ਬੇਗਾਨੇ ਮੁਲਕ ਵਿੱਚ ਪੈਰ ਜਮਾਉਣ ਤੇ ਪੈਸੈ ਕਮਾਉਣ ਲਈ ਹਰ ਇੱਕ ਨੂੰ ਬੜਾ ਸੰਘਰਸ਼ ਕਰਨਾ ਪੈਂਦਾ ਹੈ। ਇਸ ਸੰਘਰਸ਼ ਭਰੀ ਜਿ਼ੰਦਗੀ ‘ਚ ਜੇ ਸ਼ੌਂਕ ਵੀ ਪੁਗਾਉਣੇ ਹੋਣ ਤਾਂ ਕੋਈ ਪੰਜਾਬੀਆਂ ਕੋਲੋਂ ਸਿੱਖੇ। ਭੱਜ ਦੌੜ ਦੀ ਜਿ਼ੰਦਗੀ ਵਿੱਚੋਂ ਸਮਾਂ ਕੱਢ ਕੇ ਸੱਭਿਆਚਾਰਕ ਅਤੇ ਖੇਡ ਮੇਲੇ ਲਾਉਣਾ ਇਹ ਸਭ ਪੰਜਾਬੀਆਂ ਦੇ ਹਿੱਸੇ ਹੀ ਆਉਂਦਾ ਹੈ। ਪੰਜਾਬੀ ਆਪਣੇ ਸੁਭਾਅ ਮੁਤਾਬਿਕ ਆਪਣੇ ਧਰਮ ਵਿਰਸਾਤ, ਆਪਣੀਆਂ ਖੇਡਾਂ, ਆਪਣੇ ਲੋਕ ਨਾਚ ਗਿੱਧਾ ਭੰਗੜਾ, ਆਪਣਾ ਗੀਤ ਸੰਗੀਤ ਤੇ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਵੀ ਨਾਲ ਲੈ ਕੇ ਚੱਲਦੇ ਹਨ। ਵਿਦੇਸ਼ਾਂ ਵਿੱਚ ਵੀ ਇਨ੍ਹਾਂ ਨੇ ਆਪਣੇ ਹਰ ਰੰਗ ਨਾਲ ਵਿਦੇਸ਼ੀ ਲੋਕਾਂ ਨੂੰ ਰੰਗਣ ਦੀ ਬੇਮਿਸਾਲ ਕੋਸਿ਼ਸ਼ ਕੀਤੀ ਹੈ। ਕੁਝ ਇਸੇ ਹੀ ਸੋਚ ਨੂੰ ਆਪਣੇ ਅੰਗ ਸੰਗ ਲੈ ਕੇ ਚੱਲ ਰਿਹਾ ਹੈ ਪੰਜਾਬੀ ਗੱਭਰੂ ਕੁਲਵਰਨ ਸਿੰਘ। ਪਰ ਸਟੇਜਾਂ ਅਤੇ ਆਪਣੇ ਯਾਰਾਂ ਦੋਸਤਾਂ ਵਿੱਚ ਸਿੱਕੀ ਦੇ ਨਾਂ ਨਾਲ ਜਾਣਿਆ ਜਾਣ ਵਾਲਾ ਇਹ ਨੌਜਵਾਨ ਪਿਛਲੇ ਕੁਝ ਸਾਲਾਂ ਤੋਂ ਇਟਲੀ ‘ਚ ਰਹਿ ਰਿਹਾ ਹੈ। ਆਪਣੇ ਭਵਿੱਖ ਨੂੰ ਸੋਹਣਾ ਬਣਾਉਣ ਲਈ ਸਖ਼ਤ ਮਿਹਨਤ ਕਰਦਾ ਹੋਇਆ ਸਮਾਂ ਕੱਢ ਕੇ ਆਪਣੇ ਸ਼ੌਂਕ ਨੂੰ ਵੀ ਪੂਰਾ ਕਰਦਾ ਆ ਰਿਹਾ ਹੈ। ਸਿੱਕੀ ਭੰਗੜੇ ਦਾ ਇੱਕ ਵਧੀਆ ਕਲਾਕਾਰ ਹੈ ਅਤੇ ਉਸਦੀ ਇਹ ਕਲਾ ਸਿੱਕੀ ਦੇ ਸਿਰ ਚੜ੍ਹ ਬੋਲਦੀ ਹੈ।
