ਦੇਰ
ਦੀ ਗੱਲ ਹੈ। ਮੈਂ ਟੋਰਾਂਟੋ ਵਾਸਤੇ ਦਿੱਲੀਓਂ ਫਲਾਈਟ ਲਈ ਸੀ। ਵੇਲਾ ਪਾਸ ਕਰਨ ਲਈ ਮੇਰੇ
ਕੋਲ ਕੁਝ ਅਖਬਾਰਾਂ ਸਨ। ਇੱਕ ਪੇਪਰ ਵਿੱਚ ਨਿੰਦਰ ਦਾ ਕੋਈ ਲੇਖ ਛਪਿਆ ਹੋਇਆ ਸੀ। ਮੈਂ
ਪੜ੍ਹ ਹਟਿਆ। ਸੁਆਦ ਆਇਆ ਪੜ੍ਹ ਕੇ! ਸ਼ਾਇਦ ਸਿਰਮੌਰ ਨਾਵਲਕਾਰ ਹਰਨਾਮ ਦਾਸ ਸਹਿਰਾਈ ਜੀ
ਬਾਰੇ ਸੀ, ਧੰਨਤਾ ਦੇ ਪਾਤਰ ਉਹ ਸਹਿਰਾਈ ਜੀ, ਜਿੰਨ੍ਹਾਂ ਨੇ ਸਾਡੇ ਮਹਾਨ ਸਿੱਖ ਗੁਰੂ
ਸਹਿਬਾਨਾਂ ਦੇ ਜੀਵਨ ਤੇ ਕੁਰਬਾਨੀਆਂ ਨੂੰ ਅਧਾਰ ਬਣਾ ਕੇ ਅਣਗਿਣਤ ਨਾਵਲ ਲਿਖੇ। ਘੁਗਿਆਣਵੀ
ਨੇ ਸਹਿਰਾਈ ਜੀ ਬਾਬਤ ਲਿਖਿਆ ਬੜਾ ਪਿਆਰਾ ਸੀ। ਮੈਂ ਸੋਚਣ ਲੱਗਿਆ ਕਿ ਇਹ ਸਾਡਾ ਪਿਆਰਾ
ਜਿਹਾ ਬੱਚੂ, ਸਿਰ ਸੁੱਟ੍ਹ ਕੇ, ਏਡੇ-ਏਡੇ ਮਹਾਨ ਲੋਕਾਂ ਬਾਰੇ ਧੜਾ-ਧੜ ਲਿਖੀ ਤੁਰਿਆ ਜਾ
ਰਿਹੈ, ਪਰ ਇਹਦੇ ਬਾਰੇ ਕਿਸੇ ਨੇ ਹਾਲੇ ਨਿੱਠ ਕੇ ਨਹੀਂ ਲਿਖਿਆ। ਕਹਿ ਦਿੰਦੇ ਐ-‘ਜੁਆਕ
ਜਿਹਾ ਐ...ਐਵੇਂ ਤੁਰਿਆ ਫਿਰਦੈ। ਮੈਨੂੰ ਇਹ ਚੁਭ੍ਹਵਾਂ ਜਿਹਾ ਅਹਿਸਾਸ ਹੋਇਆ। ਸ਼ਾਇਦ,
ਬਹੁਤ ਲੋਕ ਨਿੰਦਰ ਦੀ ਨਿੱਕੀ ਉਮਰੇ ਕੀਤੇ ਵੱਡੇ ਸਾਹਿਤਕ ਤੇ ਸਭਿਆਚਾਰਕ ਕੰਮ ਨੂੰ ਉਸਦੀ
ਉਮਰ ਦੇ ਖਾਤੇ ਵਿੱਚ ਪਾ ਦਿੰਦੇ ਐ ਤੇ ਉਹਦੇ ਵੱਲੋਂ ਕੀਤੇ ਵੱਡੇ ਕੰਮ ਨੂੰ ਅੱਖੋਂ ਉਹਲੇ
ਕਰ ਛਡਦੇ ਐ, ਇਹ ਪੀੜ ਮੈਨੂੰ ਦਿਲੋਂ ਮਹਿਸੂਸ ਦੇਰ ਤੋਂ ਹੁੰਦੀ ਰਹੀ। ਮੈਂ ਉਸ ਦਿਨ ਸੋਚਿਆ
ਕਿ ਇਸਨੂੰ ਜਿੰਨਾ ਕੁ ਮੈਂ ਜਾਣਿਆ ਹੈ, ਇਸ ਬਾਰੇ ਮੈਂ ਜ਼ਰੂਰ ਲਿਖੂੰਗਾ। ਮੈਂ ਬੁਲਾਰਾ
ਜ਼ਰੂਰ ਆਂ ਪਰ ਮੈਂ ਲਿਖਾਰੀ ਨਹੀਂ। ਔਖੀ-ਸੌਖੀ ਕੋਸਿ਼ਸ ਜਿਹੀ ਕੀਤੀ ਐ ਆਪਣੀ ਗੱਲ ਆਖਣ
ਦੀ।