ਰਾਜਿੰਦਰ ਨਾਗੀ ਦਾ ਪਲੇਠਾ ਕਾਵਿ-ਸੰਗ੍ਰਹਿ ‘ਸਾਉਣ ਦੀਆਂ ਕਣੀਆਂ’.......... ਪੁਸਤਕ ਚਰਚਾ / ਬਲਜਿੰਦਰ ਸੰਘਾ

ਚਰਚਾ ਕਰਤਾ- ਬਲਜਿੰਦਰ ਸੰਘਾ (ਫੋਨ 1403-680-3212)
ਲੇਖਕ – ਰਾਜਿੰਦਰ ਨਾਗੀ
ਪ੍ਰਕਾਸ਼ਕ- ਵਿਸ਼ਵ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ -140 ਰੁਪਏ  
ਰਾਜਿੰਦਰ ਨਾਗੀ ਦਾ ਜਨਮ ਜਿ਼ਲਾ ਫਰੀਦਕੋਟ (ਪੰਜਾਬ) ਦੇ ਪਿੰਡ ਢੁੱਡੀ ਵਿਚ ਹੋਇਆ। ਉਹ ਆਪਣੀ ਪਛਾਣ ਇੱਕ ਗੀਤਕਾਰ ਦੇ ਰੂਪ ਵਿਚ ਬਣਾ ਚੁੱਕਾ ਹੈ। ਨੌਜਾਵਨ ਹੋਣ ਕਰਕੇ ਉਸਦੇ ਗੀਤਕਾਰੀ ਦੇ ਵਿਸ਼ੇ ਵੀ ਪਿਆਰ ਮਹੁੱਬਤ ਦੇ ਅਥਾਹ ਡੂੰਘੇ ਸਮੁੰਦਰ ਵਿਚ ਚੁੱਭੀਆਂ ਮਾਰਦੇ ਹਨ ਅਤੇ ਉੱਥੋਂ ਵਿੱਛੜ ਚੁੱਕੇ ਸੱਜਣਾਂ ਲਈ ਨਿਹੋਰੇ, ਦਰਦ ਉਹਨਾਂ ਦੀਆਂ ਯਾਦਾਂ ਅਤੇ ਹੁਸਨ ਦੀ ਤਰੀਫ ਰੂਪੀ ਗੀਤਕਾਰੀ ਕੱਢਕੇ ਲਿਆੳਂੁਦੇ ਹਨ। ਬੇਸ਼ਕ ਉਹ ਗੀਤਕਾਰੀ ਵਿਚ ਉੱਭਰ ਰਿਹਾ ਹੈ ਅਤੇ ਉਹਦੇ ਕਾਫੀ ਗੀਤ ਵੱਖ-ਵੱਖ ਗਾਇਕ/ਗਾਇਕਵਾਂ ਦੀ ਅਵਾਜ਼ ਵਿਚ ਰਿਕਾਰਡ ਹੋ ਚੁੱਕੇ ਹਨ। ਪਰ ਇਸ ਤੋਂ ਇਲਾਵਾ ਉਹ ਸਾਹਿਤ ਦੀਆਂ ਹੋਰ ਵਿਧਾਵਾਂ ਨਾਲ ਵੀ ਗੂੜੀ ਸਾਂਝ ਰੱਖਦਾ ਹੈ। ਇਸ ਕਰਕੇ ਉਸਦੀਆਂ ਮਿੰਨੀ ਕਹਾਣੀਆਂ ਵੀ ਅਖ਼ਬਾਰਾਂ ਵਿਚ ਛਪਦੀਆਂ ਰਹਿੰਦੀਆਂ ਹਨ। ਹਰ ਸਮੇਂ ਉਸਾਰੂ ਬਿਰਤੀਆਂ ਨਾਲ ਕਾਰਜ਼ਸ਼ੀਲ ਰਹਿਣ ਵਾਲਾ ਅਤੇ ਆਪਣੀ ਹਿੰਮਤ ਨਾਲ ਅੱਗੇ ਵੱਧਣ ਵਾਲਾ ਇਹ ਨੌਜਵਾਨ ਹੁਣ ਆਪਣੀ ਕਵਿਤਾ ਨੂੰ ਪਲੇਠੇ ਕਾਵਿ-ਸੰਗ੍ਰਹਿ ‘ਸਾਉਣ ਦੀਆਂ ਕਣੀਆਂ’ ਦੇ ਰੁਪ ਵਿਚ ਲੈਕੇ ਹਾਜ਼ਰ ਹੋਇਆ ਹੈ। 
