Showing posts with label ਬਾਵਾ ਬੋਲਦਾ ਹੈ. Show all posts
Showing posts with label ਬਾਵਾ ਬੋਲਦਾ ਹੈ. Show all posts

ਸੁਲਝਿਆ ਹੋਇਆ ਫ਼ਨਕਾਰ ਸੀ ਰੌਸ਼ਨ ਸਾਗਰ..........ਬਾਵਾ ਬੋਲਦਾ ਹੈ / ਨਿੰਦਰ ਘੁਗਿਆਣਵੀ

ਅਮਰ ਨੂਰੀ ਦੇ ਪਿਤਾ ਸ੍ਰੀ ਰੌਸ਼ਨ ਸਾਗਰ ਨੂੰ ਮੈਂ ਸਿਰਫ਼ ਇੱਕੋ ਤੇ ਆਖਰੀ ਵਾਰ ਮਿਲਿਆ...ਉਹ ਵੀ ਸੁਪਨੇ ਵਾਂਗੂੰ...ਦੋ ਪਲਾਂ ਲਈ! ਉਸਦਾ ਰੋਪੜ ਵਾਲਾ ਐਡਰੈਸ ਹੀ ਨੋਟ ਕਰ ਸਕਿਆ ਸੀ। ਉਸ ਦਿਨ ਉਹ ਉਸਤਾਦ ਲਾਲ ਚੰਦ ਯਮਲਾ ਜੱਟ ਜੀ ਦੀ ਯਾਦ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਲਗਾਏ ਗਏ ਯਾਦਗਾਰੀ ਮੇਲੇ ਵਿੱਚ ਆਇਆ ਹੋਇਆ ਸੀ। ਮੇਲੇ ਮੌਕੇ ਭੀੜ ਬੜੀ ਸੀ। ਰੌਸ਼ਨ ਸਾਗਰ ਉਸਤਾਦ ਜੀ ਦਾ ਪੁਰਾਣਾ ਚੇਲਾ ਸੀ। ਉਹ ਬੜੀ ਦੇਰ ਮਗਰੋਂ ਉਹਨਾਂ ਦੇ ਪਰਿਵਾਰ ਕੋਲ ਉਸਤਾਦ ਜੀ ਦਾ ਅਫਸੋਸ ਕਰਨ ਲਈ ਆਇਆ ਸੀ।
ਥੋੜ੍ਹੇ ਦਿਨਾਂ ਬਾਅਦ ਮੈਂ ਉਸਨੂੰ ਚਿੱਠੀ ਲਿਖੀ, ਜਿਸ ਰਾਹੀਂ ਉਸ ਤੋਂ ਉਹਦੀ ਇੱਕ ਫੋਟੋ ਤੇ ਸੰਖੇਪ ਜੀਵਨ ਵੇਰਵਾ ਮੰਗਿਆ ਸੀ, ਤਾਂ ਕਿ ਉਹ ਉਸਤਾਦ ਜੀ ਦੇ ਚੇਲਿਆਂ ਬਾਰੇ ਛਪ ਰਹੀ ਮੇਰੀ ਕਿਤਾਬ ਵਿੱਚ ਸ਼ਾਮਿਲ ਹੋ ਸਕੇ। ਉਸ ਨੇ ਬੜੀ ਹੀ ਫੁਰਤੀ ਨਾਲ ਚਿੱਠੀ ਦਾ ਜਵਾਬ ਦਿੱਤਾ ਸੀ। ਆਪਣੀ ਇੱਕ ਬੜੀ ਪੁਰਾਣੀ ਕਾਲੀ-ਚਿੱਟੀ ਫੋਟੋ ਤੇ ਕੁਝ ਬਹੁਤ ਹੀ ਸੰਖੇਪ ਵਿੱਚ ਗੱਲਾਂ-ਬਾਤਾਂ ਲਿਖ ਘੱਲੀਆਂ ਸਨ। ਸਾਲ 1994 ਵਿੱਚ ਛਪੀ ਮੇਰੀ ਪਹਿਲੀ ਕਿਤਾਬ ‘ਤੂੰਬੀ ਦੇ ਵਾਰਿਸ’ ਵਿੱਚ ਪੰਨਾ 135 ਉਤੇ ਉਸ ਬਾਰੇ ਡੰਗ ਸਾਰਨ ਜੋਕਰਾ ਲਿਖ ਸਕਿਆ ਸਾਂ। ਉਸ ਅਡਰੈਸ ਉਤੇ ਡਾਕ ਰਾਹੀਂ ਉਸਨੂੰ ਕਿਤਾਬ ਘੱਲੀ। ਕੋਈ ਜਵਾਬ ਨਾ ਆਇਆ। ਬੜੀ ਦੇਰ ਹੋਈ ਸਰਦੂਲ ਤੇ ਨੂਰੀ ਦੇ ਘਰ ਖੰਨੇ, ਕੁਲਦੀਪ ਸਿੰਘ ਬੇਦੀ ਹੁਰਾਂ ਨਾਲ ਗਿਆ ਸਾਂ ਤਾਂ ਨੂਰੀ ਨੇ ਬੜੇ ਮਾਣ ਜਿਹੇ ਨਾਲ ਦੱਸਿਆ ਸੀ ਕਿ ਪਾਪਾ ਜੀ ਬਾਰੇ ਤੁਸੀਂ ਲਿਖਿਆ ਸੀ ਕਿਤਾਬ ਵਿੱਚ ਤਾਂ ਉਹ ਬੜੇ ਖੁਸ਼ ਹੋਏ...।

ਪਾਪਾ ਕਿਤੇ ਨੇੜੇ-ਤੇੜੇ ਹੀ ਹੈ (3)........... ਬਾਵਾ ਬੋਲਦਾ ਹੈ / ਨਿੰਦਰ ਘੁਗਿਆਣਵੀ


ਜਿੱਦਣ ਉਹ ਕੁਝ ਨਾ ਕੁਝ ਖਾ ਲੈਂਦੇ ਤਾਂ ਸਾਰੇ ਟੱਬਰ ਦੇ ਦਿਲ ਨੂੰ ਕੁਝ ਧਰਵਾਸਾ ਜਿਹਾ ਬੱਝਣ ਲਗਦਾ ਕਿ ਹੁਣ ਠੀਕ ਹੋ ਜਾਣਗੇ। ਕਦੇ-ਕਦੇ, ਕਿਸੇ ਦਿਨ ਉਹ ਵੇਸਣ ਵਾਲੀ ਮਿੱਸੀ ਰੋਟੀ ਆਖ ਕੇ ਬਣਵਾ ਤਾਂ ਲੈਂਦੇ ਪਰ ਸੰਘੋਂ ਨਾ ਲੰਘਦੀ। ਛਡ ਦਿੰਦੇ। ਅਸੀਂ ਫਿਰ ਉਦਾਸ ਹੋ ਜਾਂਦੇ ਕਿ ਕਿੰਨੇ ਚਾਅ ਤੇ ਹੌਸਲੇ ਨਾਲ ਮਾਂ ਨੇ ਰੋਟੀ ਬਣਾਈ, ਨਹੀਂ ਖਾ ਸਕੇ ਹਨ। ਸਵੇਰੇ ਕੰਮ ‘ਤੇ ਜਾਣ ਲੱਗਿਆ ਮੈਂ ਪੁੱਛ ਕੇ ਜਾਂਦਾ,“ਅੱਜ ਕੀ ਲਿਆਵਾਂ, ਕਿਹੜੀ ਚੀਜ਼ ਖਾਣ ਨੂੰ ਦਿਲ ਕਰਦੈ?” ਉਹ ‘ਨਾਂਹ’ ਵਿੱਚ ਸਿਰ ਫੇਰ ਦਿੰਦੇ। ਮੈਂ ਢੱਠੇ ਜਿਹੇ ਮਨ ਨਾਲ ਕੰਮ ‘ਤੇ ਚਲਿਆ ਜਾਂਦਾ ਪਰ ਕੰਮ ਵਿੱਚ ਦਿਲ ਨਾ ਲਗਦਾ। ਦਿਨ ਵਿੱਚ ਪੱਕਾ ਕੀਤੇ ਜਾਣ ਵਾਲਾ ਕੰਮ (ਰੇਡੀਓ ਲਈ ਖਬਰਾਂ, ਕੁਝ ਕਾਲਮ ਆਦਿ) ਵੀ ਮਸਾਂ ਨਿਬੇੜਦਾ ਤੇ ਸਾਦਿਕ ਮੰਡੀ ਤੋਂ ਫਿਰ ਦਿਨ ਖੜ੍ਹੇ ਹੀ ਪਿੰਡ ਆ ਜਾਂਦਾ। ਜੇ ਉਹ ਸੁੱਤੇ ਹੁੰਦੇ ਤਾਂ ਮੇਰੇ ਸਕੂਟਰ ਦੀ ਆਵਾਜ਼ ਸੁਣ ਜਾਗ ਜਾਂਦੇ, ਜਾਂ ਪਿੰਡ ਦਾ ਕੋਈ ਹਾਲ-ਚਾਲ ਪੁੱਛਣ ਆਇਆ ਕੋਲ ਬੈਠਾ ਹੁੰਦਾ। ਘਰ ਦਾ ਕੋਈ ਨਾ ਕੋਈ ਜੀਅ ਉਹਨਾਂ ਦੀਆਂ ਲੱਤਾਂ ਘੁੱਟ ਰਿਹਾ ਹੁੰਦਾ। ਹੁਣ ਹਸਪਤਾਲ ਵਿੱਚ ਜਾਣ ਜੋਗੇ ਨਹੀਂ ਸਨ ਰਹੇ। ਪਰ ਇਸਦੇ ਬਾਵਜੂਦ ਵੀ ਮੈਡੀਕਲ ਕਾਲਜ ਦੇ ਵੱਡੇ ਡਾਕਟਰ ਖੁਦ ਵੀ ਘਰ ਆਣ ਕੇ ਉਹਨਾਂ ਦੀ ਹਾਲਤ ਦਾ ਲਗਾਤਾਰ ਜਾਇਜ਼ਾ ਲੈਂਦੇ ਤੇ ਉਹਨਾਂ ਨੂੰ ਅੱਗੋਂ ਸੌਖਿਆਂ ਰੱਖਣ ਲਈ ਦਸਦੇ ਰਹਿੰਦੇ। ਮੈਂ ਫੋਨ ਕਰ ਕੇ ਵੀ ਡਾਕਟਰਾਂ ਨੂੰ ਪੁੱਛਣ-ਦੱਸਣ ਦੀ ਤਕਲੀਫ਼ ਦਿੰਦਾ ਰਹਿੰਦਾ। ਡਾਕਟਰਾਂ ਦਾ ਰਵੱਈਆਂ ਹਮੇਸ਼ਾ ਹਮਦਰਦੀ ਪੂਰਨ ਰਿਹਾ। ਉਹ ਸਾਰੇ ਡਾਕਟਰ ਪਾਪਾ ਦੀਆਂ ਅੰਤਿਮ ਰਸਮਾਂ ਵਿੱਚ ਵੀ ਸ਼ਾਮਿਲ ਹੋਏ। (ਇੱਥੇ ਦਸਦਾ ਜਾਵਾਂ ਕਿ ਦੁੱਖ ਦੀ ਇਸ ਘੜੀ ਸਮੇਂ ਜਿਹੜੀ ਗੱਲ ਨੇ ਮੈਨੂੰ ਮਾਨਸਿਕ ਤੌਰ ‘ਤੇ ਤਕੜਾ ਕੀਤਾ ਉਹ ਇਹ ਹੈ ਕਿ ਮੈਂ ਸੋਚਿਆ ਵੀ ਨਹੀਂ ਸੀ ਕਿ ਸਾਰੇ ਦਾ ਸਾਰਾ ਪਿੰਡ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਪਾਪਾ ਦਾ ਹਾਲ-ਚਾਲ ਪੁੱਛਣ ਲਈ ਬਹੁੜੇਗਾ? ਰੋਜ਼ਾਨਾ ਪਿੰਡ ਵਿੱਚੋਂ ਪੰਜਾਹ ਤੋਂ ਵੱਧ ਬੰਦੇ-ਬੁੜੀਆਂ ਆਥਣ-ਸਵੇਰੇ ਆਉਂਦੇ। ਇੱਥੋਂ ਮੈਨੂੰ ਇਹ ਵੀ ਇਲਮ ਹੋਇਆ ਕਿ ਪਿੰਡ ਵਿੱਚ ਰਹਿਣ ਦੀ ਮਹੱਤਤਾ ਕਿੰਨੀ ਵਧੇਰੇ ਹੈ। ਕਿਵੇਂ ਲੋਕ ਇੱਕ ਦੂਜੇ ਦਾ ਦੁੱਖ-ਸੁੱਖ ਇਕੱਠੇ ਹੋਕੇ ਵੰਡਦੇ ਹਨ। ਦੂਜਾ, ਸਾਰੇ ਦੇ ਸਾਰੇ ਪਿੰਡ ਨੇ ਕੱਠੇ ਹੋਕੇ ਜਿਵੇਂ ਪਾਪਾ ਦੀਆਂ ਅੰਤਮ ਰਸਮਾਂ ਨਿਭਾਈਆਂ ਤੇ ਮੇਰਾ ਮਨੋਬਲ ਤਕੜਾ ਕੀਤਾ, ਸਾਰੇ ਪੰਜਾਬ ਦੇ ਕੋਨੇ-ਕੋਨੇ ‘ਚੋਂ ਆਏ ਹਜ਼ਾਰਾਂ ਲੋਕਾਂ, ਲੇਖਕਾਂ, ਕਲਾਕਾਰਾਂ ਤੇ ਸਾਰੇ ਜਿ਼ਲਿਆਂ ਦੇ ਵੱਡੇ-ਵੱਡੇ ਅਫਸਰਾਂ ਤੇ ਵੱਖ-ਵੱਖ ਖੇਤਰ ਦੇ ਲੋਕਾਂ ਨੂੰ ਅੱਖਾਂ ਦੀਆਂ ਪਲਕਾਂ ‘ਤੇ ਬਿਠਾ ਲਿਆ, ਲੋਕਾਂ ਦਾ ਏਨਾ ਕੱਠ ਦੇਖਕੇ ਸੱਚ ਨਹੀਂ ਸੀ ਆ ਰਿਹਾ ਕਿ ਇਹ ਮੇਰੇ ਪਾਪਾ ਦਾ ਕੱਠ ਹੈ?)

