Showing posts with label ਰਿਸ਼ੀ ਗੁਲਾਟੀ. Show all posts
Showing posts with label ਰਿਸ਼ੀ ਗੁਲਾਟੀ. Show all posts

ਪਹੁਤਾ ਪਾਂਧੀ (ਟੂ).......... ਸਫ਼ਰਨਾਮਾ / ਰਿਸ਼ੀ ਗੁਲਾਟੀ (ਫਰੀਦਕੋਟ), ਆਸਟ੍ਰੇਲੀਆ

ਵਤਨੀਂ ਫੇਰੀ ਦੌਰਾਨ ਕਈ ਦਿਨਾਂ ਬਾਅਦ ਉਹ ਦਿਨ ਆ ਹੀ ਗਿਆ, ਜਦੋਂ ਕਿ ਰਿਸ਼ਤੇਦਾਰੀਆਂ ‘ਚ ਜਾਣਾ ਸੀ । ਰਿਸ਼ਤੇਦਾਰੀਆਂ ਦੂਰ ਨੇੜੇ ਹੁੰਦੀਆਂ ਹੀ ਹਨ, ਇਸ ਲਈ ਆਸਟ੍ਰੇਲੀਆ ਰਹਿੰਦਿਆਂ ਹੀ ਗੂਗਲ ‘ਤੇ ਸਰਚਾਂ ਮਾਰ ਮਰ ਕੇ ਕੋਸਿ਼ਸ਼ ਕੀਤੀ ਸੀ ਕਿ ਕੋਈ ਅਜਿਹੀ ਟਰੈਵਲ ਏਜੰਸੀ ਮਿਲ ਜਾਏ ਜੋ ਕਿ ਸੈਲਫ਼ ਡਰਾਈਵਿੰਗ ਲਈ ਗੱਡੀ ਦੇ ਦਏ ਤੇ ਆਪਣੇ ਹਿਸਾਬ ਨਾਲ਼ ਹੀ ਦੂਰੀਆਂ ਤੈਅ ਕੀਤੀਆਂ ਜਾ ਸਕਣ । ਸੈਲਫ਼ ਡਰਾਈਵਿੰਗ ਲਈ ਗੱਡੀ ਲੱਭਣ ਦਾ ਵੀ ਕਾਰਣ ਖ਼ਾਸ ਸੀ । ਜਦੋਂ ਕਿਰਾਏ ਦੀਆਂ ਗੱਡੀਆਂ ਬਾਰੇ ਪਤਾ ਕੀਤਾ ਸੀ ਤਾਂ ਰਾਤ ਰੁਕਣ ਦੀ ਸਮੱਸਿਆ ਦਰ-ਪੇਸ਼ ਆ ਗਈ । ਪਿੰਡਾਂ ‘ਚ ਤਾਂ ਖੁੱਲੇ ਘਰ ਹੁੰਦੇ ਨੇ, ਓਪਰੇ ਬੰਦਿਆਂ ਦੀ ਰਿਹਾਇਸ਼ ਲਈ ਅੱਡ ਬੈਠਕਾਂ ਵੀ ਬਣਾਈਆਂ ਗਈਆਂ ਹੁੰਦੀਆਂ ਨੇ । ਹਮਾਤੜਾਂ ਦੇ ਸਾਬਣਦਾਨੀ ਜਿੱਡੇ ਤਾਂ ਘਰ ਹੁੰਦੇ ਨੇ ਤੇ ਕਿਰਾਏ ਦੀ ਗੱਡੀ ਵਾਲਿਆਂ ਮੁਤਾਬਿਕ ਉਨ੍ਹਾਂ ਦੇ ਡਰਾਈਵਰ ਨੂੰ ਰਾਤ ਰਹਿਣ ਲਈ ਅਲੱਗ ਕਮਰਾ ਚਾਹੀਦਾ ਸੀ । ਰਿਸ਼ਤੇਦਾਰੀਆਂ ‘ਚ ਡਰਾਈਵਰ ਲਈ ਕਮਰੇ ਦਾ ਇੰਤਜ਼ਾਮ ਕਰਨਾ ਔਖਾ ਲੱਗਾ ਤਾਂ ਸੈਲਫ਼ ਡਰਾਈਵਿੰਗ ਲਈ ਗੱਡੀ ਲੈਣਾ ਆਸਾਨ ਲੱਗਾ । ਪਹਿਲਾਂ ਤਾਂ ਅਣਜਾਣ ਨੂੰ ਕਿਸੇ ਨੇ ਆਪਣੀ ਗੱਡੀ ਦੇਣ ਦੀ ਹਾਂ ਹੀ ਨਾ ਕੀਤੀ । ਉਨ੍ਹਾਂ ਨੂੰ ਹੁਣ ਤੱਕ ਆਪਣੇ ਇੱਥੋਂ ਦੀ ਮਿੱਟੀ ਫੱਕਣ ਤੇ ਪਰਿਵਾਰ ਪੰਜਾਬ ‘ਚ ਹੋਣ ਦੀ ਬਾਰੇ ਦੁਹਾਈ ਪਾਈ ਤਾਂ ਉਨ੍ਹਾਂ ਸਿੱਧਾ ਜਿਹਾ ਕੰਮ ਨਬੇੜ ਦਿੱਤਾ ਕਿ ਜੇ ਗੱਡੀ ਲੱਗ ਗਈ ਤਾਂ ਸਾਰਾ ਖਰਚਾ ਝੱਲਣਾ ਪੈਣਾ, ਬੇਸ਼ੱਕ ਗੱਡੀ ਦਾ ਫੁੱਲ ਬੀਮਾ ਹੋਇਆ ਵੀ ਕਿਉਂ ਨਾ ਹੋਵੇ । ਨਾਲ਼ ਹੀ ਉਨ੍ਹਾਂ ਇੱਕ ਦੋ ਕਹਾਣੀਆਂ ਅਜਿਹੀਆਂ ਦੁਰਘਟਨਾਵਾਂ ਦੀਆਂ ਵੀ ਸੁਣਾ ਦਿੱਤੀਆਂ ਜਿਨ੍ਹਾਂ ‘ਚ ਬਾਹਰਲਿਆਂ ਨੇ ਗੱਡੀਆਂ ਠੋਕ ਦਿੱਤੀਆਂ ਸੀ ਤੇ ਗੱਡੀਆਂ ਲੱਗਭਗ ਖਤਮ ਹੀ ਹੋ ਗਈਆਂ । ਗੱਡੀ ਠੋਕਣ ਦਾ

ਪੀਕੂ.......... ਫਿਲਮ ਰੀਵਿਊ / ਰਿਸ਼ੀ ਗੁਲਾਟੀ

ਕਾਫ਼ੀ ਹਫ਼ਤਿਆਂ ਤੋਂ ਇੰਤਜ਼ਾਰ ਕਰ ਰਿਹਾ ਸੀ, ਅਮਿਤਾਭ ਬੱਚਨ, ਦੀਪਿਕਾ ਪਾਦੁਕੋਣ ਤੇ ਇਰਫ਼ਾਨ ਖਾਨ ਸਟਾਰਰ ਹਿੰਦੀ ਫਿਲਮ ਪੀਕੂ ਦੀ ਤੇ ਆਖਿ਼ਰ ਅੱਠ ਮਈ ਨੂੰ ਰਿਲੀਜ਼ ਹੋਣ ਦੇ ਇੱਕ ਦਿਨ ਬਾਅਦ ਇਸ ਨੂੰ ਦੇਖਣ ਦਾ ਸਬੱਬ ਬਣ ਹੀ ਗਿਆ । ਜਿਵੇਂ ਕਿ ਬਚਪਨ ਵਿਚ ਬੱਚਿਆਂ ਦੇ ਛੋਟੇ ਨਾਮ ਰੱਖ ਦਿੱਤੇ ਜਾਂਦੇ ਹਨ, ਬੰਟੀ, ਚਿੰਟੂ, ਕਾਕਾ ਆਦਿ, ਸ਼ਾਇਦ ਉਸੇ ਤਰ੍ਹਾਂ ਹੀ ਪੀਕੂ ਨਾਮ ਰੱਖਿਆ ਗਿਆ ਹੋਵੇ । ਫਿਲਮ ਦੀ ਕਹਾਣੀ ਇੱਕ ਬੰਗਾਲੀ ਪਰਿਵਾਰ ਵਿਚ ਹੀ ਘੁੰਮਦੀ ਰਹਿੰਦੀ ਹੈ, ਜਿਸ ਵਿਚ ਇੱਕ ਪਿਉ (ਅਮਿਤਾਭ ਬੱਚਨ) ਹੈ, ਧੀ ਪੀਕੂ (ਦੀਪਿਕਾ ਪਾਦੁਕੋਣ) ਹੇ ਤੇ ਇੱਕ ਨੌਕਰ ਤੋਂ ਇਲਾਵਾ ਇੱਕ ਟੈਕਸੀ ਮਾਲਕ / ਡਰਾਈਵਰ (ਇਰਫ਼ਾਨ ਖ਼ਾਨ) ਵੀ ਇਸ ਕਹਾਣੀ ਦਾ ਅਹਿਮ ਹਿੱਸਾ ਹੈ । ਅਮਿਤਾਭ ਬੱਚਨ ਨੇ ਇੱਕ ਵਾਰ ਫੇਰ ਸਾਬਿਤ ਕਰ ਦਿੱਤਾ ਹੈ ਕਿ ਉਮਰ ਦੇ ਇਸ ਪੜਾਅ ‘ਚ ਵੀ ਉਹ ਇਤਨਾ ਦਮ ਰੱਖਦਾ ਹੈ ਕਿ ਉਸਦੇ ਮੋਢਿਆਂ ‘ਤੇ ਰਵਾਇਤੀ ਫਿਲਮੀ ਪਿਉਆਂ ਨੂੰ ਛੱਡ ਕੇ ਗੱਡੇ ਦੇ ਬਲਦ ਵਾਂਗ ਬਰਾਬਰ ਦਾ ਬੋਝ ਪਾਇਆ ਜਾ ਸਕਦਾ ਹੈ । “ਬਾਗ਼ਬਾਨ” ਹੋਵੇ “ਪਾ” ਹੋਵੇ, “ਸ਼ਮਿਤਾਬ” ਜਾਂ ਹੁਣ “ਪੀਕੂ”, ਅਮਿਤਾਭ ਬੱਚਨ ਨੇ ਵਾਕਿਆ ਹੀ ਮਨਵਾਇਆ ਹੈ ਕਿ ਉਸਨੂੰ ਮਹਾਂਨਾਇਕ ਉਂਝ ਹੀ ਨਹੀਂ ਕਿਹਾ ਜਾਂਦਾ । ਇਸ ਫਿਲਮ ‘ਚ ਅਮਿਤਾਭ ਨੇ ਇੱਕ ਅਜਿਹੇ ਬੰਗਾਲੀ ਪਿਉ ਦਾ ਰੋਲ ਅਦਾ ਕੀਤਾ ਹੈ, ਜੋ ਕਿ ਹਮੇਸ਼ਾ ਹੀ ਕਬਜ਼ ਦਾ ਸਿ਼ਕਾਰ ਰਹਿੰਦਾ ਹੈ ਜਾਂ ਉਸਨੂੰ ਕਬਜ਼ ਹੋਣ ਦਾ ਵਹਿਮ ਰਹਿੰਦਾ ਹੈ । ਸੱਤਰ ਸਾਲਾਂ ਦੀ ਉਮਰ ਵਿਚ ਉਹ ਆਪਣੀ ਸਿਹਤ ਪ੍ਰਤੀ ਬਹੁਤ ਚਿੰਤਤ ਰਹਿੰਦਾ ਹੈ ਤੇ ਉਮਰ ਦੇ ਤਕਾਜ਼ੇ ਨੂੰ ਛੱਡ ਕੇ ਸਰੀਰ ਤਕਰੀਬਨ ਚੰਗਾ ਭਲਾ ਹੈ ਪਰ ਉਸਨੂੰ ਹਰ ਵੇਲੇ ਵਹਿਮ ਰਹਿੰਦਾ ਹੈ ਕਿ ਕਿਤੇ ਉਸਦਾ ਬਲੱਡ ਪ੍ਰੈਸ਼ਰ ਤਾਂ ਨਹੀਂ ਵਧ ਘੱਟ ਗਿਆ, ਕਿਤੇ ਬੁਖ਼ਾਰ ਤਾਂ ਨਹੀਂ ਹੋ ਗਿਆ ਜਾਂ ਕੋਈ ਹੋਰ ਬਿਮਾਰੀ ਤਾਂ ਨਹੀਂ ਚਿੰਬੜ ਗਈ । ਅਸਲ ‘ਚ ਉਹ ਤੁਰਦਿਆਂ ਫਿਰਦਿਆਂ ਹੀ ਸ਼ਾਂਤੀ ਨਾਲ਼ ਇਸ ਦੁਨੀਆਂ ਤੋਂ ਵਿਦਾ ਹੋਣਾ ਚਾਹੁੰਦਾ ਹੈ । ਬੇਸ਼ੱਕ ਉਹ ਆਪਣੇ ਆਪ ਨੂੰ ਕਦੇ ਵੀ ਠੀਕ ਮਹਿਸੂਸ ਨਹੀਂ ਕਰਦਾ ਤੇ ਦੂਜਿਆਂ ‘ਤੇ ਨਿਰਭਰ ਹੈ ਪਰ ਖੁੱਦ-ਦਾਰ

ਸਵਾ ਛੱਬੀ ਘੰਟੇ.......... ਅਭੁੱਲ ਯਾਦਾਂ / ਰਿਸ਼ੀ ਗੁਲਾਟੀ, ਆਸਟ੍ਰੇਲੀਆ

ਸਿਆਣੇ ਸੱਚ ਹੀ ਕਹਿੰਦੇ ਹਨ ਕਿ ਵਾਹ ਪਏ ਜਾਣੀਏ ਜਾਂ ਰਾਹ ਪਏ ਜਾਣੀਏ । ਆਸਟ੍ਰੇਲੀਆ ‘ਚ ਮੈਡੀਕਲ ਸੇਵਾਵਾਂ ਨਾਲ ਵਾਹ ਵੀ ਪੈ ਗਿਆ ਤੇ ਇਸ ਰਾਹ ‘ਤੇ ਵੀ ਤੁਰਨਾ ਪਿਆ । ਸਰੀਰਕ ਦੁੱਖ ਤਾਂ ਆਉਣੇ ਜਾਣੇ ਹਨ ਤੇ ਇਨ੍ਹਾਂ ਉਪਰ ਕਿਸੇ ਦਾ ਵੱਸ ਵੀ ਨਹੀਂ, ਪਰ ਭਾਰਤੀ ਤੇ ਆਸਟ੍ਰੇਲੀਅਨ ਮੈਡੀਕਲ ਸੇਵਾਵਾਂ ‘ਚ ਬਹੁਤ ਵੱਡਾ ਫਰਕ ਨਜ਼ਰ ਆਇਆ । ਜਿਸ ਸਮੱਸਿਆ ਕਰਕੇ ਸਵਾ ਛੱਬੀ  ਘੰਟੇ ਹਸਪਤਾਲ ‘ਚ ਗੁਜ਼ਾਰੇ, ਉਸੇ ਸਮੱਸਿਆ ਕਾਰਨ ਕਰੀਬ ਪੰਜ ਸਾਲ ਪਹਿਲਾਂ ਲੁਧਿਆਣੇ ਦੇ ਡੀ. ਐਮ. ਸੀ. ‘ਚ ਵੀ ਕਰੀਬ ਪੰਜਾਹ ਘੰਟੇ ਗੁਜ਼ਾਰ ਚੁੱਕਾ ਹਾਂ । ਆਸਟ੍ਰੇਲੀਆ ‘ਚ ਮੈਡੀਕਲ ਸੇਵਾਵਾਂ ਦੀ ਜੋ ਸਭ ਤੋਂ ਵੱਡੀ ਕਮੀ ਨਜ਼ਰੀਂ ਆਈ, ਉਹ ਇਹ ਸੀ ਕਿ ਛੇਤੀ ਕੀਤੇ ਡਾਕਟਰ ਦੁਆਰਾ ਮਿਲਣ ਦਾ ਸਮਾਂ ਨਹੀਂ ਦਿੱਤਾ ਜਾਂਦਾ, ਖਾਸ ਤੌਰ ‘ਤੇ ਜਦੋਂ ਕਿਸੇ ਸਪੈਸ਼ਲਿਸਟ ਨੂੰ ਮਿਲਣਾ ਹੋਵੇ । ਹਾਂ ! ਜੇਕਰ ਤਕਲੀਫ਼ ਇਤਨੀ ਹੈ ਕਿ ਐਂਬੂਲੈਂਸ ਦੁਆਰਾ ਹਸਪਤਾਲ ਜਾਣਾ ਪਵੇ ਤਾਂ ਕਿਆ ਬਾਤਾਂ ਬਈ ਵਾਲੀ ਗੱਲ ਹੁੰਦੀ ਹੈ ਤੇ ਘਰ ਬੈਠਿਆਂ ਬਹੁਤ ਹੀ ਉਮਦਾ ਸੇਵਾਵਾਂ ਬਹੁਤ ਜਲਦੀ ਮਿਲਦੀਆਂ ਹਨ । ਉਂਝ ਡਾਕਟਰ ਕੋਈ ਵੀ ਹੋਵੇ, ਜਨਰਲ ਪ੍ਰੈਕਟੀਸ਼ੀਨਰ ਜਾਂ ਸਪੈਸ਼ਲਿਸਟ, ਉਸਨੂੰ ਮਿਲਣ ਲਈ ਪਹਿਲਾਂ ਸਮਾਂ ਲੈਣਾ ਪੈਂਦਾ ਹੈ ।
ਸਾਡੇ ਵਤਨਾਂ ਵਾਲੇ ਪਾਸਿਓਂ ਜਦੋਂ ਕੋਈ ਵੀ ਪ੍ਰਦੇਸੀਂ ਆਉਂਦਾ ਹੈ ਤਾਂ ਉਸਨੂੰ ਬੀਚ ‘ਤੇ ਭਾਵ ਸਮੁੰਦਰ ਦੇ ਕਿਨਾਰੇ ਜਾਣ ਦੀ ਬੜੀ ਤਾਂਘ ਹੁੰਦੀ ਹੈ । ਹੋਵੇ ਵੀ ਕਿਉਂ ਨਾ, ਵਤਨੀਂ ਤਾਂ ਬੀਚ ਦੱਖਣ ਵਾਲੇ ਪਾਸੇ ਹੀ ਹੈ ਤੇ ਜੀਹਨੇ ਕਦੇ ਬਠਿੰਡਾ ਨਹੀਂ ਟੱਪਿਆ ਹੁੰਦਾ, ਆਸਟ੍ਰੇਲੀਆ ਵਰਗੇ ਮੁਲਕ ‘ਚ ਆ ਪੁੱਜੇ ਤਾਂ ਸੁਭਾਵਿਕ ਹੀ ਬੀਚ ਆਪਣੇ ਵੱਲ ਨੂੰ ਖਿੱਚਦਾ ਹੈ । ਬੀਚ, ਜੋ ਸਿਰਫ਼ ਫਿਲਮਾਂ ‘ਚ ਹੀ ਦੇਖਿਆ ਹੁੰਦਾ ਹੈ । ਬੀਚ, ਜੋ ਕਦੇ ਸੁਪਨੇ ‘ਚ ਵੀ ਨਹੀਂ ਆਇਆ ਹੁੰਦਾ । ਬੀਚ, ਜਿਸਦਾ ਧਿਆਨ ਆਉਂਦਿਆਂ ਹੀ ਰੌਣਕਾਂ ਸ਼ੌਣਕਾਂ ਦੇ ਨਾਲ਼ ਨਾਲ਼ ਫੀਮੇਲ ਆਵਾਜ਼ ‘ਚ ਲਾ ਲਾ ਲਾਲਾ ਤੇ ਮੁੜਕੇ ਆਹਾ ਵਰਗਾ ਮਧੁਰ ਸੰਗੀਤ ਵੀ ਜਿ਼ਹਨ ‘ਚ ਸਹਿਜੇ ਹੀ ਆ, ਮਨ ਨੂੰ ਆਨੰਦਿਤ ਕਰ ਦਿੰਦਾ ਹੈ । ਅਜਿਹੇ ਹਾਲਤਾਂ ‘ਚ ਜੇਕਰ ਕੋਈ ਹਮਵਤਨੀਂ ਜਾਂ ਹਮਾਤੜ ਬੀਚ ‘ਤੇ ਖਿੱਚੀਆਂ ਫੋਟੋਆਂ ਨੂੰ ਫੇਸਬੁੱਕ ‘ਤੇ ਖਰੀਆਂ ਕਰਦਾ ਹੈ ਤਾਂ ਹੈਰਾਨੀ ਨਹੀਂ ਹੋਣੀ ਚਾਹੀਦੀ । ਇਹ ਗੱਲ ਵੱਖਰੀ ਹੈ ਕਿ ਪਹਿਲਾਂ ਪਹਿਲ ਜਦੋਂ ਵੀ ਕੋਈ ਹਮਾਤੜ ਬੀਚ ‘ਤੇ ਜਾਂਦਾ ਹੈ ਤਾਂ ਚੰਗੀ ਜੀਨ ਸ਼ੀਨ, ਅੱਧੀਆਂ ਬਾਂਹਾਂ ਵਾਲੀ ਡੱਬੀਆਂ ਵਾਲੀ ਸ਼ਰਟ ਨਾਲ਼ ਪਾਈ ਹੁੰਦੀ ਹੈ ਤੇ ਸ਼ਰਟ, ਪੈਂਟ ‘ਚ ਤੁੰਨ ਕੇ ਉਤੋਂ ਬੈਲਟ ਲੱਗੀ ਹੁੰਦੀ ਹੈ ਤੇ ਪੈਰਾਂ ‘ਚ, ਜੀ ਪੈਰਾਂ ‘ਚ ਓਰੀਜਨਲ ਲੈਦਰ ਦੇ ਬੂਟ ਵੀ ਸਣੇ ਜੁਰਾਬਾਂ ਪਾਏ ਹੁੰਦੇ ਹਨ । ਬੀਚ ‘ਤੇ ਪੁੱਜਣ ਦੇ ਅੱਧੇ ਕੁ ਘੰਟੇ ਦੇ ਬਾਅਦ ਚਿੱਤ ਕਰਦਾ ਹੈ ਕਿ ਰੇਤ ‘ਤੇ ਚਹਿਲ ਕਦਮੀ ਕੀਤੀ ਜਾਵੇ । ਮੁੜ ਬੀਚ ‘ਤੇ ਬੂਟ ਹੱਥਾਂ ‘ਚ ਲਮਕਾ, ਥੱਲੋਂ ਪਹੁੰਚੇ ਮੋੜ ਕੇ ਜੀਨਾਂ ਸ਼ੀਨਾਂ ‘ਚ ਕੱਸੇ ਅਸੀਂ ਹੀ ਨਜ਼ਰੀਂ ਪੈਂਦੇ ਹਾਂ ਤੇ ਲੋਕਲ ਜਨਤਾ ਭਾਵ ਗੋਰੇ ਗੋਰੀਆਂ ‘ਦੇ ਤਨ ਦੇ ਕੱਪੜੇ ਤਾਂ ਕੱਕੇ ਨੂੰ ਅੱਧਕ, ਪੱਪਾ ਤੱਕ ਹੀ ਸੀਮਤ ਹੁੰਦੇ ਹਨ, ਰਾੜੇ ਨੂੰ ਲਾਮ ਲਾਉਣ ਦੀ ਲੋੜ ਤਾਂ ਪੈਂਦੀ ਹੀ ਨਹੀਂ ।

ਸ਼ਬਦ ਸਾਂਝ – ਕੱਲ ਤੇ ਅੱਜ.......... ਸੰਪਾਦਕੀ / ਰਿਸ਼ੀ ਗੁਲਾਟੀ (ਆਸਟ੍ਰੇਲੀਆ)


ਪਤਾ ਹੀ ਨਹੀਂ ਲੱਗਾ ਕਿ ਇੱਕ ਸਾਲ ਕਿੱਦਾਂ ਤੇ ਕਦੋਂ ਲੰਘ ਗਿਆ । ਅਜੇ ਕੱਲ ਦੀਆਂ ਹੀ ਤਾਂ ਗੱਲਾਂ ਨੇ, ਜਦ ਕਿ ਮੇਰਾ ਸ਼ਾਇਰ ਮਿੱਤਰ ਸੁਨੀਲ ਚੰਦਿਆਣਵੀ “ਅਕਾਊਂਟਿੰਗ ਪੁਆਇੰਟ, ਫਰੀਦਕੋਟ” ਵਿਖੇ ਮਿਲਣ ਲਈ ਆਇਆ ਸੀ । ਮਜ਼ੇਦਾਰ ਗੱਲ ਇਹ ਹੈ ਕਿ ਫਰੀਦਕੋਟ ਰਹਿੰਦਿਆਂ ਮੈਂ ਸੁਨੀਲ ਦੇ ਗੁਆਂਢ ਰਿਹਾਇਸ਼ ਕੀਤੀ, ਪਰ ਬਾਰ ਨਾਲ ਬਾਰ ਭਿੜਨ ਦੇ ਬਾਵਜੂਦ, ਉਸ ਨਾਲ਼ ਮੁਲਾਕਾਤ ਦਾ ਸਬੱਬ ਕਈ ਮਹੀਨਿਆਂ ਬਾਅਦ ਬਣਿਆ, ਹਾਲਾਂਕਿ ਸੁਨੀਲ ਦਾ ਨਾਮ ਕਾਫ਼ੀ ਸੁਣ ਚੁੱਕਿਆ ਸੀ । ਖ਼ੈਰ ! ਦਫ਼ਤਰ ਬੈਠਿਆਂ ਉਸਨੂੰ ਆਪਣੀਆਂ ਰਚਨਾਵਾਂ ਵੱਖ-ਵੱਖ ਵੈੱਬਸਾਈਟਾਂ ਤੇ ਛਪੀਆਂ ਦਿਖਾਈਆਂ ਤੇ ਉਸਨੂੰ ਵੀ ਆਪਣੀਆਂ ਰਚਨਾਵਾਂ ਦੇਣ ਲਈ ਕਿਹਾ ਤਾਂ ਜੋ ਟਾਈਪ ਕਰਕੇ ਵੈੱਬਸਾਈਟਾਂ ਤੇ ਛਪਵਾ ਸਕੀਏ । ਕੁਝ ਸਮੇਂ ਬਾਅਦ ਸੁਨੀਲ ਨਾਲ਼ ਸਲਾਹ ਕੀਤੀ ਕਿ ਕਿਉਂ ਨਾ ਆਪਣੇ ਇਲਾਕੇ ਦੇ ਲੇਖਕ/ਕਵੀ ਵੀਰਾਂ ਦੀਆਂ ਰਚਨਾਵਾਂ ਅੰਤਰ-ਰਾਸ਼ਟਰੀ ਪੱਧਰ ‘ਤੇ ਛਪਵਾਉਣ ਦਾ ਉਪਰਾਲਾ ਕੀਤਾ ਜਾਏ । ਆਧੁਨਿਕ ਸਮੇਂ ‘ਚ ਵਿਚਰਨ ਦੇ ਬਾਵਜੂਦ ਬਹੁਤੇ ਲੇਖਕ/ਕਵੀ ਅਖਬਾਰਾਂ ਜਾਂ ਰਸਾਲਿਆਂ ਰਾਹੀਂ ਕੇਵਲ ਪੰਜਾਬ ਪੱਧਰ ਤੱਕ ਦੇ ਪਾਠਕਾਂ ਤੱਕ ਹੀ ਸੀਮਿਤ ਹਨ । ਕੇਵਲ ਜਾਣਕਾਰੀ ਦੀ ਅਣਹੋਂਦ ਵਿੱਚ ਉਨ੍ਹਾਂ ਨੇ ਆਪਣੀਆਂ ਸੀਮਾਵਾਂ ਨਿਯੁਕਤ ਕਰ ਰੱਖੀਆਂ ਹਨ, ਜਦ ਕਿ ਉੱਚੀ ਉਡਾਰੀ ਮਾਰਨ ਦੇ ਸ਼ੌਕੀਨਾਂ ਲਈ ਅਸਮਾਨ ਬੜਾ ਖੁੱਲਾ ਪਿਆ ਹੈ । ਕੰਪਿਊਟਰ ਜਾਂ ਇੰਟਰਨੈੱਟ ਅਜੇ ਵੀ ਬਹੁਤੇ ਲੋਕਾਂ ਲਈ ਹਊਆ ਹਨ । ਆਪਣੇ ਇਲਾਕੇ ਦੇ ਲੇਖਕ/ਕਵੀ ਵੀਰਾਂ ਦੀਆਂ ਇਨ੍ਹਾਂ ਸੀਮਾਵਾਂ ਤੋੜਨ ਤੇ ਉਨ੍ਹਾਂ ਨੂੰ ਅੰਤਰ-ਰਾਸ਼ਟਰੀ ਪੱਧਰ ਤੇ ਛਪਵਾਉਣ ਲਈ ਮੈਂ ਇਹ ਸੋਚ ਸੁਨੀਲ ਨਾਲ਼ ਸਾਂਝੀ ਕੀਤੀ । ਸੁਨੀਲ ਨੂੰ ਇਹ ਆਈਡੀਆ ਪਸੰਦ ਆਇਆ ਤੇ ਉਸਨੇ ਭਰਪੂਰ ਯੋਗਦਾਨ ਦੇਣ ਦਾ ਭਰੋਸਾ ਦਿੱਤਾ । ਕਈ ਦਿਨਾਂ ਦੀ ਦਿਮਾਗੀ ਕਸਰਤ ਤੇ ਮੋਬਾਇਲ ਕੰਪਨੀ ਨੂੰ ਖੂਬ ਕਮਾਈ ਕਰਵਾਉਣ ਦੇ ਬਾਅਦ ਨਵੀਂ ਸ਼ੁਰੂ ਕੀਤੀ ਜਾਣ ਵਾਲੀ ਵੈੱਬਸਾਈਟ ਦਾ ਨਾਮ “ਸ਼ਬਦ ਸਾਂਝ” ਰੱਖਣ ਦਾ ਫੈਸਲਾ ਕੀਤਾ ਗਿਆ । “ਸ਼ਬਦ ਸਾਂਝ” ਉਹ ਨਾਮ ਸੀ, ਜਿਸਦੇ ਜ਼ਰੀਏ ਆਪਣੇ ਇਲਾਕੇ ਦੇ ਉਨ੍ਹਾਂ ਲੇਖਕ/ਕਵੀ ਵੀਰਾਂ ਦੀ ਸਾਂਝ ਅੰਤਰ-ਰਾਸ਼ਟਰੀ ਪਾਠਕਾਂ ਨਾਲ਼ ਪੁਆਉਣ ਦਾ ਸੁਪਨਾ ਤੱਕਿਆ ਸੀ, ਜਿਨ੍ਹਾਂ ਨੂੰ ਮੈਂ ਜਾਣਦਾ ਤੱਕ ਨਹੀਂ ਸੀ । ਰਚਨਾਵਾਂ ਦੀ ਚੋਣ ਦੇ ਕੰਮ ਦੀ ਜਿੰਮੇਵਾਰੀ ਸੁਨੀਲ ਦੇ ਹਿੱਸੇ ਆਈ ਤੇ ਮੇਰੇ ਹਿੱਸੇ ਬਟਨਾਂ ਨਾਲ਼ ਖੇਡਣਾ ਆਇਆ । ਪਿਛਲੇ ਸਾਲ (ਦਸੰਬਰ 2008) ਇੱਕ ਸੱਭਿਆਚਾਰਕ ਪ੍ਰੋਗਰਾਮ ਦੇ ਦੌਰਾਨ “ਸ਼ਬਦ ਸਾਂਝ” ਨੂੰ ਪਾਠਕਾਂ ਦੇ ਸਨਮੁੱਖ ਪੇਸ਼ ਕੀਤਾ ਗਿਆ । ਸਮੇਂ ਦੀ ਚਾਲ ਚਲਦਿਆਂ ਦੇਸ਼-ਵਿਦੇਸ਼ ਦੇ ਅਨੇਕਾਂ ਨਾਮਵਰ ਤੇ ਪਹਿਲਾਂ ਤੋਂ ਹੀ ਅੰਤਰ-ਰਾਸ਼ਟਰੀ ਪੱਧਰ ਤੇ ਛਪ ਰਹੇ ਲੇਖਕਾਂ ਤੇ ਕਵੀਆਂ ਨੇ “ਸ਼ਬਦ ਸਾਂਝ” ਲਈ ਆਪਣੀਆਂ ਵਡਮੁੱਲੀਆਂ ਰਚਨਾਵਾਂ ਦਾ ਯੋਗਦਾਨ ਦਿੱਤਾ ।

“ਸ਼ਬਦ ਸਾਂਝ” ਦੇ ਹੋਂਦ ‘ਚ ਆਉਣ ਦੇ ਕੁਝ ਦਿਨਾਂ ਬਾਅਦ ਹੀ ਮੈਂ ਪੰਜਾਬੋਂ ਉਡਾਰੀ ਮਾਰ ਮੈਲਬੌਰਨ (ਆਸਟ੍ਰੇਲੀਆ) ਆ ਗਿਆ । ਆਉਂਦਿਆਂ ਹੀ ਨਵਾਂ ਲੈਪਟਾਪ ਖਰੀਦਿਆ ਤਾਂ ਜੋ “ਸ਼ਬਦ ਸਾਂਝ” ਦਾ ਸਫ਼ਰ ਨਿਰਵਿਘਨ ਜਾਰੀ ਰਹੇ । ਜਦ ਧਰਤੀ ਤੋਂ ਹਵਾ ‘ਚ ਉਡਾਰੀ ਮਾਰੀ ਸੀ ਤਾਂ ਸਰਦ ਰੁੱਤ ਸੀ ਪਰ ਕਰੀਬ ਚੌਵੀ-ਪੱਚੀ ਘੰਟੇ ਬਾਅਦ ਅਜਨਬੀ ਧਰਤੀ ਤੇ ਕਦਮ ਧਰਨ ਤੇ ਗਰਮੀਆਂ ਦੇ ਮੌਸਮ ਦਾ ਅਹਿਸਾਸ ਹੋਇਆ । ਕੁਝ ਮਹੀਨਿਆਂ ਦੀ ਜੱਦੋ-ਜਹਿਦ ਤੋਂ ਬਾਅਦ ਐਡੀਲੇਡ ਆ ਗਿਆ । ਇਸ ਸਮੇਂ ਦੌਰਾਨ ਸੁਨੀਲ ਨੇਮ ਨਾਲ਼ ਪਾਠਕਾਂ ਦੀਆਂ ਰਚਨਾਵਾਂ “ਸ਼ਬਦ ਸਾਂਝ” ਲਈ ਭੇਜਦਾ ਰਿਹਾ । ਮੇਰੇ ਘਰ ਇੰਟਰਨੈੱਟ ਨਾ ਹੋਣ ਕਰਕੇ ਲਾਇਬਰੇਰੀ ਜਾ ਕੇ “ਸ਼ਬਦ ਸਾਂਝ” ਦੁਆਰਾ ਪਾਠਕਾਂ ਨਾਲ਼ ਲੇਖਕਾਂ ਦੀ ਸਾਂਝ ਪੁਆਉਂਦਾ ਰਿਹਾ । ਇੱਕ-ਦੋ ਹੋਰ ਮਹੀਨੇ ਬੀਤੇ ਤੇ ਸਰਦੀਆਂ ਸ਼ੁਰੂ ਹੋ ਗਈਆਂ । ਸਰਦੀਆਂ ਦਾ ਮੌਸਮ ਹੋਣ ਕਰਕੇ ਦਿਨ ਜਲਦੀ ਛਿਪ ਜਾਂਦਾ । ਲਾਇਬਰੇਰੀ ਦੇ ਬਾਹਰ ਕਾਰ ‘ਚ ਬੈਠਕੇ “ਵਾਈ-ਫਾਈ” ਦੁਆਰਾ ਇੰਟਰਨੈੱਟ ਨਾਲ਼ ਜੁੜਦਾ ਤੇ “ਸ਼ਬਦ ਸਾਂਝ” ਦਾ ਕੰਮ ਕਰਦਾ । ਕਾਰ ‘ਚ ਹੀਟਰ ਨਾ ਹੋਣ ਕਰਕੇ ਬੜੀ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈਂਦਾ, ਕਿਉਂ ਜੋ ਰਾਤ ਨੂੰ ਤਾਪਮਾਨ -4 ਤੋਂ ਲੈ ਕੇ -9 ਤੱਕ ਪੁੱਜ ਜਾਂਦਾ । ਖ਼ੈਰ ! ਸੁਨੀਲ ਦੀ ਭਰਪੂਰ ਮਿਹਨਤ, ਲੇਖਕਾਂ/ਕਵੀਆਂ ਦੀਆਂ ਰਚਨਾਵਾਂ ਤੇ ਪਾਠਕਾਂ ਦੀਆਂ ਸ਼ੁਭਇੱਛਾਵਾਂ ਸਦਕਾ “ਸ਼ਬਦ ਸਾਂਝ” ਸੁੱਖੀਂ ਸਾਂਦੀਂ ਆਪਣੇ ਦੂਜੇ ਵਰ੍ਹੇ ‘ਚ ਕਦਮ ਧਰ ਰਿਹਾ ਹੈ । ਮੈਂ ਸਭ ਲੇਖਕਾਂ, ਪਾਠਕਾਂ ਤੇ ਸ਼ੁਭਚਿੰਤਕਾਂ ਨੂੰ ਇਸ ਸ਼ੁਭ ਮੌਕੇ ਤੇ ਵਧਾਈ ਪੇਸ਼ ਕਰਦਾ ਹਾਂ । ਨਵੇਂ ਵਰ੍ਹੇ ‘ਚ “ਸ਼ਬਦ ਸਾਂਝ” ਦੀ ਦਿੱਖ ਹੋਰ ਮਨਮੋਹਣੀ ਕਰਨ ਦਾ ਯਤਨ ਕੀਤਾ ਹੈ । ਨਾਲ਼ ਹੀ ਸਾਹਿਤਕ ਸਰਗਰਮੀਆਂ ਤੇ ਨਵੀਆਂ ਕਿਤਾਬਾਂ ਬਾਰੇ ਜਾਣਕਾਰੀ ਦੇ ਕਾਲਮ ਵੀ ਸ਼ੁਰੂ ਕੀਤੇ ਹਨ । ਅੱਗੇ ਤੋਂ ਲੇਖਕਾਂ/ਕਵੀਆਂ ਦੀ ਫੋਟੋ ਹਰ ਰਚਨਾ ਦੇ ਨਾਲ਼ ਹੀ ਲਗਾਉਣ ਦਾ ਵੀ ਪ੍ਰੋਗਰਾਮ ਹੈ । ਸੋ, ਸਭ ਲੇਖਕ/ਕਵੀ ਆਪਣੀ ਫੋਟੋ ਵੀ ਭੇਜਣ ਦੀ ਖੇਚਲ ਕਰਨ । ਸਭ ਲੇਖਕ/ਕਵੀ ਵੀਰਾਂ ਦਾ ਸਹਿਯੋਗ ਲਈ ਹਾਰਦਿਕ ਧੰਨਵਾਦ ਤੇ ਉਮੀਦ ਕਰਦਾ ਹਾਂ ਕਿ ਭਵਿੱਖ ਵਿੱਚ ਵੀ ਆਪਜੀ ਦਾ ਸਹਿਯੋਗ ਤੇ ਪਿਆਰ ਇਸੇ ਤਰ੍ਹਾਂ ਹੀ ਮਿਲਦਾ ਰਹੇਗਾ ।

ਹਾਂ ਸੱਚ ! ਇੱਕ ਗੱਲ ਹੋਰ ਸੋਚ ਰਿਹਾ ਹਾਂ ਕਿ ਜਿਨ੍ਹਾਂ ਲੇਖਕਾਂ ਕੋਲ ਕੰਪਿਊਟਰ ਹਨ ਪਰ ਪੰਜਾਬੀ ਟਾਈਪ ਕਰਨੀ ਨਹੀਂ ਆਉਂਦੀ, ਉਨ੍ਹਾਂ ਲਈ ਮੈਂ ਆਪਣੀਆਂ “ਮੁਫ਼ਤ ਪੰਜਾਬੀ ਟਾਈਪ ਟ੍ਰੇਨਿੰਗ ਸੇਵਾਵਾਂ” ਪੇਸ਼ ਕਰਨੀਆਂ ਚਾਹੁੰਦਾ ਹਾਂ । ਜੋ ਵੀਰ ਇਸ ਸੁਵਿਧਾ ਦਾ ਫਾਇਦਾ ਉਠਾਉਣਾ ਚਾਹੁੰਦੇ ਹਨ, ਉਹ ਈ-ਮੇਲ ਕਰ ਸਕਦੇ ਹਨ ।

“ਸ਼ਬਦ ਸਾਂਝ” ਦੀ ਬੇਹਤਰੀ ਲਈ ਆਪਜੀ ਦੇ ਸੁਝਾਵਾਂ ਦਾ ਇੰਤਜ਼ਾਰ ਰਹੇਗਾ ।

ਰਿਸ਼ੀ ਗੁਲਾਟੀ (ਸੰਪਾਦਕ)
ਐਡੀਲੇਡ (ਆਸਟ੍ਰੇਲੀਆ)
+61 433 442 722
E-Mail : rishi22722@yahoo.com