Showing posts with label ਸਿ਼ਵਚਰਨ ਜੱਗੀ ਕੁੱਸਾ. Show all posts
Showing posts with label ਸਿ਼ਵਚਰਨ ਜੱਗੀ ਕੁੱਸਾ. Show all posts

ਸੰਜੀਵਨੀ-ਬੂਟੀ ਵਰਗਾ ਯਾਰ - ਮਿੰਟੂ ਬਰਾੜ.......... ਸ਼ਬਦ ਚਿਤਰ / ਸਿ਼ਵਚਰਨ ਜੱਗੀ ਕੁੱਸਾ

 
ਐੱਫ਼. ਡੀ. ਰੂਜਵੈੱਲਟ ਕਹਿੰਦਾ ਹੈ ਕਿ ਮਾਨਵੀ ਜੀਵਨ ਦੀਆਂ ਘਟਨਾਵਾਂ ਦਾ ਇੱਕ ਰਹੱਸ-ਪੂਰਨ ਗੇੜ ਹੈ, ਕੁਝ ਨਸਲਾਂ ਨੂੰ ਬਹੁਤ ਕੁਝ ਮਿਲ਼ ਜਾਂਦਾ ਹੈ, ਅਤੇ ਕੁਝ ਨਸਲਾਂ ਤੋਂ ਬਹੁਤ ਆਸ ਕੀਤੀ ਜਾਂਦੀ ਹੈ। ਬਰਟਰਾਂਡ ਰਸਲ ਦਾ ਇਸ ਤੋਂ ਵੱਖ ਕਥਨ ਹੈ ਕਿ ਇਹ ਬੌਧਿਕਤਾ ਹੀ ਹੈ, ਜੋ ਸਿਆਣਪ ਦਿੰਦੀ ਹੈ, ਸ਼ਾਇਦ ਇਸੇ ਕਾਰਨ ਮੈਂ ਭਾਵਨਾ ਨਾਲ਼ੋਂ ਬੁੱਧੀ ਦੀ ਵਧੇਰੇ ਕਦਰ ਕਰਦਾ ਹਾਂ! ਇਹਨਾਂ ਦੋਹਾਂ ਮਹਾਂਰਥੀਆਂ ਦੇ ਵਿਚਾਰਾਂ ਨਾਲ਼ ਸਹਿਮਤ ਹੁੰਦੇ ਦਾ ਮੇਰਾ ਆਪਣਾ  ਵਿਚਾਰ ਇਹ ਹੈ ਕਿ ਕਿਸੇ ਵੀ ਕੌਮ ਦਾ ਕੋਈ ਵੀ ਲੇਖਕ ਮੁਕਤੀ ਦਾਤਾ ਤਾਂ ਨਹੀਂ ਹੁੰਦਾ, ਪਰ ਆਪਣੀ ਕੌਮ ਜਾਂ ਦੇਸ਼ ਦੀ ਤਕਦੀਰ ਸਿਰਜਣ ਦੇ ਕਾਬਲ ਜ਼ਰੂਰ ਹੋ ਸਕਦਾ ਹੈ। ਮਿੰਟੂ ਬਰਾੜ ਵਰਗੇ ਉਸਾਰੂ ਅਤੇ ਨਿੱਗਰ ਵਿਸਿ਼ਆਂ 'ਤੇ ਲਿਖਣ ਵਾਲ਼ੇ ਲੇਖਕਾਂ ਨੂੰ ਮੈਂ ਆਪਣੀ ਕੌਮ ਅਤੇ ਦੇਸ਼ ਦੀ ਕਿਸਮਤ ਨਾਲ਼ ਜੋੜ-ਜੋੜ ਕੇ ਦੇਖਦਾ ਹਾਂ, ਤਾਂ ਮੈਨੂੰ ਮਾਣ ਮਹਿਸੂਸ ਹੁੰਦਾ ਹੈ। ਸਾਰੇ ਹੀ ਜਾਦੂਗਰਾਂ ਨੂੰ ਰੱਸੀ 'ਤੇ ਤੁਰਨਾ ਨਹੀਂ ਆਉਂਦਾ, ਪਰ ਮਿੰਟੂ ਵਰਗੇ ਘਾਗ ਲੇਖਕ ਵੀਰਤਾ ਨਾਲ਼ ਲਿਖ ਕੇ ਸਾਡੇ ਹਨ੍ਹੇਰੇ ਭਰੇ ਰਸਤਿਆਂ ਵਿਚ ਆਸ ਦਾ ਦੀਵਾ ਬਾਲ਼ ਕੇ ਆਸ ਦੀ ਕਿਰਨ ਜ਼ਰੂਰ ਦਿਖਾ ਜਾਂਦੇ ਹਨ। ਘੁੱਪ ਹਨ੍ਹੇਰੇ ਜੰਗਲ ਵਿਚ ਦੂਰ ਕੋਈ ਜਗਦਾ ਦੀਵਾ ਮਾਨੁੱਖੀ ਵਸੋਂ ਜਾਂ ਜਿਉਂਦੀ ਜਿ਼ੰਦਗੀ ਦਾ ਸੰਕੇਤ ਹੀ ਤਾਂ ਹੁੰਦਾ ਹੈ! ਦੀਵਾ, ਜੋਤ ਜਾਂ ਚਿਰਾਗ ਮਾਨੁੱਖ ਹੀ ਬਾਲ਼ਦੇ ਹਨ, ਜਾਨਵਰ ਜਾਂ ਪੰਖੇਰੂ ਨਹੀਂ!!

