'ਟਰਨ ਟਰਨ ਟਰਨ' ਮੇਰੇ ਇੱਕ ਪੱਤਰਕਾਰ ਦੋਸਤ ਦੇ ਫੋਨ ਦੀ ਘੰਟੀ ਵੱਜਦੀ ਹੈ। ਜਦੋਂ ਉਹ ਫੋਨ ਚੁੱਕਦਾ ਹੈ ਤਾਂ ਅੱਗਿਉਂ ਉਸਨੂੰ ਆਪਣੇ ਇੱਕ ਜਾਣੂ ਦੀ ਆਵਾਜ਼ ਸੁਣਾਈ ਦਿੰਦੀ ਹੈ।" ਬਾਈ ਜੀ! ਆਪਾਂ ਨੇ ਬੱਸ ਅੱਡੇ ਕੋਲ ਛਬੀਲ ਲਾਈ ਹੋਈ ਹੈ, ਤੁਸੀਂ ਜ਼ਰਾ ਆ ਕੇ ਫੋਟੋ ਖਿੱਚ ਲਉ.. ਕੱਲ੍ਹ ਦੇ ਅਖ਼ਬਾਰ ਵਿੱਚ ਲੁਆ ਦੇਣੀ। ਆਪਣੇ ਦੋਸਤ ਦੇ ਹੁਕਮ ਦਾ ਬੰਨ੍ਹਿਆ ਮੇਰਾ ਪੱਤਰਕਾਰ ਦੋਸਤ ਮਜ਼ਬੂਰ ਕਰਕੇ ਮੈਨੂੰ ਵੀ ਨਾਲ ਲੈ ਜਾਂਦਾ ਹੈ। ਪੱਤਰਕਾਰ ਨੂੰ ਪਹੁੰਚਿਆ ਦੇਖਦੇ ਹੀ ਪ੍ਰਬੰਧਕ ਅਤੇ ਸਾਰੇ ਸੇਵਾਦਾਰ ਰਾਹੀਆਂ ਨੂੰ ਜਲ ਛਕਾਉਣਾ ਛੱਡ ਕੇ ਫੋਟੋ ਖਿਚਵਾਉਣ ਲਈ ਇਕੱਠੇ ਹੋ ਜਾਂਦੇ ਹਨ। ਅਗਲੇ ਦਿਨ ਅਖਬਾਰ ਵਿੱਚ ਫੋਟੋ ਛਪ ਜਾਂਦੀ ਹੈ। ਪਰ ਮੇਰਾ ਮਨ ਇਸ ਵਰਤਾਰੇ ਤੋਂ ਵਿਆਕੁਲ ਹੈ। ਮੈਂ ਸੋਚਦਾ ਹਾਂ ਕਿ ਕਿਤੇ ਸਾਡੀ ਸੇਵਾ ਭਾਵਨਾਂ ਤੇ ਦਿਖਾਵਾ ਤਾਂ ਭਾਰੂ ਨਹੀਂ ਹੋ ਰਿਹਾ। ਮੇਰੇ ਚੇਤੇ ਆਉਂਦਾ ਹੈ ਕਿ ਕੁਝ ਵਰ੍ਹੇ ਪਹਿਲਾਂ ਮੇਰਾ ਇੱਕ ਦੋਸਤ ਪਾਕਿਸਤਾਨ ਵਿਖੇ ਗੁਰਧਾਮਾਂ ਦੀ ਯਾਤਰਾ ਲਈ ਗਿਆ ਸੀ। ਉਸਨੇ ਵਾਪਸ ਆ ਕੇ ਆਪਣੀ ਯਾਤਰਾ ਬਾਰੇ ਦੱਸਿਆ ਕਿ ਉੱਧਰ ਵੀ ਸੰਗਤਾਂ ਦੀ ਸੇਵਾ ਲਈ ਬਹੁਤ ਲੰਗਰ ਲੱਗੇ ਹੋਏ ਸਨ। ਜਦੋਂ ਇੱਧਰੋਂ ਗਈਆਂ ਸੰਗਤਾਂ ਪੁੱਛਦੀਆਂ ਹਨ ਕਿ ਇਹ ਲੰਗਰ ਕਿੱਥੋਂ ਦਾ ਭਾਵ ਕਿਹੜੇ ਪਿੰਡ ਦਾ ਹੈ ਤਾਂ ਇੱਕੋ ਹੀ ਜਵਾਬ ਸੁਣਨ ਨੂੰ ਮਿਲਿਆ ਕਿ ਸਰਦਾਰ ਜੀ ਇਹ ਲ਼ਗਰ ਬਾਬੇ ਨਾਨਕ ਦਾ ਹੈ, ਕਿਸੇ ਪਿੰਡ ਜਾਂ ਸ਼ਹਿਰ ਦਾ ਨਹੀਂ। ਉਨ੍ਹਾ ਕੋਲਾਂ ਦੀ ਸੇਵਾ ਭਾਵਨਾ ਦੀ ਤੁਲਨਾ ਜਦੋਂ ਮਨੋਂ ਮਨੀਂ ਮੈ ਅਜੋਕੇ ਵਰ੍ਹਿਆਂ ਵਿੱਚ ਲਗਾਏ ਜਾ ਰਹੇ ਲੰਗਰਾਂ ਨਾਲ ਕਰਦਾ ਹਾਂ ਤਾ ਬਿਨਾਂ ਸੱ਼ਕ ਉਨ੍ਹਾਂ ਦੀ ਸੇਵਾ ਭਾਵਨਾ ਦਾ ਪੱਲੜਾ ਕਿਤੇ ਭਾਰੀ ਨਜ਼ਰ ਆਉਂਦਾ ਹੈ। ਅਸੀਂ ਜੋ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਜੀ ਦੇ ਸੱਚੇ ਪੈਰੋਕਾਰ ਦੱਸਦੇ ਹਾਂ ਪਤਾ ਨਹੀਂ ਕਿਸ ਕਾਰਨ ਵੱਸ ਇਨ੍ਹਾ ਦਿਖਾਵਿਆਂ ਵਿੱਚ ਪੈ ਗਏ ਹਾਂ। ਰਾਜਨੀਤਕ ਆਗੂਆਂ ਦੇ ਮਾਮਲੇ ਵਿੱਚ ਤਾਂ ਇਹ ਦਿਖਾਵਾ ਸ਼ਾਇਦ ਉਨ੍ਹਾਂ ਦੀ ਲੋੜ ਜਾਂ ਮਜਬੂਰੀ ਸਮਝੀ ਜਾ ਸਕਦੀ ਹੈ, ਪਰ ਆਮ ਲੋਕਾਂ ਨੂੰ ਤਾਂ ਇਹ ਦਿਖਾਵੇ ਛੱਡ ਕੇ ਪੰਜਾਬੀ ਜਿਸ ਨਿਰਸਵਾਰਥ ਸੇਵਾ ਭਵਨਾ ਲਈ ਮਜ਼ਬੂਰ ਹਨ, ਉਹ ਕਾਇਮ ਰੱਖਣੀ ਚਾਹੀਦੀ ਹੈ।
***