

ਆਮ
ਤੌਰ ਤੇ ਪਾਠਕ ਜਦੋਂ ਕੋਈ ਰਸਾਲਾ ਜਾਂ ਅਖ਼ਬਾਰ ਪੜ੍ਹਦਾ ਹੈ ਤਾਂ ਉਸ ਵਿੱਚ ਉਸ ਨੂੰ ਬਹੁਤ
ਸਾਰੇ ਲੇਖਕਾਂ ਦੀਆਂ ਰਚਨਾਵਾਂ ਪੜ੍ਹਨ ਨੂੰ ਮਿਲਦੀਆਂ ਹਨ। ਉਨ੍ਹਾਂ ਵਿੱਚੋਂ ਕੋਈ ਨਾ ਕੋਈ
ਐਸੀ ਰਚਨਾ ਜਰੂਰ ਹੁੰਦੀ ਹੈ, ਜਿਹੜੀ ਪਾਠਕ ਦੇ ਦਿਲ ਨੂੰ ਛੋਹ ਜਾਂਦੀ ਹੈ। ਰਚਨਾ ਦੇ
ਜ਼ਰੀਏ ਰਚਣਹਾਰੇ ਦੀ ਵੀ ਪਾਠਕ ਦੇ ਦਿਲ ਵਿੱਚ ਖਾਸ ਜਗ੍ਹਾ ਬਣ ਜਾਂਦੀ ਹੈ। ਉਸ ਤੋਂ ਬਾਅਦ
ਪਾਠਕ ਉਸ ਲੇਖਕ ਦੀ ਕੋਈ ਵੀ ਰਚਨਾ ਪੜ੍ਹੇ ਵਗੈਰ ਨਹੀਂ ਰਹਿ ਸਕਦਾ। ਫਿ਼ਰ ਪਾਠਕ ਦੇ ਦਿਲ
ਵਿੱਚ ਉਸ ਲੇਖਕ ਨੂੰ ਮਿਲਣ ਦੀ ਰੀਝ ਜਰੂਰ ਜਾਗ ਉਠਦੀ ਹੈ। ਉਹ ਲੇਖਕ ਬਾਰੇ ਹੋਰ ਬਹੁਤ ਕੁਝ
ਜਾਨਣਾ ਚਾਹੁੰਦਾ ਹੈ। ਜਿਵੇਂ ਲੇਖਕ ਦੇ ਸੁਭਾਅ ਬਾਰੇ, ਉਸ ਦੇ ਲੇਖਣੀ ਸਫ਼ਰ ਬਾਰੇ ਅਤੇ
ਖਾਸ ਕਰ ਕੇ ਉਹ ਜਾਨਣਾ ਚਾਹੁੰਦਾ ਹੈ ਕਿ ਉਹ ਜਿੰਨ੍ਹਾਂ ਵਧੀਆ ਲੇਖਕ ਹੈ ਕੀ ਉਨ੍ਹਾਂ ਵਧੀਆ
ਇਨਸਾਨ ਵੀ ਹੈ? ਜੇ ਮਿਲਣ ਤੇ ਲੇਖਕ ਪਾਠਕ ਦੀਆਂ ਉਮੀਦਾਂ ਤੇ ਖ਼ਰਾ ਉੱਤਰੇ ਤਾਂ ਪਾਠਕ
ਅਤੇ ਲੇਖਕ ਵਿੱਚ ਇੱਕ ਅਟੁੱਟ ਸਾਂਝ ਬਣ ਜਾਂਦੀ ਹੈ। ਕੁਝ ਇਸ ਤਰ੍ਹਾਂ ਦੀ ਹੀ ਸਮਰੱਥਾ
ਰੱਖਦਾ ਹੈ ਇਟਲੀ ਵੱਸਦਾ ਲੇਖਕ 'ਪ੍ਰਭਜੀਤ ਨਰਵਾਲ'। ਕੋਈ ਵੀ ਪਾਠਕ ਇੱਕ ਵਾਰ ਉਸ ਦੀ ਰਚਨਾ
ਪੜ੍ਹ ਲਵੇ ਤਾਂ ਉਸ ਦਾ ਪ੍ਰਸੰਸਕ ਬਣੇ ਬਿਨਾ ਨਹੀਂ ਰਹਿ ਸਕਦਾ। ਜੇ ਕਿਤੇ ਪ੍ਰਭਜੀਤ ਨੂੰ
ਮਿਲਣ ਦਾ ਸਬੱਬ ਬਣ ਜਾਵੇ ਤਾਂ ਪਾਠਕ ਜਿੰਨਾ ਉਸ ਦੀ ਲੇਖਣੀ ਦਾ ਮੁਰੀਦ ਹੁੰਦਾ ਹੈ, ਉਸ
ਤੋਂ ਜਿ਼ਆਦਾ ਉਹ ਪ੍ਰਭਜੀਤ ਦੇ ਇਨਸਾਨੀਅਤ ਪੱਖ ਤੋਂ ਪ੍ਰਭਾਵਿਤ ਹੋ ਜਾਂਦਾ ਹੈ।