
25 ਕੁ ਵਰ੍ਹੇ ਪਹਿਲਾਂ ਬਤੌਰ ਗੀਤਕਾਰ ਆਪਣਾ ਸਫ਼ਰ ਸ਼ੁਰੂ ਕਰਨ ਵਾਲੇ ਦੇਬੀ ਦੇ ਗੀਤ ਪੰਜਾਬ ਦੇ ਲਗਭਗ ਸਾਰੇ ਸਿਰਮੌਰ ਗਾਇਕਾਂ ਦੀ ਆਵਾਜ਼ ਵਿਚ ਰਿਕਾਰਡ ਹੋ ਕੇ ਹਿੱਟ ਹੋਏ। ਉਸਨੇ ਆਪਣੀ ਮਿਹਨਤ ਤੇ ਲਗਨ ਨਾਲ ਪੰਜਾਬੀ ਗੀਤਕਾਰੀ ਅਤੇ ਸ਼ਾਇਰੀ ਵਿਚਲੇ ਵੱਡੇ ਫਰਕ ਨੂੰ ਮੇਟ ਦਿੱਤਾ, ਜਿਸ ਨਾਲ ਉਸਦੇ ਚਾਹੁਣ ਵਾਲਿਆਂ ਦਾ ਇਕ ਵੱਖਰਾ ਵਰਗ ਕਾਇਮ ਹੋਇਆ। ਫਿਰ ਪਰਵਾਸ ਨੇ ਉਸਦੀ ਜ਼ਿੰਦਗੀ ’ਚ ਨਵੇਂ ਰੰਗ ਭਰੇ, ਕੈਨੇਡਾ ਵਿਚਲੀ ਮਿੱਤਰ-ਮੰਡਲੀ ਦੇ ਕਹਿਣ ’ਤੇ ਉਸਨੇ ਗਾਇਕੀ ’ਚ ਪ੍ਰਵੇਸ਼ ਕੀਤਾ ਤਾਂ ਵੱਖ- ਵੱਖ ਤਰਾਂ ਦੀ ਚਰਚਾ ਦਾ ਦੌਰ ਸੁਰੂ ਹੋਈ ਪਰ ਕਿਸੇ ਦੀ ਪ੍ਰਵਾਹ ਕੀਤੇ ਬਿਨ੍ਹਾ ਉਹ ਆਪਣੇ ਰਾਹ ’ਤੇ ਡੱਟਿਆ ਰਿਹਾ। ਹੁਣ ਤੱਕ 16 ਐਲਬਮਾਂ ਉਹ ਸ੍ਰੋਤਿਆਂ ਦੀ ਕਚਹਿਰੀ ’ਚ ਪੇਸ਼ ਕਰਨ ’ਤੇ ਪਰਵਾਨ ਚੜ੍ਹ ਚੁੱਕਿਆ ਹੈ। ਦੇਬੀ ਲਾਇਵ 1 ਤੋਂ 4 ਤੱਕ ਦੀ ਲੜੀ ਦੀ ਸਫ਼ਲਤਾ ਨਾਲ ਉਸਨੇ ਇੱਕ ਨਵੀਂ ਮਿੱਥ ਸਥਾਪਿਤ ਕੀਤੀ ਹੈ। ਪੇਸ਼ਕਾਰੀ ਦੇ ਨਵੇਕਲੇਪਣ ਨਾਲ ਉਸਦੀਆਂ ਰਚਨਾਵਾਂ ਜਿਵੇਂ ‘ਸਹੁੰ ਖਾ ਕੇ ਦੱਸ ਸਾਡਾ ਚੇਤਾ...’, ‘ਖੇ²ਤਾਂ ਦੇ ਸਰਦਾਰ...’, ‘ਜਿੰਨ੍ਹਾਂ ਦੀ ਫ਼ਿਤਰਤ ’ਚ ਦਗਾ...’, ‘ਬੰਦਾ ਆਪਣੀ ਕੀਤੀ ਪਾਉਂਦਾ...’, ‘ਰੱਬ ਕਰੇ ਮਨਜ਼ੂਰ...’, ‘ਜਦੋਂ ਦੇ ਸਟਾਰ ਹੋ ਗਏ...’, ‘ਕੀ ਹਾਲ ਏ ਤੇਰਾ ਮੁੱਦਤ ਪਿਛੋਂ ਟੱਕਰੀ ਏਂ...’, ਲੋਕਾਂ ਦੇ ਚੇਤਿਆਂ ’ਚ ਵੱਸ ਗਈਆਂ ਤੇ ਉਸਨੂੰ ਮੂਹਰਲੀ ਕਤਾਰ ਦੇ ਸਥਾਪਿਤ ਕਲਾਕਾਰਾਂ ਵਿਚ ਗਿਣਿਆ ਜਾਣ ਲੱਗਾ।
