ਅਮਰੀਕਾ ਦੀ ਫੇਰੀ ( ਭਾਗ 5 ).......... ਸਫ਼ਰਨਾਮਾ / ਯੁੱਧਵੀਰ ਸਿੰਘ

ਰਾਤ ਨੂੰ ਮੇਰੇ ਮੁਕਤਸਰ ਦੇ ਦੋਸਤ ਕੰਵਰਜੀਤ ਬਰਾੜ ਦੀ ਕਾਲ ਆ ਗਈ ਜੋ ਕਿ ਅਮਰੀਕਾ ਦੇ ਯੁੱਟੀਕਾ ਸ਼ਹਿਰ ਵਿਚ ਦੰਦਾਂ ਦੇ ਡਾਕਟਰ ਵਜੋਂ ਸੇਵਾ ਨਿਭਾ ਰਿਹਾ ਹੈ । ਮੈਂ ਉਸ ਨੂੰ ਦੱਸਿਆ ਕਿ ਮੈਂ ਨਿਊਯੌਰਕ ਆਵਾਂਗਾ ਥੋੜੇ ਦਿਨਾਂ ਤੱਕ ਫਿਰ ਤੇਰੇ ਸ਼ਹਿਰ ਤੱਕ ਆਉਣ ਦਾ ਪਰੋਗਰਾਮ ਬਣਾਵਾਂਗੇ । ਗੂਗਲ ਨੇ ਸਫਰ ਦੇ ਵਿਚ ਰੂਟ ਪਲਾਨ ਕਰਨ ਵਿਚ ਬਹੁਤ ਵਧੀਆ ਸੇਵਾ ਨਿਭਾਈ । ਟੋਰਾਂਟੋ  ਦਾ ਪਰੋਗਰਾਮ ਨਹੀਂ ਠੀਕ ਬਣ ਰਿਹਾ ਸੀ । ਕਿਉਂ ਕਿ ਦੋ ਦਿਨ ਦੇ ਵਿਚ ਟੋਰਾਂਟੋ ਵਿਚ ਕੁਝ ਜਿਆਦਾ ਨਹੀਂ ਦੇਖਿਆ ਜਾ ਸਕਦਾ ਸੀ  ਸੋ ਇਸ ਲਈ ਕੈਨੇਡਾ ਦਾ ਪਰੋਗਰਾਮ ਇਕ ਵਾਰ ਠੰਡੇ ਬਸਤੇ ਵਿਚ ਪਾ ਦਿੱਤਾ । ਪਹਿਲਾਂ ਪਰਾਂਜਲ ਨੇ ਕਿਹਾ ਕਿ ਆਪਾਂ ਕਾਰ ਤੇ ਚੱਲਦੇ ਹਾਂ, ਦੋ ਦਿਨਾਂ ਵਿਚ ਆਰਾਮ ਨਾਲ ਨਿਊਯੌਰਕ ਪਹੁੰਚ ਜਾਵਾਂਗੇ, ਪਰ ਉਸ ਦਾ ਬੱਚਾ ਛੋਟਾ ਸੀ  ਸੋ ਮੈਂ ਕਿਹਾ ਕਿ ਮੈਂ ਇਕੱਲਾ ਹੀ ਚਲਾ ਜਾਵਾਂਗਾ । ਮੈਂ ਹਵਾਈ ਕਿਰਾਏ ਚੈੱਕ ਕੀਤੇ ਤਾਂ ਉਰਲੈਂਡੌ ਤੋਂ ਨਿਊਆਰਕ ਦਾ ਇਕ ਪਾਸੇ ਦਾ ਕਿਰਾਇਆ ਸਿਰਫ ਸੋ ਡਾਲਰ ਤੇ ਤਕਰੀਬਨ ਸਾਢੇ ਤਿੰਨ ਘੰਟੇ ਦਾ ਸਿੱਧਾ ਸਫਰ ਸੀ । ਮੈਨੂੰ ਰੇਲ ਦਾ ਸਫਰ ਵੀ ਕਾਫੀ ਚੰਗਾ ਲੱਗਦਾ ਹੈ, ਰੇਲ ‘ਤੇ ਚੈਕ ਕੀਤਾ ਤਾਂ ਪਤਾ ਲੱਗਿਆ ਕਿ  ਸਾਰੇ ਅਮਰੀਕਾ ਵਿਚ ਐਮਟਰੈਕ ਰੇਲਵੇ  ਦੇ ਕਾਫੀ ਵੱਡੇ ਰੂਟ ਹਨ । ਗੁਰਵਿੰਦਰ ਭਾਜੀ ਨਿਊਜਰਸੀ ਰਾਜ ਦੇ ਇਸੇਲਿਨ ਸਬਰਬ ਦੇ ਵਿਚ ਆਪਣੇ ਪਰਿਵਾਰ ਸਮੇਤ ਰਹਿ ਰਹੇ ਹਨ ।  ਉਨ੍ਹਾਂ ਨੂੰ ਨਜ਼ਦੀਕੀ ਸਟੇਸ਼ਨ ਪਤਾ ਕਰਨ ਲਈ ਫੋਨ ਕੀਤਾ ਤਾਂ ਉਹਨਾਂ ਨੇ ਮੈਟਰੋਪਾਰਕ ਸਟੇਸ਼ਨ ਦੱਸਿਆ ਤੇ ਨਿਊਆਰਕ ਦਾ ਸਟੇਸ਼ਨ ਉਹਨਾਂ ਦੇ ਘਰ ਤੋਂ ਤੀਹ ਮਿੰਟ ਦਾ ਰਸਤਾ ਸੀ ਤੇ 127 ਡਾਲਰ ਦੀ ਇਕ ਪਾਸੇ ਦੀ ਟਿਕਟ ਮਿਲ ਰਹੀ ਸੀ । ਉਰਲੈਂਡੌ ਤੋਂ ਨਿਊਆਰਕ ਤੱਕ ਚੌਵੀ ਘੰਟੇ ਦਾ ਸਫਰ ਸੀ । ਟਰੇਨ ਨੇ ਜੈਕਸਨਵਿਲ, ਸਾਵਾਨਾਹ,  ਰਿਚਮੰਡ, ਵਾਸ਼ਿੰਗਟਨ ਡੀ।