ਪਾਪਾ ਕਿਤੇ ਨੇੜੇ-ਤੇੜੇ ਹੀ ਹੈ (2)............ ਬਾਵਾ ਬੋਲਦਾ ਹੈ / ਨਿੰਦਰ ਘੁਗਿਆਣਵੀ


ਸਾਰਾ ਪਿੰਡ ਕਹਿੰਦੈ, “ਬਿੱਲੂ ਸੇਠਾ, (ਪਾਪਾ ਦਾ ਕੱਚਾ ਨਾਂ ਬਿੱਲੂ ਤੇ ਪੱਕਾ ਨਾਂ ਰੋਸ਼ਨ ਲਾਲ ਸੀ) ਬਾਹਲੀ ਛੋਟੀ ਉਮਰ ਵਿੱਚ ਚਲਾ ਗਿਆ ਐਂ...ਸੱਠ-ਬਾਹਟ ਸਾਲ ਕੀ ਉਮਰ ਹੁੰਦੀ ਆ...ਤੇਰੀਆਂ ਦਿਲ-ਲਗੀਆਂ ਤੇ ਮਖੌਲ-ਵਾਣੀ ਨੂੰ ਤਰਸਾਂਗੇ।” ਪਾਪਾ ਮਖੌਲੀ ਬਹੁਤ ਸੀ। ਇੱਕ ਗੱਲ ਹੋਰ-ਪਿੰਡ ਵਿੱਚ ਜੇ ਕਿਸੇ ਦੇ ਧਰਨ (ਢਿੱਡ ‘ਚ ਪੀੜ) ਪੈਣੀ ਤਾਂ ਅਗਲੇ ਨੇ ਪਾਪੇ ਵੱਲ ਭੱਜਣਾ। ਇਹਨੇ ਅਗਲੇ ਨੂੰ ਭੁੰਜੇ ਪਾ ਕੇ ਰੱਸੀ ਨਾਲ ਢਿੱਡ ਦੀ ਉਚਾਈ-ਨੀਵਾਈ ਮਿਣਨੀ ਤੇ ਫਿਰ ਡੌਲਿਓਂ ਹੇਠਾਂ ਦੀ ਨਾੜ ਨੱਪਕੇ ਧਰਨ ਕੱਢ ਦੇਣੀ। ਨਾ ਟੀਕਾ ਲਵਾਉਣ ਦੀ ਲੋੜ, ਨਾ ਗੋਲੀ ਖਾਣ ਦੀ। ਪਾਪਾ ਕਿਸੇ ਦਾ ਦੁੱਖ ਨਹੀਂ ਸੀ ਜਰ ਸਕਦਾ। ਉਹ ਰਤਾ ਨਹੀਂ ਸੀ ਜਾਣਦਾ ਕਿ ਉਸਨੂੰ ਵੀ ਇੱਕ ਦਿਨ ਅਜਿਹਾ ਦੁੱਖ ਲੱਗ ਜਾਏਗਾ ਕਿ ਉਹ ਮੁੜ ਮੰਜੇ ਉਤੋਂ ਨਹੀਂ ਉੱਠੇਗਾ।

ਲੰਘੇ ਸਾਲ ਨਵੰਬਰ ਮਹੀਨੇ ਮੈਂ ਆਸਟਰੇਲੀਆਂ ਤੋਂ ਆਇਆ ਸੀ। ਪਾਪਾ ਨੇ ਦੱਸਿਆ ਕਿ ਉਹਦੇ ਸੱਜੇ ਮੋਢੇ ਵਿੱਚ ਕਦੇ-ਕਦੇ ਪੀੜ ਹੁੰਦੀ ਐ, ਗੋਲੀ ਖਾਣ ਨਾਲ ਹਟ ਜਾਂਦੀ ਐ। ਸੋ, ਗੋਲੀ ਖਾ ਕੇ ਵੇਲਾ ਟਪਾਉਂਦੇ ਰਹੇ। ਮੈਂ ਕਿਸੇ ਡਾਕਟਰ ਕੋਲ ਲਿਜਾਣਾ ਨੂੰ ਕਹਿੰਦਾ ਤਾਂ ਆਖਦੇ, “ਮੈਨੂੰ ਕੁਝ ਨੀ ਹੋਇਆ...ਥੋਡੇ ਸਭ ਤੋਂ ਤਕੜਾ ਐਂ।” ਛੇ ਫੁੱਟ ਇੱਕ ਇੰਚ ਕੱਦ ਸੀ ਤੇ ਪੂਰੇ ਹੱਟੇ ਕੱਟੇ। ਸਾਰੀ ਉਮਰ ਕਹੀ ਚਲਾਈ ਖੇਤਾਂ ਵਿੱਚ ਤੇ ਡੂੰਘਾ ਹਲ ਵਾਹਿਆ ਸੀ। ਕਦੇ ਤਾਪ ਨਹੀਂ ਸੀ ਚੜ੍ਹਿਆ। ਦੱਸਦੇ ਹੁੰਦੇ ਸੀ ਕਿ ਜੇ ਕਦੇ ਤਾਪ ਚੜ੍ਹ ਵੀ ਜਾਣਾ ਤਾਂ ਆਪੇ ਲੱਥ ਜਾਣਾ...ਕਦੇ ਗੋਲੀ ਖਾਣਾ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ।