ਜਿਸ ਤਰਾਂ ਮੈਂ ਸ਼ੁਰੂ ਵਿਚ ਲਿਖਿਆ ਹੈ ਕਿ ਉਸਦਾ ਜਵਾਨ ਦਿਲ ਜਵਾਨੀ ਦੀਆਂ ਕਹਾਣੀਆਂ ਗੀਤਾਂ ਵਿਚ ਪਾੳਂਦਾ ਹੈ। ਉਸੇ ਤਰ੍ਹਾਂ ਉਸਦਾ ਪਹਿਲਾ ਕਾਵਿ ਸੰਗ੍ਰਹਿ ਵੀ ਵਿਛੜੇ ਸੱਜਣ ਜਾਂ ਅਸਫਲ ਪਿਆਰ ਜਿਸ ਵਿਚ ਉਹ ਸਮਾਜ ਦੀਆਂ ਰੀਤਾਂ, ਬੰਧਨਾਂ ਨੂੰ ਬਹੁਤਾ ਜਿ਼ੰਮੇਵਾਰ ਠਹਿਰਾਉਦਾ ਹੈ ਅਤੇ ਇੱਕ ਪ੍ਰੇਮੀ ਦੇ ਆਪਣੀ ਮਹਿਬੂਬਾਂ ਨਾਲੋਂ ਵਿਛੜਨ ਤੋਂ ਬਾਅਦ ਦਿਲ ਦੀ ਕਰੂਣਾਮਈ ਹਾਲਤ ਵਿਚੋਂ ਉਪਜੀ ਕਵਿਤਾ ਹੀ ਇਸ ਕਾਵਿ-ਸੰਗ੍ਰਹਿ ਵਿਚ ਪੇਸ਼ ਕੀਤੀ ਗਈ ਹੈ। ਵਿਛੋੜੇ ਦੇ ਦਰਦ ਦੀ ਗਹਿਰਾਈ ਨੂੰ ਆਪਣੀਆਂ ਕਵਿਤਾਵਾਂ ਦਾ ਵਿਸ਼ਾ ਬਣਾਉਦਾ ਹੋਇਆ ਦਿਲ ਦੇ ਦੁੱਖ ਵਿਚ ਜਿ਼ੰਦਗੀ ਦੀ ਪੂਰੀ ਤਸਵੀਰ ਪੇਸ਼ ਕਰਦਾ ਹੈ। ਇਸ ਹਾਲਤ ਵਿਚ ਜੋ ਤਸਵੀਰ ਆਮ ਕਰਕੇ ਅਚੇਤ ਹੀ ਬਣਦੀ ਹੈ ਉਸ ਅਨੁਸਾਰ ਹੀ ਉਸਦੀ ਸਾਰੀ ਕਵਿਤਾ ਇਸ ਕਾਵਿ-ਸੰਗ੍ਰਹਿ ਵਿਚ ਘੁੰਮਦੀ ਜਾਂਦੀ ਹੈ। ਇਹ ਉਹ ਸਮਾਂ ਬਿਆਨਦੀ ਕਵਿਤਾ ਹੈ ਜਦੋਂ ਦੁਨੀਆਂ ਦੇ ਕਿਸੇ ਰੰਗ ਨਾਲ ਵਾਹ-ਵਾਸਤਾ ਨਹੀਂ ਰਹਿੰਦਾ ਅਤੇ ਹਰ ਪਾਸੇ ਸੱਜਣ ਦੇ ਵਿਛੋੜੇ ਕਾਰਨ ਦੁਨੀਆਂ ਬੇਰੰਗ ਹੋਈ ਜਾਪਦੀ ਜਿਵੇਂ ਉਹ ਕੁਝ ਕਵਿਤਾਵਾਂ ਵਿਚ ਬੜੇ ਸੋਹਣੇ ਢੰਗ ਨਾਲ ਕਹਿੰਦਾ ਹੈ-
                  ਇਹ ਜਿ਼ੰਦਗੀ ਕਿਸੇ ਸ਼ਮਸ਼ਾਨ ਜਿਹੀ
                  ਜਾ ਬੱਦਲਾਂ ਨਾਲ ਢਕੇ ਅਸਮਾਨ ਜਿਹੀ (ਸਫਾ 27)
                  ਦੁੱਖੜੇ ਉੱਗੇ ਦਿਲ ਦੀ ਕੱਲਰੀ ਧਰਤੀ ਉੱਤੇ ਸੱਜਣਾ
