ਮਹਾਂਮੂਰਖ .......... ਅਭੁੱਲ ਯਾਦਾਂ / ਤਰਸੇਮ ਬਸ਼ਰ

ਬਾਬਾ ਜੋਰਾ ਦਾਸ - ਇੱਕ ਅਜਿਹੀ ਸ਼ਖਸ਼ੀਅਤ ਜਿਸਦਾ ਪ੍ਰਭਾਵ ਉਹਨਾਂ ਦੀ ਗੈਰਹਾਜ਼ਰੀ ਵਿੱਚ ਵੀ ਪਿੰਡ ਦੇ ਮਾਹੌਲ ਵਿੱਚ ਕਬੂਲਿਆ ਜਾਂਦਾ । ਮੈਂ ਆਪਣੇ ਬਚਪਨ ਦੇ ਦਿਨਾਂ ਦੀ ਗੱਲ ਕਰ ਰਿਹਾ ਹਾਂ । ਪਿੰਡ ਦਾ ਮੰਦਰ ਇੱਕ ਤਰ੍ਹਾਂ ਦਾ ਕਮਿਊਨਟੀ ਸੈਂਟਰ ਹੁੰਦਾ ਸੀ, ਜਿੱਥੇ ਪੂਰਾ ਦਿਨ ਪਿੰਡ ਦੇ ਬਜੁਰਗ, ਨੌਜੁਆਨ ਬੈਠਦੇ, ਗੱਲਾਂ ਕਰਦੇ ਤੇ ਚਾਹ ਪਾਣੀ ਵੀ ਚਲਦਾ ਰਹਿੰਦਾ । ਸਾਡੇ ਵਰਗੇ ਸ਼ਰਾਰਤਾਂ ਕਰਦੇ ਰਹਿੰਦੇ । ਇਸੇ ਮੰਦਰ ਤੇ ਹੀ ਬਾਬਾ ਜੋਰਾ ਦਾਸ ਸਾਲ ਛਿਮਾਹੀ ਆਉਂਦੇ । ਹਰ ਵਰ੍ਹੇ ਮੰਦਰ ‘ਤੇ ਲੱਗਣ ਵਾਲੇ ਮੇਲੇ ‘ਤੇ ਤਾਂ ਉਹ ਮੁੱਖ ਮਹਿਮਾਨ ਹੀ ਹੁੰਦੇ । ਜਦੋਂ ਬਾਬਾ ਜੋਰਾ ਦਾਸ ਪਿੰਡ ਦੇ ਮੰਦਰ ਤੇ ਆਉਂਦੇ ਤੇ ਕੁਛ ਦਿਨ ਰਹਿੰਦੇ ਤਾਂ ਰੌਣਕਾਂ ਲੱਗ ਜਾਂਦੀਆਂ । ਜੋ ਦੇਰ ਰਾਤ ਤੱਕ ਚੱਲਦੀਆਂ । ਅਸੀਂ ਤਾਂ ਲਗਭੱਗ ਬੱਚੇ ਹੀ ਸਾਂ ਪਰ ਪਿੰਡ ਦੇ ਸਿਰ ਕੱਢ ਨੌਜੁਆਨ ਬਾਬਾ ਜੋਰਾ ਦਾਸ ਦੇ ਰੰਗ ਵਿੱਚ ਰੰਗੇ ਹੋਏ ਸਨ । ਨੇੜੇ ਤੇੜੇ ਦੇ ਪਿੰਡਾਂ ਦੇ ਨੌਜੁਆਨ ਵੀ ਸ਼ਾਮ ਨੂੰ ਆ ਜਾਂਦੇ ਤੇ ਫਿਰ ਵਾਜੇ ਢੋਲਕੀਆਂ ਨਾਲ ਸੰਗਤ ਸੱਜਦੀ ਤੇ ਬਾਬਾ ਜੋਰਾਦਾਸ ਦੇ ਲਿਖੇ ਭਜਨਾਂ ਦਾ ਦੌਰ ਚਲਦਾ । ਇਸਨੂੰ ਮੇਰੇ ਦਾਦਾ ਜੀ ਉਹਨਾਂ ਦਿਨਾਂ ਵਿੱਚ ਕੰਨ ਰਸ ਕਹਿ ਕੇ ਭੰਡਦੇ । ਮੇਰੇ ਤੇ ਵੀ ਉਹਨਾਂ ਦਾ ਅਸਰ ਸੀ । ਸ਼ਾਇਦ ਇਸੇ ਕਰਕੇ ਹੀ ਮੈਂ ਬਾਬਾ ਜੋਰਾ ਦਾਸ ਦੇ ਅਧਿਆਤਮਿਕ ਪ੍ਰਭਾਵ ਨੂੰ  ਨਾ ਕਬੂਲ ਸਕਿਆ ਪਰ ਪਿੰਡ ਦੇ ਮਾਹੌਲ ਵਿੱਚ ਵਸੀ ਉਹਨਾਂ ਦੀ ਸ਼ਖਸ਼ੀਅਤ ਦੀ ਖੁਸ਼ਬੋ ਤੋਂ ਕਿਵੇਂ ਅਲੱਗ ਹੋ ਸਕਦਾ ਸੀ । ਉਹਨਾਂ ਦਾ ਮੁੱਖ ਡੇਰਾ ਜਗਰਾਓ ਦੇ ਨੇੜੇ ਕਿਸੇ ਪਿੰਡ ਵਿਚ ਸੀ । ਜੇਕਰ ਉਹ ਸਾਡੇ ਪਿੰਡ ਨਾ ਆਉਂਦੇ ਤਾਂ ਸਾਡੇ ਪਿੰਡ ਦੇ ਮੁੰਡੇ ਉਥੇ ਚਲੇ ਜਾਂਦੇ । ਪਿੰਡ ਵਾਸੀਆਂ ਲਈ ਉਹ ਪਿੰਡ ਦੇ ‘ਮਹਾਤਮਾ‘ ਸਨ ।

ਕਿਉਂਕਿ ਛੋਟਾ ਪਿੰਡ ਸੀ ਤੇ ਪਿੰਡ ਦਾ ਮੰਦਰ ਸਭ ਦੇ ਇਕੱਠੇ ਹੋਣ ਦੀ ਸਾਂਝੀ ਥਾਂ । ਪਿੰਡ ਦਾ ਮਾਹੌਲ ਦੇ ਨਾਲ ਨਾਲ ਪਿੰਡ ਦੇ ਸਮਾਜਿਕ ਜੀਵਨ ‘ਚ ਵੀ ਬਾਬਾ ਜੋਰਾ ਦਾਸ ਦੀ ਸ਼ਖਸ਼ੀਅਤ ਪ੍ਰਤੱਖ ਤੌਰ ਤੇ ਝਲਕਦੀ ਸੀ । ਭਾਸ਼ਾ ਨੂੰ ਹੀ ਲੈ ਲਓ, ਮੰਦਰ ਦੇ ਖਾਸ ਵਾਤਾਵਰਨ ਲਈ  ਉਥੇ ਬੋਲੀ ਜਾਣ ਵਾਲੀ ਬੋਲੀ ਹੀ ਸਭ ਦੀ ਸਾਂਝੀ ਬੋਲੀ ਹੋ ਗਈ ਤੇ ਇਹ ਬੋਲੀ ਸੀ ਬਾਬਾ ਜੋਰਾ ਦਾਸ ਵੱਲੋਂ ਪ੍ਰਚੱਲਿਤ ‘ਉਹਨਾਂ ਦੀ ਆਪਣੀ ਬੋਲੀ’, ਜਿਸ ਦੇ ਅਲੰਕਾਰ ਤੇ ਨਵੇਂ ਸ਼ਬਦ ਮੈਨੂੰ ਵਿਸਮਾਦੀ ਅਨੁਭਵ ਦਿੰਦੇ ਸਨ । ਮੈਨੂੰ ਹੀ ਨਹੀਂ ਇਸ ਬੋਲੀ ਦੀ ਖਿੱਚ ਸਾਡੇ ਸਾਰੇ ਪਿੰਡ ਵਾਲਿਆਂ ਵਾਸਤੇ ਵੀ ਸੀ, ਜਿਸ ਵਿੱਚ ਕਿ ਉਹ ਆਮ ਤੌਰ ‘ਤੇ ਸ਼ਰਧਾਲੂਆਂ ਨੂੰ ‘ਮਹਾਂਮੂਰਖੋ‘, ਜੇ ਕਿਸੇ ਦਾ ਨਾਂ ਸੰਤਾ ਹੋਣਾ ਤਾਂ ਸੰਤਿਆ ਕਹਿ ਕੇ ਪੁਕਾਰਦੇ ਜਿਵੇਂ ਕਿ ‘ਸੰਤਿਆ ਮਹਾਂਮੂਰਖਾ ਭੋਜਨ ਪਾ ਲਿਆ ?’ ਤੇ ਇਸੇ ਤਰ੍ਹਾਂ ਉਹਨਾਂ ਦੇ ਲਫ਼ਜ਼ ਰਵਾਇਤੀ ਨਾ ਹੋ ਕੇ ਵੱਖਰੇ ਹੁੰਦੇ ਜਿਵੇਂ ਕਿ  ਖੁਸ਼ ਹੋਣ ਨੂੰ ‘ਆਨੰਦ ‘ਚ ਹੋ ਗਿਆ‘, ਦੁਖੀ ਹੋਣ ਵਾਲੇ ਨੂੰ ‘ਵਿਸਮਾਦੀ ਹੋ ਗਿਆ’ ਵਰਗੇ ਸ਼ਬਦ ਵਰਤਦੇ ਤੇ ਹੋਰ ਬੇਅੰਤ ਨਵੇਂ ਸ਼ਬਦ । ਅਸੀਂ ਕੁਝ ਦੋਸਤ ਵੀ ਇਸੇ ਬੋਲੀ ਵਿੱਚ ਇੱਕ ਦੂਜੇ ਨੂੰ ਬੁਲਾਉਂਦੇ । ਜਿਵੇਂ ਕਾਲੀ, ਮੇਰਾ ਦੋਸਤ ਸੀ ਅਸੀਂ ਉਸਨੂੰ ‘ਕਾਲਿਆ, ਮਹਾਂਮੂਰਖਾ ਆਨੰਦ ‘ਚ ਐਂ.........’ ਤੇ ਇਸੇ ਅੰਦਾਜ਼ ਵਿੱਚ ਬਾਤਚੀਤ ਕਰਦੇ ਕਈ ਵਾਰ ਸ਼ਹਿਰ ਜਾਣਾ ਤਾਂ ਉਥੇ ਵੀ ਇਹੀ ਬੋਲੀ ਬੋਲ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਦਾ ਯਤਨ ਕਰਨਾ ਤੇ ਸਫਲ ਵੀ ਰਹਿੰਦੇ । ਇੱਥੋਂ ਤੱਕ ਕਿ ਅਸੀਂ ਆਪਣੀ ਰਵਾਇਤੀ ਬੋਲੀ ਹੀ ਛੱਡ ਦਿੱਤੀ ਸੀ । ਬਾਬਾ ਜੋਰਾਦਾਸ ਦੀ ਬੋਲੀ ਦਾ ਹੀ ਅਸਰ ਸੀ ਕਿ ਅਸੀਂ ਘੰਟਿਆਂ ਬੱਧੀ ਬਿਨਾਂ ਕਿਸੇ ਖਾਸ ਮਕਸਦ, ਬੇਅਰਥ ਜਿਹੀਆਂ ਗੱਲਾਂ ਕਰਦੇ ਰਹਿੰਦੇ ਤੇ ਥੱਕਦੇ ਵੀ ਨਾ........... ਸਾਡੇ ਉਸ ਹਾਸੇ ਵਿੱਚ ਇੱਕ ਕੁਦਰਤੀ ਟੁਨਕਾਰ ਹੁੰਦੀ ਸੀ ਤੇ ਚਿਹਰੇ ਤੇ ਰੌਣਕ । ਘੰਟੇ ਬੀਤ ਜਾਂਦੇ, ਇਸ ਵਿਸਮਾਦੀ ਆਨੰਦ ਵਿੱਚ ਫਿਰ ਕੁਝ ਵਰ੍ਹੇ ਵੀ ਬੀਤ ਗਏ । ਉਹ ਗੱਲਾਂ ਬਾਤਾਂ ਜਿਸ ਵਿੱਚ ਸਿਆਣਪ ਨਹੀਂ ਸੀ, ਕੋਈ ਸੇਧ ਨਹੀਂ ਸੀ ਤੇ ਸ਼ਾਇਦ ਕੋਈ ਅਰਥ ਵੀ ਨਹੀਂ ਸੀ ਪਰ ਹਾਂ ਆਨੰਦ ਸੀ.............. ਮਹਾਂਆਨੰਦ !

ਤੇ ਅੱਜ............ ਆਲਮ ਇਹ ਹੈ ਕਿ ਕਿਸੇ ਮਹਾਂਪੁਰਖ ਦੀ  ਕਹੀ ਇਹ ਗੱਲ ਸਮਝ ਆ ਗਈ ਹੈ ਕਿ ਕੋਈ ਵੀ ਮਨੁੱਖ ਕਿਵੇਂ ਬੋਲਣਾ ਹੈ, ਸਿੱਖਣ ਵਾਸਤੇ ਡੇਢ ਦੋ ਸਾਲ ਹੀ ਲੈਂਦਾ ਹੈ ਪਰ ‘ਕੀ‘ ਬੋਲਣਾ ਹੈ, ਇਹ ਜਿੰਦਗੀ ਭਰ ਸਿੱਖਦਾ ਰਹਿੰਦਾ ਹੈ । ਪੱਤਰਕਾਰਾਂ, ਫਿਲਮਕਾਰਾਂ ਤੇ ਲੇਖਕਾਂ ਨਾਲ ਅੱਜ ਇੱਕ ਆਪਣਾ ਦਾਇਰਾ ਬਣ ਚੁੱਕਿਆ ਹੈ । ਕੋਈ ਘੱਟ ਨਾਮਵਰ ਹੈ, ਕੋਈ ਵੱਧ । ਕਈ ਮਿੱਤਰ ਹਨ ਜੋ ਆਮ ਲੋਕਾਂ ਲਈ ਬਹੁਤ ਵੱਡੀ ਜਗ੍ਹਾ ਰੱਖਦੇ ਹਨ, ਉਹਨਾਂ ਦਾ ਇੱਕ ਇੱਕ ਲਫ਼ਜ਼ ਕਈ ਲੋਕਾਂ ਦੀ ਮੂੰਹ ਮੰਗੀ ਮੁਰਾਦ ਹੁੰਦਾ ਹੈ........... ਪਰ ਸੱਚ ਕਹਾਂ ਕਿਸੇ ਦੀ ਵੀ ਸੰਗਤ ਵਿੱਚ ਓਹ ਆਨੰਦ ਨਹੀਂ, ਜੋ ਮਹਾਂਮੂਰਖਾਂ ਦੀ ਸੰਗਤ ਵਿੱਚ ਸੀ ।  ਮੈਂ ਅਕਸਰ ਸੋਚਦਾ ਹਾਂ ਕਿ ਮੈਂ ਵੱਡਾ ਹੋ ਗਿਆ ਹਾਂ ਜਾਂ ਫਿਰ ਛੋਟਾ.... ! ਬਹੁਤ ਛੋਟਾ !!!
                              
****