ਉਸਦੀ ਨਵੀਂ ਐਲਬਮ ‘ਦੇਬੀ ਲਾਇਵ-5 ਸਲਾਮ ਜ਼ਿੰਦਗੀ’ ਲਗਪਗ 2:15 ਘੰਟੇ ਦੀ ਬੇਸ਼ਕੀਮਤੀ ਸੌਗਾਤ ਉਸਨੇ ਪੰਜਾਬੀ ਸੰਗੀਤ ਪ੍ਰੇਮੀਆਂ ਦੇ ਸਨਮੁਖ ਪੇਸ਼ ਕੀਤੀ ਹੈ। ਉਸਨੇ ਜ਼ਿੰਦਗੀ ਦੇ ਹਰ ਰੰਗ ਨੂੰ ਛੁਹਿਆ ਹੈ। ਐਲਬਮ ਦਾ ਸਿਰਲੇਖੀ ਗੀਤ ‘ਸਲਾਮ ਜ਼ਿੰਦਗੀ’ ਹਾਸ਼ੀਏ ’ਤੇ ਧੱਕ ਦਿੱਤੇ ਗਏ ਮਿਹਨਕਸ਼ ਤੇ ਸਿਰੜੀ ਲੋਕਾਂ ਦੀ ਤਰਜਮਾਨੀ ਕਰਦਾ ਹੈ। ਜਦੋਂ ਉਹ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨੂੰ ਵੀ ਸੂਖਮ ਸ਼ਬਦਾਂ ਲੜੀ ’ਚ ਪਰੋ ਕੇ ‘ਜੇ ਮਿਲੇ ਗ਼ਰੀਬੀ ਵਿਰਸੇ ਵਿਚੋਂ...’ ਜਾਂ ‘ਧਰਮਾਂ ਵਾਲੇ ਧਰਮ ਦੇ ਨਾਂਅ ’ਤੇ ਕਦ ਤਾਈਂ ਕਾਰੋਬਾਰ ਕਰਨਗੇ...’ ਵਰਗੇ ਸਮਾਜਿਕ ਸਰੋਕਾਰਾਂ ਦਾ ਚਿੰਤਨ ਕਰਦਾ ਹੈ ਤਾਂ ਆਮ ਸ੍ਰੋਤਿਆਂ ਦੇ ਨਾਲ ਨਾਲ ਬੁੱਧੀਜੀਵੀ ਵਰਗ ਨੂੰ ਵੀ ਸੋਚਣ ਲਈ ਮਜਬੂਰ ਕਰ ਦਿੰਦਾ ਹੈ। ਐਲਬਮ ਦੀ ਸ਼ੁਰੂਆਤ ’ਚ ਮਾਂ ਬੋਲੀ ਦੇ ਸਰਵਨ ਪੁੱਤ ਸੁਰਜੀਤ ਪਾਤਰ ਦੇ ਆਪਣੇ ਇਸ ਲਾਡਲੇ ਸ਼ਗਿਰਦ ਬਾਰੇ ਬੋਲੇ ਚੋਣਵੇਂ ਸ਼ਬਦਾਂ ਨਾਲ ਜਿੱਥੇ ਉਨ੍ਹਾਂ ਨੂੰ ਸੁਣਨ ਦੀ ਸ੍ਰੋਤਿਆਂ ਦੀ ਚਿਰਕੋਣੀ ਤਮੰਨਾ ਪੂਰੀ ਹੋਈ ਹੈ ੳੁਥੇ ਇਸ ਐਲਬਮ ’ਚ ਉਨ੍ਹਾਂ ਦੀ ਇਕ ਰਚਨਾ ਦਾ ਹੋਣਾ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੈ।
