ਸ਼ਬਦਾਂ ਦਾ ਜਾਦੂਗਰ ‘ਦੇਬੀ ਮਖਸੂਸਪੁਰੀ’.......... ਸ਼ਬਦ ਚਿਤਰ / ਗੁਰਜਿੰਦਰ ਮਾਹੀ

ਸ਼ਬਦਾਂ ਦੇ ਜਾਦੂਗਰ ‘ਦੇਬੀ ਮਖਸੂਸਪੁਰੀ’ ਦੀ ਸ਼ਖਸ਼ੀਅਤ ਨੂੰ ਸ਼ਬਦਾਂ ਵਿਚ ਬਿਆਨ ਕਰ ਸਕਣਾ ਬਹੁਤ ਮੁਸ਼ਕਲ ਹੈ, ਫਿਰ ਜੇ ਦੇਬੀ ਬਾਰੇ ਇਹ ਕਿਹਾ ਜਾਵੇ ਕਿ ਅਜੋਕੇ ਪੰਜਾਬੀ ਸੰਗੀਤ ਦੇ ਵਿਹੜੇ ਜੋ ਵਾਵਰੋਲੇ ਜਾਂ ਚਲ ਰਹੀਆਂ ਗੰਧਲੀਆਂ ਹਨੇਰੀਆਂ ਦਰਮਿਆਨ  ਦੇਬੀ ਠੰਡੀ ਹਵਾ ਦੇ ਬੁਲ੍ਹੇ ਵਾਂਗ ਜੋ ਹਰਇਕ ਰੂਹ ਨੂੰ ਸਕੂਨ ਬਖਸ਼ਦਾ ਹੈ। ਉਸਦੇ ਗੁਰੂਜਨ ਤੇ  ਉਸਦੇ ਸ਼ਰਧਾਲੂਆਂ ਵਰਗੇ ਸਰੋਤੇ ਸਾਰੇ ਹੀ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਲੱਖਾਂ ਦਿਲਾਂ ਦੀ ਤਰਜਮਾਨੀ ਕਰਨ ਵਾਲਾ ਦੇਬੀ ਜਿੰਨਾਂ ਵੱਡਾ ਸ਼ਾਇਰ ਹੈ ਉਸਤੋ ਕਿਤੇ ਵੱਡਾ ਤੇ ਖਰਾ ਇਨਸਾਨ ਹੈ।

25 ਕੁ ਵਰ੍ਹੇ ਪਹਿਲਾਂ ਬਤੌਰ ਗੀਤਕਾਰ ਆਪਣਾ ਸਫ਼ਰ ਸ਼ੁਰੂ ਕਰਨ ਵਾਲੇ ਦੇਬੀ ਦੇ ਗੀਤ ਪੰਜਾਬ ਦੇ ਲਗਭਗ ਸਾਰੇ ਸਿਰਮੌਰ ਗਾਇਕਾਂ ਦੀ ਆਵਾਜ਼ ਵਿਚ ਰਿਕਾਰਡ ਹੋ ਕੇ ਹਿੱਟ ਹੋਏ। ਉਸਨੇ ਆਪਣੀ ਮਿਹਨਤ ਤੇ ਲਗਨ ਨਾਲ ਪੰਜਾਬੀ ਗੀਤਕਾਰੀ ਅਤੇ ਸ਼ਾਇਰੀ ਵਿਚਲੇ ਵੱਡੇ ਫਰਕ ਨੂੰ ਮੇਟ ਦਿੱਤਾ, ਜਿਸ ਨਾਲ ਉਸਦੇ ਚਾਹੁਣ ਵਾਲਿਆਂ ਦਾ ਇਕ ਵੱਖਰਾ ਵਰਗ ਕਾਇਮ ਹੋਇਆ। ਫਿਰ ਪਰਵਾਸ ਨੇ ਉਸਦੀ ਜ਼ਿੰਦਗੀ ’ਚ ਨਵੇਂ ਰੰਗ ਭਰੇ, ਕੈਨੇਡਾ ਵਿਚਲੀ ਮਿੱਤਰ-ਮੰਡਲੀ ਦੇ ਕਹਿਣ ’ਤੇ ਉਸਨੇ  ਗਾਇਕੀ  ’ਚ ਪ੍ਰਵੇਸ਼ ਕੀਤਾ ਤਾਂ ਵੱਖ- ਵੱਖ ਤਰਾਂ ਦੀ ਚਰਚਾ ਦਾ ਦੌਰ ਸੁਰੂ  ਹੋਈ ਪਰ ਕਿਸੇ ਦੀ ਪ੍ਰਵਾਹ ਕੀਤੇ ਬਿਨ੍ਹਾ ਉਹ ਆਪਣੇ ਰਾਹ ’ਤੇ ਡੱਟਿਆ ਰਿਹਾ। ਹੁਣ ਤੱਕ 16 ਐਲਬਮਾਂ ਉਹ ਸ੍ਰੋਤਿਆਂ  ਦੀ ਕਚਹਿਰੀ ’ਚ ਪੇਸ਼ ਕਰਨ ’ਤੇ ਪਰਵਾਨ ਚੜ੍ਹ ਚੁੱਕਿਆ ਹੈ। ਦੇਬੀ ਲਾਇਵ 1 ਤੋਂ 4  ਤੱਕ ਦੀ ਲੜੀ ਦੀ ਸਫ਼ਲਤਾ ਨਾਲ ਉਸਨੇ ਇੱਕ ਨਵੀਂ ਮਿੱਥ ਸਥਾਪਿਤ ਕੀਤੀ  ਹੈ। ਪੇਸ਼ਕਾਰੀ ਦੇ ਨਵੇਕਲੇਪਣ  ਨਾਲ ਉਸਦੀਆਂ ਰਚਨਾਵਾਂ ਜਿਵੇਂ ‘ਸਹੁੰ ਖਾ ਕੇ ਦੱਸ ਸਾਡਾ ਚੇਤਾ...’,  ‘ਖੇ²ਤਾਂ ਦੇ  ਸਰਦਾਰ...’, ‘ਜਿੰਨ੍ਹਾਂ ਦੀ ਫ਼ਿਤਰਤ ’ਚ ਦਗਾ...’, ‘ਬੰਦਾ ਆਪਣੀ ਕੀਤੀ ਪਾਉਂਦਾ...’, ‘ਰੱਬ ਕਰੇ ਮਨਜ਼ੂਰ...’,  ‘ਜਦੋਂ  ਦੇ ਸਟਾਰ ਹੋ ਗਏ...’, ‘ਕੀ ਹਾਲ ਏ ਤੇਰਾ ਮੁੱਦਤ ਪਿਛੋਂ ਟੱਕਰੀ ਏਂ...’,  ਲੋਕਾਂ ਦੇ ਚੇਤਿਆਂ ’ਚ ਵੱਸ ਗਈਆਂ ਤੇ ਉਸਨੂੰ ਮੂਹਰਲੀ ਕਤਾਰ ਦੇ ਸਥਾਪਿਤ ਕਲਾਕਾਰਾਂ ਵਿਚ ਗਿਣਿਆ ਜਾਣ ਲੱਗਾ।