ਸਵਾ ਛੱਬੀ ਘੰਟੇ.......... ਅਭੁੱਲ ਯਾਦਾਂ / ਰਿਸ਼ੀ ਗੁਲਾਟੀ, ਆਸਟ੍ਰੇਲੀਆ

ਸਿਆਣੇ ਸੱਚ ਹੀ ਕਹਿੰਦੇ ਹਨ ਕਿ ਵਾਹ ਪਏ ਜਾਣੀਏ ਜਾਂ ਰਾਹ ਪਏ ਜਾਣੀਏ । ਆਸਟ੍ਰੇਲੀਆ ‘ਚ ਮੈਡੀਕਲ ਸੇਵਾਵਾਂ ਨਾਲ ਵਾਹ ਵੀ ਪੈ ਗਿਆ ਤੇ ਇਸ ਰਾਹ ‘ਤੇ ਵੀ ਤੁਰਨਾ ਪਿਆ । ਸਰੀਰਕ ਦੁੱਖ ਤਾਂ ਆਉਣੇ ਜਾਣੇ ਹਨ ਤੇ ਇਨ੍ਹਾਂ ਉਪਰ ਕਿਸੇ ਦਾ ਵੱਸ ਵੀ ਨਹੀਂ, ਪਰ ਭਾਰਤੀ ਤੇ ਆਸਟ੍ਰੇਲੀਅਨ ਮੈਡੀਕਲ ਸੇਵਾਵਾਂ ‘ਚ ਬਹੁਤ ਵੱਡਾ ਫਰਕ ਨਜ਼ਰ ਆਇਆ । ਜਿਸ ਸਮੱਸਿਆ ਕਰਕੇ ਸਵਾ ਛੱਬੀ  ਘੰਟੇ ਹਸਪਤਾਲ ‘ਚ ਗੁਜ਼ਾਰੇ, ਉਸੇ ਸਮੱਸਿਆ ਕਾਰਨ ਕਰੀਬ ਪੰਜ ਸਾਲ ਪਹਿਲਾਂ ਲੁਧਿਆਣੇ ਦੇ ਡੀ. ਐਮ. ਸੀ. ‘ਚ ਵੀ ਕਰੀਬ ਪੰਜਾਹ ਘੰਟੇ ਗੁਜ਼ਾਰ ਚੁੱਕਾ ਹਾਂ । ਆਸਟ੍ਰੇਲੀਆ ‘ਚ ਮੈਡੀਕਲ ਸੇਵਾਵਾਂ ਦੀ ਜੋ ਸਭ ਤੋਂ ਵੱਡੀ ਕਮੀ ਨਜ਼ਰੀਂ ਆਈ, ਉਹ ਇਹ ਸੀ ਕਿ ਛੇਤੀ ਕੀਤੇ ਡਾਕਟਰ ਦੁਆਰਾ ਮਿਲਣ ਦਾ ਸਮਾਂ ਨਹੀਂ ਦਿੱਤਾ ਜਾਂਦਾ, ਖਾਸ ਤੌਰ ‘ਤੇ ਜਦੋਂ ਕਿਸੇ ਸਪੈਸ਼ਲਿਸਟ ਨੂੰ ਮਿਲਣਾ ਹੋਵੇ । ਹਾਂ ! ਜੇਕਰ ਤਕਲੀਫ਼ ਇਤਨੀ ਹੈ ਕਿ ਐਂਬੂਲੈਂਸ ਦੁਆਰਾ ਹਸਪਤਾਲ ਜਾਣਾ ਪਵੇ ਤਾਂ ਕਿਆ ਬਾਤਾਂ ਬਈ ਵਾਲੀ ਗੱਲ ਹੁੰਦੀ ਹੈ ਤੇ ਘਰ ਬੈਠਿਆਂ ਬਹੁਤ ਹੀ ਉਮਦਾ ਸੇਵਾਵਾਂ ਬਹੁਤ ਜਲਦੀ ਮਿਲਦੀਆਂ ਹਨ । ਉਂਝ ਡਾਕਟਰ ਕੋਈ ਵੀ ਹੋਵੇ, ਜਨਰਲ ਪ੍ਰੈਕਟੀਸ਼ੀਨਰ ਜਾਂ ਸਪੈਸ਼ਲਿਸਟ, ਉਸਨੂੰ ਮਿਲਣ ਲਈ ਪਹਿਲਾਂ ਸਮਾਂ ਲੈਣਾ ਪੈਂਦਾ ਹੈ ।
ਸਾਡੇ ਵਤਨਾਂ ਵਾਲੇ ਪਾਸਿਓਂ ਜਦੋਂ ਕੋਈ ਵੀ ਪ੍ਰਦੇਸੀਂ ਆਉਂਦਾ ਹੈ ਤਾਂ ਉਸਨੂੰ ਬੀਚ ‘ਤੇ ਭਾਵ ਸਮੁੰਦਰ ਦੇ ਕਿਨਾਰੇ ਜਾਣ ਦੀ ਬੜੀ ਤਾਂਘ ਹੁੰਦੀ ਹੈ । ਹੋਵੇ ਵੀ ਕਿਉਂ ਨਾ, ਵਤਨੀਂ ਤਾਂ ਬੀਚ ਦੱਖਣ ਵਾਲੇ ਪਾਸੇ ਹੀ ਹੈ ਤੇ ਜੀਹਨੇ ਕਦੇ ਬਠਿੰਡਾ ਨਹੀਂ ਟੱਪਿਆ ਹੁੰਦਾ, ਆਸਟ੍ਰੇਲੀਆ ਵਰਗੇ ਮੁਲਕ ‘ਚ ਆ ਪੁੱਜੇ ਤਾਂ ਸੁਭਾਵਿਕ ਹੀ ਬੀਚ ਆਪਣੇ ਵੱਲ ਨੂੰ ਖਿੱਚਦਾ ਹੈ । ਬੀਚ, ਜੋ ਸਿਰਫ਼ ਫਿਲਮਾਂ ‘ਚ ਹੀ ਦੇਖਿਆ ਹੁੰਦਾ ਹੈ । ਬੀਚ, ਜੋ ਕਦੇ ਸੁਪਨੇ ‘ਚ ਵੀ ਨਹੀਂ ਆਇਆ ਹੁੰਦਾ । ਬੀਚ, ਜਿਸਦਾ ਧਿਆਨ ਆਉਂਦਿਆਂ ਹੀ ਰੌਣਕਾਂ ਸ਼ੌਣਕਾਂ ਦੇ ਨਾਲ਼ ਨਾਲ਼ ਫੀਮੇਲ ਆਵਾਜ਼ ‘ਚ ਲਾ ਲਾ ਲਾਲਾ ਤੇ ਮੁੜਕੇ ਆਹਾ ਵਰਗਾ ਮਧੁਰ ਸੰਗੀਤ ਵੀ ਜਿ਼ਹਨ ‘ਚ ਸਹਿਜੇ ਹੀ ਆ, ਮਨ ਨੂੰ ਆਨੰਦਿਤ ਕਰ ਦਿੰਦਾ ਹੈ । ਅਜਿਹੇ ਹਾਲਤਾਂ ‘ਚ ਜੇਕਰ ਕੋਈ ਹਮਵਤਨੀਂ ਜਾਂ ਹਮਾਤੜ ਬੀਚ ‘ਤੇ ਖਿੱਚੀਆਂ ਫੋਟੋਆਂ ਨੂੰ ਫੇਸਬੁੱਕ ‘ਤੇ ਖਰੀਆਂ ਕਰਦਾ ਹੈ ਤਾਂ ਹੈਰਾਨੀ ਨਹੀਂ ਹੋਣੀ ਚਾਹੀਦੀ । ਇਹ ਗੱਲ ਵੱਖਰੀ ਹੈ ਕਿ ਪਹਿਲਾਂ ਪਹਿਲ ਜਦੋਂ ਵੀ ਕੋਈ ਹਮਾਤੜ ਬੀਚ ‘ਤੇ ਜਾਂਦਾ ਹੈ ਤਾਂ ਚੰਗੀ ਜੀਨ ਸ਼ੀਨ, ਅੱਧੀਆਂ ਬਾਂਹਾਂ ਵਾਲੀ ਡੱਬੀਆਂ ਵਾਲੀ ਸ਼ਰਟ ਨਾਲ਼ ਪਾਈ ਹੁੰਦੀ ਹੈ ਤੇ ਸ਼ਰਟ, ਪੈਂਟ ‘ਚ ਤੁੰਨ ਕੇ ਉਤੋਂ ਬੈਲਟ ਲੱਗੀ ਹੁੰਦੀ ਹੈ ਤੇ ਪੈਰਾਂ ‘ਚ, ਜੀ ਪੈਰਾਂ ‘ਚ ਓਰੀਜਨਲ ਲੈਦਰ ਦੇ ਬੂਟ ਵੀ ਸਣੇ ਜੁਰਾਬਾਂ ਪਾਏ ਹੁੰਦੇ ਹਨ । ਬੀਚ ‘ਤੇ ਪੁੱਜਣ ਦੇ ਅੱਧੇ ਕੁ ਘੰਟੇ ਦੇ ਬਾਅਦ ਚਿੱਤ ਕਰਦਾ ਹੈ ਕਿ ਰੇਤ ‘ਤੇ ਚਹਿਲ ਕਦਮੀ ਕੀਤੀ ਜਾਵੇ । ਮੁੜ ਬੀਚ ‘ਤੇ ਬੂਟ ਹੱਥਾਂ ‘ਚ ਲਮਕਾ, ਥੱਲੋਂ ਪਹੁੰਚੇ ਮੋੜ ਕੇ ਜੀਨਾਂ ਸ਼ੀਨਾਂ ‘ਚ ਕੱਸੇ ਅਸੀਂ ਹੀ ਨਜ਼ਰੀਂ ਪੈਂਦੇ ਹਾਂ ਤੇ ਲੋਕਲ ਜਨਤਾ ਭਾਵ ਗੋਰੇ ਗੋਰੀਆਂ ‘ਦੇ ਤਨ ਦੇ ਕੱਪੜੇ ਤਾਂ ਕੱਕੇ ਨੂੰ ਅੱਧਕ, ਪੱਪਾ ਤੱਕ ਹੀ ਸੀਮਤ ਹੁੰਦੇ ਹਨ, ਰਾੜੇ ਨੂੰ ਲਾਮ ਲਾਉਣ ਦੀ ਲੋੜ ਤਾਂ ਪੈਂਦੀ ਹੀ ਨਹੀਂ ।