ਤੁਰ ਗਏ ਦੀ ਉਦਾਸੀ ਏ.......... ਸ਼ਰਧਾਂਜਲੀ / ਸਿ਼ਵਚਰਨ ਜੱਗੀ ਕੁੱਸਾ

ਐ ਬਾਈ ਮਾਣਕ! ਅਲਵਿਦਾ ਤੇ ਆਖਰੀ ਸਲਾਮ!!

29 ਨਵੰਬਰ ਦਿਨ ਮੰਗਲਵਾਰ ਨੂੰ 'ਫ਼ੇਸਬੁੱਕ' 'ਤੇ ਇੱਕ 'ਦੰਦ-ਕਥਾ' ਛਿੜੀ ਸੀ ਕਿ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨਹੀਂ ਰਹੇ। ਭਮੱਤਰੇ ਅਤੇ ਪ੍ਰੇਸ਼ਾਨ ਜਿਹੇ ਹੋਏ ਨੂੰ ਹੋਰ ਤਾਂ ਮੈਨੂੰ ਕੁਝ ਸੁੱਝਿਆ ਨਾ, ਮੈਂ ਤੁਰੰਤ ਬਾਈ ਦੇਵ ਥਰੀਕੇ ਨੂੰ ਫ਼ੋਨ ਮਿਲ਼ਾ ਲਿਆ। ਉਸ ਅੱਕੇ ਹੋਏ ਨੇ 'ਫ਼ੇਸਬੁੱਕੀਆਂ' ਨੂੰ ਬੁਰਾ-ਭਲਾ ਕਹਿਣਾ ਸ਼ੁਰੂ ਕਰ ਦਿੱਤਾ ਕਿ ਲੋਕ ਕਿਸੇ ਦੀ ਸੁੱਖ ਨਹੀਂ ਮੰਗਦੇ, ਫ਼ੇਸਬੁੱਕ 'ਤੇ ਅਫ਼ਵਾਹਾਂ ਉਡਾ ਰਹੇ ਨੇ! 29 ਨਵੰਬਰ ਨੂੰ ਮਾਣਕ ਠੀਕ-ਠਾਕ ਸੀ। ਨਮੂਨੀਆਂ ਹੋਣ ਕਾਰਨ ਉਹ ਹਸਪਤਾਲ਼ ਜ਼ਰੂਰ ਦਾਖ਼ਲ ਸੀ। ਪਰ ਬਾਈ ਦੇਵ ਥਰੀਕੇ ਦੇ ਦੱਸਣ ਅਨੁਸਾਰ ਠੀਕ ਸੀ। …ਤੇ ਫ਼ਿਰ 30 ਨਵੰਬਰ ਨੂੰ ਫ਼ਿਰ ਉਹੀ ਚਰਚਾ ਛਿੜੀ ਹੋਈ ਸੀ, "ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨਹੀਂ ਰਹੇ!" ਅੱਜ ਕੋਈ ਬਹੁਤਾ ਮਹਿਸੂਸ ਜਿਹਾ ਨਾ ਹੋਇਆ ਕਿ ਇਹ ਵੀ ਕੱਲ੍ਹ ਵਾਂਗ ਕਿਸੇ 'ਵਿਹਲੇ' ਨੇ 'ਟਸ਼ਣ' ਕਰਦੇ ਨੇ 'ਸ਼ੋਸ਼ਾ' ਛੱਡ ਦਿੱਤਾ ਅਤੇ ਟਾਈਮ ਪਾਸ ਕਰ ਲਿਆ। ਪਰ ਜਦੋਂ ਮੈਂ ਆਸਟਰੇਲੀਆ ਵਸਦੇ ਮੇਰੇ ਨਿੱਕੇ ਵੀਰ ਮਿੰਟੂ ਬਰਾੜ ਅਤੇ ਹਰਮਿੰਦਰ ਕੰਗ ਹੋਰਾਂ ਵੱਲੋਂ ਲਿਖਿਆ ਪੜ੍ਹਿਆ ਤਾਂ ਮੇਰੇ ਲੂੰ-ਕੰਡੇ ਖੜ੍ਹੇ ਹੋ ਗਏ। ਹਰਮਿੰਦਰ ਕੰਗ ਨੂੰ ਪੁੱਛਿਆ ਕਿ ਕੀ ਇਹ ਗੱਲ ਸਹੀ ਹੈ? ਤਾਂ ਉਸ ਨੇ ਸਹੀ ਦੀ ਪੁਸ਼ਟੀ ਕਰ ਦਿੱਤੀ। 'ਮਰਨਾਂ ਸੱਚ ਅਤੇ ਜਿਉਣਾਂ ਝੂਠ' ਵਾਲ਼ੀ ਕਹਾਵਤ ਸੱਚ ਮੰਨਣੀ ਪਈ। ਪਰ ਫ਼ਿਰ ਵੀ ਦਿਲ ਨਾ ਟਿਕਿਆ ਅਤੇ ਦੇਵ ਥਰੀਕੇ ਨੂੰ ਪੰਜਾਬ ਫ਼ੋਨ ਮਿਲ਼ਾ ਲਿਆ ਅਤੇ ਸੱਚੀ ਗੱਲ ਦੀ ਪੁਸ਼ਟੀ ਕਰ ਕੇ ਬੇਵੱਸ ਹੋ ਕੇ ਬੈਠ ਗਿਆ। ਕਿਉਂਕਿ ਮੌਤ ਨੂੰ ਕੋਈ ਜਿੱਤ ਨਹੀਂ ਸਕਿਆ।