ਸੀ, ਬਾਲਟੀਮੌਰ, ਫਿਲਾਡੈਲਫੀਆ, ਤੋਂ ਹੁੰਦੇ ਹੋਏ ਨਿਊਜਰਸੀ ਦੇ ਨਿਊਆਰਕ ਸਟੇਸ਼ਨ ਤੇ ਪਹੁੰਚਣਾ ਸੀ । ਨਿਊਆਰਕ ਤੇ ਨਿਊਯੌਰਕ ਦੋ ਅਲੱਗ ਅਲੱਗ ਸ਼ਹਿਰ ਹਨ । ਨਿਊਆਰਕ ਸ਼ਹਿਰ ਨਿਊਜਰਸੀ ਰਾਜ ਦੇ ਵਿਚ ਹੈ ਤੇ ਨਿਊਯੌਰਕ  ਸ਼ਹਿਰ ਨਿਊਯੌਰਕ ਰਾਜ ਦੇ ਵਿਚ ਹੈ । ਪਰ ਨਿਊਆਰਕ ਤੋਂ ਨਿਊਯੌਰਕ  ਜਾਣ ਦੇ ਲਈ ਰੇਲ ਤੇ ਸਿਰਫ ਦਸ ਮਿੰਟ ਹੀ ਲੱਗਦੇ ਹਨ । ਇਸ ਟਰੇਨ ਨੇ ਲੰਘਣਾ ਮੈਟਰੋਪਾਰਕ
ਦੇ ਵਿਚ ਦੀ ਸੀ ਪਰ ਰੁਕਣਾ ਨਹੀਂ ਸੀ । ਜੇਕਰ ਸਿੱਧਾ ਮੈਟਰੋਪਾਰਕ ਰੁਕਣਾ ਹੈ ਤਾਂ ਵਾਸ਼ਿੰਗਟਨ ਤੋਂ ਟਰੇਨ ਬਦਲਣੀ ਪੈਣੀ ਸੀ ਜਾਂ ਨਿਊਆਰਕ ਤੋਂ ਲੌਕਲ ਟਰੇਨ ਤੋਂ ਵਾਪਸ ਆਉਣਾ ਪੈਣਾ ਸੀ । ਵਾਸ਼ਿੰਗਟਨ  ਵਿਚ ਸੱਤ ਘੰਟੇ ਦਾ ਸਟੇਅ ਸੀ, ਸੋ ਇਸ ਲਈ ਇਹ ਸੋਚਿਆ ਗਿਆ ਕਿ ਟਿਕਟ ਨਿਊਆਰਕ ਦੀ  ਲੈ ਕੇ ਉੱਥੌਂ ਵਾਪਸ ਮੈਟਰੋਪਾਰਕ ਦੀ ਟਰੇਨ ਲੈ ਲਵਾਂਗੇ । ਪਰਾਂਜਲ ਨੇ ਇਕ ਵਾਰ ਤਾਂ ਬਹੁਤ ਸਮਝਾਇਆ ਕਿ ਕਿਉਂ ਪੰਗੇ ਲੈਂਦਾ ਹੈ ਚੌਵੀ ਘੰਟੇ ਦੇ ਸਫਰ ਦੇ ਵਿਚ ਤੇਰੀ ਤਸੱਲੀ ਹੋ ਜਾਣੀ ਹੈ ਪਰ ਆਪਾਂ ਨਹੀ ਟਲੇ, ਤਾਂ ਉਹ ਰਾਜੀ ਹੋ ਗਿਆ । ਫਿਰ ਘੰਟੀ ਮਾਰੀ ਸਰਬਜੀਤ ਰੀਨ ਨੂੰ ਵਾਸ਼ਿੰਗਟਨ ਦੇ ਵਿਚ ਤੇ ਉਹਨੂੰ ਦੱਸਿਆ ਕਿ 7 ਤੋ ਲੈ ਕੇ 11 ਮਾਰਚ ਤੱਕ ਮੈਂ ਨਿਊਜਰਸੀ ਵਿਚ ਹਾਂ ਤੇ ਅਗਲਾ ਪਰੋਗਰਾਮ ਤੂੰ ਦੱਸ, ਉਸ ਨੇ ਕਿਹਾ ਕਿ ਤੂੰ 12 ਮਾਰਚ ਨੂੰ ਇੱਥੇ ਆ ਜਾ, 13 ਮਾਰਚ ਨੂੰ ਉਹ ਛੁੱਟੀ ਕਰ ਲਵੇਗਾ  ਤੇ ਜਿੰਨਾ ਕੁ ਸੰਭਵ ਹੋਇਆ ਵਾਸ਼ਿੰਗਟਨ ਦੀ ਸੈਰ ਕਰਵਾ ਦਏਗਾ । ਜਹਾਜ ਤੇ ਰੇਲ ਤੋਂ ਬਾਦ ਕੱਲਾ ਬੱਸ ਦਾ ਸਫਰ ਰਹਿ ਗਿਆ ਸੀ । ਇਸ ਲਈ ਨਿਊਆਰਕ ਤੋਂ ਵਾਸ਼ਿੰਗਟਨ ਦੀ ਬੱਸ ਟਿਕਟ 12 ਮਾਰਚ ਨੂੰ ਬੁੱਕ ਕਰਵਾ ਦਿੱਤੀ । ਸਿਰਫ ਪੰਦਰਾਂ ਡਾਲਰ ਕਿਰਾਇਆ ਸੀ ਤੇ ਚਾਰ ਘੰਟੇ ਦਾ ਸਫਰ ਸੀ । ਵਾਸ਼ਿੰਗਟਨ ਤੋਂ ਉਰਲੈਡੌਂ ਦੇ ਲਈ ਜਹਾਜ ਦੀ ਟਿਕਟ 13 ਮਾਰਚ ਸ਼ਾਮ ਦੀ ਬੁੱਕ ਕਰਵਾ ਦਿੱਤੀ ਤੇ ਪਰਾਂਜਲ ਨੇ ਸਭ ਦੀ ਪੇਮੈਂਟ ਆਪਣੇ ਕਰੈਡਿਟ ਕਾਰਡ ਨਾਲ ਕਰ ਦਿੱਤੀ ਤੇ ਟਿਕਟਾਂ ਪਰਿੰਟ ਕਰ ਕੇ ਮੈਨੂੰ ਦੇ ਦਿੱਤੀਆਂ ਤੇ ਆਪਾਂ ਧੱਕੇ ਨਾਲ ਹਰੇ ਪੱਤੇ ਉਸ ਦੇ ਹਥੇਲੀ ਤੇ ਰੱਖ ਦਿੱਤੇ । ਯਾਰੀ ਦੇ ਵਿਚ ਪੈਸੇ ਨੂੰ ਜਿਆਦਾ ਅਹਿਮੀਅਤ ਕਦੇ ਵੀ ਨਹੀ ਦਿੱਤੀ । 
ਅਗਲੇ ਦਿਨ  ਯੂਨੀਵਰਸਲ ਸਟੂਡੀਉ ਦੇਖਣ ਨੂੰ ਚਾਲੇ ਪਾ ਦਿੱਤੇ । ਇਸ ਵਿਚ ਦੋ ਥੀਮ ਪਾਰਕ  ਬਣਾਏ ਗਏ ਹਨ, ਨਾਲ ਹੀ ਰਹਿਣ ਦੇ ਲਈ ਸ਼ਾਨਦਾਰ ਹੋਟਲ ਵੀ ਬਣੇ ਹਨ । ਯੂਨੀਵਰਸਲ ਸਟੂਡੀਉ ਦੇ ਵਿਚ ਜੇਕਰ ਕੋਈ ਵੀ ਫਲੌਰਿਡਾ ਰਾਜ ਦਾ ਨਿਵਾਸੀ ਘੁੰਮਣ ਆਏ ਤਾਂ ਉਸ ਦੇ ਲਈ ਕਾਰ ਪਾਰਕ ਸੁਵਿਧਾ ਵੀ ਮੁਫਤ ਹੈ । ਪਰ ਜੇਕਰ ਤੁਸੀਂ ਡਿਜਨੀਵਰਲਡ ਜਾਣਾ ਹੈ ਤਾਂ ਇਸ ਵਿਚ ਪੈਸੇ ਖਰਚਣ ਦੀ ਲੋੜ ਨਹੀਂ ਕਿਉਂ ਕਿ ਡਿਜਨੀਵਰਲਡ ਦਾ ਵੀ ਇਕ ਹਾਲੀਵੁੱਡ ਸਟੂਡੀਉ ਬਣਿਆ ਹੋਇਆ ਹੈ ਜਿਸ ਵਿਚ ਵੀ ਯੂਨੀਵਰਸਲ ਵਾਂਗ ਸਭ ਪੇਸ਼ ਕੀਤਾ ਜਾਂਦਾ ਹੈ । ਇਸ ਦੇ ਨਾਲ ਸਮੇਂ ਤੇ ਪੈਸੇ ਦੋਵਾਂ ਦੀ ਬਚਤ ਹੋ ਜਾਂਦੀ ਹੈ । ਤੁਸੀਂ ਯੂਨੀਵਰਸਲ ਡਰਾਇਵ  ਵਿਚ ਜਾ ਕੇ ਬੀਅਰ ਬਾਰ, ਡਿਸਕੋ, ਦੁਨੀਆ ਭਰ ਦੇ ਖਾਣਿਆਂ ਦਾ ਆਨੰਦ ਲੈ ਸਕਦੇ ਹੋ ।  ਆਲਸਟਾਰ ਵੀਕਐਂਡ ਕਾਰਣ ਇੱਥੇ ਵੀ ਬਹੁਤ ਭੀੜ ਸੀ । ਓਪਨ ਸਟੇਡੀਅਮ ਵਿਚ ਸੈਮੀਨਾਰ ਕਰਵਾਏ ਜਾ ਰਹੇ ਸੀ । ਇਹ ਸਭ ਮੁਫਤ ਵਿਚ ਹੀ ਸੀ ਕਿਉਂ ਕਿ ਥੀਮ ਪਾਰਕ ਵਿਚ ਜਾਣ ਦੇ ਪੈਸੇ ਹੁੰਦੇ ਹਨ । ਪਰ ਬਾਹਰ ਤੁਸੀਂ ਜਿਵੇਂ ਮਰਜੀ ਘੁੰਮ ਸਕਦੇ ਹੋ  । ਮੈਨੂੰ ਵੱਖ ਵੱਖ ਤਰਾਂ ਦੇ ਖਾਣੇ ਬਨਾਉਣ ਦਾ ਵੀ ਸ਼ੌਂਕ ਹੈ ਤੇ ਖਾਣ ਦਾ ਵੀ, ਇਸੇ ਲਈ ਇਹ ਸੋਚਿਆ ਹੋਇਆ ਕਿ ਜਿਸ ਰੈਸਟੋਰੈਂਟ ਵਿਚ ਇਕ ਵਾਰ ਖਾਣਾ ਖਾ ਲਿਆ, ਫਿਰ ਉਸ ਵਿਚ ਨਹੀਂ ਜਾਣਾ ਚਾਹੇ ਖਾਣਾ ਸਵਾਦ ਲੱਗੇ ਜਾਂ ਬੇਸਵਾਦ, ਯੂਨੀਵਰਸਲ ਸਟੂਡੀਉ ਤੋਂ ਬਾਹਰ ਆਕੇ ਅਸੀਂ ਜਾ ਪਹੁੰਚੇ ਸਵੀਟ ਟੋਮੈਟੋ ਰੈਸਟੋਰੈਂਟ ਦੇ ਵਿਚ । ਅਮਰੀਕਾ  ਵਿਚ ਇਹ ਕਾਫੀ ਮਸ਼ਹੂਰ ਫੂਡ ਚੇਨ ( ਬਫੇਟ ਸਟਾਇਲ ) ਹੈ,  ਇਸ ਵਿਚ ਇਕ ਵਾਰ ਇਕ ਵਿਅਕਤੀ ਦੇ  10 