ਸ਼ਬਦਾਂ ਦਾ ਜਾਦੂਗਰ ‘ਦੇਬੀ ਮਖਸੂਸਪੁਰੀ’.......... ਸ਼ਬਦ ਚਿਤਰ / ਗੁਰਜਿੰਦਰ ਮਾਹੀ

ਸ਼ਬਦਾਂ ਦੇ ਜਾਦੂਗਰ ‘ਦੇਬੀ ਮਖਸੂਸਪੁਰੀ’ ਦੀ ਸ਼ਖਸ਼ੀਅਤ ਨੂੰ ਸ਼ਬਦਾਂ ਵਿਚ ਬਿਆਨ ਕਰ ਸਕਣਾ ਬਹੁਤ ਮੁਸ਼ਕਲ ਹੈ, ਫਿਰ ਜੇ ਦੇਬੀ ਬਾਰੇ ਇਹ ਕਿਹਾ ਜਾਵੇ ਕਿ ਅਜੋਕੇ ਪੰਜਾਬੀ ਸੰਗੀਤ ਦੇ ਵਿਹੜੇ ਜੋ ਵਾਵਰੋਲੇ ਜਾਂ ਚਲ ਰਹੀਆਂ ਗੰਧਲੀਆਂ ਹਨੇਰੀਆਂ ਦਰਮਿਆਨ  ਦੇਬੀ ਠੰਡੀ ਹਵਾ ਦੇ ਬੁਲ੍ਹੇ ਵਾਂਗ ਜੋ ਹਰਇਕ ਰੂਹ ਨੂੰ ਸਕੂਨ ਬਖਸ਼ਦਾ ਹੈ। ਉਸਦੇ ਗੁਰੂਜਨ ਤੇ  ਉਸਦੇ ਸ਼ਰਧਾਲੂਆਂ ਵਰਗੇ ਸਰੋਤੇ ਸਾਰੇ ਹੀ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਲੱਖਾਂ ਦਿਲਾਂ ਦੀ ਤਰਜਮਾਨੀ ਕਰਨ ਵਾਲਾ ਦੇਬੀ ਜਿੰਨਾਂ ਵੱਡਾ ਸ਼ਾਇਰ ਹੈ ਉਸਤੋ ਕਿਤੇ ਵੱਡਾ ਤੇ ਖਰਾ ਇਨਸਾਨ ਹੈ।

25 ਕੁ ਵਰ੍ਹੇ ਪਹਿਲਾਂ ਬਤੌਰ ਗੀਤਕਾਰ ਆਪਣਾ ਸਫ਼ਰ ਸ਼ੁਰੂ ਕਰਨ ਵਾਲੇ ਦੇਬੀ ਦੇ ਗੀਤ ਪੰਜਾਬ ਦੇ ਲਗਭਗ ਸਾਰੇ ਸਿਰਮੌਰ ਗਾਇਕਾਂ ਦੀ ਆਵਾਜ਼ ਵਿਚ ਰਿਕਾਰਡ ਹੋ ਕੇ ਹਿੱਟ ਹੋਏ। ਉਸਨੇ ਆਪਣੀ ਮਿਹਨਤ ਤੇ ਲਗਨ ਨਾਲ ਪੰਜਾਬੀ ਗੀਤਕਾਰੀ ਅਤੇ ਸ਼ਾਇਰੀ ਵਿਚਲੇ ਵੱਡੇ ਫਰਕ ਨੂੰ ਮੇਟ ਦਿੱਤਾ, ਜਿਸ ਨਾਲ ਉਸਦੇ ਚਾਹੁਣ ਵਾਲਿਆਂ ਦਾ ਇਕ ਵੱਖਰਾ ਵਰਗ ਕਾਇਮ ਹੋਇਆ। ਫਿਰ ਪਰਵਾਸ ਨੇ ਉਸਦੀ ਜ਼ਿੰਦਗੀ ’ਚ ਨਵੇਂ ਰੰਗ ਭਰੇ, ਕੈਨੇਡਾ ਵਿਚਲੀ ਮਿੱਤਰ-ਮੰਡਲੀ ਦੇ ਕਹਿਣ ’ਤੇ ਉਸਨੇ  ਗਾਇਕੀ  ’ਚ ਪ੍ਰਵੇਸ਼ ਕੀਤਾ ਤਾਂ ਵੱਖ- ਵੱਖ ਤਰਾਂ ਦੀ ਚਰਚਾ ਦਾ ਦੌਰ ਸੁਰੂ  ਹੋਈ ਪਰ ਕਿਸੇ ਦੀ ਪ੍ਰਵਾਹ ਕੀਤੇ ਬਿਨ੍ਹਾ ਉਹ ਆਪਣੇ ਰਾਹ ’ਤੇ ਡੱਟਿਆ ਰਿਹਾ। ਹੁਣ ਤੱਕ 16 ਐਲਬਮਾਂ ਉਹ ਸ੍ਰੋਤਿਆਂ  ਦੀ ਕਚਹਿਰੀ ’ਚ ਪੇਸ਼ ਕਰਨ ’ਤੇ ਪਰਵਾਨ ਚੜ੍ਹ ਚੁੱਕਿਆ ਹੈ। ਦੇਬੀ ਲਾਇਵ 1 ਤੋਂ 4  ਤੱਕ ਦੀ ਲੜੀ ਦੀ ਸਫ਼ਲਤਾ ਨਾਲ ਉਸਨੇ ਇੱਕ ਨਵੀਂ ਮਿੱਥ ਸਥਾਪਿਤ ਕੀਤੀ  ਹੈ। ਪੇਸ਼ਕਾਰੀ ਦੇ ਨਵੇਕਲੇਪਣ  ਨਾਲ ਉਸਦੀਆਂ ਰਚਨਾਵਾਂ ਜਿਵੇਂ ‘ਸਹੁੰ ਖਾ ਕੇ ਦੱਸ ਸਾਡਾ ਚੇਤਾ...’,  ‘ਖੇ²ਤਾਂ ਦੇ  ਸਰਦਾਰ...’, ‘ਜਿੰਨ੍ਹਾਂ ਦੀ ਫ਼ਿਤਰਤ ’ਚ ਦਗਾ...’, ‘ਬੰਦਾ ਆਪਣੀ ਕੀਤੀ ਪਾਉਂਦਾ...’, ‘ਰੱਬ ਕਰੇ ਮਨਜ਼ੂਰ...’,  ‘ਜਦੋਂ  ਦੇ ਸਟਾਰ ਹੋ ਗਏ...’, ‘ਕੀ ਹਾਲ ਏ ਤੇਰਾ ਮੁੱਦਤ ਪਿਛੋਂ ਟੱਕਰੀ ਏਂ...’,  ਲੋਕਾਂ ਦੇ ਚੇਤਿਆਂ ’ਚ ਵੱਸ ਗਈਆਂ ਤੇ ਉਸਨੂੰ ਮੂਹਰਲੀ ਕਤਾਰ ਦੇ ਸਥਾਪਿਤ ਕਲਾਕਾਰਾਂ ਵਿਚ ਗਿਣਿਆ ਜਾਣ ਲੱਗਾ।

ਸਾਹਿਤਕ ਮੇਲੇ ਦੁਰਾਨ ਵਿਦਵਾਨਾ ਨੇ ਪੰਜਾਬੀ ਬੋਲੀ ਅਤੇ ਸਾਹਿਤ ਬਾਰੇ ਮਸਲੇ ਵਿਚਾਰੇ.......... ਭੂਪਿੰਦਰ ਸਿੰਘ ਸੱਗੂ

ਵੁਲਵਰਹੈਂਪਟਨ ਵਿਖੇ ਇਕ ਸਾਹਿਤਕ ਮੇਲਾ ਕਰਵਾਇਆ ਗਿਆ। ਅਜਿਹਾ ਮੇਲਾ ਵਲੈਤ ਵਿਚ ਪਹਿਲੀ ਵਾਰ ਹੋਇਆ ਹੈ, ਜਿਸ ਵਿਚ ਦੁਨੀਆਂ ਭਰ ਦੇ ਨਵੇਂ ਪੁਰਾਣੇ ਸਾਹਿਤਕਾਰਾਂ ਦੇ ਖੂਬਸੂਰਤ ਸ਼ੇਅਰਾਂ ਦੇ ਨਾਲ ਨਾਲ ਉਨ੍ਹਾਂ ਦੀਆਂ ਤਸਵੀਰਾਂ ਨੂੰ ਕੰਧਾਂ ਉਪਰ ਲਟਕਾਇਆ ਗਿਆ। ਜਿਨ੍ਹਾਂ ਨੂੰ ਵੇਖ ਪੜ੍ਹ ਕੇ ਪੁਰਾਣੀਆਂ ਯਾਦਾਂ ਦੇ ਨਾਲ ਨਾਲ ਸਾਡੇ ਰਹਿਨੁਮਾ ਸ਼ਾਇਰਾਂ ਦਾ ਚੇਤਾ ਆ ਰਿਹਾ ਸੀ। ਹਾਜ਼ਰ ਸਾਹਿਤਕਾਰ ਕੰਧਾਂ ਉਪਰ ਟੰਗੀਆਂ ਤਸਵੀਰਾਂ ਵਾਲੇ ਸਾਹਿਤਕਾਰਾਂ ਦੀ ਕਈ ਤਰ੍ਹਾਂ ਦੀ ਆਲੋਚਨਾ ਕਰ ਰਹੇ ਸੁਣਾਈ ਦਿਤੇ। ਦਲਜੀਤ ਸਿੰਘ ਉੱਪਲ ਵਲੋਂ ਪੁਸਤਕਾਂ ਦੀ ਪ੍ਰਦਰਸ਼ਨੀ ਲਾਈ ਗਈ। ਪ੍ਰਧਾਨਗੀ ਮੰਚ ਉਪਰ ਕਿਰਪਾਲ ਸਿੰਘ ਪੂਨੀ, ਡਾ: ਰਤਨ ਰੀਹਲ, ਚੰਨ ਜੰਡਿਆਲਵੀ, ਕੌਂਸਲਰ ਇਲਿਆਸ ਮੱਟੂ, ਕੌਂਸਲਰ ਅਰਣ ਫੋਟੇ ਸੁਸ਼ੋਭਿਤ ਹੋਏ। ਸਟੇਜ ਦਾ ਸੰਚਾਲਨ ਭੂਪਿੰਦਰ ਸੱਗੂ ਨੇ ਬਾਖੂਬੀ ਨਿਭਾਇਆ।

ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ ਵਲੋਂ ਕਰਵਾਈ ਕਾਨਫਰੰਸ ਦੇ ਦੋ ਸ਼ੈਸ਼ਨ ਸਫਲ ਹੋ ਨਿਬੜੇ

ਸੇਲਮ : ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਦੇ ਚੈਪਟਰ ਔਰੀਗਨ ਸਟੇਟ ਵਲੋਂ ਇਥੇ ਇਕ ਰੋਜਾ ਕਾਨਫਰੰਸ ਦੇ ਦੋ ਸ਼ੈਸ਼ਨ ਕਰਵਾਏ ਗਏ। ਜਿਸ ਵਿਚ ਸਟੇਟ ਭਰ ਵਿਚੋਂ ਨਾਪਾ ਦੇ ਆਗੂਆਂ ਤੋਂ ਇਲਾਵਾ ਕਮਿਊਨਿਟੀ ਦੀਆਂ ਨਾਮਵਰ ਸ਼ਖਸ਼ੀਅਤਾਂ ਨੇ ਭਾਗ ਲਿਆ। ਕਾਨਫਰੰਸ ਦਾ ਪਹਿਲਾ ਸ਼ੈਸ਼ਨ ਸਥਾਨਕ  ਗੁਰੂਦੁਆਰਾ ਦਸ਼ਮੇਸ਼ ਦਰਬਾਰ ਵਿਖੇ ਕਰਵਾਇਆ ਗਿਆ, ਜਿਸ ਦੌਰਾਨ ਇਸ ਖੇਤਰ ਵਿਚ ਰਹਿਣ ਵਾਲੇ ਸਿਖ ਭਾਈਚਾਰੇ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਇਲਾਵਾ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਨੂੰ ਪਰਫੁੱਲਤ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ। ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਕੌਂਸਲਰ ਜਨਰਲ ਆਫ ਇੰਡੀਆ ਸ਼੍ਰੀ ਐਨ.ਪਾਰਥਾਸਾਰਥੀ, ਮੇਅਰ ਐਨਾ ਪੀਟਰਸਨ, ਦਲਵਿੰਦਰ ਸਿੰਘ ਧੂਤ,  ਬਹਾਦਰ ਸਿੰਘ ਚੇਅਰਮੈਨ ਨਾਪਾ ਚੈਪਟਰ, ਸਤਨਾਮ ਸਿੰਘ ਚਾਹਲ, ਮੋਹਨਬੀਰ ਸਿੰਘ ਗਰੇਵਾਲ, ਗੁਰਜੀਤ ਸਿੰਘ ਰੰਕਾ, ਸਤਵਿੰਦਰ ਸਿੰਘ ਸੰਧੂ,  ਪ੍ਰੋਫੈਸਰ ਨਵਨੀਤ ਕੌਰ ਆਦਿ ਆਗੂਆਂ ਨੇ ਸੰਭੋਧਨ ਕੀਤਾ। ਇਸ ਮੌਕੇ ਤੇ ਬੋਲਦਿਆਂ ਕੌਂਸਲਰ ਜਨਰਲ ਆਫ ਇੰਡੀਆ ਸ਼੍ਰੀ ਪਾਰਥਾਸਾਰਥੀ ਨੇ ਕਿਹਾ ਕਿ ਉਹ ਇਸ ਖੇਤਰ ਵਿਚ ਸਿਖ ਭਾਈਚਾਰੇ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ  ਹੱਲ ਕਰਵਾਉਣ ਲਈ ਸਿਖ ਭਾਈਚਾਰੇ ਨੂੰ ਪੂਰਾ ਸਮੱਰਥਨ ਦੇਣਗੇ।  ਨਾਪਾ ਦੇ ਚੇਅਰਮੈਨ ਸ: ਦਲਵਿੰਦਰ ਸਿੰਘ ਧੂਤ ਨੇ ਕਿਹਾ ਕਿ ਨਾਪਾ ਪੂਰੇ ਨਾਰਥ ਅਮਰੀਕਾ ਅੰਦਰ ਪੰਜਾਬੀ ਭਾਸ਼ਾ ਤੇ ਸਭਿਆਚਾਰ ਨੂੰ ਪਰਫੁਲਤ ਕਰਨ ਲਈ  ਠੋਸ ਉਪਰਾਲੇ ਕਰੇਗੀ। ਉਹਨਾਂ ਕਿਹਾ ਕਿ ਕੈਲੀਫੋਰਨੀਆ ਵਾਂਗ ਔਰੀਗਨ ਸਟੇਟ ਦੇ ਸਕੂਲਾਂ ਦੀਆਂ ਪਾਠ ਪੁਸਤਕਾਂ ਵਿਚ ਵੀ ਸਿਖਾਂ ਦੀ ਪਹਿਚਾਣ ਤੇ ਧਰਮ ਸਬੰਧੀ ਜਾਣਕਾਰੀ ਪਰਕਾਸ਼ਤ ਕਰਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਏਗਾ।

ਮਿਸਟਰ ਸਿੰਘ ਮਾਨਸਾ 2013 ਦਾ ਖਿਤਾਬ ਨਰਿੰਦਰਪਾਲ ਸਿੰਘ ਨੇ ਜਿੱਤਿਆ..........ਕਿਰਪਾਲ ਸਿੰਘ


ਬਠਿੰਡਾ : ਦਸਮੇਸ਼ ਦਸਤਾਰ ਸਿਖਲਾਈ ਕੇਂਦਰ ਮਾਨਸਾ ਵੱਲੋਂ ਸਥਾਨਕ ਗਊਸ਼ਾਲਾ ਭਵਨ ਵਿਖੇ ਮਿਸਟਰ ਸਿੰਘ ਮਾਨਸਾ 2013 ਸੰਬੰਧੀ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕੀਤਾ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖ ਮਿਸ਼ਨਰੀ ਕਾਲਜ (ਰਜਿ:) ਲੁਧਿਆਣਾ ਮੀਡੀਆ ਇੰਚਾਰਜ ਭਾਈ ਹੀਰਾ ਸਿੰਘ ਮਾਨਸਾ ਨੇ ਦੱਸਿਆ ਕਿ ਇਸ ਸਮਾਗਮ ਵਿਚ ਸਾਬਤ ਸੂਰਤ ਬਾਰਾਂ ਸਿੱਖ ਨੌਜਵਾਨਾਂ ਨੇ ਹਿੱਸਾ ਲਿਆ। ਸਭਨਾਂ ਪ੍ਰਤੀਯੋਗੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸਾਬਤ ਸੂਰਤ ਦਸਤਾਰ ਸਿਰਾਂ ਦੀ ਮਹੱਤਤਾ ਨੂੰ ਸੰਗਤਾਂ ਦੇ ਰੁਬਰੂ ਬਾਖੂਬੀ ਪੇਸ਼ ਕੀਤਾ। ਇਸ ਪ੍ਰਤੀਯੋਗਤਾ ’ਚ ਨਰਿੰਦਰਪਾਲ ਸਿੰਘ ਨੇ ਮਿਸਟਰ ਸਿੰਘ ਮਾਨਸਾ 2013 ਦਾ ਖ਼ਿਤਾਬ ਆਪਣੇ ਨਾਮ ਕੀਤਾ। ਇਸ ਸਮੇਂ ਜੱਜਾਂ ਦੀ ਭੂਮਿਕਾ ਸ੍ਰ: ਸਤਵੀਰ ਸਿੰਘ ਡਾਇਰੈਕਟਰ ਆਫ ਖ਼ਾਲਸਾ ਥੀਏਟਰ, ਹਰਸ਼ਰਨ ਕੌਰ ਖ਼ਾਲਸਾ ਮੀਡੀਆ ਆਈਕਨ ਦਿੱਲੀ, ਸ੍ਰ: ਸੁਖਦੇਵ ਸਿੰਘ ਖ਼ਾਲਸਾ ਪ੍ਰਧਾਨ ਅਕਾਲ ਸਟੂਡੈਂਟ ਫੈਡਰੇਸ਼ਨ ਫਗਵਾੜਾ ਨੇ ਨਿਭਾਈ। ਬਾਡੀ ਬਿਲਡਰ ਵਰਲਡ 2011 ਵਿਜੇਤਾ ਸ੍ਰ: ਨਵਤੇਜ ਸਿੰਘ ਵੀ ਸਮਾਗਮ ਵਿਚ ਖਿੱਚ ਦਾ ਕੇਂਦਰ ਸਨ।