ਹੁਣ ਪਿਛਲੇ ਤਿੰਨ ਸਾਲ ਤੋਂ ਉਹ ਸੁਖਵਿੰਦਰ ਸਿੰਘ ਦੇ ‘ਮਾਣ ਪੰਜਾਬ ਦਾ ਭੰਗੜਾ ਗਰੁੱਪ (ਇਟਲੀ)’ ਵਿੱਚ ਭੰਗੜਾ ਪਾ ਕੇ ਆਪਣਾ ਸ਼ੌਂਕ ਪੂਰਾ ਕਰਦਾ ਆ ਰਿਹਾ ਹੈ। ੳਸ ਨੂੰ ਭੰਗੜਾ ਪਾਉਂਦਾ ਵੇਖ ਹਰ ਦਰਸ਼ਕ ਅਸ਼ ਅਸ਼ ਕਰ ਉੱਠਦਾ ਹੈ। ਇਟਲੀ ਦੇ ਤਕਰੀਬਨ ਸਾਰਿਆਂ ਮੇਲਿਆਂ ਵਿੱਚ ਉਹਨਾਂ ਦੇ ਗਰੁੱਪ ਨੂੰ ਉਚੇਚੇ ਤੌਰ ਤੇ ਸੱਦ ਕੇ ਭੰਗੜਾ ਪਾਉਣ ਦਾ ਮੌਕਾ ਦਿੱਤਾ ਜਾਂਦਾ ਹੈ। ਢੋਲ ਦੇ ਡਗੇ ਤੇ ਜਿੱਥੇ ਸਿੱਕੀ ਦੇ ਪੈਰ ਥਿੜਕਦੇ ਹਨ। ਉੱਥੇ ਦਿਲ ਦੇ ਜਜਬਾਤਾਂ ਨੂੰ ਪ੍ਰਗਟ ਕਰਨ ਲਈ ਸਿੱਕੀ ਹੱਥ ‘ਚ ਕਲਮ ਫੜ ਕਾਗਜ਼ਾਂ ਤੇ ਕੁਝ ਨਾ ਕੁਝ ਉਕਰਦਾ ਵੀ ਰਹਿੰਦਾ ਹੈ, ਜੋ ਸਹਿਜੇ ਸਹਿਜੇ ਜੁੜ ਕੇ ਗੀਤ ਬਣ ਜਾਂਦੇ ਹਨ। ਬਹੁਤ ਜਲਦ ਉਸ ਦਾ ਇੱਕ ਗੀਤ ਹਨੀ ਕਿੰਗ (ਕੈਨੇਡਾ) ਦੀ ਅਵਾਜ਼ ਵਿੱਚ ਆ ਰਿਹਾ ਹੈ। ਲਿਖਣ ਬਾਰੇ ਉਸਦਾ ਕਹਿਣਾ ਹੈ
“ਗੱਲਾਂ ਤੋਂ ਗੀਤ ਬਨਾਉਣੇ, ਹਰ ਬੰਦੇ ਦੇ ਵੱਸ ਦੀ ਗੱਲ ਨਹੀਂ
ਕਿਸੇ-ਕਿਸੇ ਤੇ ‘ਸਿੱਕੀ’, ਰੱਬੀ ਮਿਹਰ ਇਹ ਹੁੰਦੀ ਏ।”
ਕਿਸੇ-ਕਿਸੇ ਤੇ ‘ਸਿੱਕੀ’, ਰੱਬੀ ਮਿਹਰ ਇਹ ਹੁੰਦੀ ਏ।”
ਆਖਿ਼ਰ ਵਿੱਚ ਸਿੱਕੀ ਉਚੇਚੇ ਤੌਰ ਤੇ ਧੰਨਵਾਦ ਕਰਨਾ ਚਾਹੁੰਦਾ ਹੈ ਹਰਵਿੰਦਰ ਉਹੜਪੁਰੀ, ਲੈਹਿੰਬਰ ਹੁਸੈਨਪੁਰੀ, ਬਿੰਦਰ ਨਵੇਂ ਪਿੰਡੀਆ, ਅਵਤਾਰ ਰੰਧਾਵਾ, ਸੇਮਾ ਜਲਾਲਪੁਰੀ ਤੇ ਬੱਲ ਬੁਤਾਲੇ ਵਾਲੇ ਦਾ, ਜਿੰਨ੍ਹਾ ਦਾ ਉਸ ਨੂੰ ਬਹੁਤ ਸਹਿਯੋਗ ਮਿਲਦਾ ਰਹਿੰਦਾ ਹੈ। ਦੁਆ ਕਰਦੇ ਹਾਂ ਪ੍ਰਮਾਤਮਾ ਇਸ ਨੌਜਵਾਨ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ, ਇਹ ਵਧੀਆ ਲਿਖੇ ਤੇ ਇਸ ਤਰ੍ਹਾਂ ਹੀ ਆਪਣੇ ਭੰਗੜੇ ਦੇ ਜੌਹਰ ਵਿਖਾ ਦਰਸ਼ਕਾਂ ਦਾ ਮਨ ਮੋਂਹਦਾ ਰਹੇ।
****
****