ਵਾਹ ਨੀ ਮੌਤੇ ਕਾਹਲੀਏ..........ਸ਼ਰਧਾਂਜਲੀ / ਰਵੇਲ ਸਿੰਘ ਇਟਲੀ

ਅੱਜ ਸਵੇਰੇ ਨਿੱਤ ਨੇਮ ਕਰਕੇ ਜਦੋਂ ਲਿਖਣ ਕੰਮ ਵਿਚ ਰੁੱਝਣ ਲੱਗਾ ਹੀ ਸਾਂ ਕਿ ਟੀ. ਵੀ. ‘ਤੇ ਖਬਰਾਂ ਸੁਣਦੀ ਮੇਰੀ ਘਰ ਵਾਲੀ ਕਾਹਲੀ ਕਾਹਲੀ ਮੇਰੇ ਕਮਰੇ ਵਿਚ ਆਕੇ ਕਹਿਣ ਲੱਗੀ ਕਿ ਜਸਪਾਲ ਭੱਟੀ ਦਾ ਐਕਸੀਡੈਂਟ ਹੋ ਗਿਆ ਤੇ ਉਸ ਦੀ ਮੌਤ ਹੋ ਗਈ ਹੈ । ਮੈਂ ਆਪਣਾ ਹਥਲਾ ਕੰਮ ਵਿਚੇ ਛੱਡ ਕੇ ਉਸ ਦੇ ਐਕਸੀਡੈਂਟ ਕਾਰਣ ਹੋਈ ਮੌਤ ਦੀ ਖਬਰ ਸੁਨਣ ਲਈ ਬੈਠ ਗਿਆ ਤੇ ਇਹ ਖੌਫ਼ਨਾਕ ਹਾਦਸਾ ਵੇਖ ਕੇ ਝੰਜੋੜਿਆ ਜਿਹਾ ਗਿਆ । ਮੈਂ ਉਸ ਦੀ ਕਾਰ ਦਾ ਦਿਲ ਦਹਿਲਾਉਣ ਵਾਲਾ ਸੀਨ ਵੇਖ ਕੇ ਕੁਝ ਸਮੇਂ ਲਈ ਤਾਂ ਗੁੰਮ ਸੁੰਮ ਜਿਹਾ ਹੋ ਕੇ ਰਹਿ ਗਿਆ ।