ਉਹ ਇਤਿਹਾਸ ਨੂੰ ਮੂਧੇ-ਮੂੰਹ ਮਾਰ ਰਹੇ ਹਨ – ਇਰਫਾਨ ਹਬੀਬ

ਮੁਲਾਕਾਤੀ – ਰੇਆਜ਼ ਉਲ ਹਕ
ਅਨੁਵਾਦ - ਕੇਹਰ ਸ਼ਰੀਫ਼

ਮੱਧਕਾਲੀ ਭਾਰਤ ਬਾਰੇ ਦੁਨੀਆਂ ਦੇ ਸਭ ਤੋਂ ਵੱਡੇ ਮਾਹਿਰਾਂ ਵਿਚ ਗਿਣੇ ਜਾਣ ਵਾਲੇ ਇਰਫਾਨ ਹਬੀਬ ਭਾਰਤ ਦੇ ਲੋਕ ਇਤਿਹਾਸ ਲੜੀ 'ਤੇ ਕੰਮ ਕਰ ਰਹੇ ਹਨ। ਇਸ ਅਧੀਨ ਦੋ ਦਰਜਣ ਤੋਂ ਵੱਧ ਕਿਤਾਬਾਂ ਆ ਗਈਆਂ ਹਨ। ਰਿਆਜ਼ ਉਲ ਹਕ ਨਾਲ ਗੱਲ-ਬਾਤ ਵਿਚ ਉਹ ਦੱਸ ਰਹੇ ਹਨ ਕਿ ਕਿਵੇ ਇਤਿਹਾਸਕਾਰਾਂ ਵਾਸਤੇ ਵਰਤਮਾਨ ਵਿਚ ਹੋ ਰਹੀਆਂ ਤਬਦੀਲੀਆਂ ਇਤਿਹਾਸ ਬਾਰੇ ਉਨ੍ਹਾਂ ਦੇ ਨਜ਼ਰੀਏ ਨੂੰ ਵੀ ਬਦਲ ਦਿੰਦੀਆਂ ਹਨ। ਕ੍ਰਿਸ ਹਰਮੈਨ ਦਾ 'ਵਿਸ਼ਵ ਦਾ ਲੋਕ ਇਤਿਹਾਸ' ਅਤੇ ਹਾਵਰਡ ਜਿਨ ਦਾ 'ਅਮਰੀਕਾ ਦਾ ਲੋਕ ਇਤਿਹਾਸ' ਕਾਫੀ ਚਰਚਿਤ ਰਹੇ ਹਨ।

ਮੇਰੇ ਨਾਨਕਿਆਂ ਦੀ ਮਿੱਟੀ ‘ਚ.......... ਅਭੁੱਲ ਯਾਦਾਂ / ਰਮੇਸ਼ ਸੇਠੀ ਬਾਦਲ

ਛੋਟੇ ਹੁੰਦਿਆਂ ਨੇ ਸੁਣਿਆ ਸੀ ਕਿ ਕਈ ਮਸਲਿਆਂ ਤੇ ਬਜੁਰਗ ਤੇ ਬੱਚੇ ਇਕੋ ਜਿਹੇ ਹੁੰਦੇ ਹਨ। ਉਹਨਾਂ ਦਾ ਸੁਭਾਅ ਤੇ ਖੁਆਇਸ਼ ਉਸੇ ਤਰ੍ਹਾਂ ਦੀ ਹੁੰਦੀ ਹੈ। ਇਹ ਗੱਲਾਂ ਸੁਣਨ ਵਿੱਚ ਅਜੀਬ ਲੱਗਦੀਆਂ ਪਰ ਇਹ ਇਕ ਅਟੱਲ ਸਚਾਈ ਹੈ।
ਇਸ ਦਾ ਸਬੂਤ ਮੈਨੂੰ ਉਸ ਸਮੇਂ ਮਿਲਿਆ ਜਦ ਮੇਰੇ ਨਾਨਾ ਜੀ ਜੋਂ ਉਸ ਸਮੇਂ 105 ਕੁ ਵਰ੍ਹਿਆਂ ਦੇ ਸਨ ਤੇ ਮੰਜੇ ਤੋਂ ਬਹੁਤਾ ਹਿਲਜੁਲ ਵੀ ਨਹੀਂ ਸਨ ਸਕਦੇ । ਪੇਟ ਦੀ ਖਰਾਬੀ ਕਾਰਨ ਅਕਸਰ ਦਫਾ ਹਾਜਤ ਵੀ ਕਈ ਵਾਰੀ ਮੰਜੇ ਤੇ ਹੀ ਕਰ ਦਿੰਦੇ ਸਨ। ਇਕ ਦਿਨ ਉਹ ਮੇਰੀ ਮਾਂ ਨੂੰ ਜਿਸਨੂੰ ਉਸਦਾ ਪੇਕਾ ਪਰਿਵਾਰ ‘ਬੀਬੀ ਆਖਦਾ ਸੀ, ਕਹਿਣ ਲੱਗੇ  “ਬੀਬੀ ਮੇਰਾ ਪਕੌੜੇ ਖਾਣ ਨੂੰ ਦਿਲ ਕਰਦਾ ਹੈ। ਭਾਵੇ ਦੋ ਤਿੰਨ ਹੀ ਲਿਆ ਦੇ, ਮੈਨੂੰ ਪਕੌੜੇ ਖੁਆ ਦੇ ।' ਉਸ ਸਮੇ ਚਾਹੇ ਮੇਰੇ ਨਾਨਾ ਜੀ ਬਹੁਤ ਕਮਜ਼ੋਰ ਤੇ ਬੀਮਾਰ ਸਨ। ਬਚਣ ਦੀ ਬਹੁਤੀ ਆਸ ਨਹੀਂ ਸੀ। ਮੇਰੀ ਮਾਂ ਨੇ ਪਿਉ ਦੀ ਇਸ ਖੁਹਾਇਸ਼ ਨੂੰ ਪੂਰਾ ਕਰਨ ਲਈ ਕੌਲੀ ਵਿਚ ਥੋੜ੍ਹਾ ਜਿਹਾ ਵੇਸਣ ਘੋਲ ਕੇ ਆਲੂ ਪਿਆਜ਼  ਪਾ ਕੇ ਚਾਰ ਕੁ ਪਕੌੜੇ ਬਣਾ ਕੇ ਮੇਰੇ ਨਾਨਾ ਜੀ ਨੂੰ ਖੁਆ ਦਿੱਤੇ । ਉਸ ਸਮੇਂ ਪਕੌੜੇ ਖਾ ਕੇ ਮੇਰੇ ਨਾਨਾ ਜੀ ਦੇ ਚੇਹਰੇ ਤੇ ਜੋ ਸਕੂਨ ਸੀ, ਉਹ ਵੇਖਣ ਵਾਲਾ ਸੀ। ਇਸ ਤਰ੍ਹਾਂ ਉਹ ਇਕ  ਪੂਰੀ ਸਦੀ ਤੇ ਛੇ ਸਾਲ ਦੀ ਉਮਰ ਭੋਗ ਕੇ ਇਸ ਸੰਸਾਰ ਚੋਂ ਵਿਦਾ ਹੋਏ ।

