ਪ੍ਰਧਾਨਗੀ ਦੇ ਛੱਜ 'ਤੇ ਪੱਤਝੜੀਆਂ ਦਾ ਬੋਲਬਾਲਾ ..........ਚੂੰਡੀਵੱਢ

ਦੇਸ਼ ਦੇ ਹਲਾਤ 'ਤੇ ਨਜਰ, ਮਕਬੂਜ਼ ਆਪਣੀ ਜਾਤ ਦੇ ਅੰਦਰ ਨਹੀਂ ਹਾਂ ਮੈਂ
ਕਦੋਂ ਤੱਕ ਤੇਰੇ ਹਜੂਰ ਤਮਾਸ਼ਾ ਬਣੇ ਰਹੁੰ, ਖੋਲਾਂ ਨਹੀਂ ਜਬਾਨ ਇੰਜ ਕਿ ਪੱਥਰ ਨਹੀਂ ਹਾਂ ਮੈਂ।

ਮਕਬੂਲ ਸ਼ਾਇਰ ਨੇ ਉਪਰੋਕਤ ਚੰਦ ਲਾਈਨਾਂ ਬੜੀ ਹੀ ਰੂਹ ਨਾਲ ਲਿਖੀਆਂ ਹੋਣਗੀਆਂ ਜਿੰਨਾ ਦਾ ਡੁੰਘਾ ਅਰਥ ਸੋਚਾਂ ਦੀ ਗਹਿਰਾਈ ਤੋਂ ਕਿਤੇ ਪਰੇ ਹੈ। ਅੱਜ ਕੱਲ ਦੀ ਨਸਲ ਇੰਨਾ ਤੋਂ ਬਹੁਤੀ ਵਾਕਿਫ ਨਹੀਂ ਅਤੇ ਜੇ ਸੁਣ ਵੀ ਲੈਣ ਤਾਂ ਅਜਿਹੀਆਂ ਸਤਰਾਂ ਦਾ ਗੀਤ ਬਣਾ 5 ਮਿੰਟਾਂ ਦੇ ਗੀਤ ਵਿਚ ਸਿਰਫ ਕੰਨ ਵਿਚ ਖੁਰਕ ਕਰਵਾਉਣ ਤੋਂ ਇਲਾਵਾ ਸੰਗੀਤ ਪ੍ਰੇਮੀ ਦੇ ਪੱਲੇ ਕੁਝ ਨੀ ਪੈਂਦਾ। ਅਸਲ ਵਿਚ ਅਸੀਂ ਕਹਿਣੀ ਅਤੇ ਕਰਨੀ ਦੇ ਧਾਰਨੀ ਨਹੀਂ ਰਹੇ। ਇਕ ਜਮਾਨਾ ਸੀ ਜਦੋਂ ਆਪਣੀ ਜੁਬਾਨ ਪੁਗਾਉਣ ਲਈ ਅਸੀਂ ਆਪਣੀ ਜਾਨ ਦੇ ਦਿੰਦੇ ਸੀ। ਇਸਲਾਮ ਧਰਮ ਤਾਂ ਝੂਠ ਬੋਲਣ ਵਾਲੇ ਨੂੰ ਹਰਾਮ ਕਹਿ ਕੇ ਸੰਬੋਧਨ ਕਰਦਾ ਹੈ। ਇਸੇ ਤਰ੍ਹਾਂ ਬਾਕੀ ਧਰਮਾਂ ਵਿਚ ਵੀ ਝੂਠ ਅਤੇ ਮੁਕਰਨ ਵਾਲੇ ਨੂੰ ਮਰੇ ਦੇ ਬਰਾਬਰ ਸਮਝਿਆ ਜਾਂਦਾ, ਪਰ ਸਾਨੂੰ ਕੀ ਅਸੀਂ ਤਾਂ ਆਪਣਾ ਉੱਲੂ ਸਿੱਧਾ ਕਰਨਾ ਭਾਵੇਂ ਮੁਕਰਨਾ ਪਵੇ ਜਾਂ ਮਰਨਾ। ਇਹ ਤਾਂ ਗੱਲ ਹੋਈ ਬਈ ਆਪਣਾ ਵਕਤ ਲੰਘਾਉਣ ਦੀ। ਅੱਜਕਲ੍ਹ ਦੇ ਲੀਡਰ ਦੇਖ ਲੋ ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਬਣਾ ਸਾਰਿਆਂ ਨੂੰ ਘੁੰਮਣ ਘੇਰੀ ਵਿਚ ਪਾਈ ਰੱਖਦੇ ਨੇ। ਇਨ੍ਹਾਂ ਦਾ ਕਿਸੇ ਨਾ ਕਿਸੇ ਮਸਲੇ 'ਤੇ ਕੁੱਤੀ ਚੀਕਾਂ ਲੋਟ ਹੀ ਨਹੀਂ ਆਉਂਦਾ। ਸਵੇਰ ਨੂੰ ਭਾਵੇਂ ਘਰੇ ਸੁੱਤੇ ਪਏ ਉਠਦਿਆਂ ਨੂੰ ਚਾਹ ਦਾ ਕੱਪ ਨਾ ਕੋਈ ਪੁੱਛਦਾ ਹੋਵੇ, ਪਰ ਅਖ਼ਬਾਰੀ ਬਿਆਨ ਅਜਿਹੇ ਦਿੰਦੇ ਨੇ ਕਿ ਅਸਮਾਨ ਦਾ ਵੀ ਢੂਆ ਪਾਟ ਜੇ। ਇਨ੍ਹਾਂ ਦਾ ਉਹ ਹਾਲ ਹੈ ਅਖੇ ਪੱਲੇ ਨੀ ਧੇਲਾ ਕਰਦੀ ਮੇਲਾ ਮੇਲਾ। ਵੱਡੇ ਵੱਡੇ ਪ੍ਰੋਗਰਾਮ ਉਲੀਕ ਲੈਂਦੇ ਨੇ ਕਦੇ ਦੇਸ਼ ਦੇ ਸ਼ਹੀਦਾਂ ਦੇ ਨਾਂਅ 'ਤੇ ਤਾਂ ਕਦੇ ਕਸਬਿਆਂ ਜਾਤੀਆਂ ਦੇ ਨਾਂਅ 'ਤੇ। ਫਿਰ 5-5 ਰੁਪਈਏ ਕੱਠੇ ਕਰ ਸਾਰੇ ਪਿੰਡ, ਮੁਹੱਲੇ ਵਾਲਿਆਂ ਦੀ ਫੋਟੋ ਪੋਸਟਰਾਂ, ਅਖ਼ਬਾਰਾਂ 'ਤੇ ਚਮੇੜ ਦਿੰਦੇ ਆ, ਤੇ ਫੋਟੋ ਵਿਚ ਬੰਦਾ ਪਛਾਨਣਾ ਵੀ ਇੰਨਾ ਔਖਾ ਹੁੰਦਾ ਕਿ ਚਮਚਗੀਰ ਆਵਦੀ ਫੋਟੋ ਹੀ ਮਸਾਂ ਪਛਾਣਦਾ ਦੂਜੇ ਦਾ ਤਾਂ ਅੰਦਾਜਾ ਹੀ ਲਗਾਉਂਦਾ ਹੁੰਦਾ। ਕਈਆਂ ਨੂੰ ਤਾਂ
ਇਹ ਕਹਿ ਕੇ ਟਾਲ ਦਿੰਦੇ ਆ 'ਉਹ ਯਾਰ ਤੇਰੀ ਫੋਟੋ ਭੇਜੀ ਤਾਂ ਸੀ, ਪਰ ਕੰਪਿਊਟਰ ਵਾਲਾ ਲਾਉਣੀ ਭੁੱਲ ਗਿਆ।' ਤੇ ਪਿੱਠ ਪਿੱਛੇ ਮਾਹਤੜ ਬੰਦੇ ਦਾ ਮਜਾਕ ਉਡਾਉਣੋਂ ਵੀ ਨਹੀਂ ਖੁੰਝਦੇ, ਅਖੇ 'ਉਹਦੀ ਫੋਟੋ ਨਹੀਂ ਸੀ ਲੱਗਣ ਦੇਣੀ, ਜੇ ਲੱਗ ਜਾਂਦੀ ਤਾਂ ਆਪਣੀ ਹੇਠੀ ਹੋਣੀ ਸੀ' ਗੱਲ ਸਹੀ ਵੀ ਆ। ਜੇ ਦੂਜੇ ਦੀ ਫੋਟੋ ਮਰਜੀ ਬਿਨਾਂ ਲੱਗ ਗਈ ਤਾਂ ਸਾਡੀ ਪ੍ਰਧਾਨਗੀ ਵਾਲਾ ਛੱਜ ਕਿਤੇ ਖੁੱਸ ਹੀ ਨਾ ਜਾਵੇ। ਛੱਜ ਵਾਲੀ ਗੱਲ ਵੀ ਵਿਚਾਰ ਲੈਨੇ ਆਂ। ਕੇਰਾਂ ਦੀ ਗੱਲ ਆ ਬਈ ਗਿੱਦੜਾ ਦੀ ਸਨਾਖਤੀ ਦਰਜ ਕਰਵਾਏ ਬਿਨਾਂ ਜੰਗਲ ਸਰਕਾਰ ਨੇ ਸ਼ਿਕਾਰ ਕਰਨ ਦੀ ਗਿੱਦੜਾਂ 'ਤੇ ਰੋਕ ਲਾ ਦਿੱਤੀ। ਜਿਸ ਨੂੰ ਫੜ ਲੈਂਦੇ ਉਹਦੇ ਚਿੱਤੜ ਕੁੱਟ ਕੁੱਟ ਕੇ ਬਾਂਦਰ ਵਰਗੇ ਕਰ ਦਿੰਦੇ ਸੀ। ਗਿੱਦੜ ਤਾਂ ਭੁੱਖੇ ਮਰਨ 'ਤੇ ਹੋਗੇ। ਉਨ੍ਹਾਂ ਸਲਾਹ ਕੀਤੀ ਅਤੇ ਸਾਰਿਆਂ ਦੀ ਸ਼ਨਾਖਤ ਬਦਲੇ ਆਪਣਾ ਪ੍ਰਧਾਨ ਚੁਨਣ ਦਾ ਵਿਚਾਰ ਬਣਾਇਆ ਅਤੇ ਉਸ ਦੇ ਨਾਂ 'ਤੇ ਸ਼ਿਕਾਰ ਕਰਨ ਦਾ ਲਾਇਸੈਂਸ ਲੈਣ ਦੀ ਸਕੀਮ ਘੜ ਛੱਡੀ। ਬੋਬਾ ਗਿੱਦੜ ਨੇ ਚਲਾਕੀ ਦਿਖਾਉਂਦਿਆਂ ਆਪਣੀ ਪੂਛ ਭੁੰਜੇ ਫੇਰੀ ਅਤੇ ਕਿਹਾ, "ਬਈ ਜਿਹਦੀ ਪੂਛ ਵੱਡੀ, ਉਹ ਪ੍ਰਧਾਨ ਹੋਊ ਸਾਡਾ।" ਪੂਛਾਂ ਦੀ ਗਿਣਤੀ ਸ਼ੁਰੂ ਹੋਈ, ਰਾਜੋ ਲੱਗ ਗਿਆ ਮਿਣਤੀ 'ਤੇ। ਦੋਵਾਂ ਦੀ ਗਿਟ ਮਿਟ ਪਹਿਲਾਂ ਈ ਸੀ। ਵੱਡੀ ਪੂਛ ਬੋਬਾ ਦੀ ਘੋਸ਼ਿਤ ਹੋਈ ਅਤੇ ਪ੍ਰਧਾਨ ਬਣਾ ਤਾ ਬੋਬੇ ਨੂੰ। ਹੁਣ ਮਸਲਾ ਖੜਾ ਹੋਇਆ ਕਿ ਪ੍ਰਧਾਨ ਦਾ ਪਤਾ ਕਿਵੇਂ ਚੱਲੂ? ਟਿਪਟੀ ਅਰਗੇ ਚਮਚੇ ਚੱਡਿਆਂ 'ਚ ਪੂਛ ਲੈ ਲੱਭਣ 'ਤੇ ਪ੍ਰਧਾਨਗੀ ਦਾ ਤਾਜ। ਚਮਚਗੀਰਾਂ ਦੇ ਟੋਲੇ ਨੂੰ ਕਿਤੇ ਛੱਜ ਥਿਹਾਅ ਗਿਆ। ਉਨ੍ਹਾਂ ਸਾਰਿਆਂ ਨੇ ਰੈਅ ਕਰ ਛੱਜ ਬੋਬੇ ਦੀ ਪੂਛ 'ਚੋਂ ਲੰਘਾ ਚਿੱਤੜਾਂ 'ਤੇ ਬੰਨ ਤਾ। ਛੱਜ ਦੇ ਖੜਕੇ ਨਾਲ ਬਾਕੀ ਗਿੱਦੜ ਸਤਰਕ ਹੋ ਜਾਂਦੇ ਸੀ। ਬੱਸ ਫੇਰ ਕੀ ਸੀ ਬੋਬਾ ਆਪਣੇ ਖੱਟੇ ਖੱਟੇ ਦੰਦ ਕੱਢ ਚਿੱਤੜਾਂ ਦੇ ਭਾਰ 'ਤੇ ਛੱਜ ਨੂੰ ਕਦੇ ਸੱਜੇ, ਕਦੇ ਖੱਬੇ ਮਾਰਦਾ ਮੁਹਰੇ ਮੁਹਰੇ ਤੇ ਯਾਰ ਟਿਪਟੀ ਹੋਣੀ ਮਗਰ ਮਗਰ। ਜਾ ਵੱਜੇ ਜੰਗਲ ਰਾਜੇ ਦੇ ਦਰਬਾਰ 'ਚ ਸ਼ਨਾਖਤ ਦਰਜ ਕਰਵਾਉਣ। ਉਨ੍ਹਾਂ ਆਪਣਾ ਕੰਮ ਨਬੇੜ ਗਿੱਦੜ ਪਰਚੀ ਹੱਥ 'ਚ ਫੜੀ ਅਤੇ ਸ਼ਿਕਾਰ ਕਰਨ ਦਾ ਲਾਇਸੈਂਸ ਲੈ ਖੁਸ਼ੀ ਖੁਸ਼ੀ ਸ਼ਿਕਾਰ ਨੂੰ ਨਿਕਲ ਪਏ। ਛੱਜ ਦੇ ਖੜਕੇ ਨਾਲ ਨਿੱਕੇ ਮੋਟੇ ਪੰਛੀ ਤਾਂ ਉੱਚੀਆਂ ਟਾਹਣੀਆਂ ਨਾਲ ਚਿੰਬੜ ਗਏ ਵਿਚਾਰੇ। ਯਾਰ ਹੋਣੀ ਛੱਜ ਦੇ ਖੜਕੇ 'ਚ ਮੰਤਰ ਮੁਗਧ ਹੋਏ ਕਦੋਂ ਸਾਰੇ ਲਾਮ ਲਸ਼ਕਰ ਨੂੰ ਲੈ ਕਦੋਂ ਸ਼ਿਕਾਰੀਆਂ ਦੇ ਖੇਮੇ ਵਿਚ ਜਾ ਵੜੇ ਪਤਾ ਹੀ ਨਹੀਂ ਲੱਗਿਆ। ਭੱਜਿਆਂ ਜਾਂਦਿਆਂ ਨੇ ਬਰੇਕਾਂ ਵੀ ਐਂ ਮਾਰੀਆਂ ਜਿਵੇਂ ਰੇਡੀਅਲ ਦੇ ਟਾਇਰ ਅੱਜ ਹੀ ਪੁਆਏ ਹੋਣ। ਫੇਰ ਕੀ ਸੀ, ਉਹ ਕਹਾਵਤ ਸੱਚ ਹੋਗੀ ਬਈ 'ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਤਾਂ ਉਹ ਸ਼ਹਿਰ ਵੱਲ ਨੂੰ ਭੱਜਦਾ।' ਗਿੱਦੜ ਹੋਣੀ ਅਜੇ ਪੂਰੀ ਤਰ੍ਹਾਂ ਸੰਭਲੇ ਵੀ ਨਹੀਂ ਸੀ ਕਿ ਸ਼ਿਕਾਰੀਆਂ ਨੇ ਲੰਬੀਆਂ ਲੰਬੀਆਂ ਨਾਲੀਆਂ ਵਾਲੀਆਂ ਬੰਦੂਕਾਂ 'ਚੋਂ ਪੁੜੇ ਸੇਕਣੀਆਂ ਇਉਂ ਵਰਾਈਆਂ ਕਿ ਯਾਰ ਹੋਣਾਂ ਨੂੰ ਮੁੜ ਕੇ ਭੱਜਣਾ ਵੀ ਇਉਂ ਲੱਗਾ ਬਈ ਜਿਵੇਂ ਹਿਮਾਲੀਆ ਦੀ ਪਹਾੜੀ 'ਤੇ ਚੜ੍ਹਨਾ ਹੋਵੇ। ਉੱਧਰ ਸ਼ਿਕਾਰੀ ਪੁੜੇ ਸੇਕਦੇ ਸੀ, ਇੱਧਰ ਪ੍ਰਧਾਨ ਹੋਣਾਂ ਦਾ ਪ੍ਰਧਾਨਗੀ ਚਿੰਨ੍ਹ ਛੱਜ ਤੰਬੂ 'ਚ ਫਸ ਗਿਆ। ਜਾਮ ਜੁੰਡਲੀ ਨੇ ਰੌਲਾ ਛੱਡ ਤਾ ਬਈ ਪ੍ਰਧਾਨਾ ਛੇਤੀ ਨਿਕਲ, ਪ੍ਰਧਾਨਾ ਛੇਤੀ ਨਿਕਲ। ਉੱਦਰ ਸੰਗੀ ਸਾਥੀ ਰਾਜੇ ਦੀ ਪਰਚੀ ਦਿਖਾਉਣ ਨੂੰ ਦੁਹਾਈ ਪਿੱਟੀ ਜਾਣ। ਪ੍ਰਧਾਨ ਹੋਣਾਂ ਦੀ ਜਾਨ 'ਤੇ ਬਣੀ ਸੀ, ਉਨ੍ਹਾਂ ਦੇ ਇਕ ਪਾਸੇ ਛੱਜ ਤੇ ਹੱਥ ਵਿਚ ਪਰਚੀ। ਅਖੀਰੀ ਬੋਬੇ ਨੇ ਆਪਣੀ ਫੁੱਟੀ ਕਿਸਮਤ ਦੀ ਦੁਹਾਈ ਪਾਉਂਦਿਆ ਕਿਹਾ, "ਉਏ ਹਰਾਮ ਦਿਉ ਮੈਨੂੰ ਫਸਾ ਕੇ ਹੁਣ ਦੂਰ ਖੜੇ ਕੂਕੀ ਜਾਉ। ਪਰਚੀ ਕਿਸੇ ਕੰਮ ਨੀ ਇਹ। ਲਗਦਾ ਸਾਰੇ ਬੰਦੇ ਅਨਪੜ ਨੇ ਏਹੇ। ਇਹ ਗਿੱਦੜ ਪਰਚੀ ਇਨ੍ਹਾਂ ਦੇ ਸਮਝ ਨੀ ਆਉਣੀ ਤੇ ਭੱਜਣ ਨੂੰ ਤਾਂ ਮੈਂ ਭੱਜ ਲਾਂ, ਪਰ ਇਹ ਪ੍ਰਧਾਨਗੀ ਦੀ ਜਿੰਮੇਵਾਰੀ (ਛੱਜ) ਮੈਨੂੰ ਭੱਜਣ ਨੀ ਦਿੰਦੀ। ਤੁਸੀਂ ਜਾਉ ਮੈਂ ਇਨ੍ਹਾਂ ਨਾਲ ਆਪੇ ਨਿੱਬੜ ਲੂੰ!" ਇਉਂ ਤਾਂ ਸੀ ਇਹ ਪ੍ਰਧਾਨਗੀ ਦੇ ਛੱਜ ਦੀ ਕਹਾਣੀ। ਵੈਸੇ ਤਾਂ ਹੁਣ ਇਹ ਛੱਜ ਹਰ ਤੀਜੇ ਬੰਦੇ ਦੇ ਬੱਝਿਆ ਹੈ। ਸਾਨੂੰ ਛੱਜ ਬਿਨਾਂ ਹੁਣ ਨੀਂਦ ਵੀ ਨਹੀਂ ਆਉਂਦੀ। ਫੇਰ ਚਾਹੇ ਉਹ ਸ਼ਹੀਦਾਂ ਦੇ ਨਾਂ 'ਤੇ ਬਨਣ ਵਾਲੀਆਂ ਸੰਸਥਾਵਾਂ ਦੀ ਪ੍ਰਧਾਨਗੀ ਹੋਵੇ ਜਾਂ ਜਾਤ ਬਿਰਾਦਰੀ ਜਾਂ ਅਖੌਤੀ ਸਮਾਜ ਸੇਵੀ ਸੰਸਥਾਵਾਂ ਦੀ ਪ੍ਰਧਾਨਗੀ ਦੀ ਹੋਵੇ। ਦੇਸ਼ ਨੂੰ ਅਜਾਦ ਕਰਵਾਉਣ ਵਾਲੇ ਸ਼ਹੀਦ ਸਮੇਂ ਦੀ ਸਰਕਾਰ ਦੇ ਖਿਲਾਫ ਆਪਣੀ ਅਵਾਜ ਬੁਲੰਦ ਕਰਨ ਅਤੇ ਸੱਚ ਲਈ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਮਹਾਨ ਯੋਧੇ ਸਨ, ਪਰ ਅੱਜ ਉਨ੍ਹਾਂ ਦੇ ਨਾਵਾਂ ਨੂੰ ਭੱਠੀ 'ਚ ਪਾਏ ਦਾਣਿਆਂ ਵਾਂਗ ਭੁੰਨਿਆ ਜਾ ਰਿਹਾ। ਸੰਸਥਾ ਦਾ ਪ੍ਰਧਾਨ ਜਾਂ ਮੋਢੀ ਅਖਵਾਉਣ ਵਾਲੇ ਸ਼ਹੀਦਾਂ ਦਾ ਸਿਰਫ ਨਾਂਅ ਵੇਚ ਰਹੇ ਹਨ ਅਤੇ ਜਾਂ ਫੇਰ ਭਾਂਤ ਭਾਂਤ ਦਾ ਨਸ਼ਾ। ਇਨ੍ਹਾਂ ਨੂੰ ਚਾਹੀਦਾ ਹੈ ਕਿ ਇਹ ਕੋਈ ਕੰਮ ਤਾਂ ਇਮਾਨਦਾਰੀ ਨਾਲ ਕਰਨ। ਜੇ ਸ਼ਹੀਦਾਂ ਨਾਲ ਨਾਂਅ ਜੋੜਨ ਦਾ ਸ਼ੌਕ ਹੈ ਤਾਂ ਦੇਣ ਕੋਈ ਸ਼ਹੀਦੀ ਕੌਮ ਦੀ ਖਾਤਿਰ, ਮਜਹਬ ਜਾਂ ਆਪਣੇ ਲਈ ਹੀ ਸਹੀ। ਜੇ ਨਸ਼ਾ ਵੇਚਣਾ ਤਾਂ ਪ੍ਰਧਾਨਗੀਆਂ ਧਾਰਮਿਕ ਸੰਸਥਾਵਾਂ ਅਤੇ ਸ਼ਹੀਦਾਂ ਦੇ ਨਾਂਅ 'ਤੇ ਲੈਣੀਆਂ ਬਦਲਣ, ਪਰ ਕੀ ਲੋੜ ਆ ਏਥੇ ਤਾਂ ਆਵਾ ਹੀ ਊਤਿਆ ਪਿਆ। ਪਿਛਲੇ ਦਿਨੀਂ ਇਕ ਖ਼ਬਰ ਪੜ੍ਹੀ ਬਈ ਕੈਮਿਸਟ ਐਸੋਸੀਏਸ਼ਨ ਨੇ ਨਸ਼ੇ ਨਾ ਵੇਚਣ ਦਾ ਪ੍ਰਣ ਕੀਤਾ। ਪੜ੍ਹ ਕੇ ਹੈਰਾਨੀ ਹੋਈ ਬਈ ਇਹਦਾ ਮਤਲਬ ਪਹਿਲਾਂ ਨਸ਼ੇ ਵੇਚੇ ਜਾਂਦੇ ਸੀ ਦਵਾਈਆਂ ਵਾਲੀਆਂ ਦੁਕਾਨਾਂ 'ਤੇ? ਇਕ ਹੋਰ ਖ਼ਬਰ ਪੜ੍ਹ ਕੇ ਦਿਲ ਹੱਸਣੋ ਨਾ ਰਹਿ ਸਕਿਆਂ 'ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਵਾਉਣ ਲਈ ਉਪਰਾਲੇ' ਭਲਾ ਬਿਆਨ ਦੇਣ ਵਾਲਿਆਂ ਨੂੰ ਪੁੱਛਣ ਵਾਲਾ ਹੋਵੇ ਕਿ ਕੀ ਤੁਸੀਂ ਨਸ਼ੇ ਕਰਨੇ ਛੱਡ ਤੇ ਜਾਂ ਵੇਚਣੇ? ਗਿੱਦੜ ਵਾਂਗੂੰ ਸਾਡੇ ਲੀਡਰਾਂ ਦੇ ਪੱਲੇ ਕੱਖ ਵੀ ਨਹੀਂ, ਬੱਸ ਐਵੇਂ ਛੱਜ ਫਸਾਈ ਰੱਖਦੇ ਆ! ਜੇ ਕਦੇ ਇਨ੍ਹਾਂ ਦੀ ਕਿਸੇ ਜਰੂਰਤਮੰਦ ਨੂੰ ਲੋੜ ਪੈ ਜਾਵੇ ਤਾਂ ਤੋਤੀ-ਫੋਤੀ ਵਰਗੇ ਗਿੱਦੜ ਪਰਚੀ ਸਿਟ ਪੂਛ ਚੱਡਿਆਂ 'ਚ ਦੇ ਭੱਜਣ ਦੀ ਕਰਦੇ ਨੇ। ਇਕ ਪ੍ਰਧਾਨ ਨੂੰ ਕਿਸੇ ਨੇ ਸਵਾਲ ਕੀਤਾ, "ਬਈ ਤੂੰ ਗੁਰਦੁਆਰੇ ਦਾ ਪ੍ਰਧਾਨ ਹੋ ਕੇ ਨਸ਼ੇ, ਬੀੜਾ ਸ਼ਰਾਬ, ਮੀਟ ਆਦਿ ਵੇਚਦਾਂ?" ਤਾਂ ਉਸ ਨੇ ਜਵਾਬ ਵਿਚ ਪੱਲਾ ਝਾੜਦਿਆਂ ਕਿਹਾ ਕਿ, "ਮੈਂ ਕਿਹੜਾ ਹੱਥ ਲਾਉਨਾ ਮੁੰਡੂ ਰੱਖਿਆ, ਇਸ਼ਾਰਾ ਕਰਦਾਂ ਉਹ ਸਮਾਨ ਗ੍ਰਾਹਕ ਨੂੰ ਫੜਾ ਦਿੰਦਾ। ਨਾਲੇ ਇਹ ਤਾਂ ਰੋਜੀ ਰੋਟੀ ਆ, ਕੀ ਕਰੀਏ?" ਗੱਲ ਕਿਸੇ ਹੱਦ ਵਿਚ ਸਹੀ ਵੀ ਹੋ ਸਕਦੀ ਹੈ, ਕਿਉਂਕਿ ਧਰਮ ਗ੍ਰੰਥਾਂ ਵਿਚ ਆਮ ਲੋਕਾਂ ਨੇ ਨਸ਼ਾ ਨਾ ਕਰਨ ਦੀ ਗੱਲ ਤਾਂ ਪੜੀ ਹੈ, ਪਰ ਵੇਚੇ ਜਾਣ 'ਤੇ ਰੋਕ ਕਿਸੇ ਨੇ ਨਹੀਂ ਲਾਈ! ਜੇ ਕਿਤੇ ਇਸ ਗੱਲ ਦੀ ਸਮਝ ਇਨ੍ਹਾਂ ਵਪਾਰੀਆਂ ਨੂੰ ਲੱਗ ਗਈ ਤਾਂ ਇਨ੍ਹਾਂ ਧਾਰਮਿਕ ਸਥਾਨਾਂ ਦੇ ਬਾਹਰ ਖੜ ਕੇ ਨਸ਼ਾ ਵੇਚਣ ਤੋਂ ਵੀ ਗੁਰੇਜ ਨਹੀਂ ਕਰਨਾ। ਵੈਸੇ ਲੰਗਰ ਦੀ ਸੇਵਾ ਕਰਨ ਵਾਲੇ ਕਈ ਅਜਿਹੇ ਹਨ, ਜਿਹੜੇ ਸਿਗਰਟਾਂ ਅਤੇ ਜਰਦੇ ਦੀਆਂ ਪੁੜੀਆਂ ਗੁਰਦੁਆਰੇ ਜਾਂ ਮੰਦਰ ਦੀ ਕੰਧ ਦੇ ਬਾਹਰ ਇੱਟਾਂ ਹੇਠਾਂ ਲੁਕੋ ਕੇ ਅੰਦਰ ਵੜਦੇ ਹਨ। ਹੋ ਸਕਦਾ ਇਹ ਮਹਾਂਰਥੀ ਹੁਣ ਦੁਕਾਨਦਾਰਾਂ ਤੋਂ ਸਮਾਨ ਵੀ ਉੱਥੇ ਹੀ ਮੰਗਵਾ ਲੈਂਦੇ ਹੋਣ। ਬਈ ਇਕ ਪੰਥ ਅਤੇ ਦੋ ਕਾਜ। ਨਾਲੇ ਦਰਸ਼ਨ ਮੇਲਾ ਹੋਜੂ ਨਾਲ ਸਮਾਨ ਫੜ ਲਿਆਵਾਂਗੇ! ਫੇਰ ਹਫਤਾ ਮੌਜਾਂ ਹੀ ਮੌਜਾਂ। ਦੁਕਾਨਦਾਰ ਵੀ ਸਿਆਣੇ ਹੋਗੇ ਬਈ ਨਾਲੇ ਦੁਕਾਨਦਾਰੀ ਦੀ ਗੱਲ ਕਰਲਾਂਗੇ ਅਤੇ ਨਾਲੇ ਸੌਦਾ ਲਾਹ ਆਉਨੇ ਆਂ! ਅੱਜ ਕੱਲ ਦੇ ਤਾਂ ਕੁੱਤੇ ਵੀ ਵਫਾਦਾਰ ਨਹੀਂ ਰਹੇ। ਪੰਜਾਬ ਪੁਲਿਸ ਨੇ ਕੁਤਿਆਂ ਨੂੰ ਟਰੇਨਿੰਗ ਦਿੱਤੀ ਚੋਰ ਸੁੰਘ ਕੇ ਫੜਨ ਦੀ ਅਤੇ ਜਦੋਂ ਸ਼ਹਿਰ ਵਿਚ ਸੋਨੇ ਦੀ ਦੁਕਾਨ 'ਤੇ ਡਾਕਾ ਪਿਆ। ਕਰੋੜਾਂ ਦਾ ਸੋਨਾ ਦਿਨ ਦਿਹਾੜੇ ਪਟਿਆਲੇ ਵਰਗੇ ਸ਼ਹਿਰ 'ਚੋਂ ਚੋਰ ਮਿੰਟੋ ਮਿੰਟੀ ਲੈ ਉੱਡੇ। ਬਥੇਰੇ ਨਾਕੇ ਲਾਏ ਕਿੱਥੇ ਹੱਥ ਆਉਂਦੇ ਆ ਮਾਂ ਦੇ ਪੁੱਤ। ਇਕ ਇਮਾਨਦਾਰ ਇੰਸਪੈਕਟਰ ਦੀ ਡਿਊਟੀ ਲੱਗੀ ਬਈ ਚੋਰ ਫੜਨੇ ਨੇ, ਪਰ ਦੁਕਾਨਦਾਰ ਨੂੰ ਨੀ ਦੱਸਣਾ ਮਾਲ ਅੱਧੋ ਅੱਧ ਕਰ ਲਾਂਗੇ। ਮੁਲਾਜਮ ਨੇ ਇਮਾਨਦਾਰੀ ਦਿਖਾਉਂਦਿਆਂ ਕੁੱਤਿਆਂ ਦੀ ਫੌਜ ਲਾ ਲੀ ਭਾਲ ਤੇ। ਬਈ ਜੇ ਲੱਭਗੇ ਇਨ੍ਹਾਂ ਕਿਹੜਾ ਟਿਕਾਣਾ ਦੱਸ ਦੇਣਾ। ਕੁੱਤੇ ਨੂੰ ਕਦੇ ਪੈੜ ਸੁੰਘਾ ਤੇ ਕਦੇ ਗਲਾਸ। ਸਾਰੀ ਦਿਹਾੜੀ ਸੁੰਘਣ ਸੁੰਘਾਈ ਵਿਚ ਲੰਘਗੀ। ਆਖਿਰੀ ਕੁੱਤੇ ਦੀ ਸਮਝ ਵਿਚ ਸਾਰਾ ਮਾਮਲਾ ਆ ਗਿਆ, ਉਸ ਨੇ ਆਪਣੀ ਵਫਾਦਾਰੀ ਦਾ ਮੁੱਲ ਮੋੜਨ ਦੀ ਸੋਚੀ ਅਤੇ ਆਪਣੀ ਅੰਤਰ ਇੰਦਰੀ ਤੋਂ ਕੰਮ ਲੈਂਦਿਆਂ ਸੁੰਘਦਾ ਸੁੰਘਦਾ ਇਕ ਆਲੀਸ਼ਾਨ ਬੰਗਲੇ ਦੇ ਗੇਟ 'ਚ ਜਾ ਰੁਕਿਆ। ਕੁੱਤਾ ਅੰਦਰ ਨੂੰ ਜਾਵੇ ਅਤੇ ਅਫਸਰ ਬਾਹਰ ਨੂੰ ਖਿੱਚੇ। ਹੁਣ ਅਫਸਰ ਅਤੇ ਕੁੱਤੇ ਦੀ ਆਪਸੀ ਖਹਿਬਾਜੀ ਸੁਰੂ ਹੋਗੀ। ਇੰਨੇ ਨੂੰ ਅੰਦਰੋਂ ਮਾਲਕ ਸਾਹਿਬ ਵੀ ਬਾਹਰ ਆਗੇ। ਆਣ ਪੁੱਛਿਆ, "ਬਈ ਕੀ ਗੱਲ ਆ ਕੁੱਤੇ ਨੁੰ ਕਾਹਨੂੰ ਖਿੱਚੀ ਫਿਰਦਾਂ?" ਇੰਸਪੈਕਟਰ ਨੇ ਸਾਰੀ ਆਪ ਬੀਤੀ ਸੁਣਾਈ। ਜਿਸ ਨੂੰ ਸੁਣ ਘਰ ਦਾ ਮਾਲਕ ਜੋ ਕਿ ਸ਼ਹਿਰ ਦਾ ਆਹਲਾ ਪੁਲਿਸ ਅਫ਼ਸਰ ਸੀ, ਨੇ ਅੱਖਾਂ ਲਾਲ ਕੀਤੀਆਂ ਅਤੇ ਹੁਕਮ ਸੁਣਾਇਆ ਕਿ, "ਇਸ ਕੁੱਤੇ ਨੂੰ ਤੁਰੰਤ ਗੋਲੀ ਮਾਰ ਦੇ, ਇਸ ਦੀ ਟਰੇਨਿੰਗ ਸਹੀ ਨਹੀਂ, ਐਵੇਂ ਸੁੰਘਦਾ ਸੁੰਘਦਾ ਐਸ ਐਸ ਪੀ ਦੇ ਘਰ ਵੜ੍ਹਨ ਨੂੰ ਫਿਰਦਾ।" ਇਸ ਲਈ ਜਿਹੜਾ ਕੋਈ ਇਮਾਨਦਾਰ ਹੈ, ਉਸ ਦੀ ਉਹ ਦੁਰਗਤ ਹੁੰਦੀ ਹੈ ਬਈ ਉਹ ਨਾ ਘਰ ਦਾ ਤੇ ਨਾ ਘਾਟ ਦਾ। ਅੱਜ ਕੱਲ ਤਾਂ ਝੂਠ-ਠੱਗ ਮਹਾਰਾਜ ਦਾ ਬੋਲਬਾਲਾ ਹੈ। ਸਭ ਡਗਰ ਡੰਮ ਬਣੇ ਫਿਰਦੇ ਨੇ। ਸ਼ਹੀਦ ਸਰਦਾਰ ਭਗਤ ਸਿੰਘ ਜਾਂ ਸ਼ਹੀਦ ਸਰਦਾਰ ਊਧਮ ਸਿੰਘ ਵੱਲੋਂ ਲਿਆਂਦੇ ਇਨਕਲਾਬ ਅਤੇ ਸ਼ਹਾਦਤਾਂ ਦੀ ਮਿਸਾਲ ਨਹੀਂ ਮਿਲਦੀ। ਭਰ ਜਵਾਨੀ ਵਿਚ ਇਕ ਸਧਾਰਨ ਮਨੁੱਖ ਵਜੋਂ ਵਿਚਰਨਾ ਅਤੇ ਆਪਾ ਵਾਰਨਾ ਆਮ ਇਨਸਾਨ ਲਈ ਕਾਫੀ ਮੁਸ਼ਕਿਲ ਹੁੰਦਾ ਹੈ, ਪਰ ਉਨ੍ਹਾਂ ਕਰ ਵਿਖਾਇਆ। ਇਸ ਲਈ ਉਨ੍ਹਾਂ ਦੇ ਨਾਂਅ 'ਤੇ ਜੇ ਸੰਸਥਾਵਾਂ ਬਨਣ, ਉਹ ਇਨਕਲਾਬ ਲਿਆਉਣ ਵਾਲੀਆਂ ਹੀ ਹੋਣ ਨਾ ਕਿ ਅਜਿਹੇ ਲੋਕਾਂ ਵੱਲੋਂ ਨਾਂਅ ਵਰਤਿਆ ਜਾਵੇ ਜਿਹੜੇ ਕਹਿਣੀ ਤੇ ਕਰਨੀ ਦੇ ਇਕ ਨਹੀਂ, ਨਸ਼ੇ ਵਿਚ ਗਲਤਾਣ ਰਹਿਣ ਵਾਲੇ, ਨਸ਼ਾ ਵੇਚਣ ਵਾਲੇ, ਲੱਚਰ ਗੀਤਾਂ ਦੇ ਅਖਾੜੇ ਲਵਾਉਣ ਵਾਲੇ ਆਦਿ। ਇਹ ਗਤੀਵਿਧੀਆਂ ਤਾਂ ਸ਼ਹੀਦਾਂ ਵੱਲੋਂ ਨਹੀਂ ਸਨ ਵਿੱਢੀਆਂ ਗਈਆਂ, ਜਿਨਾਂ ਵਿਚ ਅੱਜ ਸ਼ਹੀਦਾਂ ਦਾ ਨਾਂਅ ਵੇਚਣ ਵਾਲੇ ਅਹੁਦੇਦਾਰ ਗਲਤਾਣ ਹੋਏ ਪਏ ਹਨ। ਰਹਿੰਦੀ ਖਹਿੰਦੀ ਕਸਰ ਪਤਝੜਾਂ ਨੇ ਪੂਰੀ ਕਰਤੀ, ਪੱਤਝੜ ਜਾਣੀ ਕਿ ਪੱਤ-ਝੜ ਉਹ ਜਿਹੜਾ ਮੌਸਮ ਦੇ ਨਾਲ ਬਦਲ ਜਾਂਦਾ ਹੈ, ਭਾਵ ਕਦੇ ਕਿਸੇ ਦੀ ਬੁੱਕਲ ਅਤੇ ਕਦੇ ਕਿਸੇ ਦੀ। ਜਿਹੜੇ ਪੱਤਰਕਾਰੀ ਦੇ ਅਸਲ ਮਿਆਰ ਤੋਂ ਦੂਰ ਹਨ, ਨੂੰ ਪੱਤਝੜ ਕਹਿਣਾ ਹੀ ਠੀਕ ਰਹੇਗਾ। ਪੱਤਰ-ਕਾਰ ਦਾ ਅਰਥ ਆਪਣੀ ਕਾਰਤਾ ਦੇ ਅਧਾਰ 'ਤੇ ਪੱਤਰ ਰਾਹੀਂ ਅਸਲ ਸੂਚਨਾ ਦਾ ਅਦਾਨ ਪ੍ਰਦਾਨ ਕਰਨ ਵਾਲਾ ਵਿਅਕਤੀ, ਨਾ ਕਿ ਘਰੇ ਬੈਠਾ ਮੁੰਗੇਰੀ ਲਾਲ ਦੇ ਸੁਪਨਿਆਂ ਵਾਂਗ ਹਰ ਚਿੱਟ ਕੱਪੜੀਏ ਨੂੰ ਸ਼੍ਰੋਮਣੀ ਬਣਾ ਬਣਾ ਕੇ ਕਾਗਜ 'ਤੇ ਲਾਹੀ ਜਾਣਾ। ਸੁਰਤ ਉਦੋਂ ਆਉਂਦੀ ਆ ਜਦੋਂ ਇਹੀ ਚਿੱਟ ਕੱਪੜੀਏ ਝੱਗਾ ਚੁੱਕਣ ਲੱਗੇ ਮਿੰਟ ਨੀ ਲਾਉਂਦੇ, ਪਰ ਇਨ੍ਹਾਂ ਨੂੰ ਕੀ ਆਪਣਾ ਆਪਣਾ ਛੱਜ ਇਹ ਵੀ ਸੰਭਾਲੀ ਫਿਰਦੇ ਆ, ਜਦੋਂ ਕਦੇ ਫਸੂ ਦੇਖੀ ਜਾਊ!
 
****