ਧਾਰਮਿਕ ਗੀਤ ‘ਦਾਤਾ ਸਾਨੂੰ ਤੇਰੇ ਹੀ ਸਹਾਰੇ...’ ਨਾਲ ਸ਼ੁਰੂਆਤ ਕਰਨ ਪਿੱਛੋਂ ਦੇਬੀ ਜ਼ਿੰਦਗੀ ’ਚ ਕੋਈ ਲੱਖ ਵਾਰੀ ਚਲਾ ਜਾਵੇ...’ ਦੇਬੀ ਦੇ ਮੌਲਿਕ ਅੰਦਾਜ਼ ਦੀ ਪੇਸ਼ਕਾਰੀ ਹੈ। ਇਸੇ ਲੜੀ ’ਚ ਹੋਰ ਰਚਨਾਵਾਂ ਜਿਵੇਂ ‘ਰਿਸ਼ਤਾ...’, ਕੁਝ ਤਾਂ ਗੁੰਮਿਆ ਹੈ...’, ‘ਜਿੱਥੇ ਮੁਹੱਬਤਾਂ ਵਸਦੀਆਂ ਥਾਵਾਂ ਸਲਾਮਤ ਰਹਿਣ’, ‘ਬੱਸ ਏਦਾਂ ਉਮਰ ਖ਼ਰਾਬ ਕੀਤੀ ਏ...’, ‘ਪਤਾ ਸੀਗਾ ਤਾਂ ਵੀ ਕਿੰਨੇ ਸਾਲ ਵੇਖਦਾ ਰਿਹਾ,...’ ਅਤੇ ‘ਤੇਰੇ ਹਾਲਾਤ...’ ਬੇਹੱਦ ਖ਼ੂਬਸੂਰਤ ਅਹਿਸਾਸਾਂ ਦਾ ਪ੍ਰਗਟਾਵਾ ਹੈ। ‘ਨਹੀਂਓ ਰਹਿੰਦਾ ਸਦਾ ਵਕਤ ਇਕੋ ਜਿਹਾ... ’ ਰਚਨਾ ’ਚ ਦੇਬੀ ਆਪਣੇ ਗੁਰੂ ਡਾ: ਸੁਰਜੀਤ ਪਾਤਰ ਦੀ ਸ਼ੈਲੀ ਦੇ ਬਹੁਤ ਨੇੜੇ ਲਗਦਾ ਹੈ। ਐਲਬਮ ਵਿਚੋਂ ਉਸਦਾ ਗੀਤ:
‘ਯਾਰੀ ਵਾਲੇ ਵਰਕੇ ਫੱਟ ਕੇ ਰੁਲਗੇ ਹੋਣੇ ਆਂ
ਲੱਗਦਾ ਤੈਨੂੰ ਹੁਣ ਤਾਈਂ ਸੱਜਣ ਭੁੱਲਗੇ ਹੋਣੇ ਆਂ’
ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਸਕੂਲ ਦੀਆਂ ਯਾਦਾਂ ਦੇ ਕੋਮਲ ਅਹਿਸਾਸਾਂ ਨੂੰ ਸਾਕਾਰ ਕਰਦਾ ਗੀਤ ‘ਮੁੜ ਕਿਤੇ ਮਿਲਿਆਂ ਹੀ ਨਈ...’ ਐਲਬਮ ਰਚਨਾਵਾਂ- ਦਾ ਸ਼ਾਨਦਾਰ ਹਾਸਿਲ ਹੈ।
ਉਸਦੀ ਲੇਖਣੀ ਦੀ ਪ੍ਰਪੱਕਤਾ ਦੇਖੋ ਕਿ ਤਲਖ਼ ਰਾਜਨੀਤਕ ਹਾਲਾਤਾਂ ’ਤੇ ਸਹਿਜੇ ਹੀ ਕਟਾਕਸ਼ ਕਰਦਿਆਂ ਉਹ ਲਿਖਦੈ-
ਸਮੇਂ ਸਮੇਂ ਦੇ ਜ਼ਖ਼ਮ ਜੋ ਲੱਗੇ ਨੇ ਸਰਦਾਰਾਂ ਦੇ,
ਸਮੇਂ ਦੀਆਂ ਸਰਕਾਰਾਂ ਉਨ੍ਹਾਂ ’ਤੇ ਮੱਲ੍ਹਮ ਧਰਨ ਤੇ ਚੰਗਾ ਏ।’
