Showing posts with label ਅਰਤਿੰਦਰ ਸੰਧੂ. Show all posts
Showing posts with label ਅਰਤਿੰਦਰ ਸੰਧੂ. Show all posts

ਆਜ਼ਾਦ ਖੇਤੀ.......... ਵਿਚਾਰਾਂ / ਅਰਤਿੰਦਰ ਸੰਧੂ

ਅੱਜ ਪੰਜਾਬ, ਹਰਿਆਣਾ ਦੇ ਕਿਸਾਨਾਂ ਨਾਲ ਮਿਲ ਕੇ ਸਾਰੇ ਦੇਸ਼ ਦੇ ਕਿਸਾਨ ਆਪਣੀ ਜ਼ਮੀਨ ਤੇ ਖੇਤੀ ਨੂੰ ਬਚਾਉਣ ਵਾਸਤੇ ਜ਼ਿੰਦਗੀ ਮੌਤ ਦੇ ਸੰਘਰਸ਼ ‘ਤੇ ਹਨ। ਸਾਰੇ ਦੇਸ਼ ਦੇ ਵੱਖ ਵੱਖ ਅਦਾਰਿਆਂ, ਜਮਾਤਾਂ ਅਤੇ ਜਥੇਬੰਦੀਆਂ ਦੀ ਹਮਾਇਤ ਇਸ ਅੰਦੋਲਨ ਨੂੰ ਹਾਸਲ ਹੈ। ਅੰਤਰਰਾਸ਼ਟਰੀ ਭਾਈਚਾਰਾ ਵੀ ਹਮਾਇਤ ਤੇ ਆ ਚੁੱਕਾ ਹੈ, ਪਰ ਇਸ ਸੰਘਰਸ਼ ਦੇ ਹੱਲ ਦਾ ਕੋਈ ਲੜ ਅਜੇ ਕਿਸਾਨਾਂ ਦੇ ਹੱਥ ਵਿੱਚ ਨਹੀਂ ਆ ਰਿਹਾ ਜਾਪਦਾ। ਕਾਰਪੋਰੇਟ ਗ਼ਲਬੇ ਦੇ ਅਸਰ ਨੂੰ ਪਹਿਲੀ ਵਾਰ ਮਹਿਸੂਸ ਕਰਨ ਵੇਲੇ ਦੀ ਯਾਦ ਆ ਗਈ।

ਗੱਲ ਕੋਈ ਗਿਆਰਾਂ ਕੁ ਸਾਲ ਪੁਰਾਣੀ ਹੈ। ਆਪਣੇ ਬੇਟੇ ਕੋਲ ਸਾਨੂੰ ਅਮਰੀਕਾ ਜਾਣਾ ਪਿਆ। ਉਦੋਂ ਉਹ ਨਿਊਯਾਰਕ ਸੀ। ਪਹਿਲੀ ਵਾਰ ਜਾਣ ਕਰਕੇ ਉੱਥੇ ਵੇਖ ਕੇ ਹੈਰਾਨੀ ਹੋਈ ਕਿ ਸਬਜ਼ੀ ਲੈਣ ਵਾਸਤੇ ਵੀ ਮਾਲ੍ਹ ਵਿੱਚ ਜਾਣਾ ਪੈਂਦਾ ਸੀ। ਬਰਫ਼ ਵਰਗੇ ਠੰਢੇ ਮਾਲ੍ਹ ਵਿੱਚ ਚਾਰ ਚੁਫੇਰੇ ਸਾਫ਼ ਸੁਥਰੇ ਸਬਜ਼ੀਆਂ ਤੇ ਫਲ ਪਰਤਾਂ ਵਿੱਚ ਕਰੀਨੇ ਨਾਲ ਸਜਾਏ ਹੋਏ ਸਨ। ਬਹੁਤ ਵਧੀਆ ਲੱਗਾ। ਲੋੜੀਂਦੀਆਂ ਸਬਜ਼ੀਆਂ ਚੁਣਨ ਪਿੱਛੋਂ ਮੈਨੂੰ ਧਨੀਆ ਨਜ਼ਰ ਆ ਗਿਆ। ਚਾਰ ਕੁ ਇੰਚ ਲੰਬੀਆਂ ਅੱਠ ਦੱਸ ਟਾਹਣੀਆਂ ਦੀ ਨਿੱਕੀ ਜਿਹੀ ਗੁੱਛੀ ਸੀ। ਦੂਜੀਆਂ ਸਬਜ਼ੀਆਂ ਦੇ ਨਾਲ ਰੱਖਣ ਤੋਂ ਪਹਿਲਾਂ ਮੇਰੀ ਨਜ਼ਰ ਉਸ ਉੱਤੇ ਲਿਖੇ ਮੁੱਲ ਤੇ ਪੈ ਗਈ। ਉਸ ਉੱਤੇ ਤਿੰਨ ਡਾਲਰ ਮੁੱਲ ਦੀ ਪਰਚੀ ਸੀ। ਸਾਡਾ ਭਾਰਤੀਆਂ ਦਾ ਜ਼ਿਹਨੀ ਕੰਪਿਊਟਰ ਅਜਿਹੇ ਵੇਲੇ ਫਟਾਫਟ ਡਾਲਰਾਂ ਨੂੰ ਰੁਪਈਆਂ ਵਿੱਚ ਬਦਲਣ ਲੱਗ ਪੈਂਦਾ ਹੈ। ਉਦੋਂ ਡਾਲਰ ਦੇ ਮੁਕਾਬਲੇ ਸ਼ਾਇਦ ਬਵਿੰਜਾ ਕੁ ਰੁਪਏ ਬਣਦੇ ਸਨ। ਡੇਢ ਸੌ ਰੁਪਏ ਤੋਂ ਵੱਧ ਦੇ ਮੁੱਲ ਦੀ ਠੰਢੀ ਠਾਰ ਧਨੀਆਂ ਦੀ ਗੁੱਛੀ ਨੇ ਜਿਵੇਂ ਹੱਥ ਸਾੜ ਦਿੱਤੇ ਹੋਣ। ਮੈਂ ਫੱਟਾ ਫੱਟ ਧਨੀਆਂ ਦੀ ਗੁੱਛੀ ਜਿੱਥੋਂ ਚੁੱਕੀ ਸੀ, ਉੱਥੇ ਰੱਖ ਆਈ।