ਮੇਰੇ ਨਾਨਕਿਆਂ ਦੀ ਮਿੱਟੀ ‘ਚ.......... ਅਭੁੱਲ ਯਾਦਾਂ / ਰਮੇਸ਼ ਸੇਠੀ ਬਾਦਲ

ਛੋਟੇ ਹੁੰਦਿਆਂ ਨੇ ਸੁਣਿਆ ਸੀ ਕਿ ਕਈ ਮਸਲਿਆਂ ਤੇ ਬਜੁਰਗ ਤੇ ਬੱਚੇ ਇਕੋ ਜਿਹੇ ਹੁੰਦੇ ਹਨ। ਉਹਨਾਂ ਦਾ ਸੁਭਾਅ ਤੇ ਖੁਆਇਸ਼ ਉਸੇ ਤਰ੍ਹਾਂ ਦੀ ਹੁੰਦੀ ਹੈ। ਇਹ ਗੱਲਾਂ ਸੁਣਨ ਵਿੱਚ ਅਜੀਬ ਲੱਗਦੀਆਂ ਪਰ ਇਹ ਇਕ ਅਟੱਲ ਸਚਾਈ ਹੈ।
ਇਸ ਦਾ ਸਬੂਤ ਮੈਨੂੰ ਉਸ ਸਮੇਂ ਮਿਲਿਆ ਜਦ ਮੇਰੇ ਨਾਨਾ ਜੀ ਜੋਂ ਉਸ ਸਮੇਂ 105 ਕੁ ਵਰ੍ਹਿਆਂ ਦੇ ਸਨ ਤੇ ਮੰਜੇ ਤੋਂ ਬਹੁਤਾ ਹਿਲਜੁਲ ਵੀ ਨਹੀਂ ਸਨ ਸਕਦੇ । ਪੇਟ ਦੀ ਖਰਾਬੀ ਕਾਰਨ ਅਕਸਰ ਦਫਾ ਹਾਜਤ ਵੀ ਕਈ ਵਾਰੀ ਮੰਜੇ ਤੇ ਹੀ ਕਰ ਦਿੰਦੇ ਸਨ। ਇਕ ਦਿਨ ਉਹ ਮੇਰੀ ਮਾਂ ਨੂੰ ਜਿਸਨੂੰ ਉਸਦਾ ਪੇਕਾ ਪਰਿਵਾਰ ‘ਬੀਬੀ ਆਖਦਾ ਸੀ, ਕਹਿਣ ਲੱਗੇ  “ਬੀਬੀ ਮੇਰਾ ਪਕੌੜੇ ਖਾਣ ਨੂੰ ਦਿਲ ਕਰਦਾ ਹੈ। ਭਾਵੇ ਦੋ ਤਿੰਨ ਹੀ ਲਿਆ ਦੇ, ਮੈਨੂੰ ਪਕੌੜੇ ਖੁਆ ਦੇ ।' ਉਸ ਸਮੇ ਚਾਹੇ ਮੇਰੇ ਨਾਨਾ ਜੀ ਬਹੁਤ ਕਮਜ਼ੋਰ ਤੇ ਬੀਮਾਰ ਸਨ। ਬਚਣ ਦੀ ਬਹੁਤੀ ਆਸ ਨਹੀਂ ਸੀ। ਮੇਰੀ ਮਾਂ ਨੇ ਪਿਉ ਦੀ ਇਸ ਖੁਹਾਇਸ਼ ਨੂੰ ਪੂਰਾ ਕਰਨ ਲਈ ਕੌਲੀ ਵਿਚ ਥੋੜ੍ਹਾ ਜਿਹਾ ਵੇਸਣ ਘੋਲ ਕੇ ਆਲੂ ਪਿਆਜ਼  ਪਾ ਕੇ ਚਾਰ ਕੁ ਪਕੌੜੇ ਬਣਾ ਕੇ ਮੇਰੇ ਨਾਨਾ ਜੀ ਨੂੰ ਖੁਆ ਦਿੱਤੇ । ਉਸ ਸਮੇਂ ਪਕੌੜੇ ਖਾ ਕੇ ਮੇਰੇ ਨਾਨਾ ਜੀ ਦੇ ਚੇਹਰੇ ਤੇ ਜੋ ਸਕੂਨ ਸੀ, ਉਹ ਵੇਖਣ ਵਾਲਾ ਸੀ। ਇਸ ਤਰ੍ਹਾਂ ਉਹ ਇਕ  ਪੂਰੀ ਸਦੀ ਤੇ ਛੇ ਸਾਲ ਦੀ ਉਮਰ ਭੋਗ ਕੇ ਇਸ ਸੰਸਾਰ ਚੋਂ ਵਿਦਾ ਹੋਏ ।
ਉਹਨਾਂ ਦੀਆਂ ਕਈ ਗੱਲਾਂ ਹੁਣ ਵੀ ਮੇਰੇ ਜਿਹਨ ਵਿੱਚ ਘੁੰਮਦੀਆਂ ਰਹਿੰਦੀਆਂ ਹਨ। ਚਾਹੇ ਉਹ ਚਾਲੀ ਕਿਲੇ ਜਮੀਨ ਦੇ ਮਾਲਿਕ ਸਨ। ਪਰ ਉਹਨਾਂ ਨੇ ਕਦੇ ਵੀ ਡੱਕਾ ਤੋੜਕੇ ਦੂਹਰਾ ਨਹੀ ਸੀ ਕੀਤਾ । ਜੋ ਦੁਕਾਨਦਾਰੀ ਵੀ ਕੀਤੀ ਤਾਂ ਆਪਨੇ ਆਪ ਨੂੰ ਕੁਝ ਆਹਰੇ ਲਾਉਣ ਲਈ ਕੀਤੀ । ਖੱਟੀ ਕਮਾਈ ਬਸ ਨਾ ਮਾਤਰ ਹੀ ਸੀ। ਪੰਜ ਪੁਤਰਾਂ, ਪੰਜ ਧੀਆਂ ਤੇ ਅੱਗੇ ਉਹਨਾਂ ਦੇ ਪਰਿਵਾਰ ਦੀ ਸਾਂਭ ਸੰਭਾਲ ਦੀ ਜੁੰਮੇਵਾਰੀ  ਮੇਰੀ ਨਾਨੀ ਜੀ ਦੇ ਸਿਰ ਤੇ ਹੀ ਸੀ। ਮੈਂ ਅਕਸਰ ਉਹਨਾਂ ਨੂੰ ਤਾਸ਼ ਖੇਡਦਿਆਂ ਨੂੰ ਦੇਖਦਾ ਸੀ । ਸੀਪ ਦੀ ਬਾਜੀ ਲਾਉਣ ਦੇ ਉਹ ਪੂਰੇ ਮਾਹਿਰ ਸਨ। ਅਨਪੜ੍ਹ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਤਾਸ਼ ਦੇ ਇਕ ਇਕ ਪੱਤੇ ਬਾਰੇ ਪਤਾ ਹੁੰਦਾ ਸੀ ਤੇ ਗਿਆਨ ਹੁੰਦਾ ਸੀ ਕਿ ਵਿਰੋਧੀ ਕੋਲ ਕਿਹੜਾ ਮਾਰੂ ਪੱਤਾ ਹੈ।
ਉਹ ਵਡੇਰੀ ਉਮਰ ਦਾ ਸਖਸ਼ ਫਿਲਮਾਂ ਵੇਖਣ ਦਾ ਵੀ ਸ਼ੌਕੀਨ ਸੀ । ਬੁਢਾਪੇ ਵਿੱਚ ਆ ਕੇ ਜਦੋਂ ਉਸ ਦੀ ਨਜ਼ਰ ਕਮਜੋਰ ਹੋ ਗਈ । ਪਰਦੇ ਤੇ ਆਉਦਿਆਂ ਫੋਟੋਆਂ ਵੀ ਉਸਨੂੰ ਧੁੰਦਲੀਆਂ ਦਿਸਦੀਆਂ ।ਪਰ ਉਹ ਸਿਨੇਮਾ ਵੇਖਣ ਜਰੂਰ ਜਾਂਦੇ। ਓਦੋ ਲੋਕੀ ਸਿਨੇਮੇ ਨੂੰ ਸ਼ਿਸਲੇਮਾਂ ਆਖਦੇ ਸੀ, ਉਹ ਸ਼ਹਿਰ ਆ ਕੇ ਫਿਲਮ ਦੇਖੇ ਬਿਨਾਂ ਉਹ ਰਹਿ ਨਹੀਂ ਸਨ ਸਕਦੇ ।
ਮੇਰੇ ਨਾਨਕੇ ਪਿੰਡ ਵਿੱਚ ਇਕ ਸਾਂਝਾ ਖੂਹ ਹੁੰਦਾ ਸੀ। ਜਿਸ ਤੋਂ ਸਾਰਾ ਪਿੰਡ ਪਾਣੀ ਭਰਦਾ ਸੀ । ਉਸ ਖੂਹ ਦੇ ਅੰਦਰ ਕਾਫੀ ਡੂੰਘਾ ਜਾ ਕੇ ਉਹਨਾਂ ਦੇ ਵੱਡੇ ਵਡੇਰੇ ਬਜੁਰਗਾਂ ਦਾ ਨਾਂ ਲਿਖਿਆ ਹੁੰਦਾ ਸੀ । ਕਿਉਂਕਿ ਉਸ ਖੂਹ ਨੂੰ ਬਣਾਉਣ ਲਈ ਮੇਰੇ ਨਾਨਕੇ ਪਰਿਵਾਰ ਦੇ ਵਡੇਰਿਆਂ ਨੇ ਕਾਫੀ ਯੋਗਦਾਨ ਪਾਇਆ ਸੀ। ਤੇ ਏਸੇ ਕਰਕੇ ਉਹਨਾਂ ਦੇ ਨਾਂ ਦਾ ਸਿੱਕਾ ਚਲਦਾ ਸੀ। ਤੇ ਖੂਹ ਦੇ ਅੰਦਰ ਲਿਖੇ ਅਾਪਣੇ ਨਾਂ ਨੂੰ ਉਹ ਆਪਣੀ ਸ਼ਾਨ ਸਮਝਦੇ ਸੀ।
 ਮੇਰੇ ਨਾਨਾ ਜੀ ਨੇ ਕਿਉਂਕਿ ਕਦੇ ਮੇਹਨਤ ਭਰਿਆ ਕੰਮ ਨਹੀਂ ਸੀ ਕੀਤਾ ਪਰੰਤੂ ਜੇ ਕਦੇ ਮਾਮੂਲੀ ਜਿਹਾ ਵੀ ਸਰੀਰ ਨੂੰ ਕਸ਼ਟ ਦੇਣਾ ਪੈਂਦਾ ਤਾਂ ਉਹ ਬਹੁਤ ਗੁੱਸਾ ਆਉਂਦਾ ਸੀ । ਮੇਰੀ ਮਾਂ ਦੱਸਦੀ ਹੁੰਦੀ ਸੀ । ਕਿ  ਇੱਕ ਦਿਨ ਉਹ ਮੱਝ ਨੂੰ ਛੱਪੜ ਤੇ ਨਹਾਉਣ ਗਈ । ਉਥੇ  ਮੱਝ ਦੂਰ ਭੱਜ ਗਈ ਤੇ ਮੇਰੇ ਨਾਨਾ ਜੀ ਮੱਝ ਦੇ ਮਗਰ ਮਗਰ । ਬਹੁਤ ਪ੍ਰੇਸ਼ਾਨ ਕੀਤਾ  ਉਸ ਮੱਝ ਨੇ ਮੇਰੇ ਨਾਨਾ ਜੀ ਨੂੰ ।ਘਰੇ ਆ ਕੇ ਉਸ ਮੱਝ ਨੂੰ ਸੰਗਲ ਬੰਨ  ਕੇ ਡੰਡਿਆਂ ਨਾਲ ਬਹੁਤ ਕੁੱਟਿਆ । ਤੇ ਜਦੋਂ ਉਸਦੀ ਇਸ ਹਰਕਤ ਤੇ ਮੇਰੀ ਨਾਨੀ ਜੀ ਨੇ ਉਹਨਾਂ ਨੂੰ ਟੋਕਿਆ ਤਾਂ ਉਹ ਘਰੋਂ ਰੁੱਸ ਕੇ ਚਲੇ ਗਏ। ਪੁਰਾਣਾ ਜਮਾਨਾ ਸੀ । ਫੋਨ ਆਦਿ ਦੀ ਸਹੂਲਤ ਵੀ ਨਹੀਂ ਸੀ। ਤਿੰਨ ਚਾਰ  ਦਿਨ ਰਿਸ਼ਤੇਦਾਰੀਆਂ ਵਿੱਚ  ਘੁੰਮਦੇ ਘੁਮਾਉਦੇ ਜਦੋਂ ਉਹ ਘਰੇ ਆਏ ਤਾਂ ਉਹਨਾਂ ਦੱਸਿਆ ਕਿ ਓਹ ਮੇਰੀ ਮਾਸੀ ਦਾ ਰਿਸ਼ਤਾ  ਕਰ ਆਏ ਹਨ। ਉਸ ਸਮੇਂ ਰਿਸ਼ਤੇ ਸਾਕ ਵੀ ਵੱਡਿਆਂ ਦੇ ਨਾਂ ਤੇ ਖਾਨਦਾਨ ਦੇ ਨਾਂ ਤੇ ਹੀ ਹੁੰਦੇ ਸਨ। ਮੁੰਡਾ ਕੁੜੀ ਨੂੰ ਵੇਖਣ ਦਾ ਰਿਵਾਜ ਨਹੀਂ ਸੀ ਹੁੰਦਾ। ਤੇ ਬਜੁਰਗਾਂ ਦਾ ਕਿਹਾ ਤੇ ਕੀਤਾ ਹੀ ਸਿਰ ਮੱਥੇ ਹੁੰਦਾ ਸੀ ।
ਤੁਰ੍ਹੇ ਵਾਲੀ ਚਿੱਟੀ ਪੱਗ ਤੇ ਮੋਢੇ ਤੇ ਗੁਲਾਬੀ ਰੰਗ ਦਾ ਪਰਨਾ ਮੇਰੇ ਨਾਨਾ ਜੀ ਦੀ ਪਹਿਚਾਣ ਸੀ ਰਿਸ਼ਤੇਦਾਰੀ ਤੇ ਇਲਾਕੇ ਵਿੱਚ ਸੇਠ ਲੇਖ ਰਾਮ ਦੇ ਨਾਂ ਨਾਲ ਮਸ਼ਹੂਰ ਸਨ । ਉਹਨਾਂ ਦੀ ਅੰਤਿਮ ਅਰਦਾਸ ਦੇ ਮੌਕੇ ਤੇ ਭਾਰੀ ਇਕੱਠ ਉਹਨਾਂ ਦੇ ਵਿਸ਼ਾਲ ਕੁਨਬੇ ਦੇ ਕਾਰਨ ਹੀ ਸੀ। ਪੰਜ ਪੁੱਤਾਂ ਪੰਜ ਧੀਆਂ ਤੇ ਅੱਗੇ ਉਹਨਾਂ ਦੇ ਪੁੱਤ ਪੋਤਿਆਂ ਪੜ ਪੋਤੇ ਪੜਪੋਤੀਆਂ ਤੇ ਲੰਬੀ ਚੌੜੀ ਕੁੜਮਾਚਾਰੀ ਦਾ ਇਹ ਇਕੱਠ ਓਹਨਾਂ ਦੀ ਬੇਦਾਗ ਚਿੱਟੀ ਪੱਗ ਦੀ ਨਿਸ਼ਾਨੀ ਸੀ।
ਅੱਜ ਕੱਲ੍ਹ ਤਾਂ ਜਿੰਦਗੀ ਦਾ ਸਰੂਪ ਹੀ ਬਦਲ ਗਿਆ ਹੈ। 50 - 60 ਸਾਲ ਤੋਂ ਬਾਅਦ ਮੌਤ ਹੀ ਨਜਰ ਆਉਂਦੀ ਹੈ। 70 ਵਰਿਆਂ ਨੂੰ ਤਾਂ ਕੋਈ ਕੋਈ ਹੀ ਪਹੁੰਚਦਾ ਹੈ। ਪੁਰਾਣੇ ਬਜੁਰਗਾਂ ਜਿੰਨਾ ਨੇ ਖੁਰਾਕਾਂ ਖਾਧੀਆਂ ਹਨ ਮੇਹਨਤ ਕੀਤੀਆਂ ਲੰਬੇਰੀ ਉਮਰ ਦਾ ਸੁੱਖ ਭੋਗਦੇ ਹਨ। ਸਾਡੀ ਰਹਿਣੀ ਸਹਿਣੀ, ਖਾਣ ਪੀਣ ਤੇ ਵਿਵਹਾਰ ਨੇ ਸਾਨੂੰ ਉਮਰਾਂ ਦੇ ਮਾਮਲੇ ਚ ਅਪੰਗ ਬਣਾ ਦਿੱਤਾ ਹੈ । ਮਸ਼ੀਨੀ ਯੁੱਗ ਤੇ ਫਾਸਟ ਫੂਡ ਤੇ ਵਿਸ਼ਵੀਕਰਣ ਨੇ ਤਾਂ ਇਨਸਾਨ ਨੂੰ ਟੈਸ਼ਨਾਂ ਤੇ ਰੋਗਾਂ ਦਾ ਘਰ ਬਣਾ ਦਿੱਤਾ ਹੈ। ਪੀੜ੍ਹੀ ਦਰ ਪੀੜ੍ਹੀ ਇਹ ਫਾਸਲਾ ਵਧਦਾ ਜਾ ਰਿਹਾ ਹੈ ਤੇ ਅਸੀ ਮੌਤ ਦੇ ਹੋਰ ਕਰੀਬ ਹੁੰਦੇ ਜਾ ਰਹੇ ਹਾਂ । ਸਾਡੇ ਬੱਚੇ ਤੇ ਅਗਲੀਆਂ ਪੀੜ੍ਹੀਆਂ ਇਹਨਾਂ ਗੱਲਾਂ ਨੂੰ ਸੱਚ ਮੰਨਣ ਤੋ ਇਨਕਾਰ ਕਰੇਗੀ । ਸੀਮਤ ਪਰਿਵਾਰ ਤੇ ਸਮੇਂ ਦੀ ਘਾਟ ਤੇ ਕਾਹਲੀ ਦੇ ਮਾਰੇ ਇੱਕੀਵੀਂ ਸਦੀ ਦੇ ਲੋਕ ਪੁਰਾਣੀਆਂ ਗੱਲਾਂ ਨੂੰ ਸ਼ਾਇਦ ਮਿਥਿਹਾਸਿਕ ਹੀ ਸਮਝਣ।

****