ਤੇ
‘ਦਿੱਲੀ ਵਾਂਗ ਤੇਜ਼ ਚਾਲਬਾਜ਼ ਵੀ ਨਹੀਂ ਹਾਂ
ਭੋਲਾ ਵੀ ਨੀ ਬਹੁਤਾ ਮੈਂ ਪੰਜਾਬ ਵੀ ਨਹੀਂ ਹਾਂ।’
ਤੇ
‘ਚਿੱਟੇ ਲਿਬਾਸ ਕਾਲੀਆਂ ਇਹ ਕਰਨ ਸਾਜਿਸ਼ਾਂ,
ਕਿਰਦਾਰ ਕੁਰਸੀਆਂ ਦਾ ਬੜਾ ਕਾਲਾ ਹੋ ਗਿਆ ਏ।’
ਉਸਦਾ ਕਟਾਕਸ਼ ਇੱਥੇ ਹੀ ਨਹੀਂ ਰੁਕਦਾ ਸਗੋਂ ਮਾਰਧਾੜ ਭਰੇ ਗੀਤਾਂ ਨਾਲ ਪੰਜਾਬੀ ਸੱਭਿਆਚਾਰ ਦਾ ਮੁਹਾਂਦਰਾ ਅਤੇ ਮਾਨਸਿਕਤਾ ਵਿਗਾੜ ਰਹੇ ਗਾਇਕ ਭਰਾਵਾਂ ਨੂੰ ਝੰਜੋੜਦਾ ਇਕ ਗੀਤ-
‘ਗੀਤਾਂ ਵਿਚ ਜਣਾ ਖਣਾ ਬੰਦੇ ਮਾਰੀ ਜਾਂਵਦਾ
ਸੱਚੀ ਮੁੱਚੀ ਮਾਰਨੋਂ ਮਰਾਉਣੇ ਬੜੇ ਔਖੇ ਨੇ
ਗੋਲੀਆਂ ਚਲਾਉਣੀਆਂ ਤਾਂ ਔਖੀਆਂ ਨੀ ਹੁੰਦੀਆਂ
ਕਚਹਿਰੀਆਂ ’ਚ ਕੇਸ ਨਿਪਟਾਉਣੇ ਬੜੇ ਔਖੇ ਨੇ।’
ਸਾਨੂੰ ਸਾਰਿਆਂ ਨੂੰ ਸਚੁੱਜੇ ਕੰਮਾਂ ਲਈ ਪ੍ਰੇਰਦਾ ਹੈ। ਇਸ ਐਲਬਮ ਦੀ ਇਕ ਹੋਰ ਪ੍ਰਾਪਤੀ ਦੇਬੀ ਦੀ ਕਲਮ ਤੋਂ ਉਪਜੀਆਂ ਹਿੰਦੀ ਦੀਆਂ ਰਚਨਾਵਾਂ-‘ਆਪਣੇ ਆਪ ਸੇ...’ ਅਤੇ ‘ਤੂੰ ਹੀ ਤੂੰ ਕਹਾ ਕਰਤੇ ਹੈਂ...’ ਨੂੰ ਵਧੀਆ ਨਿਭਾਇਆ ਹੈ ਤੇ ਨਾਲ ਹੀ ਨਵੀਆਂ ਸੰਭਾਵਨਾਵਾਂ ਵੀ ਉਜਾਗਰ ਹੋਈਆਂ ਹਨ। ਇਸ ਐਲਬਮ ’ਚ ਹੋਰ ਕਈ ਗੀਤ ਜਿਵੇਂ- ‘ਨੈਣ ਲੜੇ...’, ‘ਛੱਤ ’ਤੇ ਆਜਾ ਮੇਰੀ ਜਾਨ...’, ‘ਮੇਲੇ ਦੇ ਵਿਚ ਆਜੀਂ ਗੱਲਾਂ ਗੂੜ੍ਹੀਆਂ ਕਰਾਂਗੇ...’,‘ਆਪਣਾ ਸਮਝ ਕੇ ਕਹਾਣੀ ਕਹਿਣ ਲੱਗਾ ਹਾਂ...।’ ਸ੍ਰੋਤਿਆਂ ਵੱਲੋਂ ਬਹੁਤ ਪਸੰਦ ਕੀਤੇ ਜਾ ਰਹੇ ਹਨ। ਇਕ ਹੋਰ ਗੀਤ, ਜਿਸ ਦਾ ਜ਼ਿਕਰ ਕੀਤੇ ਬਿਨਾਂ ਇਹ ਸਾਰੀ ਚਰਚਾ ਅਧੂਰੀ ਰਹੇਗੀ, ਉਹ ਹੈ-‘ਮਾਵਾਂ ਧੀਆਂ ਦੇ ਸੌ ਓਹਲੇ...’ ਇਸ ਮਰਦ ਪ੍ਰਧਾਨ ਸਮਾਜ ’ਚ ਔਰਤ ਮਨ ’ਤੇ ਹੁੰਦੀਆਂ ਜ਼ਿਆਦਤੀਆਂ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਂ ਹੈ ਜਿਸ ਨੂੰ ਸੁਣਦਿਆਂ ਅੱਖਾਂ ਨਮ ਹੋ ਜਾਂਦੀਆਂ ਹਨ। ਕੁਝ ‘ਲਾਈਟ ਮੂੜ’ ਦੀਆਂ ਮਨੋਰੰਜਕ ਰਚਨਾਵਾਂ ਵੀ ਐਲਬਮ ’ਚ ਸ਼ਾਮਿਲ ਹਨ। ਅੰਤ ’ਚ ਸੰਜੀਵ ਨਾਲ ਆਪਣੀ ਭਾਵੁਕ ਸਾਂਝ ਦੀਆਂ ਗੱਲਾਂ ਵੀ ਸ੍ਰੋਤਿਆਂ ਨਾਲ ਸਾਂਝੀਆਂ ਕੀਤੀਆਂ ਹਨ। ਉਹ ਆਪਣੇ ਸ੍ਰੋਤਿਆਂ ਵੱਲੋਂ ਮਿਲੇ ਪਿਆਰ ਪ੍ਰਤੀ ਸ਼ੁਕਰਗੁਜ਼ਾਰ ਹੁੰਦਾ ਲਿਖਦੈ-
‘ਇਕ ਛੋਟਾ ਜਿਹਾ ਫਨਕਾਰ ਹਾਂ।
ਗੀਤਾਂ ਦੀ ਸੁਰਖ ਬਹਾਰ ਹਾਂ
ਦੇਬੀ ਨੂੰ ਥੋੜੀ ਸ਼ਰਮ ਹੈ।
ਸੁਰ ਤਾਲ ’ਚੋਂ ਥੋੜਾ ਬਾਹਰ ਹਾਂ
ਕਿਸੇ ਹੋਰ ਤੋਂ ਲੈਣਾ ਹੋਊਗਾ
ਮੈਂ ਤੁਹਾਡਾ ਦੇਣਦਾਰ ਹਾਂ।’
ਰਣਜੀਤ ਰਾਣਾ ਤੇ ਬਲਵੀਰ ਮੁਹੰਮਦ ਦੀਆਂ ਤਿਆਰ ਕੀਤੀਆਂ ਇਸ ਐਲਬਮ ਦੀਆਂ ਸੰਗੀਤਿਕ ਧੁਨਾਂ ਵਿਚੋਂ ਉਨ੍ਹਾਂ ਦੀ ਸਖ਼ਤ ਮਿਹਨਤ ਸਾਫ਼ ਦਿਸਦੀ ਹੈ, ਜਿਸ ਲਈ ਉਹ ਵਧਾਈ ਦੇ ਪਾਤਰ ਹਨ। ਪ੍ਰਾਜੈਕਟ ਮੈਨੇਜਰ ਮੁਕੇਸ਼ ਕਪੂਰ ਦੀ ਅਗਵਾਈ ’ਚ ਟੀਮ ਦੇਬੀ ਦਾ ਕੰਮ ਬਹੁਤ ਸ਼ਲਾਘਾਯੋਗ ਹੈ। ਯਕੀਨੀ ਤੌਰ ’ਤੇ ‘ਦੇਬੀ ਲਾਈਵ-5 ਸਲਾਮ ਜ਼ਿੰਦਗੀ’ ਪੰਜਾਬੀ ਸੰਗੀਤ ਦੇ ਅੰਬਰ ’ਚ ਚਮਕਦੇ ਸਿਤਾਰੇ ਦੇਬੀ ਮਖਸੂਸਪੁਰੀ ਦੀ ਚਮਕ ’ਚ ਚੋਖਾ ਵਾਧਾ ਕਰੇਗੀ।
****