‘ਆਓ ਜਿਊਣਾ ਸਿੱਖੀਏ’ ਡਾ. ਅਮਨਦੀਪ ਸਿੰਘ ਟੱਲੇਵਾਲੀਆ ਵੱਲੋਂ ਪਹਿਲਾ ‘ਨਿਬੰਧ ਸੰਗ੍ਰਹਿ’ ਹੈ। ਭਾਵੇਂ ਵਾਰਤਕ ਵਿਚ ਕਈ ਨਵੇਂ ਨਵੇਂ ਪ੍ਰਯੋਗ ਸਾਹਮਣੇ ਆ ਚੁੱਕੇ ਹਨ ਪਰ ਮਨੁੱਖੀ ਸਮੱਸਿਆਵਾਂ ਜਾਂ ਮਾਨਸਿਕ ਰੋਗਾਂ ਨੂੰ ਲੈ ਕੇ ਚੋਣਵੇਂ ਵਾਰਤਕਕਾਰਾਂ ਨੇ ਇਸ ਖੇਤਰ ਵਿੱਚ ਕੰਮ ਕੀਤਾ ਹੈ। ਜਿਵੇਂ ਕਿ ਡਾ. ਅਮਨਦੀਪ ਸਿੰਘ ਵੀ ਪੇਸ਼ੇ ਵਜੋਂ ਹੋਮਿਓਪੈਥੀ ਦੇ ਡਾਕਟਰ ਹਨ ਤੇ ਇਸ ਦੇ ਨਾਲ ਹੀ ਕਵੀ ਤੇ ਗੀਤਕਾਰ ਵੀ। ਇੱਕ ਕਵੀ ਤੇ ਗੀਤਕਾਰ ਸੂਖਮ ਹੁੰਦਾ ਹੈ ਤੇ ਹੋਮਿਓਪੈਥੀ ਵਿੱਚ ਵੀ ਸੂਖਮ ਲੱਛਣ ਤੇ ਦਵਾਈ ਦੀ ਸੂਖਮ ਪੱਧਤੀ ਵਾਲਾ ਸਿਧਾਂਤ ਹੀ ਲਾਗੂ ਹੁੰਦਾ ਹੈ। ਡਾ. ਅਮਨਦੀਪ ਨੇ ਆਪਣੇ ਵਿਸ਼ਾਲ ਤਜ਼ਰਬੇ ਰਾਹੀਂ ਵਿਗਿਆਨਕ ਦ੍ਰਿਸ਼ਟੀਕੋਣ ਤੋਂ ‘ਜਿਊਣ’ ਦੇ ਰਾਹ ’ਤੇ ਆਈਆਂ ਰੁਕਾਵਟਾਂ ਤੇ ਇਹਨਾਂ ਬਾਰੇ ਸੂਖਮ ਇਲਾਜ ਵਿਧੀ ਰਾਹੀਂ ਜਿਊਣ ਦੇ ਕੁਦਰਤੀ ਤਰੀਕਿਆਂ ਨੂੰ ਵੀ ਸਨਮੁਖ ਲਿਆਂਦਾ ਹੈ। ਅੱਜ ਦੇ ਇਸ ਯੁੱਗ ਵਿੱਚ ਖਾਣ-ਪਾਣ, ਜੀਵਨ ਸ਼ੈਲੀ ਤੇ ਰੋਗਾਂ ਬਾਰੇ ਜਾਗਰੂਕਤਾ ਦੀ ਅਤਿਅੰਤ ਲੋੜ ਹੈ। ਡਾ. ਅਮਨਦੀਪ ਵਿਗਿਆਨਕ ਤੇ ਪ੍ਰਕ੍ਰਿਤਕ ਦੋਹਾਂ ਦ੍ਰਿਸ਼ਟੀਕੋਣਾਂ ਦਾ ਧਾਰਨੀ ਹੈ। ਲੋਕਾਂ ਦੀਆਂ ਮਾਨਸਿਕ ਤਕਲੀਫਾਂ ਵਿਚੋਂ ਪੈਦਾ ਹੋਇਆ ਦਵੰਧ ਮਨੁੱਖੀ ਸਿਹਤ ਤੇ ਸਮੁੱਚੇ ਸੰਸਾਰ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ। ਡਾ. ਅਮਨਦੀਪ ਨੇ ਨਿਤਾਪ੍ਰਤੀ ਦੇ ਜਿਊਣ ਢੰਗਾਂ ਨਾਲ ਸੰਬੰਧਿਤ ਮੁਸ਼ਕਿਲਾਂ ਨੂੰ ਲੈਕੇ ਕਈ ਭਰਮ-ਭੁਲੇਖੇ ਦੂਰ ਕੀਤੇ ਹਨ ਤੇ ਇਸ ਸੰਬੰਧੀ ਸਾਰਥਕ ਜਾਣਕਾਰੀ ਪਾਠਕਾਂ ਤੱਕ ਪਹੁੰਚਾਈ ਹੈ। ਇਸ ਹੱਥਲੀ ਪੁਸਤਕ ਵਿੱਚ ਸਿਹਤ ਸੰਬੰਧੀ ਵੱਖ-ਵੱਖ ਵਿਸ਼ਿਆਂ ਤੇ 48 ਵਿਗਿਆਨਕ ਜਾਣਕਾਰੀ ਨਾਲ ਭਰਪੂਰ ਲੇਖ ਦਰਜ਼ ਹਨ। ਉਹਨਾਂ ਨੇ ਵੱਖੋ-ਵੱਖਰੇ ਲੇਖਾਂ ਵਿੱਚ ਜਿਊਣ ਦੇ ਗ਼ੈਰ ਕੁਦਰਤੀ ਢੰਗਾਂ, ਗਲਤ ਖਾਣ-ਪੀਣ, ਨਾਕਰਾਤਮਕ ਦ੍ਰਿਸ਼ਟੀਕੋਣ ਤੇ ਇਲਾਜ ਪ੍ਰਣਾਲੀਆਂ ਸੰਬੰਧੀ ਭਰਪੂਰ ਜਾਣਕਾਰੀ ਪ੍ਰਦਾਨ ਕੀਤੀ ਹੈ।