‘ਤੇ ਧੀ ਤੋਰ ਦਿੱਤੀ.......... ਅਭੁੱਲ ਯਾਦਾਂ / ਰਮੇਸ਼ ਸੇਠੀ ਬਾਦਲ

ਗੁਰੂਦੁਆਰੇ ਵਿੱਚ ਵੜਦੇ ਹੀ ਬੜਾ ਅਜੀਬ ਜਿਹਾ ਮਹਿਸੂਸ ਹੋਇਆ । ਆਨੰਦ ਕਾਰਜ ਹੋ ਰਿਹਾ ਸੀ। ਲੋਕ ਸ਼ਰਧਾ ਤੇ ਖੁਸ਼ੀ ਨਾਲ ਬੈਠੇ ਅਨੰਦ ਕਾਰਜ ਨੂੰ ਦੇਖ ਰਹੇ ਸਨ।  ਪਵਿੱਤਰ ਗੁਰਬਾਣੀ ਦੀਆਂ ਰੀਤ ਰਿਵਾਜਾਂ ਨਾਲ ਕਾਰਜ ਸੰਪੰਨ ਹੋ ਰਹੇ ਸਨ। ਅਸੀਂ ਦੋਹਾਂ ਨੇ ਮੱਥਾ ਟੇਕਿਆ ਤੇ ਚੁੱਪਚਾਪ ਪਿੱਛੇ ਜਾ ਕੇ ਬੈਠ ਗਏ। ਸਾਨੂੰ ਏਥੇ ਕੋਈ ਨਹੀਂ ਸੀ ਜਾਣਦਾ।  ਨਾ ਲੜਕੇ ਵਾਲੇ ਨਾ ਲੜਕੀ ਵਾਲੇ । ਅਸੀਂ ਕਿਸੇ ਨੂੰ ਪਹਿਲਾਂ ਕਦੇ ਮਿਲੇ ਹੀ ਨਹੀਂ ਸੀ ਤੇ ਨਾ ਕਿਸੇ ਨੂੰ ਦੇਖਿਆ ਸੀ। ਇਸੇ ਸ਼ਸੋਪੰਜ ਵਿੱਚ ਸੋਚਦੇ ਸੋਚਦੇ ਮੇਰੀ ਸੋਚ ਮੈਨੂੰ ਬਹੁਤ ਪਿੱਛੇ ਲੈ ਗਈ, ਉਨ੍ਹੀ ਦਿਨੀਂ ਮੇਰੀ ਇੱਕ ਕਹਾਣੀ ‘ਕੌੜਾ ਸੱਚਅ ਰੋਜਾਨਾ ਸਪੋਕਸਮੈਨ ਅਖਬਾਰ ਵਿੱਚ ਛਪੀ ਸੀ।
“ਸਰ ਜੀ ਤੁਹਾਡੀ ਸਪੋਕਸ ਮੈਨ ਵਿੱਚ ਛਪੀ ਕਹਾਣੀ “ਕੌੜਾ ਸੱਚ” ਬਹੁਤ ਵਧੀਆ ਲੱਗੀ । ਫਰਾਮ ਦੀਪ। ਮੈਨੂੰ ਇੱਕ ਐਸ. ਐਮ. ਐਸ. ਪ੍ਰਾਪਤ ਹੋਇਆ ।
“ਸ਼ੁਕਰੀਆ ਜੀ, ਤੁਸੀਂ ਕੀ ਕਰਦੇ ਹੋ? ਕੀ ਤੁਸੀਂ ਟੀਚਰ ਹੋ ?”, ਮੈਂ ਉਸੇ ਤਰੀਕੇ ਨਾਲ ਹੀ ਸਵਾਲ ਕੀਤਾ।
“ਨਹੀਂ ਜੀ,  ਮੈਂ ਪੜ੍ਹਦੀ ਹਾਂ, ਟੀਚਰ ਨਹੀਂ ਹਾਂ।”, ਇਹ ਜਵਾਬ ਆਇਆ।

ਖੇਤੀ ਨੂੰ ਬਚਾਇਆ ਜਾਵੇ……… ਵਿਚਾਰਾਂ / ਵਿਵੇਕ ਕੋਟ ਈਸੇ ਖਾਂ

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ।ਪਿਛਲੇ ਦੋ ਦਹਾਕੇ ਤੋਂ ਇਹ ਹਾਲ ਹੈ ਕਿ ਖੇਤੀ ਅਧਾਰਿਤ ਪੰਜਾਬ ਦੀ ਆਰਥਿਕਤਾ ਦਿਨੋ ਦਿਨ ਤਰਸਯੋਗ ਹੋ ਰਹੀ ਹੈ। ਇਹ ਦਾ ਕਾਰਨ ਇਹ ਹੈ ਕਿ ਖੇਤੀ ਜਿਣਸ ਨੂੰ ਲਾਹੇਵੰਦ ਭਾਅ ਨਹੀ ਮਿਲ ਰਹੇ ਤੇ ਜ਼ਮੀਨਾਂ ਦੇ ਰੇਟ ਸਗੋਂ ਅਸਮਾਨ ‘ਤੇ ਚੜ੍ਹ ਰਹੇ ਹਨ। ਖੇਤੀ ਕਰਦਾ ਪਰਿਵਾਰ ਖੇਤੀ ਕਰਨ ਨਾਲੋਂ ਜ਼ਮੀਨ ਵੇਚਣ ਨੂੰ ਪਹਿਲ ਦੇ ਰਿਹਾ ਹੈ, ਜੋ ਕਿ ਬਹੁਤ ਹੀ ਘਾਤਕ ਰੁਝਾਨ ਹੈ। ਇਹਦਾ ਮੁੱਖ ਕਾਰਨ ਇਹ ਵੀ ਹੈ ਕਿ ਨੌਜਵਾਨ ਵਰਗ ਮਿਹਨਤ ਤੋਂ ਪਿਛਾਂਹ ਜਾ ਰਿਹਾ ਹੈ। ਖੇਤੀ ਅਧਾਰਿਤ ਧੰਦੇ ਵੀ ਵੱਧ ਫੁੱਲ ਨਹੀ ਰਹੇ। ਇਥੇ ਵੀ ਇਹੋ ਹੈ ਕਿ ਸਰਕਾਰੀ ਸਹਾਇਤਾ ਤੇ ਮੰਡੀਕਰਣ ਚੰਗਾ ਨਾ ਹੋਣ ਕਰਕੇ ਨੌਜਵਾਨ ਇਧਰ ਨਹੀ ਮੁੜ ਰਹੇ। ਲੋੜ ਹੈ ਕਿ ਪੰਜਾਬ ਦਾ ਪੂਰਾ ਸੱਭਿਆਚਾਰ, ਸਮਾਜਿਕ, ਆਰਥਿਕ ਢਾਂਚਾ ਖੇਤੀ ਨਾਲ ਜੁੜਿਆ ਹੋਇਆ ਹੈ । ਇਸ ਨੂੰ ਹਰ ਹੀਲੇ ਬਚਾਇਆ ਜਾਵੇ। ਸਹਾਇਕ ਧੰਦੇ, ਖੇਤੀ ਅਧਾਰਿਤ ਉਦਯੋਗ, ਮੰਡੀ ਦੀਆਂ ਬੇਹਤਰ ਸਹੂਲਤਾਂ ਪ੍ਰਦਾਨ ਕਰਕੇ ਪੰਜਾਬੀ ਖੇਤੀ ਵਿੱਚ ਨਵੀਂ ਰੂਹ ਫੂਕੀ ਜਾ ਸਕਦੀ ਹੈ। ਸਭ ਤੋਂ ਜ਼ਰੂਰੀ ਹੈ ਕਿ ਪੜ੍ਹੇ ਲਿਖੇ ਨੌਜਵਾਨ ਵੱਧ ਤੋ ਵੱਧ ਇਸ ਨਾਲ ਆਪਣਾ ਪੁਰਾਣਾ ਰਾਬਤਾ ਕਾਇਮ ਕਰਨ ਤਾਂ ਕਿ ਖੇਤੀ ਵਿੱਚ ਵੀ ਨਵੀਂ ਤਕਨੀਕ ਲਿਆ ਕੇ ਇਸ ਨੂੰ ਤੇ ਆਪਣੇ ਪੰਜਾਬ ਨੂੰ ਨਵੇਂ ਰਾਹ ਤੋਰਿਆ ਜਾਵੇ। ਹਰੇ ਭਰੇ ਖੇਤ ਤੇ ਲਹਿਰਾਉਂਦੇ ਰੁੱਖ ਹੀ ਤਾਂ ਪੰਜਾਬ ਦੀ ਜਿੰਦ ਜਾਨ ਹਨ।

****

ਘੂਕ ਸੁੱਤੀਆਂ ਯਾਦਾਂ ਦੀ ਜਾਗ.......... ਅਭੁੱਲ ਯਾਦਾਂ / ਤਰਲੋਚਨ ਸਿੰਘ ‘ਦੁਪਾਲਪੁਰ’

ਪੂਰੀ ਇਮਾਨਦਾਰੀ ਨਾਲ ਪਹਿਲੋਂ ਇਹ ਸੱਚ-ਸੱਚ ਦੱਸ ਦਿਆਂ ਕਿ ਇਸ ਲਿਖਤ ਵਿੱਚ ਆਪਣੇ ਸਾਹਿਤਕ ਸਨੇਹ ਦੇ ਦੋ ਵਾਕਿਆ ਜੋ ਪਾਠਕਾਂ ਅੱਗੇ ਰੱਖ ਰਿਹਾ ਹਾਂ, ਉਸ ਦਾ ਇਹ ਮਤਲਬ ਹਰਗਿਜ਼ ਨਹੀਂ ਕਿ ਮੈਂ ਆਪਣੀ ਕਿਸੇ ਚਤੁਰਤਾ ਜਾਂ ਆਪਣੇ ‘ਅਕਲ-ਮੰਦ’ ਹੋਣ ਦਾ ਪ੍ਰਗਟਾਵਾ ਕਰਨਾ ਚਾਹੁੰਦਾ ਹਾਂ। ਅਜਿਹਾ ਕਰਨਾ ਮੂਰਖਤਾ ਦੀ ਨਿਸ਼ਾਨੀ ਹੁੰਦੀ ਹੈ। ਬੱਸ, ਇਹਨਾਂ ਨੂੰ ਮਹਿਜ਼ ਇਤਫਾਕ ਨਾਲ ਹੋਏ ਅਸਚਰਜ ਮੌਕਾ-ਮੇਲ਼ ਹੀ ਕਿਹਾ ਜਾ ਸਕਦਾ ਹੈ। ਇਹਦੇ ’ਚ ਕੋਈ ਹਉਮੈ ਜਾਂ ਵਡਿਆਈ ਦੀ ਗੱਲ ਨਹੀਂ। ਹਾਂ, ਆਪਣੀ ਯਾਦ-ਦਾਸ਼ਤ ਉੱਤੇ ਭੋਰਾ ਕੁ ਜਿੰਨਾ ਫ਼ਖਰ ਕਰਨ ਦੀ ਗੁਸਤਾਖੀ ਜ਼ਰੂਰ ਕਰਨੀ ਚਾਹਾਂਗਾ। ਉਮੀਦ ਹੈ ਕਿ ਪਾਠਕ-ਜਨ ਸਾਰਾ ਲੇਖ ਪੜ੍ਹਨ ਉਪਰੰਤ ਮੈਨੂੰ ਏਨੀ ਕੁ ਖੁੱਲ੍ਹ ਜ਼ਰੂਰ ਦੇ ਦੇਣਗੇ।
ਕਿਤੇ ਵੀ ਛਪੀ ਹੋਈ ਕੋਈ ਵਧੀਆ ਲੇਖਣੀ ਪੜ੍ਹ ਕੇ ਉਸ ਦੇ ਲੇਖਕ ਨਾਲ ਸੰਪਰਕ ਕਰਨ ਦੀ ‘ਖੋਟੀ ਆਦਤ’ ਮੈਨੂੰ ਮੁੱਢੋਂ ਹੀ ਪਈ ਹੋਈ ਹੈ; ਉਦੋਂ ਦੀ, ਜਦੋਂ ਹਾਲੇ ਟੈਲੀਫੋਨ ਦੀ ਵਰਤੋਂ ਆਮ ਨਹੀਂ ਸੀ ਹੋਈ। ਉਨ੍ਹਾਂ ਦਿਨਾਂ ਵਿੱਚ ਮੈਂ ਕਵੀਆਂ-ਲੇਖਕਾਂ ਨੂੰ ਹੱਥੀਂ ਚਿੱਠੀਆਂ ਲਿਖਿਆ ਕਰਦਾ ਸਾਂ। ਇਹ ‘ਰੋਗ’ ਫਿਰ ਵੱਖ-ਵੱਖ ਅਖ਼ਬਾਰਾਂ-ਮੈਗਜ਼ੀਨਾਂ ਦੇ ‘ਸੰਪਾਦਕ ਦੀ ਡਾਕ’ ਕਾਲਮ ਨੂੰ ਖ਼ਤ ਲਿਖਣ ਤੱਕ ਵਧ ਗਿਆ। ਅਮਰੀਕਾ ਆ ਕੇ ‘ਨੈੱਟ’ ਅਤੇ ਫੋਨ ਦੀ ਖੁੱਲ੍ਹੀ ਸਹੂਲਤ ਮਿਲਣ ਸਦਕਾ ਮੇਰੇ ਸ਼ੌਕ ਦਾ ਦਾਇਰਾ ਕੌਮਾਂਤਰੀ ਹੋ ਗਿਆ। ਕਿਸੇ ਲੇਖਕ ਦੀ ਰਚਨਾ ਬਾਰੇ ਉਸ ਦੀ ਨੁਕਤਾਚੀਨੀ ਕਰਨੀ ਜਾਂ ਲਿਖਾਰੀ ਦੀ ਹੌਸਲਾ-ਅਫ਼ਜ਼ਾਈ ਕਰਨੀ ਮੇਰੇ ਲਈ ਸੁਖਾਲੀ ਹੋ ਗਈ। ਕਿਸੇ ਮਜਬੂਰੀ ਅਧੀਨ ਨਹੀਂ, ਸਗੋਂ ਸਵੈ-ਸਿਰਜੇ ਫਰਜ਼ ਮੁਤਾਬਕ ਅਜਿਹਾ ਕਰਦਿਆਂ ਮੈਨੂੰ ਮਾਨਸਿਕ ਤਸੱਲੀ ਮਿਲਦੀ ਹੈ।
ਅਮਰੀਕਾ ’ਚ ਛਪਦੀ ਇੱਕ ਪੰਜਾਬੀ ਅਖ਼ਬਾਰ ਵਿੱਚ ਡਾ: ਕ੍ਰਿਸ਼ਨ ਕੁਮਾਰ ਰੱਤੂ ਦਾ ਇੱਕ ਲੇਖ ਪੜ੍ਹਿਆ। ‘ਖ਼ਵਾਬ ਹੋਏ ਬੰਜਰ ਇਸ ਪਹਿਰ’ ਦੇ ਸਿਰਲੇਖ ਵਾਲੀ ਇਸ ਲਿਖਤ ਵਿੱਚ ਡਾ: ਰੱਤੂ ਨੇ ਖਲੀਲ ਜਿਬਰਾਨ ਦੀ ਯਾਦ ਤਾਜ਼ਾ ਕਰਵਾ ਦਿੱਤੀ। ਏਨੇ ਮਾਰਮਿਕ ਭਾਵਾਂ ਨੂੰ ਸ਼ਬਦੀ ਜਾਮਾ ਪਹਿਨਾਉਂਦਿਆਂ ਡਾਕਟਰ ਸਾਹਿਬ ਨੇ ਕਮਾਲ ਹੀ ਕੀਤੀ ਹੋਈ ਸੀ ਇਸ ਲੇਖ ਵਿੱਚ। ਵੰਨਗੀ-ਮਾਤਰ ਕੁਝ ਸਤਰਾਂ ਲਿਖ ਰਿਹਾ ਹਾਂ :