ਡਾਲਰ ਦੇ ਦਿਉ ਉਸ ਤੋਂ ਬਾਦ ਜਿੰਨਾ ਮਰਜੀ ਖਾਣਾ ਖਾਉ ਤੇ ਉਹ ਵੀ ਪੂਰਾ ਸਵਾਦੀ, ਸਲਾਦ, ਦਾਲਾਂ, ਚਟਨੀਆਂ ਪੀਜ਼ਾ, ਸੂਪ, ਜੂਸ, ਕੇਕ ਤੇ ਹੋਰ ਬਹੁਤ ਤਰਾਂ ਦੀ ਆਇਟਮ ਇਸ ਦੇ ਮੀਨੂੰ ਵਿਚ ਸ਼ਾਮਿਲ ਹੈ । ਕੋਈ ਵੀ ਤਲਿਆ ਭੋਜਨ ਨਹੀਂ ਹੈ । ਚਿਕਨ ਤੇ ਬੀਫ (ਗਾਂ ਦਾ ਮਾਸ ) ਦੇ ਲਈ 2 ਡਾਲਰ ਅਲੱਗ ਤੋਂ ਦੇਣੇ ਹੁੰਦੇ ਹਨ, ਉਹ ਵੀ ਅੱਧਾ ਪੱਕਿਆ ਹੁੰਦਾ ਹੈ । ਪਰ ਵੈਸ਼ਨੌ ਇਨਸਾਨ ਭਰਪੂਰ ਆਨੰਦ ਲੈ ਸਕਦਾ ਹੈ ਖਾਣੇ ਦਾ, ਕਿਉਂ ਕਿ ਉਬਲੀਆਂ ਦਾਲਾਂ, ਛੋਲੇ, ਰਾਜਮਾਂਹ ਦੇ ਉੱਪਰ ਜੋ ਮਰਜੀ ਚਟਨੀ ਤੇ ਸਲਾਦ ਪਾਉ ਤੇ ਖਾਉ ।  ਆਲਸਟਾਰ ਵੀਕਐਂਡ ਕਾਰਣ ਉਰਲੈਂਡੌਂ ਡਾਊਨਟਾਊਨ ਦੇ ਵਿਚ ਪੱਬਾਂ ਤੇ ਬਾਰਾਂ ਵਾਲਿਆਂ ਨੇ ਖਾਸ ਸਮਾਗਮ ਦਾ ਇੰਤਜਾਮ ਕੀਤਾ ਹੋਇਆ ਸੀ । ਮੈਨੂੰ ਇਹਨਾਂ ਥਾਵਾਂ ਤੇ ਜਿਆਦਾ ਜਾਣ ਦਾ ਕੋਈ ਸ਼ੌਂਕ ਨਹੀਂ ਹੈ । ਪਰ ਪਰਾਂਜਲ ਕਹਿੰਦਾ ਕਿ ਚੱਲਣਾ ਹੀ ਹੈ । ਉਸ ਦਾ ਦੋਸਤ ਹੈਨਰੀ  ਫਲੋਰਿਡਾ ਪੁਲਿਸ ਦੇ ਵਿਚ ਕੰਮ ਕਰਦਾ ਹੈ ਤੇ ਪਰਾਂਜਲ ਤੇ ਹੈਨਰੀ ਦੋਵੇਂ ਪਹਿਲਾਂ ਵੀ ਕਈ ਵਾਰ ਗਏ ਸਨ ਇਹੋ ਜਿਹੇ ਪਰੋਗਰਾਮ ਦੇ ਵਿਚ । ਹੈਨਰੀ ਸਾਢੇ ਨੋ ਵਜੇ ਆਪਣੀ ਕਾਰ ਤੇ ਪਰਾਂਜਲ ਦੇ ਘਰ ਆ ਗਿਆ, ਵੈਸੇ ਕਾਰ ਕਾਹਦੀ ਸੀ ਪੰਜਾਬ ਦੇ ਵਿਚ ਚੱਲਣ ਵਾਲੇ ਛੋਟੇ ਹਾਥੀ ਜਿੱਡਾ ਫੋਰਵੀਲ ਡਰਾਇਵ ਸੀ ਡੌਡਜੇ ਕੰਪਨੀ ਦਾ । ਲਉ ਜੀ ਅੰਦਰ ਬੈਠ ਕੇ ਵੇਖਿਆ ਕਿ ਇਹ ਪੁਲਿਸ ਦੀ ਅੰਡਰਕਵਰ ਕਾਰ ਸੀ । ਮੌਜ ਮੇਲਾ ਤਾਂ ਪੁਲਿਸ ਵਾਲੇ ਵੀ ਕਰਦੇ ਹੀ ਹਨ । ਸ਼ਹਿਰ ਵੱਲ ਨੂੰ ਛੋਟਾ ਹਾਥੀ ਭੱਜਣ ਲੱਗ ਗਿਆ ਪਰ ਟਰੈਫਿਕ ਬਹੁਤ ਸੀ ਤੇ ਉਤੋਂ ਪਾਰਕਿੰਗ ਬਹੁਤ ਔਖੀ ਲੱਭੀ । ਕਾਰ ਪਾਰਕ ਕਰ ਕੇ ਸਮਾਗਮ ਵਾਲੀ ਜਗਾ ਤੇ ਪੈਦਲ ਮਾਰਚ ਕਰ ਕੇ ਪਹੁੰਚੇ । ਦ ਹਿਸਟਰੀ ਸੈਂਟਰ ਦੇ ਨੇੜੇ ਕਾਫੀ ਬਾਰ ਬਣੇ ਹੋਏ ਸਨ ਪਰ ਅੱਜ ਉਹਨਾਂ ਨੇ ਸਾਰੇ ਰਸਤੇ ਬੰਦ ਕਰ ਕੇ ਇਕ ਹੀ ਰਸਤਾ ਖੋਲਿਆ ਹੋਇਆ ਸੀ । ਜਿਸ ਵਿਚ ਜਾਣ ਦੇ ਲਈ 10 ਡਾਲਰ ਇਕ ਬੰਦੇ ਦੀ ਫੀਸ ਸੀ । ਮੈਂ ਸੋਚਿਆ ਸ਼ਾਇਦ  ਹੈਨਰੀ ਪੁਲਿਸ ਵਾਲਾ ਕਾਰਡ ਦਿਖਾ ਕੇ ਮੁਫਤ ਵਿਚ ਹੀ ਅੰਦਰ ਦਾਖਲ ਕਰਵਾ ਦਏਗਾ । ਪਰ ਉਸ ਨੇ ਆਪਣੀ ਫੀਸ ਖੁਦ ਭਰੀ  ਤੇ ਅਸੀਂ ਦੋਵਾਂ ਨੇ ਆਪਣੀ, ਪੁਲਿਸ ਤੇ ਸਕਿਉਰਟੀ ਦਾ ਬਹੁਤ ਸਖਤ ਪਹਿਰਾ ਸੀ । ਕਾਰ, ਮੌਟਰਸਾਇਕਲ ਤੇ ਸਾਇਕਲ ਪੁਲਿਸ ਦੇ ਨਾਲ ਨਾਲ ਘੌੜਸਵਾਰ ਪੁਲਿਸ ਵੀ ਪੂਰੀ ਚੁਕੰਨੀ ਸੀ । ਵੱਡੇ ਟਰੱਕ ਦੇ ਉੱਤੇ  ਇਕ ਸਾਇਡ ਨੂੰ ਖੋਲ ਕੇ ਡੀ।ਜੇ। ਲਗਾਇਆ ਹੋਇਆ ਸੀ ਤੇ ਉੱਤੇ ਸਕਰੀਨ ਲੱਗੀ ਹੋਈ ਸੀ । ਜਾਮ ਤੇ ਜਾਮ ਟਕਰਾਏ ਜਾ ਰਹੇ ਸੀ । ਕਾਲੇ ਗੋਰੇ ਮੁੰਡੇ ਕੁੜੀਆਂ ਡੀ।ਜੇ। ਸਾਹਮਣੇ ਧਰਤੀਪੱਟ  ਡਾਂਸ ਸਟਾਇਲ ਵਿਚ ਨੱਚ ਰਹੇ ਸੀ । ਸ਼ਰਾਬ ਤੇ ਬੀਅਰ ਦੇ ਨਾਲ ਨਾਲ ਸੜਕਾਂ ਤੇ ਚਿਕਨ, ਮੱਛੀ, ਚਿਪਸ, ਕਬਾਬ ਦੇ  ਠੇਲੇ ਤੇ ਰੇਹੜੀਆਂ ਲੱਗੇ ਹੋਏ ਸੀ । ਇਸ ਮੇਲੇ ਨੇ ਇਕ ਵਾਰ ਤਾਂ ਪੰਜਾਬ ਦੀ ਯਾਦ ਕਰਵਾ ਦਿੱਤੀ ਸੀ । ਸਵੇਰੇ ਠੀਕ ਤਿੰਨ ਵਜੇ ਮੇਲੇ ਨੂੰ ਬੰਦ ਕਰਣ ਦਾ  ਐਲਾਨ ਕਰ ਦਿੱਤਾ ਗਿਆ ਤੇ ਕੂਕਾਂ ਮਾਰਦੀ ਭੀੜ ਘਰਾਂ ਨੂੰ ਜਾਣੀ ਸ਼ੁਰੂ ਹੋ ਗਈ । ਸ਼ਰਾਬ ਨੇ ਵੀ ਆਪਣਾ ਜਲਵਾ ਦਿਖਾ ਦਿੱਤਾ ਜਿਸ ਕਾਰਣ ਇਕ ਦੋ ਲੜਾਈਆਂ ਵੀ ਵਿਚ ਸ਼ੁਰੂ ਹੋ ਗਈਆਂ,ਪਰ ਪੁਲਿਸ ਨੇ ਕੰਟਰੋਲ ਕਰ ਲਿਆ ਫਸਟ ਏਡ ਦੀ ਟੀਮ ਨੇ ਫੱਟੜ ਨੌਜਵਾਨਾਂ ਨੂੰ ਐਂਬੂਲੈਸ ਵਿਚ ਪਾ ਕੇ ਹਸਪਤਾਲ ਰਵਾਨਾ ਕਰ ਦਿੱਤਾ । ਛੋਟੀਆਂ ਗਲੀਆਂ ਵਿਚ ਕਾਰ ਲਿਜਾਣ ਦੀ ਮਨਾਹੀ ਸੀ । ਸੋ ਘੁੰਮ ਘੁੰਮਾ ਕੇ ਨਿਕਲਣਾ ਪਿਆ ਮੇਲੇ ਦੇ ਵਿਚੋਂ ਤੇ ਫਿਰ ਘਰ ਜਾ ਕੇ ਬਿਸਤਰਿਆਂ ਤੇ ਹੀ ਅਰਾਮ ਕੀਤਾ । ਦੁਪਹਿਰ ਨੂੰ ਜਾ ਕੇ ਅੱਖ ਖੁੱਲੀ ਤਾਂ ਵੇਖਿਆ ਕਿ ਪਰਾਂਜਲ ਸੀ ਵਰਲਡ ਦੀਆਂ ਟਿਕਟਾਂ ਇੰਟਰਨੈਟ ਤੇ ਦੇਖ ਰਿਹਾ ਸੀ । ਉਰਲੈਂਡੌ ਦੀ ਇਕ ਕੰਪਨੀ ਸੀ ਵਰਲਡ ਦੀ ਇਕ ਦਿਨ ਦੀ ਟਿਕਟ 80 ਡਾਲਰ ਦੇ ਵਿਚ ਦੇ ਰਹੀ ਸੀ ਤੇ ਨਾਲ ਇਕ ਦਿਨ ਹੋਰ ਸੀ ਵਰਲਡ ਵਿਚ ਜਾਣ ਦੇ ਲਈ ਮੁਫਤ ਦਾ ਬੋਨਸ ਟਿਕਟ ਦੇ ਰਹੀ ਸੀ । ਇਹੀ ਇਕ ਦਿਨ ਦੀ ਟਿਕਟ ਸੀ ਵਰਲਡ ਵੈਬਸਾਇਟ ਤੋਂ 85 ਡਾਲਰ ਦੀ ਮਿਲ ਰਹੀ ਸੀ । ਪਰ ਦੂਜੇ ਪਾਸੇ ਦੋ ਦਿਨ ਦੀ 80 ਡਾਲਰ ਵਿਚ ਮਿਲ ਰਹੀ  ਸੀ । ਸੋ ਦੂਜੀ ਕੰਪਨੀ ਤੋਂ ਹੀ ਇਕ ਟਿਕਟ ਖਰੀਦ ਲਈ ਤੇ ਟਿਕਟ ਈ ਮੇਲ ਵਿਚ ਆ ਗਈ । ਸੀ ਵਰਲਡ ਪਾਰਕ ਦੇ ਗੇਟ ਤੇ ਇਹ ਟਿਕਟ ਤੇ ਰਸੀਦ ਦਿਖਾ ਕੇ ਦੂਜੇ ਦਿਨ ਦਾ ਬੋਨਸ ਟਿਕਟ ਮਿਲਣਾ ਸੀ । ਇਸ ਹਿਸਾਬ ਨਾਲ ਇਕ ਦਿਨ ਦੀ ਐਂਟਰੀ ਸਿਰਫ 40 ਡਾਲਰ ਹੀ ਪੈਣੀ ਸੀ । ਸੋ ਦੋਸਤੌ ਟਿਕਟ ਲੈਣ ਤੋਂ ਪਹਿਲਾਂ ਇੰਟਰਨੈਟ ਤੇ ਇਕ ਵਾਰ ਜ਼ਰੂਰ ਚੈੱਕ ਕਰ ਲਉ ਤਾਂ ਕਿ ਜੇ ਕੋਈ ਪਰੋਮੌਸ਼ਨ ਚੱਲ ਰਹੀ ਹੋਵੇ ਤਾਂ ਕਈ ਟਿਕਟ ਵੈਬਸਾਇਟ ਤੋਂ ਇਹੋ ਜਿਹੀ ਸਸਤੀ ਟਿਕਟ ਮਿਲ ਜਾਂਦੀ ਹੈ । ਇਹ ਟਿਕਟ ਸਿਰਫ ਇਕ ਵਾਰ ਲੈਣੀ ਹੁੰਦੀ ਹੈ । ਉਸ ਤੋਂ ਬਾਦ ਤੁਸੀਂ ਕੋਈ ਵੀ ਸ਼ੌਅ ਜਾਂ ਝੂਲੇ ਦਾ ਆਨੰਦ ਲੈ ਸਕਦੇ ਹੋ, ਹੋਰ ਕੋਈ ਫੀਸ ਨਹੀਂ ਹੁੰਦੀ, ਸਿਰਫ ਖਾਣ ਪੀਣ ਦੇ ਲਈ ਤੁਹਾਨੂੰ ਪੈਸੇ ਖਰਚਣੇ ਪੈਣਗੇ । ਅਗਲੇ ਦਿਨ ਸਵੇਰੇ ਅੱਠ ਵਜੇ ਰਿੰਕੀ ਭਾਬੀ ਦੇ ਪਰੌਂਠੇ ਛਕ ਕੇ ਸੀ ਵਰਲਡ ਨੂੰ ਚਾਲੇ ਪਾ ਦਿੱਤੇ । ਪਰਾਂਜਲ ਨੇ ਮੈਨੂੰ ਸੀ ਵਰਲਡ ਪਾਰਕ ਅੱਗੇ ਛੱਡ ਦਿੱਤਾ ਕਿਉਂ ਕਿ ਉਸ ਨੇ ਆਪਣੇ ਕੁਝ ਕੰਮ ਕਰਣੇ ਸੀ ਤੇ ਮੈਨੂੰ ਕਹਿ ਦਿੱਤਾ ਕਿ ਮੈਂ ਜਦੋਂ ਥੱਕ ਜਾਂਵਾਂ ਜਾਂ ਪਾਰਕ ਬੰਦ ਹੋਣ ਦਾ ਸਮਾਂ ਹੋ ਜਾਵੇ ਤਾਂ ਉਸ ਨੂੰ ਕਾਲ ਕਰ ਦਿਆਂ ਤਾਂ ਕਿ ਉਹ ਆ ਕੇ ਮੈਨੂੰ ਲੈ ਜਾਏਗਾ । ਆਪਾਂ ਪਹਿਲਾਂ ਗੇਟ ਤੇ ਆਪਣੀ ਟਿਕਟ ਦਿਖਾ ਕੇ ਬੋਨਸ ਟਿਕਟ ਨੂੰ ਲੈ ਲਿਆ ਫਿਰ ਸੀ ਵਰਲਡ ਦਾ ਨਕਸ਼ਾ ਤੇ ਟਾਇਮ ਟੇਬਲ ਲਿਆ ਜਿਸ ਵਿਚ ਅੱਜ ਹੋਣ ਵਾਲੇ ਸ਼ੋਅ ਤੇ ਰਾਇਡਸ ਦੀ ਜਾਣਕਾਰੀ ਸੀ । ਸੀ ਵਰਲਡ ਪਾਰਕ ਉਰਲੈਂਡੌਂ ਦੇ ਵਿਚ ਡੌਲਫਿਨ ਕੋਵ, ਵੇਲ ਤੇ ਡੌਲਫਿਨ ਥੀਏਟਰ, ਸੀ ਲਾਈਨ ਐਂਡ ਔਟਰ ਸਟੇਡੀਅਮ, ਸੀ ਪੌਰਟ ਥੀਏਟਰ, ਨੋਟੀਲਸ ਥੀਏਟਰ, ਵਾਈਲਡ ਆਰਕਟਿਕ ਦੇ ਨਾਲ ਸ਼ਾਮੂ ( ਵੇਲ ਮੱਛੀ ) ਥੀਏਟਰ ਬਣਿਆ ਹੋਇਆ ਹੈ । ਇਹਨਾਂ ਪਾਰਕਾਂ ਦੇ ਵਿਚ ਸਵੇਰੇ ਨੋ ਵਜੇ ਤੋਂ ਸ਼ੋਅ ਸ਼ੁਰੂ ਹੋ ਜਾਂਦੇ ਹਨ । ਇਹਨਾਂ ਦਾ ਟਾਇਮ ਟੇਬਲ ਇਸ ਤਰਾਂ ਦਾ ਬਣਾਇਆ ਹੁੰਦਾ ਹੈ ਕਿ ਤੁਸੀਂ ਉੱਥੇ ਹੋ ਰਹੇ ਹਰ ਸ਼ੋਅ ਨੂੰ ਦੇਖ ਸਕਦੇ ਹੋ । ਇਕ ਸ਼ੋਅ ਜਦੋਂ ਖਤਮ ਹੁੰਦਾ ਹੈ ਤਾਂ ਦੂਜੇ ਥੀਏਟਰ ਦੇ ਵਿਚ ਸ਼ੋਅ ਪੰਦਰਾਂ ਜਾਂ ਵੀਹ ਮਿੰਟ ਬਾਦ ਸ਼ੁਰੂ ਹੁੰਦਾ ਹੈ । ਤੁਸੀਂ ਪੰਜ ਜਾਂ ਦਸ ਮਿੰਟ ਦੇ ਵਿਚ ਦੂਜੇ ਥੀਏਟਰ ਵਿਚ ਆਰਾਮ ਦੇ ਨਾਲ ਪਹੁੰਚ ਸਕਦੇ ਹੋ । ਇਸ ਦੇ ਨਾਲ  ਐਲੀਗੇਟਰ ਲੈਂਡ, ਸੀ ਟਰਟਲ ਪੁਆਇੰਟ, ਪੈਸੀਫਿਕ ਪੁਆਇੰਟ ਰਿਜ਼ਰਵ, ਸੀ ਗਾਰਡਨ, ਜੇਵਲ ਆਫ ਦਾ ਸੀ ਅਕੁਏਰੀਅਮ, ਸਕਾਈ ਟਾਵਰ, ਸ਼ਾਰਕ ਇੰਨਕਾਊਂਟਰ, ਪਰਲ ਡਾਇਵ, ਸਟਿੰਗਰੀ ਅਕੁਏਰੀਅਮ, ਡੌਲਫਿਨ ਨਰਸਰੀ ਦੇ ਨਾਲ ਨਾਲ ਦੋ ਖਤਰਨਾਕ ਰੋਲਰ ਕੋਸਟਰ ਮੰਟਾ ਤੇ ਕਰੇਕਨ ਬਣੇ ਹੋਏ ਹਨ । ਖਾਣ ਪੀਣ ਦੇ ਲਈ ਕਾਫੀ ਵਧੀਆ ਰੈਸਟੋਰੈਂਟ ਤੇ ਛੋਟੇ ਫੂਡ ਬਾਰ ਵੀ ਬਣੇ ਹੋਏ ਹਨ ।ਮੰਨੋਰੰਜਨ ਕਰਣ ਦੇ ਨਾਲ ਨਾਲ ਸੀ ਵਰਲਡ ਸਮੁੰਦਰੀ ਜੀਵਾਂ ਬਾਰੇ ਕਾਫੀ ਵਡਮੁੱਲੀ ਜਾਣਕਾਰੀ ਵੀ ਆਏ ਹੋਏ ਦਰਸ਼ਕਾਂ ਨੂੰ ਦਿੰਦਾ ਹੈ । ਇਸ ਲਈ ਇੱਥੇ ਸਕੂਲਾਂ ਦੇ ਵੀ ਕਾਫੀ ਵਿਦਿਅਕ ਟੂਰ ਲੱਗਦੇ ਰਹਿੰਦੇ ਹਨ । ਸੀ ਵਰਲਡ ਬੱਚਿਆਂ ਦੇ ਨਾਲ ਜਵਾਨਾਂ ਤੇ ਬਜ਼ੁਰਗ ਲੋਕਾਂ ਦੇ ਦਿਲਾਂ ਵਿਚ ਵੀ ਬਹੁਤ ਡੂੰਘੀ ਛਾਪ ਛੱਡਦਾ ਹੈ ਇਸ ਦੇ ਵਿਚ ਹੋਣ ਵਾਲੇ ਸ਼ੌਅ ਇਨਸਾਨ ਜਿੰਦਗੀ ਭਰ ਨਹੀਂ ਭੁੱਲ ਸਕਦਾ । ਡਾਲਫਿਨ, ਸੀ ਲਾਈਨ, ਸ਼ਾਰਕ ਤੇ ਸ਼ਾਮੂ ਵੇਲ ਮੱਛੀ ਦੀਆਂ ਕਲਾਬਾਜ਼ੀਆਂ ਉਪਨ ਥੀਏਟਰ ਵਿਚ ਹਜ਼ਾਰਾਂ ਦੀ ਤਾਦਾਦ ਦੇ ਵਿਚ ਬੈਠੇ ਲੋਕਾਂ ਨੂੰ ਆਪਣੀ ਸੀਟ ਤੇ ਕਲਾਬਾਜ਼ੀਆਂ ਲਗਾਉਣ ਲਈ ਮਜ਼ਬੂਰ ਕਰ ਦਿੰਦੀਆਂ ਹਨ । ਸ਼ਾਮੂ ਵੇਲ ਮੱਛੀ  ਸੀ ਵਰਲਡ ਦਾ ਕੋਹਿਨੂਰ ਹੀਰਾ ਹੈ । ਸਾਰਾ ਸੀ ਵਰਲਡ ਦੇਖ ਕੇ ਜੇ ਤੁਸੀਂ ਸ਼ਾਮੂ ਦੇ ਕਰਤਬ ਨਹੀਂ ਦੇਖੇ ਤਾਂ ਤੁਹਾਡਾ ਸੀ ਵਰਲਡ ਦਾ ਗੇੜਾ ਬੇਕਾਰ ਹੋ ਜਾਵੇਗਾ । ਇਨਸਾਨ ਨੇ ਮੱਛੀਆਂ ਤੱਕ ਨੂੰ ਆਪਣੇ ਇਸ਼ਾਰਿਆਂ ਤੇ ਨੱਚਣ ਲਗਾ ਦਿੱਤਾ ਹੈ ।  