                 ਹੌਕਿਆਂ ਦੀ ਨੇਰ੍ਹੀ ਝੁੱਲਦੀ, ਜਦ ਤੇਰੀ ਯਾਦ ਆਉਂਦੀ ਐ (ਸਫਾ 53)
                 ਸੁੰਨੀਆਂ ਰਾਤਾਂ ਵੀ ਹੁਣ ਦਿਲ ਤਾਈ ਨੋਚ-ਨੋਚ ਖਾਦੀਆਂ
                 ਚੰਨ ਦਿਸੇ ਨਾ ਹੱਸਦਾ ਨਾਲੇ ਉਹ ਤਾਰੇ ਨਹੀਂ ਦਿੱਸਦੇ (ਸਫਾ 62)
ਰਾਜਿੰਦਰ ਨਾਗੀ ਦੀ ਇਸ ਸੰਗ੍ਰਹਿ ਵਿਚ ਸ਼ਾਮਿਲ ਸਾਰੀ ਕਵਿਤਾ ਦਾ ਵਿਸ਼ਾ ਇੱਕ ਹੀ ਹੈ। ਪਰ ਸਾਰੀ ਕਿਤਾਬ ਦੀ ਕਵਿਤਾ ਨੂੰ ਇਕ ਕਰਕੇ ਦੇਖੀਏ ਤਾਂ ਪ੍ਰਤੀਬੱਧਤਾ ਦਾ ਚਿੰਨ ਹੈ। ਉਹ ਸਾਰੀ ਕਵਿਤਾ ਵਿਚ ਆਪਣੇ ਸੱਜਣ ਲਈ ਤੜਫਦਾ ਹੈ ਅਤੇ ਏਧਰੋਂ ਟੁੱਟ ਉਧਰ ਜੁੜਨ ਨੂੰ ਨਿਕਾਰਦਾ ਹੈ ਅਤੇ ਅੱਜ ਦੇ ਸਮੇਂ ਵਿਚ ਜਿੱਥੇ ਲੋਕ ਪੈਰ-ਪੈਰ ਤੇ ਰੰਗ ਬਦਲਦੇ ਹਨ ਅਤੇ ਹਰ ਪਾਸੇ ਤੋਂ ਫਾਇਦੇ ਦੀ ਗੱਲ ਸੋਚਦੇ ਹਨ। ਵੱਡੇ-ਵੱਡੇ ਨੇਤਾ ਰਾਤੇ-ਰਾਤ ਪਾਰਟੀਆਂ ਬਦਲ ਲੈਂਦੇ ਹਨ ਅਤੇ ਜੰਨਤਾ ਬਿਨਾਂ ਕਿਸੇ ਸਵਾਲ ਦੇ ਝੱਟ ਉਹਨਾਂ ਦੇ ਫੈਸਲੇ ਤੇ ਫੁੱਲ ਝੜਾਉਂਦੀ ਹੈ। ਕਿਸੇ ਵਿਚ ਕੋਈ ਸਥਿਰਤਾ ਨਜ਼ਰ ਨਹੀਂ ਆਉਦੀਂ। ਇਹੋ ਜਿਹੇ ਸਮੇਂ ਵਿਚ ਨੌਜਵਾਨ ਸਾ਼ਇਰ ਵੱਲੋਂ ਆਪਣੀ ਕਵਿਤਾ ਵਿਚ ਪ੍ਰਤੀਬੱਧਤਾ ਦਾ ਜਿ਼ਕਰ ਆਉਣਾ ਚਾਹੇ ਉਹ ਛੁਪੀ ਹੋਈ ਅਵਸਥਾ ਹੈ ਪਰ ਖੁਸ਼ੀ ਦੀ ਗੱਲ ਹੈ। ਚਾਹੇ ਇੱਥੇ ਉਹ ਆਪਣੇ ਸੱਜਣ ਦੇ ਵਿਛੋੜੇ ਤੋਂ ਬਾਅਦ ਉਸ ਲਈ ਹੀ ਹੈ ਪਰ ਇਹ ਸਥਿਰਤਾ ਹੀ ਅੱਜ ਦੇ ਨੌਜਾਵਨ ਵਰਗ ਵਿਚ ਘੱਟ ਰਹੀ ਹੈ ਅਤੇ ਅਸਥਿਰ ਮਾਨਸਿਕਤਾ ਦੋਗਲੇਪਣ ਵੱਲ ਵੱਧ ਰਹੀ ਹੈ। ਸ਼ਾਇਰ ਦੀ ਬਹੁਤੀ ਕਵਿਤਾ ਅੰਤਰਮੁਖੀ ਹੈ ਉਹ ਵਿਛੋੜੇ ਦੇ ਅੰਦਰੂਨੀ ਦੁੱਖ ਨੂੰ ਬਹੁਤੀਆਂ  ਕਵਿਤਾਵਾਂ ਵਿਚ ਬਿਆਨ ਕਰਦਾ ਨਜ਼ਰ ਆਉਂਦਾ ਹੈ ਜਿਵੇਂ -
