ ਜਮਾਂ ਕਰਵਾ ਰਹੇ ਹਨ। ਚਾਹੇ ਇਸ ਲਹਿਰ ਦੀ
ਅਗਵਾਈ ਟੀਮ ਅੰਨ੍ਹਾ ਕਰੇ ਜਾਂ ਬਾਬਾ ਰਾਮਦੇਵ ਆਪਣੀ ਮੰਡਲੀ ਰਾਹੀਂ । ਲੋਕ ਤਾਂ ਇਹੋ
ਚਾਹੁੰਦੇ ਹਨ ਕਿ ਦੇਸ਼ ਦੀ ਜਨਤਾ ਨੂੰ ਇਨਸਾਫ ਮਿਲੇ । ਸ਼ਹੀਦਾਂ ਦੇ ਸੁਪਨੇ ਸੱਚ ਹੋਣ ਤੇ
ਸਮਾਜਿਕ ਤੇ ਆਰਿਥਕ ਹੱਕ ਸਭ ਦੇ ਬਰਾਬਰ ਹੋਣ ਇਹੋ ਸੱਚੀ ਅਜ਼ਾਦੀ ਹੈ। ਵੇਖੋ ! ਹੁਣ ਇਹ ਜੋ
ਅਗਸਤ ਦਾ ਮਹੀਨਾ ਅਜ਼ਾਦੀ ਦਾ ਮਹੀਨਾ ਹੈ, ਇਸ ਲਹਿਰ ਨੂੰ ਕਿਹੜੇ ਮੋੜ ਵੱਲ ਲੈ ਕੇ ਜਾਂਦਾ
ਹੈ। ਕਿਉਂਕਿ ਦੇਸ਼ ਨੂੰ ਤੇ ਆਮ ਭਾਰਤੀ ਜਨਤਾ ਨੂੰ ਸ਼ਿੱਦਤ ਨਾਲ ਇੱਕ ਸੱਚੀ ਤੇ ਅਸਲ ਅਜ਼ਾਦੀ
ਦੀ ਲੋੜ ਹੈ।
****
****