ਪਾਪਾ ਕਿਤੇ ਨੇੜੇ-ਤੇੜੇ ਹੀ ਹੈ...........ਬਾਵਾ ਬੋਲਦਾ ਹੈ / ਨਿੰਦਰ ਘੁਗਿਆਣਵੀ

ਸੱਚੀ ਗੱਲ ਹੈ,ਜਿੱਦਣ ਦਾ ਪਾਪਾ ਚਲਾ ਗਿਐ, ਲਗਦਾ ਨਹੀਂ ਕਿ ਕਿਧਰੇ ਦੂਰ ਤੁਰ ਗਿਆ ਹੈ, ਲਗਦੈ ਕਿ ਹੁਣੇ ਹੀ ਕਿਧਰੋਂ ਆ ਆਏਗਾ ਤੇ ਕਹੇਗਾ ਕਿ ਮੱਝਾਂ ਨੂੰ ਪੱਠੇ ਪਾਏ ਆ ਕਿ ਨਹੀ? ਪਾਣੀ ਪਿਲਾਇਆ ਐ ਕੇ ਨਹੀਂ? ਫਿਰ ਆਪੇ ਈ ਮੱਝਾਂ ਵਾਲੇ ਵਾੜੇ ਵੱਲ ਨੂੰ ਜਾਏਗਾ ਤੇ ਪੱਠਿਆਂ ਵਾਲੀਆਂ ਖੁਰਲੀਆਂ ਵਿੱਚ ਹੱਥ ਮਾਰੇਗਾ। ਕੁਤਰੇ ਵਾਲੀ ਮਸ਼ੀਨ ਅੱਗਿਓਂ ਟੋਕਰੇ ਭਰ ਕੇ ਮੱਝਾਂ ਅੱਗੇ ਸੁੱਟ੍ਹੇਗਾ। ਪੱਠੇ ਸੁੱਟ੍ਹਣ ਮਗਰੋਂ ਮੱਝਾਂ ਨੂੰ ਥਾਪੀਆਂ ਦੇਵੇਗਾ ਤੇ “ਸਾਬਾਸ਼ੇ ਥੋਡੇ ਜਿਊਣ ਜੋਗੀਓ...” ਜਿਹੀਆਂ ਅਸੀਸਾਂ ਦੇ ਕੇ ਘਰ ਆ ਜਾਏਗਾ। ਘਰ ਦੇ ਕਿਸੇ ਜੀਅ ਨੂੰ ਕਹੇਗਾ, “ਲਿਆਓ ਠੰਢੇ ਪਾਣੀ ਦਾ ਗਲਾਸ ਦਿਓ...ਅੱਜ ਤੇਹ ਬੜੀ ਲੱਗੀ ਆ।” ਵਿਹੜੇ ਵਿੱਚ ਪਏ ਵਾਣ ਦੇ ਮੰਜੇ ‘ਤੇ ਲੇਟ ਜਾਏਗਾ। ਮਾਂ ਨੂੰ ਉਲਾਂਭ੍ਹਾ ਦੇਵੇਗਾ, “ਕਦੇ ਦੌਣ ਵੀ ਕੱਸ ਲਿਆ ਕਰੋ ਮੰਜਿਆਂ ਦੀ? ਭੋਰਾ ਵੀ ਕੰਮ ਕਰਕੇ ਰਾਜ਼ੀ ਨਹੀ ਤੁਸੀਂ...!”
ਹੁਣ ਜਦੋਂ ਪਾਪਾ ਦੇ ਭੋਗ ਮੌਕੇ ਮੇਰੇ ਗਲ ਵਿੱਚ ਮੁਹਤਵਰਾਂ ਸੱਜਣਾ ਨੇ ਜਿ਼ੰਮੇਵਾਰੀ ਦਾ ਪਰਨਾ ਪਾਇਆ ਤਾਂ ਮੈਨੂੰ ਵੀ ਆਪਣੇ ਸਿਰ ਪੈ ਗਈ ਜਿ਼ੰਮੇਵਾਰੀ ਦਾ ‘ਕੁਝ-ਕੁਝ’ ਅਹਿਸਾਸ ‘ਅੰਦਰੋਂ-ਅੰਦਰੋਂ’ ਜਾਗਿਆ। ਪਹਿਲਾਂ ਅਜਿਹੇ ਅਨੇਕਾਂ ਮੌਕਿਆਂ ਉਤੇ ਜਿ਼ੰਮੇਵਾਰੀ ਦੇ ਪਰਨੇ ਤੇ ਪੱਗਾਂ ਦਿੰਦੇ-ਲੈਂਦੇ ਬਹੁਤ ਲੋਕਾਂ ਨੂੰ ਦੇਖਿਆ ਹੋਇਆ ਸੀ ਪਰ ਅੰਦਰਲਾ ‘ਉਹ’ ਅਨੁਭਵ ਨਹੀਂ ਸੀ, ਜੁ ਉਸ ਦਿਨ ਹਜ਼ਾਰਾਂ ਲੋਕਾਂ ਦੀ ਗਿਣਤੀ ਵਿਚ ਹੋ ਰਿਹਾ ਸੀ। ਸਾਡਾ ਗਾਇਕ ਮਿੱਤਰ ਹਰਿੰਦਰ ਸੰਧੂ ਫਰੀਦਕੋਟੀਆ ਇੱਕ ਗੀਤ ਗਾਉਂਦਾ ਹੁੰਦਾ ਬੜੇ ਵਾਰੀ ਸੁਣਿਆ, ਜਿਸ ਦੇ ਬੋਲ ਹਨ:
            ਹਸਦੀ-ਵਸਦੀ ਦੁਨੀਆਂ ਲੋਕੋ ਲਗਦੀ ਵਾਂਗ ਉਜਾੜਾਂ
            ਬਾਬਲ ਮਰਿਆਂ ਮਰਦੀਆਂ ਸਭ ਐਸ਼ ਬਹਾਰਾਂ...

ਬਾਕੀ ਸਾਰੇ ਚੁੱਪ ਨੇ..........ਬਾਵਾ ਬੋਲਦਾ ਹੈ / ਨਿੰਦਰ ਘੁਗਿਆਣਵੀ

ਪੰਜਾਬੀ ਮਾਂ ਬੋਲੀ ਦਾ ਮੂੰਹ ਮੱਥਾ ਵਿਗਾੜਦੇ ਫਿਰਦੇ, ਕੁਝ ਲੱਚਰ ਕਿਸਮ ਦੇ ਗੀਤ ਗਾਉਣ ਵਾਲੇ, ਯੁਵਾ ਪੀੜ੍ਹੀ ਵਿੱਚ ਚਰਚਿਤ ਹੋ ਚੁੱਕੇ ਗਾਇਕਾਂ ਦੇ ਖਿਲਾਫ਼ ਪੰਜਾਬ ਦੇ ਇਸਤਰੀ ਜਾਗ੍ਰਿਤੀ ਮੰਚ ਨੇ ਰੋਸ ਮੁਜ਼ਾਹਰੇ ਕੀਤੇ ਹਨ। ਰੋਸ ਮੁਜ਼ਾਹਰਿਆਂ ਕਾਰਨ ਲੁਧਿਆਣਾ ਦੇ ਇੱਕ ਗਾਇਕ ਦਿਲਜੀਤ ਨੇ (ਜਿਸਨੇ ‘ਲੱਕ ਟਵੰਟੀ ਏਟ ਕੁੜੀ ਦਾ ਫੋਟੀ ਸੈਵਨ ਵੇਟ ਕੁੜੀ ਦਾ’ ਗੀਤ  ਗਾਇਆ ਹੈ),ਜਾਗ੍ਰਿਤੀ ਮੰਚ ਨੂੰ ਵਿਸ਼ਵਾਸ਼ ਦੁਵਾ ਦਿੱਤਾ ਸੀ ਕਿ ਉਹ ਜਲਦੀ ਹੀ ਮੰਚ ਤੋਂ ਮਾਫ਼ੀ ਮੰਗ ਲਏਗਾ ਤੇ ਅੱਗੇ ਨੂੰ ਸੋਭਰ ਗੀਤ ਗਾਏਗਾ। ਜਦ ਉਸਨੇ ਮਾਫੀ ਨਾ ਮੰਗੀ ਤਾਂ ਜਾਗ੍ਰਿਤੀ ਮੰਚ ਨੂੰ ਉਸਦੇ ਸਮੇਤ ਧਰਨਿਆਂ ਤੋਂ ਬਾਅਦ ਕੁਝ ਹੋਰਨਾਂ ਗਾਇਕਾਂ ਦੀਆਂ ਵੀ ਅਰਥੀਆਂ ਸਾੜਨੀਆਂ ਪਈਆਂ। ਮੰਚ ਦੀਆਂ ਕਾਰਕੁੰਨ ਬੀਬੀਆਂ ਬੜੀ ਦਲੇਰੀ ਤੇ ਦ੍ਰਿੜਤਾ ਨਾਲ ਕਹਿ ਰਹੀਆਂ ਨੇ ਕਿ ਅਸੀਂ ਇਹਨਾਂ ਗਾਇਕਾਂ ਦੇ ਨਾਸੀਂ ਧੂੰਆਂ ਦੇਕੇ ਛੱਡਾਂਗੀਆਂ।