                                     ਤੇਰੀਆਂ ਯਾਦਾਂ ਦੀ ਸੂਲੀ ਉੱਤੇ ਲਟਕ ਰਿਹਾ ਹਾਂ
                                     ਕੀਤਾ ਨਾ ਪਲ ਵੀ ਅਰਾਮ ਮੈਂ, ਤੇਰੇ ਜਾਣ ਮਗਰੋਂ (ਸਫਾ 49)
                                     ਵਿਛੜੀ ਕੂੰਜ ਵਾਂਗ ਕੁਰਲਾਉਂਦਾ ਮੈਂ ਯਾਰਾਂ
                                     ਕਿਉਂ ਭੁੱਲ ਗਿਆ ਸੱਜਣਾ ਕੀਤੇ ਪਿਆਰਾ ਨੂੰ (ਸਫਾ 56)
ਇਹ ਰਾਜਿੰਦਰ ਨਾਗੀ ਦਾ ਪਹਿਲਾ ਕਾਵਿ-ਸੰਗ੍ਰਹਿ ਹੈ ਜੋ ਉਸਨੇ ਚੜਦੀ ਜਵਾਨੀ ਦੇ ਸਫਰ ਵਿਚ ਹੰਢਾਏ ਜਾਂ ਕਲਪਨਾਏ ਇਸ਼ਕ ਦੇ ਵਿਛੋੜੇ ਵਿਚ ਲਿਖਿਆ ਮਹਿਸੂਸ ਹੁੰਦਾ ਹੈ। ਇਸ ਕਰਕੇ ਸਾਰੀ ਕਿਤਾਬ ਦਾ ਵਿਸ਼ਾਂ ਇਕ ਹੀ ਹੈ ਆਸ ਹੈ ਕਿ ਆਉਣ ਵਾਲੇ ਸਮੇਂ ਵਿਚ ਉਹ ਹੋਰ ਵਿਸ਼ੇ ਜਿਵੇਂ ਬੇਰੋਜ਼ਗਾਰੀ, ਨਸ਼ਾਖੋਰੀ,ਬੇਈਮਾਨੀ, ਗਰਕ ਰਹੀ ਨੈਤਿਕਾਂ ਅਤੇ ਸਮਾਜਿਕ ਅਸਮਾਨਤਾ ਆਦਿ ਵੀ ਆਪਣੀ ਕਵਿਤਾ ਵਿਚ ਪੇਸ਼ ਕਰੇਗਾ ਅਤੇ ਵਗਦੇ ਪਾਣੀ ਸੰਗ ਵਗਦਾ ਇਹ ਸ਼ਾਇਰ ਆਪਣੀ ਸ਼ਇਰੀ ਦੀਆਂ ਵੱਖਰੀਆਂ ਛੱਲਾਂ ਪੈਦਾ ਕਰੇਗਾ ਜਿਹਨਾਂ ਵਿਚ ਹੋਰ ਗਹਿਰਾਈ ਅਤੇ ਰਵਾਨਗੀ ਹੋਵੇਗੀ। ਮੈਂ ਉਹਨਾਂ ਦੇ ਇਸ ਕਾਵਿ-ਸੰਗ੍ਰਹਿ ਨੂੰ ਸਾਹਿਤ ਜਗਤ ਵਿਚ ਜੀ ਆਇਆ ਕਹਿੰਦਾ ਹਾਂ।
****