ਕਹਿੰਦੇ ਨੇ ਜਿਸ ਦੀ ਏਥੇ ਲੋੜ ਹੈ, ਉਸ ਦੀ ਅੱਗੇ ਵੀ ਬਹੁਤੀ ਲੋੜ ਹੁੰਦੀ ਹੈ । ਖੌਰੇ, ਇਹ ਗੱਲ ਇਸ ਹਾਸਿਆਂ ਅਤੇ ਵਿਅੰਗ ਦੇ ਬਾਦਸ਼ਾਹ ‘ਤੇ ਵੀ ਲਾਗੂ ਹੋ ਗਈ । ਇੱਕ ਕਾਰ ਹਾਦਸਾ ਇਸ ਹਰਮਨ ਪਿਆਰੇ ਕਲਾਕਾਰ ਨੂੰ ਸਦਾ ਲਈ ਸਾਥੋਂ ਖੋਹ ਕੇ ਲੈ ਗਿਆ । ਸਾਹਿਤ ਤੇ ਕਲਾ ਜਗਤ ਵਿਚ ਬੇਸ਼ੱਕ ਹੋਰ ਵੀ ਬਹੁਤ ਸਾਰੇ ਹਾਸਰਸ ਤੇ ਵਿਅੰਗਕਾਰ ਲੇਖਕ ਤੇ ਕਲਾਕਾਰ ਹਨ, ਜਿਨ੍ਹਾਂ ਦੇ ਨਾਂਵਾਂ ਦਾ ਵਰਨਣ ਇਸ ਲੇਖ ਵਿਚ ਕਰਨਾ ਉਚਿਤ ਨਹੀਂ ਹੋਵੇਗਾ, ਪਰ ਜਸਪਾਲ ਭੱਟੀ ਆਪਣੀ ਪੇਸ਼ਕਾਰੀ ਦਾ ਇੱਕ ਨਵੇਕਲਾ ਤੇ ਅਨੋਖਾ ਰੰਗ ਲੈ ਕੇ ਕਮੇਡੀ ਦੇ ਖੇਤਰ ਵਿਚ ਸ੍ਰੋਤਿਆਂ ਤੇ ਦਰਸ਼ਕਾਂ ਦੇ ਰੂਬਰੂ ਹੋਇਆ ਤੇ ਬੜੀ ਤੇਜ਼ ਰਫ਼ਤਾਰੀ ਨਾਲ ਉਹ ਕਮੇਡੀ ਦੇ ਨੁੱਕੜ ਨਾਟਕਾਂ ਰਾਹੀਂ ਹੁੰਦਾ ਹੋਇਆ ਫਿਲਮ ਜਗਤ ਤੱਕ ਪਹੁੰਚ ਗਿਆ । ਇਹ ਉਸ ਦੀ ਖਾਸੀਅਤ ਰਹੀ ਕਿ ਉਸ ਨੇ ਰੰਗ ਕਰਮ ਵਿਚ ਵਿਚਰਦੇ ਹਏ ਆਪਣੇ ਸਿੱਖੀ ਸਰੂਪ ਨੂੰ ਕਾਇਮ ਰੱਖਿਆ । ਉਹ ਕਿਸੇ ਵੀ ਪਾਤਰ ਦੇ ਰੂਪ ਵਿਚ ਰੋਲ ਪੇਸ਼ ਕਰਦਾ ਤਾਂ ਆਪਣੇ ਸੁੰਦਰ ਡੀਲ ਡੌਲ ਵਾਲੇ ਸਰੀਰ ਵਿਚ ਖੂੁਬ ਫਬਦਾ, ਕਲਾ ਦੇ ਥੋੜ੍ਹੇ ਜਿਹੇ ਸਮੇਂ ਵਿਚ ਉਹ ਉਨਤੀ ਦੇ ਉਚੇ ਟਿਕਾਣੇ ਤੇ ਬਹੁਤ ਜਲਦੀ ਪਹੁੰਚ ਗਿਆ । ਸ਼ਮਸ਼ਾਨ ਘਾਟ ਵਿਚ ਉਸ ਦੀ ਮ੍ਰਿਤਕ ਦੇਹ ਨੂੰ ਚਿਖਾ ਹਵਾਲੇ ਕਰਨ ਲਈ ਆਏ ਸਾਕ ਸੰਬੰਧੀਆਂ ਤੇ ਮਿੱਤਰ ਪਿਆਰਿਆਂ ਦੇ ਸੋਗੀ ਤੇ ਹੰਝੂਆਂ ਭਿੱਜੇ ਚਿਹਰੇ ਵੇਖ ਕੇ ਮਨ ਜਜ਼ਬਾਤੀ ਹੋ ਗਿਆ । ਸੋਚਦਾ ਹਾਂ ਕਿ ਇਸ ਸੰਸਾਰ ਤੋਂ ਆਖਿਰ ਇੱਕ ਦਿਨ ਜਾਣਾ ਤਾਂ ਹਰੇਕ ਨੇ ਹੈ ਪਰ ਜੋ ਕੋਈ ਨੇਕੀ ਚੰਗਿਆਈ ਦਾ ਕੰਮ ਕਰ ਕੇ ਜਾਏ ਤਾਂ ਲੋਕ ਉਸ ਨੂੰ ਯਾਦ ਕਰਦੇ ਹਨ । ਮੌਤ ਸ਼ਾਇਦ ਬਹੁਤ ਕਾਹਲੀ ਕਰ ਗਈ ਪਰ ਇਸ ਰੰਗਲੇ ਤੇ ਸਦਾ ਬਹਾਰ ਕਲਾਕਾਰ ਦੀ ਘਾਟ ਸਦਾ ਹੀ ਕਲਾ ਦੇ ਹਰ ਖੇਤਰ ਨੂੰ ਰੜਕਦੀ ਰਹੇਗੀ ।

ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਪ੍ਰਮਾਤਮਾ ਉਸ ਦੀ ਰੂਹ ਨੂੰ ਸ਼ਾਂਤੀ ਬਖਸ਼ੇ ਤੇ ਉਸ ਦੇ ਦੁਖੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ।

ਓਦਾਂ ਤੇ ਸਭ ਨੇ ਤੁਰ ਜਾਣਾ
ਇੱਕ ਦਿਨ ਆਖਿਰ ਵਾਰੀ ਵਾਰੀ
ਤੇਰਾ ਜਾਣਾ ਸੁਣ ਕੇ ਭੱਟੀ
ਕੁਝ ਚੁਭ ਗਿਆ ਸੀਨੇ ਵਾਂਗ ਕਟਾਰੀ
ਅੱਧੀ ਰਾਤੀਂ ਚੁੱਪ ਚੁਪੀਤੇ
ਤੁਰ ਗਿਓਂ ਕਿਧਰੇ ਮਾਰ ਉਡਾਰੀ
ਹੰਝੂ ਰੋਣੇ ਗ਼ਮ ਤੇ ਮਾਤਮ
ਝੋਲੀ ਪਾ ਗਿਓਂ ਭਰੀ ਪਟਾਰੀ
ਬੀਜ ਗਿਓਂ ਪਰ ਕਲਾ ਕ੍ਰਿਤ ਦੀ
ਨਵੀਂ ਕਲਾ ਦੀ ਪ੍ਰਿਤ ਪਿਆਰੀ
ਜਦ ਤੱਕ ਰਹਿਣਗੀਆਂ ਇਹ ਕ੍ਰਿਤਾਂ
ਯਾਦ ਕਰੇਗੀ ਦੁਨੀਆ ਸਾਰੀ
ਓਦਾਂ ਤਾਂ ਸਭ ਨੇ ਤੁਰ ਜਾਣਾ
ਸਭ ਨੇ ਆਪਣੀ ਵਾਰੀ ਵਾਰੀ

****