ਇਹਨਾਂ ਗਾਇਕਾਂ ਵਿੱਚ ਇੱਕ ਅਸਲੋਂ ਨਵੇਂ ਗਾਇਕ ਹਨੀ ਸਿੰਘ ਦਾ ਨਾਂ ਵੀ ਆਉਂਦਾ ਹੈ। ਇਹ ਹਨੀ ਸਿੰਘ ਪਿਛਲੇ ਦਿਨੀਂ ਜਦ ਆਸਟ੍ਰੇ਼ਲੀਆ ਗਿਆ ਤਾਂ ਐਡੀਲਿਡ ਸ਼ਹਿਰ ਵਿੱਚ ਮਿੰਟੂ ਬਰਾੜ ਦੀ ਅਗਵਾਈ ਹੇਠ ਕੁਝ ਪਤਵੰਤੇ ਪੰਜਾਬੀਆਂ ਨੇ ਉਹਨੂੰ ਪੁੱਛਣ ਦੀ ਕੋਸਿ਼ਸ਼ ਕੀਤੀ ਕਿ ਉਹ ਜੋ ਸੁਆਹ–ਖੇਹ ਗਾ ਰਿਹਾ ਹੈ, ਕੀ ਉਹ ਪੰਜਾਬੀ ਗਾਇਕੀ ਹੈ? ਦਸਦੇ ਨੇ ਕਿ ਹਨੀ ਸਿੰਘ ਕਿਸੇ ਵੀ ਗੱਲ ਦਾ ਕੋਈ ਠੋਸ ਜਵਾਬ ਨਹੀਂ ਦੇ ਸਕਿਆ ਤੇ ਉਥੋਂ ਖਿਸਕ ਗਿਆ। ਇਸ ਗੱਲ ਦੀ ਚਰਚਾ ਆਸਟ੍ਰੇਲੀਆ ਦੇ ਮੀਡੀਆ ਵਿੱਚ ਤੇ ਖਾਸ ਕਰਕੇ ਫੇਸ ਬੁੱਕ ‘ਤੇ ਇਹਨੀਂ ਦਿਨੀਂ ਖੂਬ ਹੋ ਰਹੀ ਹੈ। ਮੇਰਾ ਲੱਖਣ ਇਹ ਹੈ ਕਿ ਜੇਕਰ ਇਸੇ ਤਰਾਂ ਅਸੀਂ ਗਾਇਕਾਂ ਨੂੰ, ਜਾਂ ਗੀਤ ਲਿਖਣ ਤੇ ਫਿਰ ਅੱਗੇ ਪੇਸ਼ ਕਰਨ ਵਾਲਿਆਂ ਨੂੰ, ਜਦ ਕਦੇ ਮੇਲਾ ਮੌਕਾ ਬਣੇ, ਇੰਝ ਹੀ ਪਰ੍ਹੇ-ਪੰਚੈਤ ਦੇ ਕੱਠਾਂ ਵਿੱਚ ਸੁਆਲ-ਜੁਆਬ ਕਰਾਂਗੇ ਤਾਂ ਇਹ ਲਾਜ਼ਮੀ ਹੀ ਕੁਝ ਨਾ ਕੁਝ ਸ਼ਰਮ ਨੂੰ ਹੱਥ-ਪੱਲਾ ਮਾਰਨਗੇ। ਲੋੜ ਇਸ ਵੇਲੇ ਏਕਾ ਕਰਨ ਦੀ ਹੈ ਤੇ ਨਾਲ ਦੀ ਨਾਲ ਇਸਤਰੀ ਜਾਗ੍ਰਿਤੀ ਮੰਚ ਦੇ ਹੱਥ ਹੋਰ ਮਜ਼ਬੂਤ ਕਰਨ ਦੀ ਵੀ ਹੈ। 

ਅੱਜ ਵੀ ਮੌਜੂਦ ਨੇ ਭਾਈ ਘਨੱਈਏ!..........ਬਾਵਾ ਬੋਲਦਾ ਹੈ / ਨਿੰਦਰ ਘੁਗਿਆਣਵੀ

ਸਵੇਰ ਦਾ ਵੇਲਾ ਹੈ। ਅੱਠ ਵੱਜਣ ਵਿੱਚ ਤਿੰਨ ਮਿੰਟ ਬਾਕੀ ਹਨ। ਅਸੀਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ  ਵਿੱਚ ਸਥਾਪਿਤ ਕੈਂਸਰ ਵਿੰਗ ਦੇ ਹਾਲ ਵਿੱਚ ਬੈਠੇ ਹਾਂ। ਸਫਾਈ ਸੇਵਿਕਾ ਸਾਝਰੇ ਦੀ ਆਣ ਕੇ ਆਪਣੇ ਕਾਰਜ ਵਿੱਚ ਰੁੱਝੀ ਹੋਈ ਹੈ। ਲੱਗਭਗ ਪੰਜਾਹ ਬੰਦੇ-ਬੁੜ੍ਹੀਆਂ ਕੁਰਸੀਆਂ ਉੱਤੇ ਅਧਮੋਏ ਜਿਹੇ ਬੈਠੇ ਹਨ। ਕੁਝ ਆਪਸ ਵਿੱਚ ਗੱਲਾਂ ਕਰ ਹਰੇ ਹਨ। ਕੁਝ ਦੇ ਨਾਲ ਆਏ ਘਰ ਦੇ ਮੈਂਬਰ ਸੋਗੀ ਅਵਸਥਾ ਵਿੱਚ ਹਨ। ਨਾਮੁਰਾਦ ਬਿਮਾਰੀ ਦੇ ਨਪੀੜੇ ਫਿਕਰਾਂ ਦੇ ਲੱਦੇ ਹੋਏ ਹਨ। ਇਹ ਕੈਂਸਰ ਦੇ ਮਰੀਜ਼  ਦੂਰੋਂ-ਦੂਰੋਂ ਸੇਕੇ (ਰੇਡੀਏਸ਼ਨ) ਲਵਾਉਣ ਲਈ ਆਏ ਹਨ। ਕਿਸੇ ਦੇ ਪੈਂਤੀ ਸੇਕੇ ਲੱਗਣੇ ਹਨ, ਕਿਸੇ ਦੇ ਪੱਚੀ ਲੱਗਣੇ ਹਨ। ਕਿਸੇ ਦੇ ਸਤਾਈ, ਕਿਸੇ ਪੰਜ ਤੇ ਕਿਸੇ ਦੇ ਗਿਆਰਾਂ ਸੇਕੇ ਲੱਗਣੇ ਹਨ। ਇੱਕ ਸਮਾਜ ਸੇਵੀ ਸੰਸਥਾ ਦੇ ਕਾਰਕੁੰਨ ਅੰਦਰ ਆਉਂਦੇ ਹਨ। ਮਰੀਜ਼ਾਂ ਲਈ ਦੁੱਧ ਤੇ ਰਸ ਲਿਆਏ ਹਨ। ਕਿਸੇ ਦੀ ਰੂਹ ਨਹੀਂ ਕਰਦੀ ਦੁੱਧ ਪੀਣ ਤੇ ਰਸ ਖਾਣ ਨੂੰ। ਕੋਈ ਵੀਲ ਚੇਅਰ ‘ਤੇ ਤੜਫ਼ ਰਿਹਾ ਹੈ। ਕੋਈ ਸਟਰੈਚਰ ਉਤੇ ਪਿਆ ਤਰਲੋ-ਮੱਛੀ ਹੋ ਰਿਹਾ ਹੈ। ਜਿਸ ਤੋਂ ਕੁਰਸੀ ‘ਤੇ ਬੈਠਾ ਨਹੀਂ ਗਿਆ...ਉਹ ਫਰਸ਼ ‘ਤੇ ਲੇਟਿਆ ਹੋਇਆ ਹੈ। ਤਰਸ ਆਉਂਦਾ ਹੈ ਅਜਿਹੇ ਲੋਕਾਂ ‘ਤੇ। ਇੱਥੇ ਨਾਸਤਕਾਂ ਨੂੰ ਵੀ ਰੱਬ ਚੇਤੇ ਆਉਂਦਾ ਹੈ। ਕਿਸੇ ਮਰੀਜ਼ ਦਾ ਸੈੱਲ ਫੋਨ ਖੜਕ ਪਿਆ ਹੈ, ਰਿੰਗ ਟੋਨ ਲਾਈ ਹੋਈ ਹੈ, “ਤੂੰ ਮੇਰਾ ਰਾਖਾ ਸਭਨੀਂ ਥਾਂਈਂ...।” ਸ਼ਾਇਦ ਇਹੋ ਬੋਲ ਹੀ ਡਿਗਦੇ ਤੇ ਢਹਿੰਦੇ ਦਿਲ ਨੂੰ ਧਰਵਾਸਾ ਦਿੰਦੇ ਹੋਣ!

