ਰਣਜੀਤ ਕੌਰ ਸਵੀ ਕਿਸੇ ਜਾਣਕਾਰੀ ਦੀ ਮੁਥਾਜ ਨਹੀਂ, ਪੰਜਾਬ ਦੀਆਂ ਚਰਚਿਤ ਕਵਿੱਤਰੀਆਂ ਦੇ ਵਿੱਚ ਰਣਜੀਤ ਕੌਰ ਸਵੀ ਦਾ ਨਾਮ ਬੜੇ ਮਾਣ ਤੇ ਸਤਿਕਾਰ ਦੇ ਨਾਲ ਲਿਆ ਜਾਂਦਾ ਹੈ। ਮਿੱਠੜੇ ਬੋਲ, ਨਰਮ ਸੁਭਾਅ ਤੇ ਬੋਲਚਾਲ ਦਾ ਸੁੰਦਰ ਸਲੀਕਾ ਸਵੀ ਜੀ ਦੇ ਹਿੱਸੇ ਦਾ ਵਿਸ਼ੇਸ਼ ਗੁਣ ਹੈ । ਸਾਹਿਤਕ ਪਿੜੵ ਅੰਦਰ ਆਪਣੀ ਕਲਮ ਦੀ ਨੋਕ ਜਰੀਏ ਅਜੋਕੇ ਸਮਾਜ ਅੰਦਰ ਔਰਤ ਦੇ ਅੰਦਰ ਦੀ ਹੂਕ ਨੂੰ ਜਿੰਨ੍ਹਾਂ ਕਲਮਾਂ ਨੇ ਨੇੜੇ ਤੋਂ ਤੱਕਿਆ ਹੈ, ਉਨ੍ਹਾਂ ਚੁਣਿੰਦਾ ਕਲਮਾਂ ਵਿੱਚ ਰਣਜੀਤ ਕੌਰ ਸਵੀ ਦਾ ਨਾਮ ਮੂਹਰਲੀ ਕਤਾਰ ਵਿੱਚ ਆਉਂਦਾ ਹੈ ।
ਰਣਜੀਤ ਕੌਰ ਸਵੀ ਦਾ ਜਨਮ ਰਿਆਸਤੀ ਸ਼ਹਿਰ ਪਟਿਆਲਾ ਵਿਖੇ ਪਿਤਾ ਸ੍। ਗੁਰਮੇਲ ਸਿੰਘ ਦੇ ਘਰ ਤੇ ਮਾਤਾ ਸ੍ਰੀਮਤੀ ਰਾਜਿੰਦਰ ਕੌਰ ਦੀ ਕੁੱਖੋਂ ਹੋਇਆ। ਬੇਸ਼ੱਕ ਪਰਿਵਾਰ ਵਿੱਚ ਲਿਖਣ ਦਾ ਸ਼ੌਂਕ ਹੋਰ ਕਿਸੇ ਵੀ ਮੈਂਬਰ ਨੂੰ ਵੀ ਨਹੀਂ ਸੀ, ਪਰ ਸਵੀ ਦਾ ਲਿਖਣ ਦਾ ਕਾਰਜ ਪੜ੍ਹਾਈ ਦੇ ਨਾਲ਼ ਨਾਲ਼ ਨਿਰੰਤਰ ਚਲਦਾ ਰਿਹਾ। 'ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜੵਕ ਦੇ ਨਾਲ਼' ਕਹਾਵਤ ਸਵੀ ਜੀ ਦੀ ਕਲਮ ਤੇ ਐਨ ਢੁੱਕਦੀ ਹੈ, ਰਣਜੀਤ ਕੌਰ ਸਵੀ ਨੇ ਜੋ ਵੀ ਲਿਖਿਆ ਹੈ ਬਾ-ਕਮਾਲ ਦਾ ਲਿਖਿਆ ਹੈ।