ਸਮੁੰਦਰੀ ਜੀਵਾਂ ਦੇ ਨਾਲ ਨਾਲ ਕੁੱਤੇ, ਬਿੱਲੀ, ਚੂਹਾ, ਸੂਰ, ਤੋਤੇ ਵੀ ਆਪਣੇ ਸ਼ੌਅ ਦੇ ਵਿਚ ਬਾਖੂਬੀ ਰੰਗ ਬੰਨਦੇ ਹਨ । ਤੇ ਜੇਕਰ ਲੋਕਾਂ ਦੀਆਂ ਚੀਕਾਂ ਸੁਣਨ ਨੂੰ ਦਿਲ ਕਰੇ ਤਾਂ ਮੰਟਾ ਤੇ ਕਰੇਕਨ ਝੂਲੇ ਦੇ ਕੋਲ ਗੇੜਾ ਮਾਰ ਲੈਣਾ ਚਾਹੀਦਾ ਹੈ  ਕਿਉਂ ਕਿ ਕਹਿੰਦੇ ਕਹਾਉਂਦੇ ਨਾਢੂ ਖਾਨ ਦੀਆਂ ਚੀਕਾਂ ਇਹਨਾਂ ਦੋਵਾਂ ਝੂਲਿਆਂ ਦੇ ਵਿਚ ਨਿਕਲਦੀਆਂ ਤੁਸੀਂ ਸੁਣ ਸਕਦੇ ਹੋ । ਬੱਚਿਆਂ ਦੇ ਨਾਲ ਬਹੁਤ ਜਲਦੀ ਘੁਲਣ ਮਿਲਣ ਵਾਲੀ ਡਾਲਫਿਨ ਦੀਆਂ ਕਿਲਕਾਰੀਆਂ ਦੂਰ ਦੂਰ ਤੱਕ ਸੁਣਦੀਆਂ ਹਨ । ਬੱਚੇ ਆਪਣੇ ਹੱਥੀਂ ਡਾਲਫਿਨ ਨੂੰ ਖਾਣਾ ਵੀ ਖਵਾ ਸਕਦੇ ਹਨ । ਖਤਰਨਾਕ ਸ਼ਾਰਕ ਮੱਛੀ ਜਿਸ ਦੇ ਆਰੀ ਨੁਮਾ ਦੰਦ ਦੂਰੌਂ ਚਮਕਦੇ ਹਨ ਉਹ ਵੀ ਡਾਲਫਿਨ ਦੇ ਵਾਂਗ ਆਪਣੇ ਟਰੇਨਰ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਥੀਏਟਰ ਵਿਚ ਬੈਠੇ ਲੋਕਾਂ ਨੂੰ ਆਪਣੀ ਪੂਛ ਦੇ ਨਾਲ ਪਾਣੀ ਦੇ ਤਾਲਾਬ ਵਿਚੋਂ ਇਸ਼ਨਾਨ ਕਰਵਾ ਰਹੀ ਹੁੰਦੀ ਹੈ ।  ਤੁਸੀਂ ਸਾਰੇ ਸੀ ਵਰਲਡ ਨੂੰ ਇਕ ਦਿਨ ਵਿਚ ਦੇਖ ਸਕਦੇ ਹੋ, ਵੈਸੇ ਸੀ ਵਰਲਡ ਦਾ ਇਕ ਵਾਟਰ ਪਾਰਕ ਵੀ ਬਣਿਆ ਹੋਇਆ ਹੈ । ਜਿੱਥੇ ਪਾਣੀ ਵਾਲੀ ਖੇਡਾਂ ਦਾ ਭਰਪੂਰ ਆਨੰਦ ਮਾਣਿਆ ਜਾ ਸਕਦਾ ਹੈ । ਮੋਸਮ ਤੇ ਮਹੀਨੇ  ਦੇ ਹਿਸਾਬ ਨਾਲ ਪਾਰਕ ਖੁੱਲਣ ਤੇ ਬੰਦ ਹੋਣ ਦਾ ਟਾਇਮ ਬਦਲਦਾ ਰਹਿੰਦਾ ਹੈ । ਸੀ ਵਰਲਡ ਦੇ ਬੰਦ ਹੋਣ ਦਾ ਐਲਾਨ ਹੁੰਦੇ ਹੀਂ ਮੈਂ ਪਰਾਂਜਲ ਨੂੰ ਘੰਟੀ ਮਾਰ ਦਿੱਤੀ, ਪਾਰਕ ਵਿਚ ਆਮ ਤੁਰਦੇ ਫਿਰਦੇ ਲੋਕਾਂ ਦੇ ਇਕੱਠ ਦਾ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਪਰ ਜਦੋਂ ਸਭ ਇਕੱਠੇ ਬਾਹਰ ਨਿਕਲਦੇ ਹਨ ਫਿਰ ਪਤਾ ਲੱਗਦਾ ਹੈ ਕਿ ਮੌਢੇ ਨਾਲ ਮੌਢਾ ਕਿਵੇਂ ਵੱਜਦਾ ਹੈ । ਸੜਕ ਦੇ ਦੂਜੇ ਪਾਸੇ ਤੇ ਪਰਾਂਜਲ ਵੀ ਪਹੁੰਚ ਗਿਆ ਸੀ ਤੇ ਉਸ ਨੇ ਭੀੜ ਤੋਂ ਬਚਦੇ ਹੋਏ ਛੋਟੀਆਂ ਵੱਡੀਆਂ ਗਲੀਆਂ ਵਿਚੋਂ ਦੀ ਹੁੰਦੇ ਹੋਏ ਕਾਰ ਘਰੇ ਜਾ ਲਗਾਈ  ।

ਚੱਲਦਾ....