ਇੱਕ ਲੇਖਕ ਦੀ ਉਦਾਸ ਚਿੱਠੀ..........ਬਾਵਾ ਬੋਲਦਾ ਹੈ / ਨਿੰਦਰ ਘੁਗਿਆਣਵੀ



ਮਾਂ ਬੋਲੀ ਪੰਜਾਬੀ ਵਿੱਚ ਲਿਖਣ ਵਾਲੇ ਇੱਕ ਲੇਖਕ ਵੱਲੋਂ ਪੀਲੇ ਕਾਗਜ਼ਾਂ ਉੱਤੇ ਕਾਲੇ ਅੱਖਰਾਂ ਤੇ ਵਿਲਕਦੇ ਸ਼ਬਦਾਂ ਵਿੱਚ ਲਿਪਟੀ ਚਿੱਠੀ ਪੜ੍ਹ ਕੇ ਦਿਲ ਉਦਾਸ ਹੋਇਆ ਹੈ। ਇਹ ਚਿੱਠੀ ਰਾਮਪੁਰਾ ਫੂਲ ਤੋਂ ਪੰਜਾਬੀ ਲੇਖਕ ਦਰਸ਼ਨ ਸਿੰਘ ‘ਪ੍ਰੀਤੀਮਾਨ’ ਨੇ ਲਿਖੀ ਹੈ। ਦਿਲ ਪਸੀਜ ਗਿਆ  ਹੈ, ਜਦ ਪੜ੍ਹਿਆ ਕਿ ਇਹ ਚਿੱਠੀ  ਉਸਨੇ ਆਪਣੇ ਜਾਨੋ ਵੱਧ ਪਿਆਰੇ ਤੇ ਨਿੱਕੇ ਜਿਹੇ, ਇਕਲੌਤੇ ਅੱਠ ਸਾਲਾ ਪੁੱਤਰ ਚੀਨੂੰ ਦੀ ਕਸਮ ਖਾ ਕੇ ਲਿਖੀ ਹੈ। ਪ੍ਰੀਤੀਮਾਨ ਦੇ ਲਿਖੇ ਗੀਤ ਕੁਲਦੀਪ ਮਾਣਕ ਸਮੇਤ ਲੱਗਭਗ ਇਕ ਦਰਜਨ ਕਲਾਕਾਰ ਗਾ ਚੁੱਕੇ ਹਨ। ਪ੍ਰੀਤੀਮਾਨ ਨੇ ਹੁਣ ਤੀਕ  ਕਹਾਣੀਆਂ ਦੀਆਂ ਕਿਤਾਬਾਂ ਲਿਖੀਆਂ, ਨਾਵਲ ਵੀ ਲਿਖੇ, ਕੁਝ ਕਿਤਾਬਾਂ ਦੇ ਨਾਂ ਇਹ ਹਨ, “ਫਸਟ ਅਪ੍ਰੈਲ”, “ਇਹ ਅੱਗ ਕਦੋਂ ਬੁਝੇਗੀ”, “ਝਬੂਲੀਆਂ ਵਾਲੇ ਕਾਂਟੇ”, “ਸਾਕਾ ਗੁਰਦੁਵਾਰਾ ਸਹਿਬ ਦੀ ਲਹਿਰ”, “ਹੱਕ ਮੰਗਦਿਆਂ ਨੂੰ ਗੋਲੀ”(ਗੀਤ ਸੰਗ੍ਰਹਿ), “ਜਾਗੋ ਭੈਣੋ-ਜਾਗੋ ਵੀਰੋ” ਹੁਣ ਤੀਕ ਉਹ 45 ਗੁਰੂਆਂ, ਪੀਰਾਂ, ਸਾਹਿਤਕਾਰਾਂ, ਵਿਗਿਆਨੀਆਂ ਤੇ ਸੂਰਮਿਆਂ ਦੇ  ਕਾਵਿ-ਰੇਖਾ ਚਿਤਰ ਲਿਖ ਚੁੱਕਾ ਹੈ। ਇੱਕ ਹਜ਼ਾਰ ਦੇ ਲਗਭਗ ਉਸਦੇ ਲੇਖ ਤੇ ਕਹਾਣੀਆਂ ਪੇਪਰਾਂ ਵਿੱਚ ਛਪ ਚੁੱਕੇ ਹਨ। ਕਈ ਖਰੜੇ ਛਪਣ ਖੁਣੋਂ ਪਏ ਹੋਏ ਹਨ। ਪ੍ਰੀਤੀਮਾਨ ਇਕੱਲਾ ਕਲਮਕਾਰ ਹੀ ਨਹੀਂ, ਸਗੋਂ ਉਹ ਇੱਕ ਸਮਾਜ ਸੇਵਕ ਵੀ ਹੈ। ਉਸਨੇ ਦੋ ਬੰਦੇ ਸੜਕ ਹਾਦਸੇ ਵਿੱਚੋਂ ਬਚਾਏ। ਇੱਕ ਹੋਟਲ ਨੂੰ ਲੱਗੀ ਅੱਗ ਬੁਝਾਈ ਤੇ ਅਣਗਿਣਤ ਜਾਨਾਂ ਬਚਾਈਆਂ। ਇੱਕ ਲੱਖ ਰੁਪਏ ਦੇ ਗਰੀਬਾਂ ਦੇ ਸੂਰ ਮਰਨੋਂ ਬਚਾਏ। ਸਮਾਜ ਸੇਵਾ ਦਾਨ, ਵਿੱਦਿਆ ਦਾਨ, ਸਾਹਿਤ ਦਾਨ, ਖੂਨਦਾਨ ਦੇਣ ਤੋਂ ਇਲਾਵਾ  ਨੇਤਰਦਾਨ ਕਰਨ ਤੇ ਮਰਨ ਉਪਰੰਤ ਆਪਣਾ ਸਰੀਰ ਦਾਨ ਵੀ ਉਹ ਲਿਖ ਕੇ ਦੇ ਚੁੱਕਾ ਹੋਇਆ ਹੈ। ਦੋ ਵਾਰ ਨੈਸ਼ਨਲ ਤੀਕ ਕਬੱਡੀ ਵੀ ਖੇਡ੍ਹਿਆ ਸੀ। ਪਰ ਜਿ਼ੰਦਗੀ ਦੇ ਧੱਕੇ ਤੇ ਭੁੱਖ-ਦੁੱਖ ਤੇ ਗਰੀਬੀ ਉਸਨੂੰ ਔਝੜ ਰਾਹਾਂ ‘ਤੇ ਲੈ ਗਈ।