ਤਜ਼ਰਬੇ……… ਵਿਚਾਰਾਂ / ਵਿਵੇਕ ਕੋਟ ਈਸੇ ਖਾਂ

ਸਰਕਾਰ ਵਿੱਦਿਆ ਦੇ ਖੇਤਰ ਵਿੱਚ ਕਈ ਤਰ੍ਹਾਂ ਦੇ ਤਜ਼ਰਬੇ ਕਰਦੀ ਰਹਿੰਦੀ ਹੈ। ਕਦੇ ਬੱਚਿਆਂ ਨੂੰ ਦਸਤਕਾਰੀ ਸਿਖਾਉਣੀ ਕਦੇ  ਹਰ ਸਕੂਲ ਵਿੱਚ ਕੰਪਿਉਟਰ ਦੇਣ ਦਾ ਐਲਾਨ ਕਰਨਾ ਕਦੇ ਜਾਤ ਅਧਾਰਿਤ ਕਿਤਾਬਾਂ ਦੇਣਾ ਜਾਂ ਫਿਰ ਹੁਣ ਸਾਰੇ ਸਰਕਾਰੀ ਸਕੂਲਾਂ ਵਿੱਚ ਅੱਠਵੀ ਤੱਕ ਹਰ ਇੱਕ ਨੂੰ ਮੁਫਤ ਕਿਤਾਬਾਂ ਜਾਰੀ ਕਰਨਾ । ਹੋਰ ਵੀ ਅਜਿਹੇ ਢੰਗ ਤਰੀਕੇ ਸਰਕਾਰ ਸਰਕਾਰੀ ਸਕੂਲਾਂ ਵਿੱਚ ਲਾਗੂ ਕਰਦੀ ਰਹਿੰਦੀ ਹੈ। ਪਰ ਮੂਲ ਸਮੱਸਿਆ ਵੱਲ ਕਦੇ ਵੀ ਧਿਆਨ ਨਹੀਂ ਦਿੱਤਾ ਗਿਆ, ਜਿਸ ਕਾਰਨ ਰਾਜ ਵਿੱਚ ਸਰਕਾਰੀ ਵਿੱਦਿਆ ਪ੍ਰਣਾਲੀ ਦਿਨੋਂ ਦਿਨ ਗੰਭੀਰ ਹਾਲਤ ਵਿੱਚ ਪੁੱਜ ਚੁੱਕੀ ਹੈ।

ਮੂਲ ਕਾਰਨ ਇਹ ਹਨ ਕਿ ਕਿਸੇ ਵੀ ਸਰਕਾਰੀ ਸਕੂਲ ਦੀ ਇਮਾਰਤ ਚੰਗੀ ਹਾਲਤ ਵਿੱਚ ਨਹੀਂ ਹੈ। ਖਾਸ ਕਰ ਪੇਂਡੂ ਇਲਾਕਿਆਂ ਵਿੱਚ ਕਈ ਅਜਿਹੇ ਸਕੂਲ ਹਨ ਜੋ ਇੱਕ ਇੱਕ ਕਮਰੇ ਦੇ ਹੀ ਹਨ । ਉਥੇ ਨਿਯੁਕਤ ਅਧਿਆਪਕ ਨੂੰ ਸੇਵਾਦਾਰ ਤੋਂ ਲੈ ਕਲਰਕ ਤੱਕ ਦੇ ਸਾਰੇ ਕੰਮ ਆਪ ਕਰਨੇ ਪੈਂਦੇ ਹਨ। ਦੂਜਾ ਕਾਰਨ ਇਹ ਵੀ ਹੈ ਕਿ ਸਕੂਲਾਂ ਵਿੱਚ ਪੂਰਾ ਸਟਾਫ ਵੀ ਨਹੀ ਹੁੰਦਾ ਤੇ ਫਿਰ ਵੀ ਸਰਕਾਰ ਅਧਿਆਪਕਾਂ ਤੋਂ ਹੀ ਹਰ ਸਰਕਾਰੀ ਸਰਵੇ ਕਰਵਾਉਣ ਦਾ ਕੰਮ ਲੈਂਦੀ ਹੈ, ਜਿਸ ਨਾਲ ਸਕੂਲਾਂ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ। ਇਸ ਦੀ ਥਾਂ ਸਰਕਾਰ ਪੜ੍ਹੇ ਲਿਖੇ ਬੇਰੋਜ਼ਗਾਰ ਨੌਜਵਾਨਾਂ ਤੋਂ ਸਰਕਾਰੀ ਸਰਵੇ ਕਰਵਾਉਣ ਦਾ ਕੰਮ ਲੈ ਸਕਦੀ ਹੈ। ਆਦਰਸ਼ ਸਕੂਲ ਪ੍ਰਣਾਲੀ ਵੀ ਅੰਤਿਮ ਸਾਹ ਲੈ ਰਹੀ ਜਾਪਦੀ ਹੈ।

ਪਰਵਾਸ……… ਵਿਚਾਰਾਂ / ਵਿਵੇਕ ਕੋਟ ਈਸੇ ਖਾਂ

ਪਰਵਾਸ ਸ਼ਬਦ ਆਪਣੇ ਵਿੱਚ ਕਈ ਕੁਝ ਛੁਪਾ ਕੇ ਬੈਠਾ ਹੈ। ਘਰ ਦੀ ਮਜ਼ਬੂਰੀ, ਆਪਣਿਆਂ ਤੋਂ ਦੂਰੀ, ਪਰਾਇਆ ਪਣ, ਬੇਗਾਨੀ ਧਰਤੀ ਦੇ ਨਾਲ ਨਾਲ ਹੋਰ ਵੀ ਬਹੁਤ ਕੁਝ ਹੈ । ਇਸ ਸ਼ਬਦ ਦੇ ਅੰਦਰ, ਪਰਵਾਸ ਚਾਹੇ ਆਪਣੇ ਦੇਸ਼ ਵਿੱਚ ਹੋਵੇ ਜਾਂ ਫਿਰ ਬੇਗਾਨੇ ਦੇਸ਼ ਵਿੱਚ ਇਹ ਹਮੇਸ਼ਾ ਹੀ ਪੀੜਾਦਾਇਕ ਹੁੰਦਾ ਹੈ।

ਪਰਵਾਸ ਹੰਢਾ ਰਹੇ ਵਿਅਕਤੀ ਦੇ ਮਨ ਦਾ ਪੰਛੀ ਹਮੇਸ਼ਾ ਆਪਣੇ ਲੋਕ ,ਆਪਣੀ ਧਰਤੀ ਵੱਲ ਉਡਾਰੀ ਮਾਰਨਾ ਲੋਚਦਾ ਹੈ। ਉਹ ਹੋਰ ਕੁਝ ਨਾ ਕਰ ਸਕਦਾ ਹੋਵੇ ਤਾਂ ਇਹ ਇੱਛਾ ਹਮੇਸ਼ਾ ਬਣੀ ਰਹਿੰਦੀ ਹੈ ਕਿ ਉਹ ਆਪਣੀ ਮਿੱਟੀ ਲਈ ਕੁਝ ਨਾ ਕੁਝ ਜ਼ਰੂਰ ਕਰੇ। ਜਿਹੜੀਆਂ ਪਰਸਥਿਤੀਆਂ ਕਾਰਨ ਉਸ ਨੂੰ ਆਪਣੀ ਧਰਤੀ ਛੱਡਣੀ ਪਈ ਤੇ ਬੇਗਾਨੇ ਥਾਂ ਕੰਮਕਾਜ ਕਰਨਾ ਪਿਆ, ਉਸ ਸਥਿਤੀ  ‘ਚੋਂ ਹੋਰ ਲੋਕ ਨਾ ਲੰਘਣ, ਪਰਵਾਸੀ ਚਾਹੇ ਬੇਗਾਨੀ ਧਰਤੀ ਤੇ ਲੱਖ ਸਹੂਲਤਾਂ ਮਾਣ ਰਿਹਾ ਹੋਵੇ ਪਰ ਫਿਰ ਵੀ ਉਸਨੂੰ ਆਪਣਾ ਪੁਰਾਣਾ ਘਰ, ਕੰਧਾਂ, ਗਲੀ ਬਜ਼ਾਰ, ਦੋਸਤ, ਹੱਸਦੇ ਰੋਂਦੇ ਚਿਹਰੇ ਹਰ ਪਲ ਯਾਦ ਆਉਂਦੇ ਹੀ ਰਹਿੰਦੇ ਹਨ। ਪਰਵਾਸ ਆਪਣੇ ਪਿੱਛੇ ਕਈ ਕਥਾ ਕਹਾਣੀਆਂ ਛੱਡ ਜਾਂਦਾ ਹੈ।