ਅੱਜ ਵੀ ਮੌਜੂਦ ਨੇ ਭਾਈ ਘਨੱਈਏ!..........ਬਾਵਾ ਬੋਲਦਾ ਹੈ / ਨਿੰਦਰ ਘੁਗਿਆਣਵੀ

ਸਵੇਰ ਦਾ ਵੇਲਾ ਹੈ। ਅੱਠ ਵੱਜਣ ਵਿੱਚ ਤਿੰਨ ਮਿੰਟ ਬਾਕੀ ਹਨ। ਅਸੀਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ  ਵਿੱਚ ਸਥਾਪਿਤ ਕੈਂਸਰ ਵਿੰਗ ਦੇ ਹਾਲ ਵਿੱਚ ਬੈਠੇ ਹਾਂ। ਸਫਾਈ ਸੇਵਿਕਾ ਸਾਝਰੇ ਦੀ ਆਣ ਕੇ ਆਪਣੇ ਕਾਰਜ ਵਿੱਚ ਰੁੱਝੀ ਹੋਈ ਹੈ। ਲੱਗਭਗ ਪੰਜਾਹ ਬੰਦੇ-ਬੁੜ੍ਹੀਆਂ ਕੁਰਸੀਆਂ ਉੱਤੇ ਅਧਮੋਏ ਜਿਹੇ ਬੈਠੇ ਹਨ। ਕੁਝ ਆਪਸ ਵਿੱਚ ਗੱਲਾਂ ਕਰ ਹਰੇ ਹਨ। ਕੁਝ ਦੇ ਨਾਲ ਆਏ ਘਰ ਦੇ ਮੈਂਬਰ ਸੋਗੀ ਅਵਸਥਾ ਵਿੱਚ ਹਨ। ਨਾਮੁਰਾਦ ਬਿਮਾਰੀ ਦੇ ਨਪੀੜੇ ਫਿਕਰਾਂ ਦੇ ਲੱਦੇ ਹੋਏ ਹਨ। ਇਹ ਕੈਂਸਰ ਦੇ ਮਰੀਜ਼  ਦੂਰੋਂ-ਦੂਰੋਂ ਸੇਕੇ (ਰੇਡੀਏਸ਼ਨ) ਲਵਾਉਣ ਲਈ ਆਏ ਹਨ। ਕਿਸੇ ਦੇ ਪੈਂਤੀ ਸੇਕੇ ਲੱਗਣੇ ਹਨ, ਕਿਸੇ ਦੇ ਪੱਚੀ ਲੱਗਣੇ ਹਨ। ਕਿਸੇ ਦੇ ਸਤਾਈ, ਕਿਸੇ ਪੰਜ ਤੇ ਕਿਸੇ ਦੇ ਗਿਆਰਾਂ ਸੇਕੇ ਲੱਗਣੇ ਹਨ। ਇੱਕ ਸਮਾਜ ਸੇਵੀ ਸੰਸਥਾ ਦੇ ਕਾਰਕੁੰਨ ਅੰਦਰ ਆਉਂਦੇ ਹਨ। ਮਰੀਜ਼ਾਂ ਲਈ ਦੁੱਧ ਤੇ ਰਸ ਲਿਆਏ ਹਨ। ਕਿਸੇ ਦੀ ਰੂਹ ਨਹੀਂ ਕਰਦੀ ਦੁੱਧ ਪੀਣ ਤੇ ਰਸ ਖਾਣ ਨੂੰ। ਕੋਈ ਵੀਲ ਚੇਅਰ ‘ਤੇ ਤੜਫ਼ ਰਿਹਾ ਹੈ। ਕੋਈ ਸਟਰੈਚਰ ਉਤੇ ਪਿਆ ਤਰਲੋ-ਮੱਛੀ ਹੋ ਰਿਹਾ ਹੈ। ਜਿਸ ਤੋਂ ਕੁਰਸੀ ‘ਤੇ ਬੈਠਾ ਨਹੀਂ ਗਿਆ...ਉਹ ਫਰਸ਼ ‘ਤੇ ਲੇਟਿਆ ਹੋਇਆ ਹੈ। ਤਰਸ ਆਉਂਦਾ ਹੈ ਅਜਿਹੇ ਲੋਕਾਂ ‘ਤੇ। ਇੱਥੇ ਨਾਸਤਕਾਂ ਨੂੰ ਵੀ ਰੱਬ ਚੇਤੇ ਆਉਂਦਾ ਹੈ। ਕਿਸੇ ਮਰੀਜ਼ ਦਾ ਸੈੱਲ ਫੋਨ ਖੜਕ ਪਿਆ ਹੈ, ਰਿੰਗ ਟੋਨ ਲਾਈ ਹੋਈ ਹੈ, “ਤੂੰ ਮੇਰਾ ਰਾਖਾ ਸਭਨੀਂ ਥਾਂਈਂ...।” ਸ਼ਾਇਦ ਇਹੋ ਬੋਲ ਹੀ ਡਿਗਦੇ ਤੇ ਢਹਿੰਦੇ ਦਿਲ ਨੂੰ ਧਰਵਾਸਾ ਦਿੰਦੇ ਹੋਣ!
ਪਹਿਲਾਂ ਲੋਕ ਬੀਕਾਨੇਰ ਤੇ ਹੋਰ ਥਾਵਾਂ ‘ਤੇ ਜਾਂਦੇ ਸਨ ਤੇ ਹੁਣ ਜਦ ਤੋਂ ਫਰੀਦਕੋਟ ਕੈਂਸਰ ਦੀ ਬਿਮਾਰੀ ਦਾ ਇਲਾਜ ਹੋਣ ਲੱਗ ਪਿਆ ਹੈ ਤਾਂ ਲੋਕ ਇੱਧਰ ਨੂੰ ਵਹੀਰਾਂ ਘੱਤਣ ਲੱਗੇ ਹਨ। ਜਦ ਤੋਂ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸ਼ਵਿੰਦਰ ਸਿੰਘ ਗਿੱਲ ਆਏ ਹਨ, ਤਦ ਤੋਂ ਉਹਨਾਂ ਇਸ ਨੂੰ ਬੜੀ ਗੰਭੀਰਤਾ ਨਾਲ ਲਿਆ ਹੈ ਅਤੇ ਸਪੈਸ਼ਲ ਵਿੰਗ ਬਣਾ ਕੇ, ਮਹਿੰਗੀਆਂ ਤੋਂ ਮਹਿੰਗੀਆਂ ਮਸ਼ੀਨਾਂ ਮੰਗਵਾ ਕੇ ਸਥਾਪਤ ਕਰਵਾ ਦਿੱਤੀਆਂ ਹਨ। ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਲਭਦੀ। ਡਾਕਟਰਾਂ ਦਾ ਮਰੀਜ਼ਾਂ ਪ੍ਰਤੀ ਰਵੱਈਆ ਬੜੀ ਹਮਦਰਦੀ ਤੇ ਸਦਭਾਵਨਾ ਵਾਲਾ ਹੈ। ਬਹੁਤ ਸਾਰੇ ਮਰੀਜ਼ ਠੀਕ ਹੋ ਕੇ ਘਰੀਂ ਪਰਤੇ ਹਨ ਤੇ ਡਾਕਟਰਾਂ ਦਾ ਰੱਬ ਵਾਂਗ ਸ਼ੁਕਰੀਆ ਅਦਾ ਕਰਦੇ ਹਨ। ਅਜਿਹੇ ਕਈ ਲੋਕ ਮੈਨੂੰ ਮਿਲੇ, ਜੁ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ ਆਏ ਹੋਏ ਸਨ। ਮੈਨੂੰ ਪੂਰਾ ਇੱਕ ਹਫ਼ਤਾ ਇਸ ਵਿੰਗ ਵਿੱਚ ਸਵੇਰੇ-ਸਵੇਰੇ ਆਪਣੇ ਮਰੀਜ਼ ਨਾਲ ਜਾਣਾ ਪੈਂਦਾ ਰਿਹਾ। ਕੈਂਸਰ ਜਿਹੀ ਭਿਆਨਕ ਬਿਮਾਰੀ ਦਾ ਖਤਰਨਾਕ ਸਾਇਆ ਮਰੀਜ਼ਾਂ ਦੇ ਚਿਹਰੇ ‘ਤੇ ਹਾਵੀ ਹੋਇਆ ਦੇਖਕੇ ਹਰੇਕ ਸੰਵੇਦਨਸ਼ੀਲ ਮਨੁੱਖ ਦਿਲ ਫੜ ਲੈਂਦਾ ਹੈ। ਸਿਤਮ ਦੇਖੋ ਕਿ ਲੋਕ ਕੈਂਸਰ ਦਾ ਨਾਂ ਲੈਣ ਤੋਂ ਵੀ ਏਨਾ ਖੌਫ਼ ਖਾਂਦੇ ਹਨ  ਤੇ ਗੱਲ ਕਰਨ ਲੱਗਿਆਂ ਇਹੀ ਕਹਿੰਦੇ ਹਨ, “ਭਾਈ, ਸਾਡੇ ਵੀ ਫਲਾਣੇ ਨੂੰ ਦੂਜੀ ਬਿਮਾਰੀ ਸੀ।”
ਜਿਸ ਦਿਨ ਅਸੀਂ ਗਏ ਸੀ, ਉਸ ਦਿਨ ਚੈੱਕ ਕਰਵਾਉਣ ਪਿਛਲੇ ਦਿਨਾਂ ਤੋਂ ਮਰੀਜ਼ਾਂ ਦੀ ਜਿਹੜੀ ਫਾਈਲ ਚੱਲ ਰਹੀ ਸੀ, ਉਸ ਦਿਨ ਗਿਣਤੀ 2398 ਸੀ ਤੇ ਪੰਜਾਂ ਦਿਨਾਂ 2432 ਹੋ ਗਈ। ਇਸ ਤੋਂ ਬਿਨਾਂ ਉਹ ਮਰੀਜ਼ ਵੱਖਰੇ ਹਨ, ਜਿਹੜੇ ਵਾਰਡਾਂ ਵਿੱਚ ਦਾਖਲ ਪਏ ਹਨ। ਕਿਸੇ ਦੀ ਸਰਜਰੀ ਹੋਣੀ ਹੈ, ਕਿਸੇ ਦੀ ਹੋ ਚੁੱਕੀ ਹੈ। ਕਿਸੇ ਦਾ ਦਵਾਈ ਨਾਲ ਇਲਾਜ ਹੋ ਰਿਹਾ ਹੈ। ਇੰਨ੍ਹਾਂ ਮਰੀਜ਼ਾਂ ਤੇ ਉਹਨਾਂ ਦੇ ਨਾਲ ਆਏ ਸਾਥੀਆਂ ਨੂੰ ਸਮਾਜ ਸੇਵੀ ਕੈਪਟਨ ਧਰਮ ਸਿੰਘ ਗਿੱਲ ਤੇ ਉਸਦੇ ਸਾਥੀ ਰੋਜ਼ਾਨਾ ਪਿੰਡਾਂ ਵਿੱਚੋਂ ਲੰਗਰ ਲਿਜਾ ਕੇ ਪ੍ਰਦਾਨ ਕਰਦੇ ਹਨ। 
ਤਿੰਨ ਮਿੰਟ ਬੀਤ ਗਏ ਹਨ। ਪੂਰੇ ਅੱਠ ਵੱਜ ਗਏ ਹਨ, ਨਾ ਇੱਕ ਮਿੰਟ ਏਧਰ, ਨਾ ਓਧਰ। ਸਾਹਮਣਿਓਂ ਲੰਬੇ ਕੱਦ ਵਾਲਾ ਨੌਜਵਾਨ ਤੁਰਿਆ ਆ ਰਿਹਾ ਹੈ। ਉਸਦੇ ਕਦਮਾਂ ਵਿੱਚ ਚੁਸਤੀ ਹੈ। ਚਿਹਰੇ ‘ਤੇ ਗੰਭੀਰਤਾ ਹੈ। ਸੱਜੇ ਹੱਥ ਲੈਪਟੌਪ ਵਾਲਾ ਕਾਲਾ ਬੈਗ ਫੜਿਆ ਹੋਇਆ। ਗਲ ਵਿੱਚ ਸਟੈਥੋਸਕੋਪ। ਚਿੱਟਾ ਕੋਟ ਹੈ ਤੇ ਕੋਟ ਦੀ ਜੇਬ ਉੱਤੇ ਉਸਦਾ ਨਾਂ ਉਕਰਿਆ ਹੋਇਆ ਹੈ-ਡਾ.ਪਰਮਜੀਤ ਸਿੰਘ ‘ਰਾਜਾ’। ਉਸਨੂੰ ਹਾਲ ਵੱਲ ਆਉਂਦਿਆਂ ਦੇਖ ਸਾਰੇ ਮਰੀਜ਼ ਹਰਕਤ ਵਿੱਚ ਆ ਗਏ ਹਨ ਤੇ ਆਪਸ ਵਿੱਚ ਗੱਲਾਂ ਕਰਨੋ ਹਟ ਗਏ ਹਨ। ਲਗਦਾ ਹੈ ਜਿਵੇਂ ਸਭਨਾ ਦੇ ਸੁੱਤੇ ਤੇ ਮੁਰਝਾਏ ਚਿਹਰੇ ਜਾਗ ਪਏ ਹੋਣ। ਮਰੀਜ਼ ਆਪਣੀਆਂ-ਆਪਣੀਆਂ ਥਾਵਾਂ ਤੋਂ ਹਿੱਲਣ ਲੱਗੇ ਹਨ। ਬੜੀ ਹਲੀਮੀ ਨਾਲ ਲੋਕਾਂ ਦਾ ਸਤਿਕਾਰ ਕਬੂਲਦਾ ਡਾ.ਰਾਜਾ ਆਪਣੇ ਕਮਰੇ ਵਿੱਚ ਚਲੇ ਜਾਂਦਾ ਹੈ। ਉਸਦੇ ਮਗਰੇ ਹੀ ਕਮਰੇ ਵਿੱਚ ਅੰਤਾਂ ਦੀ ਬੀੜ ਜੁੜ ਜਾਂਦੀ ਹੈ।  ਲੋਕ ਕਾਹਲੇ ਪੈ ਗਏ ਹਨ। ਲੋਕ ਆਪਸ ਵਿੱਚ ਖਿਝਦੇ ਹਨ ਪਰ ਡਾਕਟਰ ਸ਼ਾਂਤ ਹੈ ਤੇ ਦੂਜਿਆਂ ਨੂੰ ਵੀ ਸ਼ਾਂਤ ਰਹਿਣ ਲਈ ਆਖਦਾ ਹੈ। ਉਸਨੂੰ ਕੋਈ ਕਾਹਲ ਨਹੀਂ। ਹਰੇਕ ਮਰੀਜ਼ ਲਈ ਖੁੱਲ੍ਹਾ ਵੇਲਾ ਕੱਢ ਰਿਹਾ ਹੈ, ਇੰਝ ਲਗਦਾ ਹੈ ਜਿਵੇਂ ਘਰ ਦਾ ਕੋਈ ਮੈਂਬਰ ਹੀ ਆਪਣੇ ਕਿਸੇ ਦਾ ਹਾਲ-ਚਾਲ ਪੁੱਛ ਰਿਹਾ ਹੋਵੇ!  ਉਸਦਾ ਇੱਕ-ਇੱਕ ਬੋਲ ਮਰੀਜ਼ ਨੂੰ ਠੰਢਕ ਦੇਣ ਵਾਲਾ ਹੈ। ਇਹ ਦੇਖ ਕੇ ਮੈਨੂੰ ਇੱਕ ਹਸਪਤਾਲ ਵਿੱਚ ਮਿਲੇ ਨਿਊਰੋ ਸਰਜਨ ਡਾ.ਸੋਟਾ ਸਾਹਿਬ ਦਾ ਚੇਤਾ ਆ ਗਿਆ। ਜਿਸ ਨਾਲ ਕੁਝ ਦਿਨ ਪਹਿਲਾਂ ਹੀ ‘ਵਾਹ’ ਪਿਆ ਸੀ। ਬੜਾ ਕੌੜਾ ਸੁਭਾਅ। ਡਾਕਟਰ ਘੱਟ ਤੇ ਕਸਾਈ ਵੱਧ ਲਗਦਾ ਸੀ। ਇਵੇਂ ਲੱਗੇ ਜਿਵੇਂ ਮਰੀਜ਼ ਦੇ ਮਗਰ ਹੁਣੇ ‘ਡਾਂਗ’ ਚੁੱਕ ਕੇ ਪੈ ਜਾਵੇਗਾ। ਖ਼ੈਰ! ਉਸ ਡਾ. ਸੋਟਾ ਸਾਹਬ ਬਾਰੇ ਵੀ ਕਿਸੇ ਅਗਲੇ ਕਾਲਮ ਵਿੱਚ ਗੱਲ ਲਾਜ਼ਮੀ ਕਰਾਂਗੇ। ਮੈਂ ਸੋਚਣ ਲੱਗਿਆ ਕਿ ਇੱਕ ਪਾਸੇ ਆਹ ਡਾਕਟਰ ਵੀ ਹੈ ਤੇ ਦੂਜੇ ਪਾਸੇ ਸੋਟਾ ਸਾਹਬ ਵੀ। ਕਿੰਨਾਂ ਅੰਤਰ ਹੈ ਦੋਵਾਂ ਵਿੱਚ। ਬਹੁਤ ਦੂਰੋਂ ਕਿਤੋਂ ਆਈ ਇੱਕ ਬੁੱਢੀ ਮਾਈ ਡਾ.ਰਾਜੇ ਨੂੰ ਕਹਿੰਦੀ ਹੈ,“ਵੇ ਭਾਈ ਪੁੱਤਾ, ਤੂੰ ਮੇਰਾ ਅੱਧਾ ਕੈਂਸਰ ਤਾਂ ਆਬਦੀ ਬੋਲ-ਬਾਣੀ ਨਾਲ ਈ ਹਟਾ ਦਿੱਤਾ ਵੇ...ਰੱਬ ਕਰੇ ਤੂੰ ਸਾਰੀ ਜਿ਼ੰਦਗੀ ਸੁਖ ਪਾਵੇਂ...ਠੰਢੀਆਂ ਛਾਵਾਂ ਮਾਣੇ ਮੇਰਿਆ ਰਾਜਿਆ ਪੁੱਤਾ...ਮੈਂ ਤੁਰਨ-ਫਿਰਨ ਤੇ ਖਾਣ-ਪੀਣ ਲੱਗਗੀ...।” ਆਪਣੇ ਇੱਕ ਡਾਕਟਰ ਨੂੰ, ਇੱਕ ਬੁੱਢੀ ਮਾਂ ਮਰੀਜ਼ ਵੱਲੋਂ ਇਉਂ ਅਣਮੁੱਲੀ ਅਸੀਸ ਦਿੰਦੀ ਦੇਖ-ਸੁਣ ਕੇ ਮੇਰਾ ਮਨ ਭਰ ਆਇਆ। ਇੱਕ ਮਜ਼ਦੂਰ ਜੋੜਾ ਆਪਣੇ ਚਾਰ ਸਾਲਾਂ ਦੇ ਬਾਲਕ ਨੂੰ ਲੈ ਕੇ ਆਇਆ ਹੋਇਆ ਸੀ। ਬਹੁਤ ਪਿਆਰੇ ਜਿਹੇ ਬਾਲਕ ਦੇ ਸਿਰ ਤੋਂ ਝੜ ਚੁੱਕੇ ਵਾਲ ਮੁੜ ਆਉਣ ਲੱਗ ਪਏ ਸਨ। ਮਾਂ-ਪਿਓ ਨੇ ਡਾਕਟਰ ਨੂੰ ਬੜੇ ਉਤਸ਼ਾਹ ਨਾਲ ਦੱਸਿਆ ਕਿ ਉਹਨਾਂ ਦਾ ਪੁੱਤਰ ਹੁਣ ਬਹੁਤ ਠੀਕ ਹੋ ਗਿਆ ਹੈ। ਡਾਕਟਰ ਨੇ ਪੋਲਾ ਜਿਹਾ ਠੋਲ੍ਹਾ ਬਾਲਕ ਦੀ ਗੱਲ੍ਹ ‘ਤੇ ਲਾਇਆ ਤਾਂ ਬਾਲਕ ਮੁਸਕਰਾ ਪਿਆ। ਉਸਨੂੰ ਦੇਖ ਕੇ ਡਾਕਟਰ ਵੀ ਮੁਸਕ੍ਰਾਇਆ, ਉਦੋਂ ਬਾਲਕ ਦੇ ਮਾਪਿਆਂ ਦੀ ਅੱਖਾਂ ਵਿਚਲੀ ਲਿਸ਼ਕ ਦੇਖਣ ਵਾਲੀ ਸੀ, ਜਿਹੜੀ ਮੈਂ ਤੱਕੀ। ਇੱਕ ਦਿਨ ਵਾਈਸ ਚਾਂਸਲਰ ਡਾ.ਗਿੱਲ ਵਾਰਡ ਵਿਚ ਰਾਊਂਡ ਕਰਦੇ ਦੇਖੇ। ਉਹ ਮਰੀਜ਼ ਕੋਲ ਜਾਂਦੇ, ਉਸਦੇ ਮੱਥੇ ‘ਤੇ ਹੱਥ ਰਖਦੇ ਤੇ ਫਿਰ ਬੜੀ ਹੀ ਬਾਰੀਕੀ ਨਾਲ ਮਰੀਜ਼ ਦਾ ਹਾਲ-ਚਾਲ ਜਾਣਦੇ। ਉਸ ਵੇਲੇ ਮਰੀਜ਼ ਨੂੰ ਜਿਹੜਾ ਸਕੂਨ ਤੇ ਤਸੱਲੀ ਮਿਲਦੀ ਸੀ, ਉਹ ਦੇਖਿਆਂ ਹੀ ਬਣਦੀ ਸੀ। ਇਹ ਦੇਖਕੇ ਮੈਨੂੰ ਆਪਣੀਆਂ ਲੰਡਨ ਤੇ ਆਸਟ੍ਰੇਲੀਆ ਦੀਆਂ ਯਾਤਰਾਵਾਂ ਯਾਦ ਆ ਗਈਆਂ, ਜਦ ਮੈਂ ਉਥੋਂ ਦੇ ਕੁਝ ਕੇਅਰ-ਸੈਂਟਰਾਂ ਵਿੱਚ ਗਿਆ ਸਾਂ, ਜਿੱਥੇ ਬਹੁਤ ਸਾਰੇ ਲੋਕ ਦਾਖਲ ਸਨ, ਉਥੋਂ ਦੀਆਂ ਨਰਸਾਂ ਤੇ ਡਾਕਟਰ ਮਰੀਜ਼ਾਂ ਦੀ ਏਨੀ ਟਹਿਲ-ਸੇਵਾ ਤੇ ਉਹਨਾਂ ਨੂੰ ਏਨਾ ਡਾਹਢਾ ਪਿਆਰ ਕਰ ਰਹੇ ਸਨ, ਜਿੰਨਾ ਉਹਨਾਂ ਮਰੀਜ਼ਾਂ ਨੂੰ ਕਦੇ ਆਪਣੇ ਘਰਾਂ ‘ਚੋਂ ਨਹੀਂ ਮਿਲਿਆ ਹੋਣਾ! ਡਾਕਟਰ ਮੁਸਕ੍ਰਹਟਾਂ ਵੰਡਦੇ। ਮਰੀਜ਼ਾਂ ਨਾਲ ਹੱਥ ਮਿਲਾਉਂਦੇ। ਹਾਸਾ-ਠੱਠਾ ਕਰਦੇ ਤੇ ਆਪਸ ਵਿੱਚ ਮਖੌਲੋ-ਮਖੌਲੀ ਵੀ ਹੋ ਰਹੇ ਸਨ। ਰੁਮਾਲ ਨਾਲ ਮਰੀਜ਼ਾਂ ਦਾ ਮੂੰਹ-ਮੱਥਾ ਪੂੰਝਦੇ। ਜਿਵੇਂ ਕਿਸੇ ਕੱਚ ਦੇ ਬਣੇ ਸਰੀਰ ਨੂੰ ਸੰਭਾਲਣਾ ਹੋਵੇ...ਇੰਝ ਹੀ ਉਠਾਉਂਦੇ, ਬਹਾਉਂਦੇ ਤੇ ਲਿਟਾਉਂਦੇ। ਇਹ ਦੇਖਕੇ ਮੇਰਾ ਦਿਲ ਕੁਦਰਤ ਨੂੰ ਬੇਨਤੀ ਕਰਨ ਲਈ ਕੀਤਾ ਸੀ ਕਿ ਹੇ ਕੁਦਰਤੇ...ਜੇ ਕਦੇ ਮੇਰੇ ਲਈ ਅਜਿਹਾ ਮੌਕਾ ਲਿਆਂਦਾ ਵੀ ਤਾਂ ਇੰਡੀਆ ਵਿੱਚ ਨਾ ਲਿਆਂਵੀ, ਸਗੋਂ ਕਿਤੇ ਅਜਿਹੇ ਮੁਲਕ ਵਿੱਚ ਹੀ ਲਿਆਵੀ ਤਾਂ ਕਿ ਮੈਂ ਸੌਖੀ ਮੌਤ ਮਰ ਸਕਾਂ!
ਜੇਕਰ ਸਾਡੇ ਬਹੁਤ ਸਾਰੇ ਅਜੋਕੇ ਡਾਕਟਰ, ਅਜਿਹੇ ਕੁਝ ਵਿਰਲੇ ਟਾਂਵੇ ਮਨੁੱਖੀ  ਭਾਵਨਾਵਾਂ ਨਾਲ ਭਰੇ ਹੋਏ ਡਾਕਟਰਾਂ ਵੱਲ ਦੇਖ ਕੇ, ਕੋਈ ਚੰਗਾ ਸਬਕ ਹੀ ਸਿੱਖ ਲੈਣ, ਤਾਂ ਅਵੱਸ਼ ਹੀ ਸਾਡੇ ਸਮਾਜ ਦਾ ਭਲਾ ਹੋਵੇਗਾ। ਜੇਕਰ ਮਰੀਜ਼ ਘਰ ਦਿਖਾਉਣ ਜਾਵੇ ਤਾਂ ਬੜੀ ਗਹੁ ਨਾਲ ਦੇਖਦੇ ਹਨ, ਓ.ਪੀ.ਡੀ ਵਿੱਚ ਦੇਖਣ ਲਈ ਵਤੀਰਾ ਤੇ ਵੇਲਾ ਹੋਰ ਹੁੰਦਾ ਹੈ। ਸ਼ੁਕਰ ਹੋਵੇ...ਜੇ ਉਹ ਆਪਣੇ ਘਰਾਂ ਵਿੱਚ ਖੋਲ੍ਹੀਆਂ ਹੱਟੀਆਂ ਬੰਦ ਕਰ ਦੇਣ, ਮੋਟੀ ਮਿਲਦੀ ਤਨਖਾਹ ਨਾਲ ਹੀ ਰੱਬ ਉਹਨਾਂ ਨੂੰ ਸਤੁੰਸ਼ਟੀ ਦੇ ਦੇਵੇ, ਉਹ ਮਨੁੱਖਤਾ ਦਾ ਕੁਝ ਤਾਂ ਭਲਾ ਸੋਚਣ, ਜੇ ਅਜਿਹਾ ਹੋ ਜਾਵੇ ਤਾਂ ਸਾਡਾ ਸਮਾਜ ਉਹਨਾਂ ਨੂੰ ਜ਼ਰੂਰ ਹੀ ਭਾਈ ਘਨੱਈਏ ਨੂੰ ਦਿੱਤੇ ਸਤਿਕਾਰ ਜਿਹਾ ਸਤਿਕਾਰ ਦੇਵੇਗਾ। ਜ਼ਰੂਰ ਦੇਵੇਗਾ!                  
****